May 13, 2026 6:21 am

ਪੰਜਾਬੀ ਵਿਰਾਸਤ ਦਾ ਬੁਤਘਾੜਾ: ਜਸਵਿੰਦਰ ਸਿੰਘ

ਪੰਜਾਬੀ ਵਿਰਾਸਤ, ਸਭਿਆਚਾਰ, ਪਰੰਪਰਾਵਾਂ ਅਤੇ ਕਾਰ ਵਿਹਾਰ ਨਾਲ ਸੰਬੰਧਤ ਵਸਤਾਂ ਜਿਨ੍ਹਾਂ ਵਿਚ ਦਰੀਆਂ, ਫੁਲਕਾਰੀਆਂ, ਦਾਣੇ ਭੁੰਨਦੀ ਭੱਠੀ ਵਾਲੀ, ਚਿੜੀਆਂ, ਘੁਗੀਆਂ, ਗੁਟਾਰਾਂ ਅਤੇ ਮੋਰਾਂ ਆਦਿ ਲੱਕੜ ਅਤੇ ਪੱਥਰ ਨੂੰ ਤਰਾਸ਼ਕੇ ਬਣਾਉਣ ਵਾਲਾ ਵਿਲੱਖਣ ਕਲਾਕਾਰ ਜਸਵਿੰਦਰ ਸਿੰਘ ਲੁਧਿਆਣਾ ਜਿਲ੍ਹੇ ਦੇ ਆਪਣੇ ਪਿੰਡ ਮਹਿੰਦੀਪੁਰ ਵਿਚ ਹੀ ਬੈਠਕੇ ਕਲਾਤਮਿਕ ਵਸਤਾਂ ਸਿਰਜ ਰਿਹਾ ਹੈ। ਪੇਂਟਿੰਗ ਕਰਕੇ ਕਿਸੇ ਕਲਾਕ੍ਰਿਤੀ ਨੂੰ ਬਣਾਉਣਾ ਆਸਾਨ ਹੁੰਦਾ ਹੈ ਪ੍ਰੰਤੂ ਲੱਕੜ ਅਤੇ ਪੱਥਰ ਨੂੰ ਤਰਾਸ਼ਣਾ ਬੜੀ ਬਾਰੀਕੀ ਅਤੇ ਸੂਝ ਵਾਲਾ ਕਠਨ ਕੰਮ ਹੁੰਦਾ ਹੈ। ਲੱਕੜ ਅਤੇ ਪੱਥਰ ਦੀਆਂ ਕਲਾਕ੍ਰਿਤਾਂ ਬਣਾਕੇ ਸਮਾਜਿਕ ਸਰੋਕਾਰਾਂ ਦਾ ਹੋਕਾ ਦੇਣ ਵਾਲਾ ਕਲਾਕਾਰ ਬੁਤਘਾੜਾ ਜਸਵਿੰਦਰ ਸਿੰਘ ਹੈ, ਜਿਹੜਾ ਆਪਣੀ ਕਲਾ ਨੂੰ ਪਿੰਡ ਦੇ ਘਰੇਲੂ ਵਾਤਵਰਨ ਵਿਚ ਚਾਰ ਚੰਨ ਲਾ ਰਿਹਾ ਹੈ। ਉਹ ਆਪਣੀ ਕਲਾ ਰਾਹੀਂ ਪੱਥਰ ਅਤੇ ਲੱਕੜ ਦੀਆਂ ਕਲਾਕ੍ਰਿਤਾਂ ਬਣਾਕੇ ਉਨ੍ਹਾਂ ਵਿਚ ਜ਼ਿੰਦਗੀ ਦੀ ਰੂਹ ਭਰ ਦਿੰਦਾ ਹੈ। ਉਸ ਦੀਆਂ ਕਲਾ ਕ੍ਰਿਤਾਂ ਬਿਨਾਂ ਬੋਲੇ ਹੀ ਬਹੁਤ ਕੁਝ ਅਜਿਹਾ ਕਹਿ ਜਾਂਦੀਆਂ ਹਨ। ਯੁੱਧ ਅਤੇ ਹਿੰਸਾ ਦੇ ਘਾਤਕ ਪ੍ਰਭਾਵਾਂ ਦੇ ਮਾੜੇ ਨਤੀਜਿਆਂ ਕਰਕੇ ਇਨਸਾਨੀਅਤ ਦਾ ਭਵਿਖ ਧੁੰਧਲਾ ਹੁੰਦਾ ਹੋਇਆ ਉਸਨੇ ਆਪ ਵੇਖਿਆ, ਜਿਸ ਕਰਕੇ ਉਸਨੇ ‘‘ਕੰਟਰੋਲ ਲਾਈਨ’’ ਨਾਂ ਦੀ ਲੱਕੜ ਦੀ ਕਲਾਕ੍ਰਿਤ ਬਣਾਈ ਹੈ, ਜਿਸ ਵਿਚ ਦੋ ਬੰਦੂਕਾਂ ਇੱਕ ਦੂਜੇ ਵੱਲ ਤਾਣੀਆਂ ਹੋਈਆਂ ਹਨ ਪ੍ਰੰਤੂ ਦੋਹਾਂ ਬੰਦੂਕਾਂ ਦੇ ਮੂੰਹ ਪੁੱਠੇ ਕਰਕੇ ਮੋੜੇ ਹਨ। ਬੰਦੂਕਾਂ ਦੇ ਚਲਣ ਨਾਲ ਖ਼ੂਨ ਦੇ ਦਾਗ਼ ਅਤੇ ਗੋਲੀਆਂ ਦੇ ਨਿਸ਼ਾਨ ਹੋਏ ਮਨੁੱਖੀ ਘਾਣ ਦਾ ਇਸ਼ਾਰਾ ਕਰਦੇ ਹਨ। ਕਲਾਕਾਰ ਦੀ ਇਹ ਕ੍ਰਿਤ ਬਹੁਪੱਖੀ ਸੰਦੇਸ਼ ਦਿੰਦੀ ਹੈ। ਬੰਦੂਕਾਂ ਦੇ ਮੂੰਹ ਪੁੱਠੇ ਮੋੜਨਾ ਅਹਿੰਸਾ ਦਾ ਸੰਦੇਸ਼ ਹੈ ਕਿ ਲੜਾਈ, ਯੁੱਧ ਅਤੇ ਟਕਰਾਓ ਇਨਸਾਨੀਅਤ ਲਈ ਸ਼ੁਭ ਸੰਕੇਤ ਨਹੀਂ ਹੁੰਦੇ। ਅਰਥਾਤ ਸਦਭਾਵਨਾ ਦਾ ਸੰਦੇਸ਼ ਵੀ ਮਿਲਦਾ ਹੈ। ਅਜਿਹੀ ਹੀ ਉਸਦੀ ਇਕ ਹੋਰ ਕਲਾਕ੍ਰਿਤੀ ਹੈ, ਜਿਸ ਵਿਚ ਬੰਦੂਕ ਬਣਾਕੇ ਮੂਧੇ ਮੂੰਹ ਰੱਖੀ ਹੋਈ ਹੈ ਅਤੇ ਉਸਨੂੰ ਕੰਡਿਆਲੀ ਤਾਰ ਨਾਲ ਚਾਰੇ ਪਾਸਿਆਂ ਤੋਂ ਬੰਨ੍ਹਿਆਂ ਹੋਇਆ ਹੈ, ਜਿਸਦਾ ਭਾਵ ਹੈ ਕਿ ਬੰਦੂਕ ਦੀ ਵਰਤੋਂ ਸਮੁੱਚੀ ਮਨੁਖਤਾ ਲਈ ਖ਼ਤਰਨਾਕ ਹੁੰਦੀ ਹੈ, ਇਸ ਲਈ ਬੰਦੂਕ ਨੂੰ ਕੰਟਰੋਲ ਵਿਚ ਹੀ ਰੱਖਣਾ ਚਾਹੀਦਾ ਹੈ। ਜਸਵਿੰਦਰ ਸਿੰਘ ਨੇ ਪੁਰਾਤਨ ਪੰਜਾਬੀ ਵਿਰਾਸਤ ਨੂੰ ਵੀ ਆਪਣੀ ਕਲਾ ਰਾਹੀਂ ਪ੍ਰਦਰਸ਼ਤ ਕੀਤਾ ਹੈ। ਸਾਂਝੀ, ਪੁਰਾਤਨ ਟੁੱਟੇ ਹੋਏ ਦਰਵਾਜੇ, ਚੌਂਤਰੇ, ਪਾਵੇ, ਆਲੇ, ਦਰੀਆਂ, ਖੇਸ, ਫੁਲਕਾਰੀ, ਨਾਰੀ ਚੇਤਨਾ, ਚਿੜੀਆਂ, ਖੜਾਵਾਂ, ਕੁਦਰਤ ਦਾ ਤਾਣਾ ਬਾਣਾ, ਪੂਰਵਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਲੱਕੜ ਦੀਆਂ ਕਲਾਕ੍ਰਿਤਾਂ ਰਾਹੀਂ ਬਣਾਈਆਂ ਹਨ। ਬਾਬਾ ਬੰਦਾ ਬਹਾਦਰ ਦਾ ਬੁੱਤ ਚਿੱਟੇ ਸੀਮਿੰਟ ਨਾਲ ਬਣਾਇਆ ਹੈ। ਚਿੱਟੇ ਸੀਮਿੰਟ ਨਾਲ ਬੁੱਤ ਬਣਾਉਣਾ ਸ਼ਾਂਤੀ ਦਾ ਪ੍ਰਤੀਕ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਤੇ ਅਧਾਰਤ ਹੈ ਕਿ ਜਦੋਂ ਜ਼ੁਲਮ ਦੀ ਹੱਦ ਹੋ ਜਾਵੇ ਤਾਂ ਤਲਵਾਰ ਚੁੱਕਣੀ ਜ਼ਰੂਰੀ ਹੁੰਦੀ ਹੈ। ਦਾਣੇ ਭੁੰਨ ਰਹੀ ਇਸਤਰੀ ਦਾ ਬੁੱਤ ਫਾਈਬਰ ਗਲਾਸ ਦਾ ਬਣਾਇਆ ਹੈ। ਲੱਕੜ ਅਤੇ ਪੱਥਰ ਦੀਆਂ ਕਲਾਕ੍ਰਿਤਾਂ ਰਾਹੀਂ ਕੁਦਰਤ ਨਾਲ ਜੋ ਖਿਲਵਾੜ ਹੋ ਰਿਹਾ ਹੈ, ਉਸਨੂੰ ਵੀ ਕਲਾ ਦਾ ਸਾਧਨ ਬਣਾਇਆ ਹੈ। ਇਨਸਾਨ ਆਪਣੀ ਖੁਦਗਰਜੀ ਲਈ ਦਰੱਖਤਾਂ ਨੂੰ ਕੱਟ ਕੇ ਆਪਣੀ ਐਸ਼ੋ ਇਸ਼ਰਤ ਦਾ ਸਾਮਾਨ ਬਣਾਉਂਦਾ ਹੈ ਪ੍ਰੰਤੂ ਕੁਦਰਤ ਦਾ ਸੰਤੁਲਨ ਵਿਗਾੜਨ ਲੱਗਿਆਂ ਭੋਰਾ ਸੋਚਦਾ ਨਹੀਂ ਕਿ ਉਸਦਾ ਨੁਕਸਾਨ ਵੀ ਇਨਸਾਨੀਅਤ ਨੂੰ ਹੀ ਹੋਣਾ ਹੈ। ਇੱਕ ਹੋਰ ਲੱਕੜ ਦੀ ਕਲਾਕ੍ਰਿਤੀ ਉਸਨੇ ਬਣਾਈ ਹੈ, ਜਿਸ ਵਿਚ ਇਸਤਰੀਆਂ ਆਪਸ ਵਿਚ ਆਪਣੇ ਭਵਿਖ ਸੰਬੰਧੀ ਗੁਫਤਗੂ ਕਰਦੀਆਂ ਹਨ, ਉਨ੍ਹਾਂ ਦੇ ਆਲੇ ਦੁਆਲੇ ਪੰਛੀ ਚਹਿਕਦੇ ਹਨ। ਪੁਰਾਤਨ ਦਿਹਾਤੀ ਸਭਿਆਚਾਰ ਦਾ ਪ੍ਰਤੀਕ ਹਨ। ਇਹ ਵੀ ਇੱਕ ਸਿੰਬਾਲਿਕ ਕਲਾਕ੍ਰਿਤੀ ਹੈ। ਉਸਨੇ ਜ਼ਿੰਦਗੀ ਦੇ ਸੂਖ਼ਮ ਭਾਵਾਂ ਨੂੰ ਛੂਹਿਆ ਹੈ। ਇਸਤਰੀ ਜਾਤੀ ਦੀ ਮਾਨਸਿਕਤਾ ਨੂੰ ਲੱਕੜ ਵਿਚੋਂ ਉਭਾਰ ਕੇ ਵਿਖਾਇਆ ਹੈ ਕਿ ਉਹ ਕੁਦਰਤ ਨਾਲ ਹਮੇਸ਼ਾ ਓਤ ਪੋਤ ਰਹਿੰਦੀ ਹੈ। ਚਿੜੀਆਂ, ਘੁਗੀਆਂ ਅਤੇ ਪੰਛੀਆਂ ਨਾਲ ਆਪਣਾ ਦਿਲ ਪ੍ਰਚਾਉਂਦੀ ਹੈ, ਜਿਸਤੋਂ ਉਸਦੀ ਜ਼ਿੰਦਗੀ ਵਿਚ ਹੋ ਰਹੀ ਉਥਲ ਪੁਥਲ ਦਾ ਪ੍ਰਗਟਾਵਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਸੰਬੰਧਤ 5 ਫਿਗਰਾਂ ਬਣਾਈਆਂ ਹਨ। ਧਰਤੀ ਨੂੰ ਪੁੱਟ ਕੇ ਮਿੱਟੀ ਚੁੱਕਣਾ ਵੀ ਕੁਦਰਤ ਵਿਚ ਅਸੰਤੁਲਨ ਪੈਦਾ ਕਰਦਾ ਹੈ।
ਜਸਵਿੰਦਰ ਸਿੰਘ ਨੇ 1998 ਵਿਚ ਬੈਚੂਲਰ ਆਫ ਫਾਈਨ ਆਰਟਸ ਸਰਕਾਰੀ ਆਰਟ ਕਾਲਜ ਚੰਡੀਗੜ੍ਹ ਤੋਂ ਪਾਸ ਕੀਤੀ, ਪੋਸਟ ਗ੍ਰੈਜੂਏਸ਼ਨ ਪੇਂਟਿੰਗ ਵਿਚ ਹੁਸ਼ਿਆਰਪੁਰ ਤੋਂ 2004 ਵਿਚ ਅਤੇ ਬੁੱਤਸਾਜੀ ਵਿਚ ਪੋਸਟ ਗ੍ਰੈਜੂਏਸ਼ਨ ਆਰਟ ਕਾਲਜ ਚੰਡੀਗੜ੍ਹ ਤੋਂ 2007 ਵਿਚ ਪਾਸ ਕੀਤੀ। ਲਗਪਗ 12 ਸਾਲ ਵੱਖ ਵੱਖ ਸੰਸਥਾਵਾਂ ਵਿਚ ਲੈਕਚਰਾਰ ਲੱਗੇ ਰਹੇ। ਇਸ ਸਮੇਂ ਦੌਰਾਨ ਉਸਨੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ ਲੱਗੀਆਂ ਨੁਮਾਇਸ਼ਾਂ ਵਿਚ ਹਿੱਸਾ ਲਿਆ ਅਤੇ ਕਈ ਇਨਾਮ ਜਿੱਤੇ। ਨੌਕਰੀ ਤੋਂ ਤਿਲਾਂਜਲੀ ਲੈ ਕੇ ਉਸਨੇ ਆਪਣੀ ਕਲਾ ਨੂੰ ਜੀਵਤ ਰੱਖਣ ਲਈ ਬੁਤ ਤਰਾਸ਼ਣ ਦੇ ਕੰਮ ਨੂੰ ਹੀ ਤਰਜੀਹ ਦਿੱਤੀ ਕਿਉਂਕਿ ਉਹ ਮਹਿਸੂਸ ਕਰ ਰਿਹਾ ਸੀ ਕਿ ਨੌਕਰੀ ਉਸਦੀ ਬੁਤ ਤਰਾਸ਼ੀ ਦੇ ਰਾਹ ਵਿਚ ਰੋੜਾ ਬਣ ਰਹੀ ਹੈ। ਉਸ ਵੱਲੋਂ ਬਣਾਏ ਗਈਆਂ ਕਲਾ ਕ੍ਰਿਤਾਂ ਸਮੁੱਚੇ ਦੇਸ਼ ਵਿਚ ਮਹੱਤਵਪੂਰਨ ਆਰਟ ਗੈਲਰੀਆਂ ਵਿਚ ਲੱਗੀਆਂ ਹੋਈਆਂ ਹਨ। ਉਸਨੂੰ ਪੰਜਾਬ ਲਲਿਤ ਕਲਾ ਅਕਾਡਮੀ ਚੰਡੀਗੜ੍ਹ ਵੱਲੋਂ 2006 ਵਿਚ ਅਵਾਰਡ ਮਿਲ ਚੁੱਕਿਆ ਹੈ। 2007 ਵਿਚ ਉਸਨੂੰ ਭਾਰਤ ਪੱਧਰ ਦੇ ਮੁਕਾਬਲੇ ਵਿਚ ‘‘ਹਾਈਲੀ ਕਮੈਂਡਡ ਅਵਾਰਡ’’ ਮਿਲਿਆ ਸੀ। 2017 ਦਾ ਸੋਹਣ ਕਾਦਰੀ ਫੈਲੋਸ਼ਿਪ ਵੀ ਪੰਜਾਬ ਲਲਿਤ ਕਲਾ ਅਕਾਡਮੀ ਨੇ ਦਿੱਤੀ ਹੈ। ਇਸ ਤੋਂ ਇਲਾਵਾ ਐਸ.ਐਲ.ਪ੍ਰਾਸ਼ਰ ਅਵਾਰਡ ਲੱਕੜ ਅਤੇ ਪੱਥਰ ਦੇ ਕੰਮਾਂ ਲਈ 2 ਵਾਰ 1997 ਅਤੇ 98 ਵਿਚ ਮਿਲੇ ਸਨ। ਜਸਵਿੰਦਰ ਸਿੰਘ ਦੀ ਸਫਲਤਾ ਦਾ ਕਾਰਨ ਹੈ ਕਿ ਉਸਨੇ ਬੁੱਤਸਾਜੀ ਅਤੇ ਪੇਂਟਿੰਗ ਦੋਹਾਂ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ। ਦੂਜੇ ਉਸਦੀ ਪਤਨੀ ਦਵਿੰਦਰ ਕੌਰ ਨੇ ਵੀ ਬੈਚੂਲਰ ਆਫ ਫਾਈਨ ਆਰਟਸ ਕੀਤੀ ਹੋਈ ਹੈ ਜੋ ਖ਼ੁਦ ਵੀ ਪੇਂਟਿੰਗ ਕਰਦੀ ਹੈ। ਇਸ ਲਈ ਘਰ ਦਾ ਮਾਹੌਲ ਕੰਮ ਕਰਨ ਲਈ ਸਾਜਗਾਰ ਰਹਿੰਦਾ ਹੈ। ਜਸਵਿੰਦਰ ਸਿੰਘ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਮਹਿੰਦੀਪੁਰ ਪਿੰਡ ਵਿਚ ਪਿਤਾ ਜਾਗਰ ਸਿੰਘ ਦੇ ਘਰ 22 ਫਰਵਰੀ 1971 ਨੂੰ ਹੋਇਆ। ਆਮ ਤੌਰ ਤੇ ਕਲਾਕਾਰ ਸ਼ਹਿਰਾਂ ਵਿਚ ਆ ਕੇ ਸਥਾਪਤ ਹੋਣ ਲਈ ਆ ਜਾਂਦੇ ਹਨ ਪ੍ਰੰਤੂ ਜਸਵਿੰਦਰ ਸਿੰਘ ਪਿੰਡ ਵਿਚ ਹੀ ਆਪਣੀ ਕਲਾ ਨੂੰ ਨਿਖ਼ਾਰ ਰਿਹਾ ਹੈ।

Send this to a friend