ਕਿਸੇ ਵੇਲੇ ਸੋਨੇ ਦੀ ਚਿੜੀ ਦਾ ਦਰਜਾ ਪ੍ਰਾਪਤ ਕਰਨ ਵਾਲਾ ਪੰਜਾਬ ਅਜ ਬਰਬਾਦੀ ਦੇ ਕੰਢੇ ਤੇ ਖੜਾ ,ਹਰ ਪਾਸੇ ਹਫੜਾ -ਦਫੜੀ ਏ ,ਆਪੋਧਾਪੀ ਏ ,ਸਮੇਂ ਸਮੇਂ ਦੇ ਹਾਕਮਾਂ ਨੇ ਸਿਰਫ਼ ਕੁਰਸੀ ਭੁਖ ਨੂੰ ਮਿਟਾਉਣ ਲਈ ਪੰਜਾਬ ਨੂੰ ਰਜ ਕੇ ਲੁਟਿਆ ਹੈ ਤੇ ਅਜ ਵੀ ਇਹ ਲੁਟ ਬੇਰੋਕ ਜਾਰੀ ਹੈ !ਇਸ ਵਕਤ ਪੰਜਾਬ ਦੇ ਲੋਕਾਂ ਦੀ ਹਾਲਤ ਆਰਥਿਕ ਤੌਰ ਤੇ ਟੁਟੇ ਹੋਏ ਉਸ ਜਟ ਵਰਗੀ ਹੈ ਜਿਹੜਾ ਆਪਣੀ ਗਰਜ ਪੂਰੀ ਕਰਨ ਲਈ ਕੋਈ ਵੀ ਗਲਤ ਕਦਮ ਚੁਕਣ ਤੋਂ ਵੀ ਪਰਹੇਜ਼ ਨਹੀਂ ਕਰਦਾ । ਸ਼ਾਇਦ ਏਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਸਿਰਫ ਨਿਜਤਾ ਲਈ ਜਿਉਂ ਰਹੇ ਹਨ ਜਦਕਿ ਚਾਹੀਦਾ ਇਹ ਹੈ ਕਿ ਉਹ ਪੰਜਾਬ ਲਈ ਜਿਉਣ !ਅਜ ਪੰਜਾਬ ਧਰਨਿਆਂ ਮੁਜ਼ਾਹਰਿਆਂ ਦੀ ਧਰਤੀ ਬਣ ਚੁਕਾ ਹੈ,ਪੰਜਾਬ ਦੀ ਜਵਾਨੀ ਨੂੰ ਰੁਜਗਾਰ ਲੈਣ ਲਈ ਪੰਜਾਬ ਦੇ ਹਾਕਮਾਂ ਦੇ ਹੁਕਮ ਤੇ ਪੰਜਾਬ ਪੁਲਿਸ ਤੋਂ ਡੰਡੇ ਖਾਣੇ ਪੈਂਦੇ ਹਨ,ਨੌਜਵਾਨਾਂ ਨੂੰ ਪਗਾਂ ਲਹਾਉਣੀਆਂ ਪੈਂਦੀਆਂ ਤੇ ਮੁਟਿਆਰਾਂ ਨੂੰ ਚੁੰਨੀਆਂ ਰੋਲਣੀਆਂ ਪੈਂਦੀਆਂ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਸਰਦੀ -ਪੁਜਦੀ ਜਵਾਨੀ ਬਦੇਸ਼ਾਂ ਵਲ ਕੂਚ ਕਰ ਗਈ ਤੇ ਪੰਜਾਬ ਦੇ ਨਾਲ ਖੜਨ ਵਾਲੀ ਲੋੜਵੰਦ ਜਵਾਨੀ ਡੰਡੇ ਖਾ ਰਹੀ ਹੈ । ਹਸਪਤਾਲਾਂ ਵਿਚ ਡਾਕਟਰ ਹੈ ਨਹੀਂ,ਬਿਜਲੀ ਘਰਾਂ ਵਿਚ ਮੁਲਾਜ਼ਮ ਹੈ ਨੀ ਤੇ ਹਰ ਸਰਕਾਰੀ ਮਹਿਕਮ ਖਸਤਾ ਹਾਲਤ ਵਿਚ ਹੈ ਪਰ ਇਕ ਗਲ ਜਰੂਰ ਏ ਦਿਨੋਂ ਦਿਨ ਗਰੀਬ ਹੋ ਰਹੇ ਪੰਜਾਬ ਦੇ ਲੀਡਰ ਜਰੂਰ ਅਮੀਰ ਹੋ ਰਹੇ ਹਨ ਇਹ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ ।ਸੂਬੇ ਦੀ ਭਵਿਖ ਮੰਨੀ ਜਾਂਦੀ ਜਵਾਨੀ ਬੁਰੀ ਤਰ੍ਹਾਂ ਨਿਰਾਸ਼ ਏ ,ਲਖਾਂ ਰੁਪਏ ਖਰਚ ਲਈਆਂ ਡਿਗਰੀਆਂ ਉਹਨਾਂ ਨੂੰ ਵਡ ਖਾਣ ਨੂੰ ਆਉਂਦੀਆਂ ਹਨ ਤੇ ਏਸੇ ਨਿਰਾਸ਼ਾ ਦੇ ਆਲਮ ਚੋਂ ਨਿਕਲਣ ਲਈ ਉਹ ਏਜੰਟਾਂ ਧਕੇ ਚੜ ਫਿਰ ਕਰਜਾ ਚੁਕ ਬਦੇਸ਼ਾਂ ਵਿਚ ਬੇਹਤਰ ਭਵਿਖ ਤਲਾਸ਼ਣ ਲਈ ਜਾਂਦੇ ਹਨ । ਜਿਨ੍ਹਾਂ ਨੂੰ ਨੌਕਰੀਆਂ ਪੰਜਾਬ ਵਿਚ ਮਿਲ ਗਈਆਂ ਉਹ ਵੀ ਸਰਕਾਰੀ ਤੰਤਰ ਤੋਂ ਬੁਰੀ ਤਰ੍ਹਾਂ ਨਿਰਾਸ਼ ਹਨ ।ਪੰਜਾਬ ਵਿਚ ਬਣਦੀਆਂ ਸਰਕਾਰਾਂ ਦੇ ਮੋਢੀ ਲੀਡਰ ਝੂਠ ਤੇ ਝੂਠ ਬੋਲ ਸਬਸਿਡੀਆਂ ਤੇ ਆਟਾ ਦਾਲ ਵਰਗੀਆਂ ਅਖੌਤੀ ਸਕੀਮਾਂ ਲਿਆ ਕੇ ਆਪਣੇ ਵੋਟ ਬੈਂਕ ਪਕੇ ਕਰ ਰਹੇ ਹਨ । ਕੋਈ ਹਾਕਮਾਂ ਨੂੰ ਹੁਣ ਤਕ ਇਹ ਸਚੀ ਗਲ ਕਹਿਣ ਵਾਲਾ ਅਰਥ ਸ਼ਾਸਤਰੀ ਨਹੀਂ ਮਿਲਿਆ ਜੋ ਸਰਕਾਰਾਂ ਨੂੰ ਇਹ ਸਮਝਾ ਸਕੇ ਕਿ ਇਹਨਾਂ ਲੌਲੀਪੌਪ ਸਕੀਮਾਂ ਨਾਲ ਪੰਜਾਬ ਦੀ ਆਰਥਿਕਤਾ ਤੇ ਗਰੀਬ ਜਵਾਨੀ ਬੁਰੀ ਤਰ੍ਹਾਂ ਤਬਾਹ ਹੋ ਰਹੀ ਹੈ ਕਿਉਂਕਿ ਇਸ ਨਾਲ ਜਵਾਨੀ ਵਿਹਲੜ ਤੇ ਨਿਕੰਮੀ ਹੋ ਰਹੀ ਹੈ,ਉਹਨਾਂ ਨੂੰ ਕੰਮ ਦਿਉ ਉਹ ਆਟਾ ਦਾਲ ਆਪੇ ਖਰੀਦ ਲੈਣਗੇ ।
ਸੂਬੇ ਦਾ ਸੜਕੀ ਢਾਂਚਾਂ ਜਿਹੜਾ ਕਿ ਇਕ ਮੁਲਕ ਦੀ ਜਾਂ ਸੂਬੇ ਦੀ ਤਰਕੀ ਲਈ ਅਹਿਮ ਅੰਗ ਏ ਉਹ ਬੁਰੀ ਤਰ੍ਹਾਂ ਤਬਾਹ ਹੋ ਚੁਕਾ ਹੈ ਪਰ ਗੂੰਗੇ ਬੋਲੀ ਤੇ ਅੰਨੀ ਅਫਸਰਸ਼ਾਹੀ ਤੇ ਸਿਆਸੀ ਲੀਡਰਸ਼ਿਪ ਲੰਮੀਆਂ ਤਾਣ ਕੇ ਸੁਤੀ ਪਈ ਬਰਬਾਦ ਹੋ ਰਹੇ ਪੰਜਾਬ ਦਾ ਤਮਾਸ਼ਾ ਵੇਖ ਰਹੀ ਹੈ ।ਪੰਜਾਬ ਦਾ ਪੈਸਾ ਤੇ ਸਰਮਾਇਆ ਧੜਾਧੜ ਆਈਲੈਟ ਰਾਂਹੀ ਬਦੇਸ਼ਾਂ ਨੂੰ ਜਾ ਰਿਹਾ ! ਪਹਿਲਾਂ ਪੰਜਾਬ ਦੇ ਲੋਕ ਬਦੇਸ਼ਾਂ ਨੂੰ ਕਮਾਈ ਕਰਕੇ ਵਾਪਸ ਮੁੜਨ ਲਈ ਜਾਂਦੇ ਸਨ ਪਰ ਹੁਣ ਪੰਜਾਬ ਦੇ ਪ੍ਰਬੰਧਕੀ ਢਾਂਚੇ ਤੋਂ ਨਿਰਾਸ਼ ਹੋ ਕੇ ਬਦੇਸ਼ ਪਕੇ ਤੌਰ ਸੈਟ ਹੋਣ ਲਈ ਜਾਂਦੇ ਹਨ ।ਇਸ ਵਕਤ ਪੰਜਾਬ ਵਿਚ ਸਿਆਸੀ ਪਾਰਟੀਆਂ ਦੇ ਜਮਘਟੇ ਨੇ ਸਥਿਤੀ ਪੂਰੀ ਤਰ੍ਹਾਂ ਭੰਬਲਭੂਸੇ ਵਾਲੀ ਬਣਾਈ ਹੋਈ ਏ ! ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲਗ ਰਿਹਾ ਕਿ ਕੌਣ ਪੰਜਾਬ ਦਾ ਹਮਦਰਦ ਏ ਤੇ ਕੌਣ ਫਸਲੀ ਬਟੇਰਾ ! ਰਵਾਇਤੀ ਪਾਰਟੀਆਂ ਦੀ ਆਪਸੀ ਮਤਲਬੀ ਗਠਸਾਂਢ ਨੇ ਪੂਰੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਸਤਾ ਇਹ ਗਲ ਜਚਾਉਣ ਦੀ ਪੂਰੀ ਤਾਣ ਲਾਈ ਹੋਈ ਹੈ ਕਿ ਅਸੀਂ ਹੀ ਸਚੀਆਂ ਹਾਂ ਬਾਕੀ ਸਭ ਚੋਰ ਹਨ ! ਇਹਨਾਂ ਤੋਂ ਕਿਨਾਰਾ ਕਰਨਾ ਪੰਜਾਬ ਦੀ ਅਹਿਮ ਲੋੜ ਹੈ ਤੇ ਇਸ ਲਈ ਹਰ ਪੰਜਾਬੀ ਨੂੰ ਪੰਜਾਬ ਦੇ ਹਕਾਂ ਲਈ ਅਗੇ ਹੋ ਸਿਸਟਮ ਨਾਲ ਸਚਾਈ ਦੀ ਜੰਗ ਲੜਨੀ ਪਵੇਗੀ ਤਾਂ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਪੰਜਾਬ ਵਿਚ ਰਹਿਣ ਦੇ ਕਾਬਲ ਹੋਣਗੀਆਂ ।ਇਸ ਵਕਤ ਪੰਜਾਬ ਪਲ -ਪਲ ਬੜੀ ਤੇਜੀ ਨਾਲ ਸਮਾਜਿਕ,ਆਰਥਿਕ,ਸਿਆਸੀ ਤੇ ਮਾਨਸਿਕ ਤਬਾਹੀ ਵਲ ਵਧ ਰਿਹਾ ਹੈ, ਜੇ ਇਹਨਾਂ ਮੁਸੀਬਤਾਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਪਏਗਾ ਤੇ ਜੇ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋ ਗਈ ਤਾਂ ਪੰਜਾਬ ਖੁਦ ਬ ਖੁਦ ਖੁਸ਼ਹਾਲ ਹੋ ਜਾਏਗਾ ।