ਗਾਂਧੀ ਪਰਿਵਾਰ ਨੂੰ ਝਟਕਾ
ਨਵੀਂ ਦਿਲੀ, 28 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਨੈਸ਼ਨਲ ਹੇਰਾਲਡ ਹਾਊਸ ਖ਼ਾਲੀ ਕਰਨ ਦੇ ਮਾਮਲੇ ‘ਚ ਸਿੰਗਲ ਬੈਂਚ ਦੇ ਫ਼ੈਸਲੇ ਖ਼ਿਲਾਫ਼ ਐਸੋਸੀਏਟ ਜਨਰਲ ਲਿਮਟਡ (ਏ.ਜੇ.ਐਲ.) ਦੀ ਅਪੀਲ ‘ਤੇ ਹਾਈਕੋਰਟ ਦੀ ਡਿਵੀਜ਼ਨ ਬੈਂਚ ਨੇ ਵੀਰਵਾਰ ਨੂੰ ਅਹਿਮ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਏ.ਜੇ.ਐਲ. ਦੀ ਪਟੀਸ਼ਨ ਖਾਰਜ ਕਰ ਦਿਤੀ, ਅਜਿਹੇ ‘ਚ ਨੈਸ਼ਨਲ ਹਾਊਸ ਨੂੰ ਖ਼ਾਲੀ ਕਰਨਾ ਹੋਵੇਗਾ। ਹਾਲਾਂਕਿ ਕੋਰਟ ਨੇ ਹੇਰਾਲਡ ਹਾਊਸ ਖ਼ਾਲੀ ਕਰਨ ਦੀ ਸਮਾਂ ਹਦ ਤੈਅ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਏ.ਜੇ.ਐਲ. ਨੇ ਹੇਰਾਲਡ ਹਾਊਸ ਖ਼ਾਲੀ ਕਰਨ ਦੇ ਪਿਛਲੇ ਸਾਲ 21 ਦਸੰਬਰ ਦੇ ਸਿੰਗਲ ਬੈਂਚ ਦੇ ਫੈਸਲੇ ਨੂੰ ਡਬਲ ਬੈਂਚ ਦੇ ਸਾਹਮਣੇ ਚੁਣੌਤੀ ਦਿਤੀ ਸੀ। ਇਸ ਤੋਂ ਪਹਿਲਾਂ ਹਾਈਕੋਰਟ ਦੀ ਸਿੰਗਲ ਬੈਂਚ ਨੇ ਏ.ਜੇ.ਐਲ. ਦੀ ਪਟੀਸ਼ਨ ਖਾਰਜ ਕਰਦਿਆਂ ਨੈਸ਼ਨਲ ਹੇਰਾਲਡ ਦੀ ਬਿਲਡਿੰਗ ਖ਼ਾਲੀ ਕਰਨ ਦਾ ਹੁਕਮ ਦਿਤਾ ਸੀ। ਦਰਅਸਲ ਏ.ਜੇ.ਐਲ. ਨੇ ਕੇਂਦਰ ਸਰਕਾਰ ਦੇ ਉਸ ਫੈਸਲੇ ਨੂੰ ਕੋਰਟ ‘ਚ ਚੁਣੌਤੀ ਦਿਤੀ ਸੀ ਜਿਸ ‘ਚ 56 ਸਾਲ ਪੁਰਾਣੀ ਲੀਜ਼ ਖਤਮ ਕਰਨ ਦਾ ਹੁਕਮ ਦਿਤਾ ਗਿਆ ਸੀ। ਦਸ ਦਈਏ ਕਿ ਨੈਸ਼ਨਲ ਹੇਰਾਲਡ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦੇ ਨਾਮ ‘ਤੇ ਹੈ ਤੇ ਇਹ ਬਿਲਡਿੰਗ ਕਰੋੜਾਂ ਰੁਪਏ ਦੀ ਹੈ। ਏ.ਜੇ.ਐਲ. ਨੈਸ਼ਨਲ ਹੇਰਾਲਡ ਅਖ਼ਬਾਰ ਦੀ ਮਾਲਕਾਨਾ ਕੰਪਨੀ ਹੈ।