ਅੰਮ੍ਰਿਤਸਰ – ਆਮ ਆਦਮੀ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਮੀਟਿੰਗ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੋਦੀ ਸਰਕਾਰ ਦੇ ਆਖਰੀ ਬਜਟ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੋਦੀ ਸਰਕਾਰ ਦੇ ਸਾਰੇ ਝੂਠਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਆਪਣੇ ਭਾਸ਼ਣ ਦੌਰਾਨ ਰਾਸ਼ਟਰਪਤੀ ਕੋਵਿੰਦ ਨੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ, ਜਿਨ੍ਹਾਂ ਵਿੱਚ ਕਿਤੇ ਵੀ ਸਿੱਖਿਆ, ਸਿਹਤ ਸਹੂਲਤਾਂ, ਕਿਸਾਨਾਂ ਦੀਆਂ ਗੰਭੀਰ ਸਮੱਸਿਆਵਾਂ, ਦੱਬੇ ਕੁਚਲੇ ਗਰੀਬ ਦਲਿਤ ਪਰਿਵਾਰਾਂ ਲਈ ਰੋਟੀ, ਕੱਪੜੇ, ਮਕਾਨ, ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਅਤੇ ਨਸ਼ੇ ਦੀ ਅੱਗ ਵਿੱਚ ਝੁਲਸ ਰਹੇ ਦੇਸ਼ ਬਾਰੇ ਕੋਈ ਗੱਲ ਵੀ ਨਹੀਂ ਕੀਤੀ। ਕੰਗ ਨੇ ਕਿਹਾ ਕਿ ਰਾਸ਼ਟਰਪਤੀ ਕੋਵਿੰਦ ਨੇ ਆਪਣੇ ਭਾਸ਼ਣ ਵਿੱਚ ਇਹ ਸਿੱਧ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਨੋਟਬੰਦੀ ਅਤੇ ਜੀ.ਐਸ.ਟੀ. ਵਰਗੇ ਫ਼ੈਸਲੇ ਲੈ ਕੇ ਆਮ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ। ਮੋਦੀ ਸਰਕਾਰ ਅੱਜ ਤੱਕ ਇਹ ਕਹਿੰਦੀ ਰਹੀ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਰਿਮੋਟ ‘ਤੇ ਚੱਲਣ ਵਾਲੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਹੁਣ ਮੋਦੀ ਸਰਕਾਰ ਦੱਸੇ ਕਿ ਆਪਣੇ ਕਾਰਜਕਾਲ ਦੌਰਾਨ ਮੋਦੀ ਸਰਕਾਰ ਆਰ.ਐਸ.ਐਸ, ਅੰਬਾਨੀ, ਅਡਾਨੀ ਵਰਗੇ ਵੱਡੇ-ਵੱਡੇ ਕਾਰਪੋਰੇਟ ਘਰਾਨਿਆਂ ਦੇ ਰਿਮੋਟ ‘ਤੇ ਹੀ ਚੱਲਦੀ ਰਹੀ ਹੈ ਤਾਂ ਹੀ ਦੇਸ਼ ਵਿੱਚ ਗ਼ਰੀਬ ਹੋਰ ਗ਼ਰੀਬ ਹੋਇਆ ਹੈ ਅਤੇ ਕਾਰਪੋਰੇਟ ਘਰਾਨੇ ਅੰਬਰਾਂ ਨੂੰ ਛੂਹ ਰਹੇ ਹਨ। ਦੇਸ਼ ਵਿੱਚ ਅਨਪੜ੍ਹਤਾ, ਬੇਰੁਜ਼ਗਾਰੀ ਵੱਧ ਰਹੀ ਹੈ, ਆਮ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ, ਕਿਸਾਨ ਕਰਜ਼ੇ ਨਾਲ ਆਤਮ ਹੱਤਿਆ ਕਰ ਰਹੇ ਹਨ, ਨੌਜਵਾਨ ਨਸ਼ੇ ਦੇ ਟੀਕੇ ਲਾ ਕੇ ਆਪਣੀਆਂ ਜਾਨਾਂ ਗੁਆ ਰਹੇ ਹਨ, ਦੇਸ਼ ਵਿੱਚ ਅਧਿਆਪਕ, ਬੇਰੁਜ਼ਗਾਰ, ਸਰਕਾਰੀ ਮੁਲਾਜ਼ਮ ਅਤੇ ਹੋਰ ਅਨੇਕਾਂ ਵਰਗ ਸੜਕਾਂ ਉਪਰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਅਤੇ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਿਦੇਸ਼ਾਂ ਦੀ ਸੈਰ ਕਰ ਰਹੇ ਸਨ ਤਾਂ ਜੋ ਇੰਨ੍ਹਾਂ ਕਾਰਪੋਰੇਟ ਘਰਾਨਿਆਂ ਨਾਲ ਮਿਲ ਕੇ ਰਾਫੇਲ ਵਰਗੇ ਵੱਡੇ-ਵੱਡੇ ਘੁਟਾਲਿਆਂ ਨੂੰ ਅੰਜਾਮ ਦਿੱਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿਚ ਵਿਜੇ ਮਾਲੀਆ ਵਰਗੇ, ਨਰੇਨ ਮੋਦੀ ਵਰਗੇ ਲੋਕ ਦੇਸ਼ ਦੀ ਵੱਡੇ ਪੱਧਰ ਤੇ ਲੁੱਟ ਕਰਕੇ ਅਰਾਮ ਨਾਲ ਵਿਦੇਸ਼ਾਂ ਵਿੱਚ ਰਹਿ ਰਹੇ ਹਨ। ਜਿਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਇਹ ਵੱਡੇ-ਵੱਡੇ ਘੁਟਾਲੇ ਬਿੰਨ੍ਹਾਂ ਸਰਕਾਰ ਦੀ ਸਹਿਮਤੀ ਤੋਂ ਸਿਰੇ ਨਹੀਂ ਚੜ੍ਹ ਸਕਦੇ। ਕੰਗ ਨੇ ਕਿਹਾ ਕਿ ਨੋਟਬੰਦੀ ਦੌਰਾਨ ਮੋਦੀ ਸਰਕਾਰ ਦੇ ਬਹੁਤ ਸਾਰੇ ਲੀਡਰਾਂ ਨੇ ਛੋਟੀਆਂ-ਛੁੱਟੀਆਂ ਬੈਂਕਾਂ ਵਿੱਚੋਂ ਕਰੋੜਾਂ ਦੇ ਘੋਟਾਲੇ ਕੀਤੇ ਹਨ, ਜਿਸ ਦਾ ਹਿਸਾਬ ਮੋਦੀ ਸਰਕਾਰ ਅੱਜ ਤੱਕ ਨਹੀਂ ਦੇ ਸਕੀ।
– ਜਤਿੰਦਰ ਸਿੰਘ ਬੇਦੀ,
ਸਰਵਨ ਸਿੰਘ ਰੰਧਾਵਾ