ਇਕ ਪਾਸੇ ਕਥਿਤ ਧਰਮ ਨਿਰਪੱਖ ਰਾਸ਼ਟਰ ਭਾਰਤ ਵਿੱਚ ਘੱਟ ਗਿਣਤੀਆਂ ਲਈ ਹਾਲਾਤ ਦਿਨੋ-ਦਿਨ ਮਾੜੇ ਹੁੰਦੇ ਜਾ ਰਹੇ ਹਨ। ਦੂਜੇ ਪਾਸੇ ਧਰਮ ਦੇ ਆਧਾਰ ਉਪਰ ਬਣੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਹਾਲਾਤ ਬਦਲ ਰਹੇ ਹਨ। ਪਾਕਿਸਤਾਨ ’ਚ ਵਜੀਰ-ਏ-ਆਜ਼ਮ ਜਨਾਬ ਇਮਰਾਨ ਖਾਨ ਦੀ ਅਗਵਾਈ ਹੇਠ ਬਣੀ ਨਵੀਂ ਸਰਕਾਰ ਵੱਲੋਂ ਲਗਾਤਾਰ ਅਜਿਹੇ ਕਦਮ ਚੁੱਕੇ ਜਾ ਰਹੇ ਹਨ ਜਿਸ ਨਾਲ ਘੱਟ ਗਿਣਤੀਆਂ ਦੇ ਹਾਲਾਤ ਬਦਲ ਰਹੇ ਹਨ। ਨਵੀਂ ਸਰਕਾਰ ਵੱਲੋਂ ਘੱਟ ਗਿਣਤੀਆਂ ਨੂੰ ਵਿਸ਼ੇਸ਼ ਤੌਰ ’ਤੇ ਮਹੱਤਵ ਦਿੱਤਾ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਨੇ ਪਹਿਲਾਂ ਇਕ ਵੱਡਾ ਫੈਸਲਾ ਲੈਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ। ਇਸ ਲਾਂਘੇ ਦੀ ਉਸਾਰੀ ਲਈ ਵੱਡੇ ਪੱਧਰ ’ਤੇ ਯਤਨ ਜਾਰੀ ਹਨ। ਪਾਕਿਸਤਾਨ ’ਚ ਪਹਿਲੀ ਵਾਰੀ ਇਕ ਸਿੱਖ ਨੂੰ ਪਾਰਲੀਮਾਨੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਕਿਸਤਾਨੀ ਪੰਜਾਬ ਦੀ ਅਸੰਬਲੀ ਦੇ ਮੈਂਬਰ ਸ. ਮਹਿੰਦਰਪਾਲ ਸਿੰਘ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਪਾਰਲੀਮਾਨੀ ਸਕੱਤਰ ਵਜੋਂ ਨਿਯੁਕਤ ਕਰਨਾ ਸੰਸਾਰ ਭਰ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ। 1947 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਵਿੱਚ ਇਕ ਸਿੱਖ ਨੂੰ ਇਹ ਅਹੁਦਾ ਦਿੱਤਾ ਗਿਆ। ਹੁਣ ਇਕ ਹਿੰਦੂ ਬੀਬੀ ਸੁਮਨ ਕੁਮਾਰੀ ਨੂੰ ਪਾਕਿਸਤਾਨ ਵਿੱਚ ਪਹਿਲੀ ਵਾਰ ਜੱਜ ਬਣਨ ਦਾ ਮੌਕਾ ਮਿਲਿਆ ਹੈ। ਪਾਕਿਸਤਾਨ ਦੀ ਸਰਕਾਰ ਦੇ ਇਹ ਫੈਸਲੇ ਘੱਟ ਗਿਣਤੀਆਂ ਲਈ ਬਹੁਤ ਰਾਹਤ ਵਾਲੇ ਹਨ। ਪਾਕਿਸਤਾਨ ਦੀ ਸਰਕਾਰ ਨੂੰ ਘੱਟ ਗਿਣਤੀਆਂ ਦੀ ਰਾਖੀ ਅਤੇ ਸੁਰੱਖਿਆ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਸਿੱਖ ਅਤੇ ਹਿੰਦੂ ਭਾਈਚਾਰਾ ਇਸ ਤਬਦੀਲੀ ਲਈ ਹਮੇਸ਼ਾ ਜਨਾਬ ਇਮਰਾਨ ਖਾਨ ਦਾ ਸ਼ੁਕਰ ਗੁਜ਼ਾਰ ਰਹੇਗਾ। ਪਾਕਿਸਤਾਨ ਤੋਂ ਸਿੱਖਦੇ ਹੋਏ ਭਾਰਤ ਅਤੇ ਦੂਸਰੇ ਦੇਸ਼ਾਂ ਨੂੰ ਵੀ ਘੱਟ ਗਿਣਤੀਆਂ ਪ੍ਰਤੀ ਆਪਣੇ ਰਵੱਈਏ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ। – ਬਲਜੀਤ ਸਿੰਘ ਬਰਾੜ