May 13, 2026 3:19 pm

ਪੁਲਵਾਮਾ ਦਾ ਅਸਲ ਗੁਨਾਹਗਾਰ ਕੇਂਦਰ

ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਵਿਖੇ ਸੀਆਰਪੀਐਫ ਦੇ ਕਾਫਲੇ ਉਪਰ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਘਟਨਾ ਲਈ ਖ਼ੁਦ ਕੋਈ ਜ਼ਿੰਮੇਵਾਰੀ ਲੈਣ ਦੀ ਥਾਂ ਦੂਸਰਿਆਂ ਉਪਰ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਘਟਨਾ ਨਾਲ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚ ਕੀਤੀਆਂ ਗਈਆਂ ਗਲਤੀਆਂ ਉਜਾਗਰ ਹੋ ਗਈਆਂ ਹਨ। ਸਰਕਾਰ ਦੀਆਂ ਗਲਤੀਆਂ ਕਾਰਨ ਹੀ ਕਸ਼ਮੀਰ ਦੀ ਹਾਲਤ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਪੁਲਵਾਮਾ ਦੀ ਘਟਨਾ ਨੇ ਇਸ ਗੱਲ ਨੂੰ ਨੰਗਾ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਜਵਾਨਾਂ ਦੀ ਸੁਰੱਖਿਆ ਪ੍ਰਤੀ ਕਿੰਨੀ ਬੇਪ੍ਰਵਾਹ ਹੈ। ਪੁਲਵਾਮਾ ਦੀ ਘਟਨਾ ਨਾ ਵਾਪਰਦੀ ਜੇਕਰ ਸਰਕਾਰ ਨੇ ਅਣਗਹਿਲੀ ਨਾ ਵਰਤੀ ਹੁੰਦੀ। ਇਸ ਬੇਹਦ ਅਫਸੋਸਨਾਕ ਘਟਨਾ ਵਿੱਚ ਸਾਡੇ ਜਵਾਨਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ। ਇਹ ਦੁੱਖ ਦੀ ਗੱਲ ਹੈ ਕਿ ਇੰਨੀ ਵੱਡੀ ਘਟਨਾ ਤੋਂ ਬਾਅਦ ਵੀ ਕੇਂਦਰ ਸਰਕਾਰ ਅਤੇ ਸਰਕਾਰੀ ਅਹਿਲਕਾਰ ਆਪਣੀ ਗਲਤੀ ਸਵਿਕਾਰਨ ਲਈ ਤਿਆਰ ਨਹੀਂ ਹਨ। ਜੇਕਰ ਕੇਂਦਰ ਸਰਕਾਰ ਜਵਾਨਾਂ ਦੀ ਜਾਨ ਦੀ ਕੋਈ ਕੀਮਤ ਸਮਝਦੀ ਹੁੰਦੀ ਤਾਂ ਉਹ ਉਨ੍ਹਾਂ ਦੀ ਆਵਾਜਾਈ ਦੇ ਸਮੇਂ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕਰਦੀ। ਹਮਲੇ ਦਾ ਸ਼ਿਕਾਰ ਸੀਆਰਪੀਐਫ ਦਾ ਕਾਫਲਾ ਕਈ ਦਿਨਾਂ ਤੋਂ ਜੰਮੂ-ਸ਼੍ਰੀਨਗਰ ਮੁੱਖ ਮਾਰਗ ’ਤੇ ਮਾੜੇ ਮੌਸਮ ਅਤੇ ਬਰਫਬਾਰੀ ਕਾਰਨ ਫਸਿਆ ਹੋਇਆ ਸੀ। ਅਧਿਕਾਰੀ ਇਹ ਚਾਹੁੰਦੇ ਸਨ ਕਿ ਮਾੜੇ ਹਾਲਾਤਾਂ ਕਾਰਨ ਜਵਾਨਾਂ ਨੂੰ ਸੜਕੀ ਰਸਤੇ ਦੀ ਬਜਾਏ ਹਵਾਈ ਰਸਤੇ ਸ਼੍ਰੀਨਗਰ ਲਿਜਾਇਆ ਜਾਵੇ। ਇਹ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਜਵਾਨਾਂ ਨੂੰ ਲਿਜਾਣ ਲਈ ਹਵਾਈ ਜਹਾਜ ਮੁਹੱਈਆ ਨਹੀਂ ਕਰਵਾਇਆ। ਕੇਂਦਰ ਸਰਕਾਰ ਦੀ ਇਸ ਅਣਗਹਿਲੀ ਕਾਰਨ ਹੀ ਜਵਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ। ਕੇਂਦਰ ਸਰਕਾਰ ਜੰਮੂ-ਕਸ਼ਮੀਰ ਵਿੱਚ ਆਮ ਲੋਕਾਂ ਅਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਸੁਰੱਖਿਆ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਹੋਈ ਹੈ। ਜਵਾਨਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਗਏ। ਲਾਇਨ ਆਫ ਕੰਟਰੋਲ ਅਤੇ ਸਰਹੱਦ ਉਪਰ ਗੋਲੀਬਾਰੀ ਦੀ ਉਲੰਘਣਾ ਦੀਆਂ ਇਸ ਦੌਰਾਨ ਸਭ ਤੋਂ ਵੱਧ ਘਟਨਾਵਾਂ ਵਾਪਰੀਆਂ ਹਨ ਅਤੇ ਸ਼ਹੀਦ ਹੋਣ ਵਾਲੇ ਸੈਨਿਕਾਂ ਦੀ ਗਿਣਤੀ ਵੀ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਸਮੇਂ ਤੋਂ ਵੱਧ ਰਹੀ। ਕੇਂਦਰ ਸਰਕਾਰ ਨੇ ਨੋਟਬੰਦੀ ਅਤੇ ਕਥਿਤ ਸਰਜਰੀਕਲ ਸਟਰਾਇਕ ਤੋਂ ਬਾਅਦ ਲਗਾਤਾਰ ਇਹ ਦਾਅਵੇ ਕੀਤੇ ਹਨ ਕਿ ਇਸ ਨਾਲ ਜੰਮੂ-ਕਸ਼ਮੀਰ ’ਚ ਅੱਤਵਾਦ ਦਾ ਲੱਕ ਟੁੱਟ ਗਿਆ ਹੈ। ਪ੍ਰੰਤੂ ਪੁਲਵਾਮਾ ਹਮਲੇ ਨੇ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸਚਾਈ ਇਹ ਹੈ ਕਿ ਇਸ ਸਮੇਂ ਜੰਮੂ-ਕਸ਼ਮੀਰ ਦੇ ਹਾਲਾਤ ਪਹਿਲੇ ਸਾਰੇ ਸਮਿਆਂ ਤੋਂ ਮਾੜੇ ਹਨ। ਅੱਤਵਾਦੀ ਸਰਗਰਮੀਆਂ ਵਿੱਚ ਵੱਡਾ ਵਾਧਾ ਹੋਇਆ ਹੈ। ਪੁਲਵਾਮਾ ਹਮਲੇ ਨਾਲ ਤਾਂ ਅੱਤਵਾਦ ਦਾ ਇਕ ਹੋਰ ਨਵਾਂ ਅਤੇ ਖਤਰਨਾਕ ਰੂਪ ਸਾਹਮਣੇ ਆਇਆ ਹੈ। ਜੇਕਰ ਪੁਲਵਾਮਾ ਵਰਗੇ ਹਮਲੇ ਜਾਰੀ ਰਹਿੰਦੇ ਹਨ ਤਾਂ ਜੰਮੂ-ਕਸ਼ਮੀਰ ਦੇ ਹਾਲਾਤ ਬਹੁਤ ਹੀ ਚਿੰਤਾਜਨਕ ਹੋ ਜਾਣਗੇ। ਇਹ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਇਨ੍ਹਾਂ ਹਾਲਾਤਾਂ ਲਈ ਖੁਦ ਜ਼ਿੰਮੇਵਾਰੀ ਕਬੂਲਣ ਲਈ ਤਿਆਰ ਨਹੀਂ ਹੈ। ਉਲਟਾ ਪੁੱਠੀ-ਸਿੱਧੀ ਬਿਆਨਬਾਜ਼ੀ ਅਤੇ ਮੀਡੀਆ ਦੀ ਮਦਦ ਨਾਲ ਇਹ ਦਰਸਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤਾਂ ਲਈ ਪਾਕਿਸਤਾਨ ਅਤੇ ਹੋਰ ਤਾਕਤਾਂ ਜ਼ਿੰਮੇਵਾਰ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਨਾਜ਼ਕ ਸਮੇਂ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਵੀ ਇਸ ਮਾਮਲੇ ਵਿੱਚ ਚੁਪੀ ਵੱਟੀ ਬੈਠੀ ਹੈ। ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤਾਂ ਅਤੇ ਪੁਲਵਾਮਾ ਦੀ ਬਹੁਤ ਚਿੰਤਾਜਨਕ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ ਹੈ। ਇਸ ਹਾਲਾਤ ਲਈ ਕੇਂਦਰ ਸਰਕਾਰ ਨੂੰ ਖੁਦ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਸਰਕਾਰ ਨੂੰ ਆਪਣੀਆਂ ਗਲਤੀਆਂ ਸਵੀਕਾਰ ਕਰਨੀਆਂ ਪੈਣਗੀਆਂ। ਲੋਕਾਂ ਅਤੇ ਸੁਰੱਖਿਆ ਫੋਰਸਾਂ ਦੇ ਜਾਨੀ ਨੁਕਸਾਨ ਲਈ ਕੇਂਦਰ ਸਰਕਾਰ ਸਭ ਤੋਂ ਵੱਡੀ ਦੋਸ਼ੀ ਹੈ। ਉਨ੍ਹਾਂ ਅਫਸਰਾਂ ਅਤੇ ਨੇਤਾਵਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਕਾਰਨ ਪੁਲਵਾਮਾ ਵਿੱਚ ਸੀਆਰਪੀਐਫ ਦੇ 4 ਦਰਜਨ ਜਵਾਨਾਂ ਨੂੰ ਸ਼ਹੀਦੀ ਦੇਣੀ ਪਈ। ਦੇਸ਼ ਦੀ ਸੁਰੱਖਿਆ ਤਰਜੀਹੀ ਅਤੇ ਪ੍ਰਮੁੱਖ ਮੁੱਦਾ ਹੈ, ਇਸ ਉਪਰ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਦੂਸਰਿਆਂ ਖਿਲਾਫ ਬਿਆਨਬਾਜ਼ੀ ਤੋਂ ਪਹਿਲਾਂ ਖੁਦ ਦੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਕੇਂਦਰ ਸਰਕਾਰ ਦੀਆਂ ਗਲਤੀਆਂ ਦੀ ਸਜ਼ਾ ਸਾਰਾ ਦੇਸ਼ ਭੁਗਤ ਰਿਹਾ ਹੈ। ਸਮਾਂ ਆ ਗਿਆ ਹੈ ਕਿ ਅਜਿਹੀਆਂ ਤਾਕਤਾਂ ਨੂੰ ਨੰਗਾ ਕੀਤਾ ਜਾਵੇ ਜਿਹੜੀਆਂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਦੇਸ਼ ਵਿੱਚ ਹਿੰਸਾ ਦਾ ਮਾਹੌਲ ਬਣਾ ਕੇ ਰੱਖਣਾ ਚਾਹੁੰਦੀਆਂ ਹਨ।
– ਬਲਜੀਤ ਸਿੰਘ ਬਰਾੜ

Send this to a friend