ਅੰਮ੍ਰਿਤਸਰ ਨੇੜਲੇ ਪਿੰਡ ਛੇਹਰਟਾ ਦੇ ਜੰਮਪਲ ਅਤੇ ਮੋਹਾਲੀ ਸ਼ਹਿਰ ਦੇ ਵਸਨੀਕ ਸ਼੍ਰੀ ਜਤਿੰਦਰ ਬਿਆਲਾ ਸ਼੍ਰੀਲੰਕਾ ਦੇ ਟੈਕਸਟਾਈਲ ਕਾਰੋਬਾਰ ਵਿਚ ਇਕ ਜਾਣਿਆ-ਪਹਿਚਾਣਿਆ ਨਾਮ ਹਨ। 20 ਅਪ੍ਰੈਲ 1968 ਵਿਚ ਜਨਮੇ ਸ਼੍ਰੀ ਜਤਿੰਦਰ ਬਿਆਲਾ ਪਿਛਲੇ ਵੀਹ ਸਾਲਾਂ ਤੋਂ ਸ਼੍ਰੀਲੰਕਾ ਵਿਚ ਸਥਾਪਿਤ ਹਨ। ਕਿੱਤੇ ਵਜੋਂ ਉਹ ਇਕ ਸੁਲਝੇ ਹੋਏ ਇੰਜੀਨੀਅਰ ਅਤੇ ਪ੍ਰਸ਼ਾਸਕ ਅਧਿਕਾਰੀ ਹਨ। ਪੰਜਾਬ ਵਿਚੋਂ ਟੈਕਸਟਾਇਲ ਇੰਜਿਨੀਅਰਿੰਗ ਕਰਨ ਮਗਰੋਂ ਉਸ ਨੇ ਅਸਟਰੇਲੀਆ ਦੀ ਮੈਲਬੋਰਨ ਯੁਨੀਵਰਸਿਟੀ ਤੋਂ ਮਾਸਟਰ ਆਫ ਬਿਜਿਨਸ ਮੈਨੇਜਮੈਂਟ ਦੀ ਡਿਗਰੀ ਹਾਸਿਲ ਕੀਤੀ ਹੈ। ਇਸ ਉਪਰੰਤ ਭਾਰਤ ਦੀਆਂ ਵੱਖ-ਵੱਖ ਟੈਕਸਟਾਇਲ ਕੰਪਨੀਆਂ ਵਿਚ ਕੰਮ ਕਰਨ ਤੋਂ ਬਾਅਦ 1998 ਵਿਚ ਸ਼੍ਰੀਲੰਕਾ ਚਲੇ ਗਏ, ਜਿੱਥੇ ਉਸ ਨੇ ਮਲਟੀਨੈਸ਼ਨਲ ਟੈਕਸਟਾਇਲ ਕੰਪਨੀ ਇੰਡੋਰਾਮਾ ਵਿਚ ਨੌਕਰੀ ਕਰ ਲਈ। ਇੱਥੇ ਹੀ ਉਸ ਨੇ ਮੈਨਟਿਨੈਂਸ ਮੈਨੇਜਰ ਤੋ ਸ਼ੁਰੂ ਹੋ ਕੇ ਕੰਪਨੀ ਦੇ ਡਾਇਰੈਕਟਰ ਅਤੇ ਮੁੱਖ ਅਧਿਕਾਰੀ ਤੱਕ ਦਾ ਮੁਕਾਮ ਹਾਸਲ ਕੀਤਾ। ਇਸ ਦੌਰਾਨ ਜਿੱਥੇ ਉਸ ਨੇ ਕੰਪਨੀ ਨੂੰ ਤਰੱਕੀ ਦੀਆਂ ਮੰਜਿਲਾਂ ਤੱਕ ਪੁਹੰਚਾਇਆ, ਉਥੇ ਹੀ ਸਮਾਜ ਸੇਵਾ ਕਰਕੇ ਪੰਜਾਬ ਅਤੇ ਭਾਰਤ ਦਾ ਨਾਮ ਵੀ ਉਚਾ ਕੀਤਾ। ਅੱਜ ਉਸ ਦੀ ਕੰਪਨੀ ਵਿਚ ਬਣਿਆ ਧਾਗਾ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਵੱਡੀ ਪੱਧਰ ’ਤੇ ਵਿਕਦਾ ਹੈ। ਉਸ ਨੇ ਧਾਗੇ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਲਾਇਕਰਾ, ਸਲੱਬ, ਵਿਸਕੋਸ ਆਦਿ ਦੀ ਕੁਆਲਟੀ ਦਾ ਕੇਵਲ ਸੁਧਾਰ ਹੀ ਨਹੀਂ ਕੀਤਾ, ਸਗੋਂ ਨਵੀਆਂ ਕਿਸਮਾਂ ਦਾ ਈਜ਼ਾਦ ਵੀ ਕੀਤਾ ਹੈ।
ਆਪਣੇ ਵਾਪਾਰਕ ਕਾਰਜਾਂ ਦੇ ਨਾਲ-ਨਾਲ ਬਿਆਲਾ ਜੀ ਬਿਰਧ ਆਸ਼ਰਮਾਂ, ਵੱਖ-ਵੱਖ ਧਾਰਮਕਿ ਅਸਥਾਨਾਂ ਦੀ ਸੇਵਾ ਦੇ ਨਾਲ ਨਾਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਜੀਫੇ ਮੁਹੱਈਆ ਕਰਵਾਊਂਦੇ ਹਨ। ਉਹ ਸ਼੍ਰੀਲੰਕਾ ਦੇ ਫਰੀ ਟਰੇਡ ਜ਼ੋਨ ਦੀਆਂ 200 ਕੰਪਨੀਆਂ ਦੀ ਐਸੋਸੀਏਸ਼ਨ ਦੇ ਵਾਇਸ ਪ੍ਰੈਸੀਡੈਂਟ ਵੀ ਹਨ। ਇਹ ਸੰਸਥਾ ਇਨ੍ਹਾਂ ਕੰਪਨੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਊਂਦੀ ਹੈ। ਉਹ ਪਹਿਲੇ ਅਜਿਹੇ ਭਾਰਤੀ ਹਨ, ਜਿਨ੍ਹਾਂ ਨੇ ਸ਼੍ਰੀਲੰਕਾ ਵਿਚ ਇੰਡੋਨੇਸ਼ੀਆ ਦੇ ਬਿਜਨਸ ਆਫ ਕਮਰਸ ਚੈਂਬਰ ਦੀ ਪ੍ਰਤੀਨਿਧਤਾ ਕਰ ਰਹੇ ਹਨ। ਉਹ ਸ਼੍ਰੀਲੰਕਾ ਦੇ ਇੰਟਰਨੈਸ਼ਨਲ ਬਿਜਨਸ ਚੈਂਬਰ ਆਫ ਕਾਮਰਸ ਦੇ ਸਥਾਈ ਮੈਂਬਰ ਵੀ ਹਨ। ਉਹ ਸ਼੍ਰੀਲੰਕਾ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਕਾਰਜਕਾਰੀ ਬੋਰਡ ਦੇ ਮੈਂਬਰ ਵੀ ਹਨ। ਇਨ੍ਹਾ ਸੰਸਥਾਵਾਂ ਵਿਚ ਕੰਮ ਕਰਦਿਆਂ ਉਹ ਆਰਥਿਕ, ਕਨੂੰਨੀ ਵਿਸ਼ਿਆਂ ਦੇ ਮਾਹਿਰ ਵਜੋਂ ਦੇਸ਼-ਵਿਦੇਸ਼ ਅੰਦਰ ਆਪਣੀ ਪਛਾਣ ਕਾਇਮ ਕਰ ਚੁੱਕੇ ਹਨ। ਇਸ ਸਭ ਤੋਂ ਇਲਾਵਾ ਸ਼੍ਰੀ ਜਤਿੰਦਰ ਬਿਆਲਾ ਜੀ ਇਸ ਸਭ ਦੇ ਨਾਲ ਹੀ ਸ਼੍ਰੀਲੰਕਾ ਵਿਚ ਯੋਰਪੀਅਨ ਚੈਂਬਰ ਆਫ ਕਮਰਸ ਦੇ ਸੀਨੀਅਰ ਮੈਂਬਰ ਵੀ ਹਨ।
ਇਸ ਸਮੇਂ ਸ਼੍ਰੀਲੰਕਾ ਵਿਚ ਹੀ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਰਹਿ ਰਹੇ ਸ਼੍ਰੀ ਬਿਆਲਾ ਦਾ ਇਕ ਪੁੱਤਰ ਅਦਿਤਿਆ ਅਮਰੀਕਾ ਦੀ ਪਰੂਡੋ ਯੁਨੀਵਰਸਿਟੀ ਵਿਚ ਇਲੈਕਟਰੀਕਲ ਇੰਜਿਨੀਅਰਿੰਗ ਦਾ ਵਿਦਿਆਰਥੀ ਹੈ ਜਦੋਂ ਕਿ ਧੀ ਅਰੁਨਧਿਤੀ ਮੈਟ੍ਰਿਕ ਦੀ ਵਿਦਿਆਰਥਣ ਹੈ। ਉਨ੍ਹਾਂ ਦੀ ਪਤਨੀ ਮੀਨੂ ਬਿਆਲਾ ਵੀ ਇਕ ਸਮਾਜ ਸੇਵੀ ਹਨ। ਉਹ ਸ਼੍ਰੀ ਲੰਕਾ ਦੇ ਲੋਟਸ ਲਾਇਨਜ਼ ਕਲੱਬ ਦੀ ਪ੍ਰਧਾਨ ਹਨ ਅਤੇ ਅਪਣੀ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਬੜੀ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਨ। ਬੇਸ਼ੱਕ ਉਹ ਔਰਤਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਜੱਥੇਬੰਦੀਆਂ ਦੀ ਮਦਦ ਕਰਨ ਦੀ ਹੋਵੇ ਜਾਂ ਦਰਖਤ ਲਗਾਊਣ ਦੀ, ਉਹ ਹਰ ਖ਼ੇਤਰ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ।
ਜ਼ਮੀਨ ਨਾਲ ਜੁੜੇ ਸ਼੍ਰੀ ਜਤਿੰਦਰ ਬਿਆਲਾ ਘੁੰਮਣ ਫਿਰਨ ਅਤੇ ਗੀਤ ਸੰਗੀਤ ਦਾ ਸ਼ੌਕੀਨ ਹਨ ਅਤੇ ਪੰਜਾਬ ਅਤੇ ਪੰਜਾਬੀ ਬੋਲੀ ਤੇ ਰੱਜ ਕੇ ਮਾਣ ਮਹਿਸੂਸ ਕਰਦੇ ਹਨ। ਉਹ ਜਿੱਥੇ ਇਕ ਦੂਰਦਰਸ਼ੀ, ਕੁਸ਼ਿਲ ਪ੍ਰਸ਼ਾਸਿਨਿਕ ਅਧਿਕਾਰੀ ਹਨ, ਉਥੇ ਯਾਰਾਂ ਦਾ ਯਾਰ ਵੀ ਹਨ। ਉਸ ਦੀ ਆਪਣੇ ਖ਼ੇਤਰ ਵਿਚ ਦਿੱਤੀ ਜਾ ਰਹੀ ਇਸ ਸ਼ਾਨਾਮੱਤੀ ਦੇਣ ਦੀ ਬਦੌਲਤ ਹੀ ਵੱਖ-ਵੱਖ ਜੱਥੇਬੰਦੀਆਂ ਸ਼੍ਰੀਲੰਕਾ ਵਿਚ ਵੀਹ ਵਰ੍ਹੇ ਪੂਰੇ ਹੋਣ ’ਤੇ ਉਨ੍ਹਾਂ ਨੂੰ ਸਨਮਾਨਿਤ ਕਰ ਰਹੀਆਂ ਹਨ।