ਜਦੋਂ ਵੀ ਪੰਜਾਬ ਦਾ ਨਾਮ ਆਉਂਦਾ ਹੈ ਤਾਂ ਪੰਜਾਬ ਦੇ ਖੇਤਾਂ, ਸਰੋਂ ਦੇ ਸਾਗ ਅਤੇ ਪੰਜਾਬੀਆਂ ਦੇ ਖੁੱਲੇ ਸੁਭਾਅ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਹਨ ਹੈ। ਪ੍ਰੰਤੂ ਜੇਕਰ ਅੱਜ ਦੇ ਹਲਾਤਾਂ ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਦੇ ਨੌਜ਼ਵਾਨ ਲੜਕੇ ਲੜਕੀਆਂ ਵਿੱਚ ਵਿਦੇਸ਼ ਜਾਣ ਦੀ ਹੌੜ ਲੱਗੀ ਹੋਈ ਹੈ। ਆਈਲੈਟਸ ਸੈਂਟਰਾਂ ਵਿੱਚ ਲੜਕੇ ਲੜਕੀਆਂ ਦਾ ਹਜੂਮ ਪੰਜਾਬ ਦੇ ਹਰ ਸ਼ਹਿਰ ਵਿੱਚ ਦੇਖਣ ਨੂੰ ਮਿਲੇਗਾ ਅਤੇ ਲੜਕੇ ਲੜਕੀਆਂ ਆਈਲੈਟਸ ਕਰਕੇ ਜਾਂ ਫ਼ਿਰ ਕਿਸੇ ਵੀ ਹਿਸਾਬ ਨਾਲ ਵਿਦੇਸ਼ ਪਹੁੰਚਕੇ ਆਪਣਾ ਭਵਿੱਖ ਸੁਰੱਖਿਅਤ ਸਮਝਦੇ ਹਨ, ਜੋਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਹੁਣ ਜੇਕਰ ਗੱਲ ਕਰੀਏ ਵਿਦੇਸ਼ ਜਾਣ ਦੀ ਤਾਂ ਪਹਿਲਾਂ ਤਾਂ ਨੌਜ਼ਵਾਨਾਂ ਤੋਂ ਆਈਲੈਟਸ ਦੇ ਪੇਪਰ ਦੀ ਮੋਟੀ ਰਕਮ ਵਸੂਲ ਕੀਤੀ ਜਾਂਦੀ ਹੈ ਅਤੇ ਫ਼ਿਰ ਜੇਕਰ ਚੰਗੇ ਬੈਂਡ ਵੀ ਆ ਜਾਂਦੇ ਹਨ ਤਾਂ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਨੌਜ਼ਵਾਨ ਲੜਕੇ ਲੜਕੀਆ ਤੋਂ ਲਏ ਜਾਂਦੇ ਹਨ। ਫ਼ਿਰ ਵਿਦੇਸ਼ ਜਾਣ ਮਗਰੋਂ ਲੜਕੇ ਲੜਕੀਆਂ ਨੂੰ ਕਾਫ਼ੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਪਹਿਲੇ ਬੱਚਿਆਂ ਤੋਂ ਪੁੱਛਿਆ ਜਾਂਦਾ ਸੀ ਕਿ ਤੁਸੀ ਵੱਡੇ ਹੋ ਕੇ ਕੀ ਬਣਨਾ ਹੈ ਤਾਂ ਬੱਚਿਆਂ ਵੱਲੋਂ ਕਿਹਾ ਜਾਂਦਾ ਸੀ ਕਿ ਉਹ ਵੱਡੇ ਹੋ ਕੇ ਡਾਕਟਰ, ਇੰਜੀਨੀਅਰ ਬਣਨਗੇ, ਪ੍ਰੰਤੂ ਹੁਣ ਉਨ੍ਹਾਂ ਵੱਲੋਂ ਸਿਰਫ਼ ਵਿਦੇਸ਼ ਜਾਣ ਨੂੰ ਹੀ ਕਿਹਾ ਜਾਂਦਾ ਹੈ। ਸਭ ਤੋਂ ਵੱਡੀ ਗੱਲ ਨੌਜ਼ਵਾਨ ਲੜਕੇ ਲੜਕੀਆਂ ਦੇ ਵਿਦੇਸ਼ ਜਾਣ ਦੀ ਹੌੜ ਸਭ ਤੋਂ ਵੱਧ ਪੰਜਾਬੀ ਗਾਣੇ ਹਨ, ਪੰਜਾਬੀ ਸਿੰਗਰਾਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਗਾਣਿਆਂ ਦਾ ਸ਼ੂਟ ਕੀਤਾ ਜਾਂਦਾ ਹੈ। ਜਿਸ ਕਰਕੇ ਨੌਜ਼ਵਾਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਵਿਦੇਸ਼ਾਂ ਵਿੱਚ ਹੀ ਭਵਿੱਖ ਸੁਰੱਖਿਅਤ ਹੈ। ਇਸ ਲਈ ਨੌਜ਼ਵਾਨ ਲੜਕੇ ਲੜਕੀਆਂ ਵਿਦੇਸ਼ ਜਾਣ ਨੂੰ ਪਹਿਲ ਦਿੰਦੇ ਹਨ ਅਤੇ ਡਾਕਟਰ, ਇੰਜੀਨੀਅਰ ਬਣਨ ਲਈ ਕੋਈ ਵੀ ਦਿਲਚਸਪੀ ਨਹੀਂ ਦਿਖਾਉਂਦੇ। ਗਰੀਬ ਪਰਿਵਾਰਾਂ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਦੇ ਬੱਚਿਆਂ ਵੱਲੋਂ ਵੀ ਆਪਣੇ ਭਵਿੱਖ ਨੂੰ ਸੁਧਾਰਨ ਲਈ ਜਿੱਥੇ ਆਈਲੈਟਸ ਕਰਦੇ ਹਨ ਅਤੇ ਵਿਦੇਸ਼ ਜਾਣ ਲਈ ਆਪਣੇ ਮਾਤਾ ਪਿਤਾ ਨੂੰ ਮਜ਼ਬੂਰ ਕਰਦੇ ਹਨ। ਜਿਸ ਕਰਕੇ ਮਾਤਾ ਪਿਤਾ ਨੂੰ ਵੀ ਇੰਝ ਲੱਗਦਾ ਹੈ ਕਿ ਸ਼ਾਇਦ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵਿਦੇਸ਼ਾਂ ਵਿੱਚ ਠੀਕ ਹੋਵੇਗਾ ਉਹ ਆਪਣੇ ਬੱਚਿਆਂ ਦੇ ਭਵਿੱਖ ਖਾਤਿਰ ਕਰਜੇ ਤੇ ਪੈਸੇ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਤੌਰ ਦਿੰਦੇ ਹਨ। ਵਿਦੇਸ਼ਾਂ ਵਿੱਚ ਜਾ ਕੇ ਵੀ ਵਿੱਦਿਆਰਥੀਆਂ ਵੱਲੋਂ ਪੜ੍ਹਾਈ ਦੇ ਨਾਲ ਨਾਲ ਕੰਮ ਕਾਰ ਕੀਤਾ ਜਾਂਦਾ ਹੈ। ਜਿੰਨ੍ਹਾਂ ਪੈਸਿਆਂ ਨਾਲ ਉਨ੍ਹਾ ਦਾ ਖਰਚ ਵੀ ਮੁਸ਼ਕਿਲ ਨਾਲ ਚੱਲਦਾ ਹੈ ਅਤੇ ਗਰੀਬ ਪਰਿਵਾਰ ਦੇ ਲੋਕ ਕਰਜੇ ਥੱਲੇ ਹੀ ਦੱਬੇ ਰਹਿ ਜਾਂਦੇ ਹਨ। ਵਿਦੇਸ਼ ਭੇਜਣ ਦੇ ਨਾਮ ਤੇ ਕੁਝ ਵਿਅਕਤੀਆਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਸਬਜਬਾਗ ਦਿਖਾਕੇ ਪੈਸੇ ਲੈ ਕੈ ਠੱਗੀ ਮਾਰੀ ਜਾਂਦੀ ਹੈ। ਜਿਸਨੂੰ ਲੈ ਕੇ ਪੰਜਾਬ ਵਿੱਚ ਪੁਲਿਸ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਕਈ ਵਿਅਕਤੀਆਂ ਖਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਇਹ ਸਭ ਨਤੀਜਾ ਵਿਦੇਸ਼ ਜਾਣ ਦੀ ਹੌੜ ਦਾ ਹੈ। ਜਿਸ ਕਰਕੇ ਵਿਦੇਸ਼ ਜਾਣ ਦਾ ਚਾਹਵਾਨ ਕਰਜਈ ਹੋ ਕੇ ਰਹਿ ਜਾਂਦਾ ਹੈ। ਸਮੇਂ ਦੀਆਂ ਸਰਕਾਰਾਂ ਨੂੰ ਵੀ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਅਤੇ ਰੁਜ਼ਗਾਰ ਦੇ ਅਵਰਸ ਮੁਹੱਈਆ ਕਰਵਾਉਣੇ ਚਾਹੀਦੇ ਹਨ ਤਾਂਕਿ ਨੌਜ਼ਵਾਨ ਲੜਕੇ ਲੜਕੀਆਂ ਦਾ ਵਿਦੇਸ਼ ਜਾਣ ਤੋਂ ਗੁਰੇਜ ਕਰਨ ਅਤੇ ਆਪਣਾ ਭਵਿੱਖ ਪੰਜਾਬ ਵਿੱਚ ਹੀ ਰਹਿਕੇ ਚੰਗਾ ਬਣਾਉਣ।