May 12, 2026 6:30 am

ਬੁੱਢਲਾਡਾ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਦੀ ਹਾਲਤ ਤਰਸਯੋਗ

ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ ਰਿਹਾ- ਬੱਚੇ 500 – ਕਲਾਸ ਰੂਮ ਸਿਰਫ਼ 10

ਬੁਢਲਾਡਾ- ਪੰਜਾਬ ਸਰਕਾਰ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਰੋਜਾਨਾ ਕੀਤੇ ਜਾ ਰਹੇ ਹਨ। ਬੇਸ਼ੱਕ ਵਿਦਿਆਰਥੀ ਵਿਦਿਆਰਥਣਾਂ ਨੂੰ ਰੋਜਾਨਾ ਦੁਪਹਿਰ ਦੇ ਭੋਜਨ, ਵਿਦਿਆਥਣਾਂ ਨੂੰ ਸਾਈਕਲ, ਮੁਫ਼ਤ ਕਿਤਾਬਾ, ਨਵੇਂ ਸਮਾਰਟ ਸਕੂਲਾਂ ਤੇ ਕਰੋੜਾ ਰੁਪਏ ਖਰਚ ਕੀਤੇ ਜਾ ਰਹੇ ਹਨ। ਪਰ ਬੁਢਲਾਡਾ ਦਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਸਰਕਾਰ ਦੇ ਵਿਕਾਸ ਦੇ ਕੀਤੇ ਗਏ ਦਾਅਵਿਆ ਦੀ ਪੋਲ ਖੋਲ ਰਿਹਾ ਹੈ। ਉਗੀਆਂ ਝਾੜੀਆਂ ‘ਚ ਖੰਡਰਾਂ ਦਾ ਭੁਲੇਖਾ ਪਾ ਰਹੀ ਬੁਢਲਾਡਾ ਦੇ ਸਬ ਡਵੀਜਨ ਪੱਧਰ ਦੇ ਸਰਕਾਰੀ ਸਕੂਲ ਦੀ ਇਮਾਰਤ, ਜੋ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਗ੍ਰਾਂਟ ਦੀ ਆਸ ਵਿੱਚ ਆਪਣੀ ਹਾਲਤ ਤੇ ਹੰਝੂ ਵਹਾ ਰਹੀ ਹੈ। ਸਕੂਲ ਵਿੱਚ ਪੜਾਈ ਕਰਨ ਲਈ ਕਮਰਿਆ ਦੀ ਘਾਟ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਸਕੂਲ ਦੇ ਇੰਚਾਰਜ਼ ਪਰਵੀਨ ਕੁਮਾਰ, ਪੁਨੀਤ ਕੁਮਾਰ ਅਤੇ ਸਕੂਲ ਸਟਾਫ਼ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਛੇਵੀਂ ਤੋਂ ਦਸਵੀਂ ਤੱਕ ਦੇ 5 ਜਮਾਤਾ ਦੇ ਲਗਭਗ 500 ਵਿਦਿਆਰਥੀ ਹਨ ਅਤੇ ਹਰ ਜਮਾਤ ਦੇ ਏ., ਬੀ., ਅਤੇ ਸੀ., ਤਿੰਨ ਸੈਕਸ਼ਨ ਹੋਣੇ ਚਾਹੀਦੇ ਹਨ, ਪ੍ਰੰਤੂ ਕਮਰਿਆਂ ਦੀ ਘਾਟ ਕਾਰਨ ਹਰ ਜਮਾਤ ਦੇ ਦੋਂ ਸੈਕਸ਼ਨ ਹੀ ਬਣਾਕੇ ਕੰਮ ਚਲਾਇਆ ਜਾ ਰਿਹਾ ਹੈ, ਕਿਉਂਕਿ ਮੌਜੂਦਾ ਸਮੇਂ ਸਿਰਫ਼ 10 ਕਲਾਸ ਰੂਮ ਹੀ ਹਨ, ਜੋ ਕਿ ਬਹੁਤ ਹੀ ਖ਼ਸਤਾ ਹਾਲਤ ਵਿੱਚ ਹਨ। ਇਸ ਤੋਂ ਇਲਾਵਾ 11ਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਵੀ ਸਾਇੰਸ ਰੂਮ ਅਤੇ ਆਰਟ ਐਂਡ ਕਰਾਫਟ ਦੇ ਕਮਰਿਆ ਵਿੱਚ ਹੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਨ 2015 ਵਿੱਚ ਸਕੂਲ ਦੀ ਇਮਾਰਤ ਦੇ ਦੋਨੋਂ ਬਲਾਕਾ ਦੇ 20 ਕਮਰਿਆ ਨੂੰ ਅਸੁੱਰਖਿਅਤ ਮਹਿਸੂਸ ਕਰਦੇ ਹੋਏ ਡੀ.ਐਨ.ਆਰ. ਵੱਲੋਂ ਢਾਹ ਦਿੱਤਾ ਗਿਆ ਸੀ, ਜਦਕਿ ਉਸ ਤੋਂ ਬਾਅਦ ਸਿਰਫ਼ 3 ਕਮਰੇ ਹੀ ਬਣਾਏ ਗਏ ਹਨ, ਜਦੋਂ ਕਿ ਸਕੂਲ ਨੂੰ 17 ਹੋਰ ਕਮਰਿਆ ਦੀ ਜ਼ਰੂਰਤ ਹੈ ਤਾਂ ਜੋ ਬਾਰਵੀਂ ਦੇ ਸਾਇੰਸ ਗਰੁੱਪ ਨੂੰ ਚਲਾਇਆ ਜਾ ਸਕੇ। ਜਿਸ ਨਾਲ ਗਰੀਬ ਪਰਿਵਾਰਾਂ ਦੇ ਬੱਚਿਆ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਮੋਟੀਆਂ ਫੀਸਾ ਦੇਕੇ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ ਅਤੇ ਉਹ ਸਰਕਾਰੀ ਸਕੂਲ ਤੋਂ ਚੰਗੀ ਸਿੱਖਿਆ ਹਾਸਲ ਕਰਕੇ ਆਪਣੀ ਮੰਜਿਲ ਤੇ ਪਹੁੰਚ ਸਕਣ। ਇਸ ਤੋਂ ਇਲਾਵਾ ਕਲਰਕ ਦੇ ਲਈ ਕੋਈ ਕਮਰਾ ਨਹੀਂ ਅਤੇ ਨਾ ਹੀ ਸਕੂਲ ਵਿੱਚ ਕੋਈ ਸਪੋਰਟਸ ਰੂਮ ਹੈ। ਪ੍ਰਿੰਸ਼ੀਪਲ ਦੇ ਦਫ਼ਤਰ ਦੀ ਹਾਲਤ ਵੀ ਖਰਾਬ ਹੈ। ਸਕੂਲ ਦਾ ਖੇਡ ਮੈਦਾਨ ਵੀ ਨੀਵਾ ਹੈ, ਜਿਸ ਵਿੱਚ ਥੋੜੀ ਜਿਹੀ ਬਾਰਸ ਹੋਣ ਨਾਲ ਪਾਣੀ ਜਮਾ ਹੋ ਜਾਂਦਾ ਹੈ। ਹਲਕੇ ਦੇ ਵੱਡੇ ਸਕੂਲਾ ਵਿੱਚ ਸਾਮਲ ਇਸ ਸਬ-ਡਵੀਜਨ ਪੱਧਰ ਦੇ ਸਕੂਲ ਦੀ ਹਾਲਤ ਇਹ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਸਕੂਲ ਵਿੱਚ ਕਮਰਿਆ ਦੀ ਬਹੁਤ ਜਰੂਰਤ ਹੈ ਜਦਕਿ ਕਿ ਪਿਛਲੇ ਲੰਮੇ ਸਮੇਂ ਤੋਂ ਸਿਰਫ਼ 10 ਕਲਾਸ ਰੂਮ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਦੂਸਰੀ ਤਰਫ਼ ਕਮਰਿਆ ਦੀਆਂ ਛੱਤਾਂ ਨਾ ਹੋਣ ਕਾਰਨ ਸਕੂਲ ਦੇ ਫਰਨੀਚਰ ਦੀ ਹਾਲਤ ਵੀ ਖਸ਼ਤਾ ਹੋ ਚੁੱਕੀ ਹੈ। ਇਸ ਸਬੰਧੀ ਸਕੂਲ ਪ੍ਰਿੰਸੀਪਲ ਨਾਲ ਸੰਪਰਕ ਕਰਨ ਤੇ ਪਤਾ ਲਗਾ ਕਿ ਸਰਬ ਸਿੱਖਿਆ ਅਭਿਆਨ ਵੱਲੋਂ ਸਕੂਲ ਦੇ 3 ਕਮਰਿਆ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬ-ਡਵੀਜਨ ਪੱਧਰ ਦੇ ਸਕੂਲ ਲਈ ਜਲਦ ਗ੍ਰਾਂਟ ਜਾਰੀ ਕੀਤੀ ਜਾਵੇ ਤਾਂ ਜੋ ਇਸ ਖੇਤਰ ਦੇ ਬੱਚਿਆ ਨੂੰ ਆਉਂਣ ਵਾਲੇ ਭਵਿੱਖ ਵਿੱਚ ਸਿੱਖਿਆ ਪ੍ਰਾਪਤ ਹੋ ਸਕੇਂ।
– ਅਮਨ ਮਹਿਤਾ/ਅਮਿਤ ਜਿੰਦਲ
ਪੱਤਰਕਾਰ ਬੁੱਢਲਾਡਾ

Send this to a friend