May 14, 2026 5:43 pm

ਫ਼ਿਲਹਾਲ ਯੁੱਧ ਟਲਿਆ-ਚੌਕਸੀ ਜ਼ਰੂਰੀ

ਅਮਰੀਕਾ ਦੇ ਵੇਲੇ ਸਿਰ ਦਖਲ ਅਤੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜਨਾਬ ਇਮਰਾਨ ਖ਼ਾਨ ਵੱਲੋਂ ਦਿਖਾਈ ਗਈ ਸਿਆਣਪ ਕਾਰਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਫਿਲਹਾਲ ਯੁੱਧ ਟਲ ਗਿਆ ਹੈ। ਆਮ ਲੋਕਾਂ ਨੇ ਇਸ ਦਾ ਸ਼ੁੱਕਰ ਮਨਾਇਆ ਹੈ। ਪਾਕਿਸਤਾਨ ਨੇ ਹਿਰਾਸਤ ਵਿੱਚ ਲਏ ਭਾਰਤੀ ਹਵਾਈ ਫੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਨੂੰ ‘ਸ਼ਾਂਤੀ ਦੇ ਸੁਨੇਹੇ’ ਵਜੋਂ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਹੈ। ਇਸ ਰਿਹਾਈ ਨਾਲ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਾਲਾ ਮਾਹੌਲ ਇਕ ਵਾਰ ਖੁਸ਼ਗਵਾਰ ਹੋ ਗਿਆ ਹੈ। ਇਹ ਗੱਲ ਵੱਖਰੀ ਹੈ ਕਿ ਭਾਰਤ ਵਿੱਚ ਹਾਲੇ ਵੀ ਕੁਝ ਤਾਕਤਾਂ ਦੋਵੇਂ ਦੇਸ਼ਾਂ ਦਰਮਿਆਨ ਯੁੱਧ ਲਈ ਬਾਜ਼ਿਦ ਹਨ। ਇਸ ਕਾਰਨ ਹੀ ਅਮਨ ਪੱਖੀ ਤਾਕਤਾਂ ਨੂੰ ਹਾਲੇ ਵੀ ਚੌਕਸੀ ਵਰਤਣ ਦੀ ਜ਼ਰੂਰਤ ਹੈ ਤਾਂ ਜੋ ਇਸ ਖੇਤਰ ਵਿੱਚ ਕੋਈ ਖੂਨ-ਖਰਾਬਾ ਨਾ ਹੋਵੇ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਨੇ ਭਾਰਤੀ ਪਾਇਲਟ ਨੂੰ ਰਿਹਾਅ ਕਰਕੇ ਪੂਰੀ ਦੁਨੀਆਂ ਵਿੱਚ ਲੋਕਾਂ ਦੇ ਦਿਲ ਜਿੱਤ ਲਏ ਹਨ। ਉਨ੍ਹਾਂ ਦਾ ਇਹ ਕਦਮ ਅਮਨ ਅਤੇ ਦੋਸਤੀ ਲਈ ਇਕ ਮਿਸਾਲ ਬਣ ਗਿਆ ਹੈ। ਇਹ ਫ਼ਖ਼ਰ ਵਾਲੀ ਗੱਲ ਹੈ ਕਿ ਖਿਡਾਰੀ ਤੋਂ ਸਿਆਸਤਦਾਨ ਬਣੇ ਜਨਾਬ ਇਮਰਾਨ ਖਾਨ ਨੇ ਤਣਾਅ ਵਾਲੇ ਹਾਲਾਤਾਂ ਵਿੱਚ ਵੀ ਸਪੋਰਟਸਮੈਨਸ਼ਿਪ ਨੂੰ ਤਿਆਗਿਆ ਨਹੀਂ। ਉਨ੍ਹਾਂ ਨੇ ਕੇਵਲ ਹਿਰਾਸਤ ਵਿੱਚ ਲਏ ਗਏ ਭਾਰਤੀ ਪਾਇਲਟ ਨੂੰ ਹੀ ਨਹੀਂ ਛੱਡਿਆ ਸਗੋਂ ਇਸ ਦੇ ਨਾਲ ਹੀ ਭਾਰਤ ਨੂੰ ਦਵੱਲੇ ਮਾਮਲਿਆਂ ’ਤੇ ਗੱਲਬਾਤ ਲਈ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। ਇਹ ਗੱਲ ਵੱਖਰੀ ਹੈ ਕਿ ਭਾਰਤ ਦੇ ਮੌਜੂਦਾ ਹੁਕਮਰਾਨ ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਇਨਕਾਰੀ ਹਨ। ਦੋਵਾਂ ਦੇਸ਼ਾਂ ਦਰਮਿਆਨ ਤਲਖੀ ਨੂੰ ਘਟਾਉਣ ਲਈ ਦਵੱਲੇ ਯਤਨ ਹੋਣੇ ਚਾਹੀਦੇ ਹਨ ਪ੍ਰੰਤੂ ਇਹ ਅਫਸੋਸ ਦੀ ਗੱਲ ਹੈ ਕਿ ਇਸ ਦਿਸ਼ਾ ਵਿੱਚ ਜ਼ਰੂਰੀ ਕਦਮ ਨਹੀਂ ਚੁੱਕੇ ਜਾ ਰਹੇ। ਭਾਰਤ ਲਈ ਇਹ ਬੇਹਤਰ ਹੈ ਕਿ ਉਸ ਨੂੰ ਗੱਲਬਾਤ ਦਾ ਸੱਦਾ ਠੁਕਰਾਉਣਾ ਨਹੀਂ ਚਾਹੀਦਾ। ਬੇਸ਼ਕ ਦੋਵੇਂ ਦੇਸ਼ਾਂ ਦਰਮਿਆਨ ਮਾਮਲੇ ਬਹੁਤ ਪੇਚੀਦਾ ਹੋ ਚੁੱਕੇ ਹਨ। ਉਨ੍ਹਾਂ ਦਾ ਫੌਰੀ ਤੌਰ ’ਤੇ ਹੱਲ ਨਿਕਲਣਾ ਮੁਸ਼ਕਿਲ ਲੱਗ ਰਿਹਾ ਹੈ। ਫਿਰ ਵੀ ਗੱਲਬਾਤ ਨਾਲ ਮਾਹੌਲ ਨੂੰ ਕੁਝ ਹੱਦ ਤੱਕ ਠੀਕ ਕੀਤਾ ਜਾ ਸਕਦਾ ਹੈ ਅਤੇ ਮਸਲਿਆਂ ਦੇ ਹੱਲ ਲਈ ਕੋਈ ਰਸਤਾ ਨਿਕਲ ਸਕਦਾ ਹੈ। ਪਾਕਿਸਤਾਨ ਤੇ ਭਾਰਤ ਦੋਵਾਂ ਲਈ ਫੌਜੀ ਟਕਰਾਅ ਸਹੀ ਰਸਤਾ ਨਹੀਂ ਹੈ। ਫੌਜੀ ਟਕਰਾਅ ਨਾਲ ਸਾਰੇ ਮਸਲੇ ਹੱਲ ਨਹੀਂ ਹੋ ਸਕਦੇ। ਅੰਤਿਮ ਤੌਰ ’ਤੇ ਗੱਲਬਾਤ ਹੀ ਇਕੋ-ਇਕ ਰਸਤਾ ਹੈ। ਯੁੱਧ ਨਾਲ ਕਿਸੇ ਵੀ ਤਰ੍ਹਾਂ ਦੀ ਸ਼ਾਂਤੀ ਕਾਇਮ ਨਹੀਂ ਹੋ ਸਕਦੀ। ਨਵੇਂ ਸਮਿਆਂ ਵਿੱਚ ਯੁੱਧ ਸਿਰਫ ਬੰਦੂਕ ਨਾਲ ਨਹੀਂ ਲੜੇ ਜਾਂਦੇ। ਆਧੁਨਿਕ ਹਥਿਆਰ ਬਹੁਤ ਵੱਡੀ ਤਬਾਹੀ ਮਚਾ ਸਕਦੇ ਹਨ। ਭਾਰਤ ਅਤੇ ਪਾਕਿਸਤਾਨ ਕੋਲ ਪ੍ਰਮਾਣੂ ਅਤੇ ਹੋਰ ਮਾਰੂ ਹਥਿਆਰ ਹਨ। ਜੇਕਰ ਇਨ੍ਹਾਂ ਦੀ ਵਰਤੋਂ ਹੁੰਦੀ ਹੈ ਤਾਂ ਦੋਵੇਂ ਪਾਸੇ ਮਨੁੱਖੀ ਵਸੋਂ ਦਾ ਵੱਡੇ ਪੈਮਾਨੇ ’ਤੇ ਘਾਣ ਹੋਵੇਗਾ। ਯੁੱਧ ਅਤੇ ਯੁੱਧ ਵਰਗੇ ਹਾਲਾਤ ਵਿਕਾਸ ਵਿਰੋਧੀ ਵੀ ਹਨ। ਦੋਵੇਂ ਦੇਸ਼ਾਂ ਨੂੰ ਹਾਲੇ ਤਰੱਕੀ ਅਤੇ ਵਿਕਾਸ ਦੀ ਜ਼ਰੂਰਤ ਹੈ। ਦੋਵੇਂ ਪਾਸੇ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਫੈਲੀ ਹੋਈ ਹੈ। ਦੋਵੇਂ ਦੇਸ਼ਾਂ ਨੂੰ ਫੌਜੀ ਮਨਸੂਬੇ ਤਿਆਗਣੇ ਚਾਹੀਦੇ ਹਨ ਤਾਂ ਜੋ ਇਸ ਖੇਤਰ ਵਿੱਚ ਵਿਕਾਸ ਦੀ ਨਵੀਂ ਲਹਿਰ ਨੂੰ ਸ਼ੁਰੂ ਕੀਤਾ ਜਾ ਸਕੇ।
– ਬਲਜੀਤ ਸਿੰਘ ਬਰਾੜ

Send this to a friend