ਮਾਰਚ ਤਕ ਲੋਕ ਸਭਾ ਚੋਣਾਂ ਦੇ ਐਲਾਨ ਹੋਣ ਦੀ ਸੰਭਾਵਨਾ ਹੈ, ਜ਼ਾਹਿਰ ਹੈ ਕੀ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਜਾਵੇਗਾ। ਜੇਕਰ ਇਸੇ ਸੰਬੰਧ ਵਿਚ ਪੰਜਾਬ ਦੀ ਸਿਆਸਤ ਦੀ ਗਲ ਕੀਤੀ ਜਾਵੇ ਤਾਂ ਇਸ ਵਿਚ ਪੂਰੀ ਉਥਲ ਪੁਥਲ ਮਚੀ ਹੋਈ ਹੈ ਅਤੇ ਤੋੜ ਵਿਛੋੜੇ ਤੇ ਨਵੀਆਂ ਸਾਂਝਾ ਦਾ ਦੌਰ ਸ਼ੁਰੂ ਹੋ ਗਿਆ ਹੈ। ਪੰਜਾਬ ਰਾਜ ਲੋਕ ਸਭਾ ਵਿਚ 13 ਸੀਟਾਂ ਦਾ ਭਾਈਵਾਲ ਹੈ ਅਤੇ ਪੰਜਾਬ ਵਿਚ ਇਹਨਾਂ ਸੀਟਾਂ ਉਪਰ ਚਾਰ ਪ੍ਰਮੁਖ ਧੜੇ ਹਨ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ (ਸਤਾਧਾਰੀ), ਆਮ ਆਦਮੀ ਪਾਰਟੀ ਅਤੇ ਪੰਜਾਬ ਡੈਮੋਕਰੈਟਿਕ ਫਰੰਟ (ਸੰਭਾਵੀ ਧੜਾ) ਜੋ ਇਹਨਾਂ ਸੀਟਾਂ ਉਪਰ ਆਪਣਾ ਸਿਆਸੀ ਦਾਅਵਾ ਪੇਸ਼ ਕਰਨਗੇ। ਜੇਕਰ ਇਹਨਾਂ ਰਾਜਸੀ ਧੜਿਆਂ ਨੂੰ ਲੈ ਕੇ ਲੋਕ ਸਭਾ ਚੋਣਾਂ ਦੀ ਗਲ ਕੀਤੀ ਜਾਵੇ ਤਾਂ ਸਾਰੇ ਧੜੇ ਕਿਸੇ ਨਾ ਕਿਸੇ ਸਿਆਸੀ ਸੰਕਟ ਵਿਚ ਫਸੇ ਨਜ਼ਰ ਆਉਂਦੇ ਹਨ। ਇਹ ਸੰਕਟ ਵਿਰੋਧੀ ਧੜੇ ਤਾਂ ਹਨ ਹੀ ਨਾਲ ਹੀ ਪਾਰਟੀਆਂ ਅੰਦਰਲਾ ਕਾਟੋ ਕਲੇਸ ਵੀ ਇਹਨਾਂ ਲਈ ਪ੍ਰੇਸ਼ਾਨੀ ਦਾ ਕਾਰਨ ਹੈ।
1920 ਤੋਂ ਪੰਜਾਬ ਚ ਸਰਗਰਮ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਜਿਆਦਾ ਪੰਜਾਬ ਦੀ ਸਤਾ ਉਪਰ ਕਾਬਜ਼ ਰਹਿਣ ਵਾਲੀ ਪਾਰਟੀ ਹੈ। ਪਰ ਮੌਜੂਦਾ ਸਮੇਂ ਪਾਰਟੀ ਆਪਣੇ ਹੀ ਪੰਥਕ ਏਜੰਡੇ ਉਪਰ ਘਿਰੀ ਹੋਈ ਹੈ। ਆਪਣੇ ਦਸ ਸਾਲ ਦੇ ਕਾਰਜਕਾਲ ਦੌਰਾਨ ਵਧੇ ਭ੍ਰਿਸਟਾਚਾਰ, ਬੇਰੁਜ਼ਗਾਰੀ, ਕਿਸਾਨੀ ਕਰਜ਼ੇ, ਨਸ਼ੇ, ਗੁੰਡਾਗਰਦੀ ਕਾਰਨ ਬਦਨਾਮ ਤਾਂ ਹੋਈ ਹੀ ਪਰ ਅਪਣੇ ਆਪ ਨੂੰ ਪੰਥ ਪਾਰਟੀ ਦਾ ਖਿਤਾਬ ਦੇਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਮੇਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਬੇਲੋੜੀ ਦਖਲ ਅੰਦਾਜ਼ੀ, ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੇ ਪਾਰਟੀ ਨੂੰ ਲੋਕਾਂ ਦੇ ਦਿਲੋਂ ਉਤਾਰ ਦਿਤਾ। ਇਸਦਾ ਨਤੀਜਾ ਇਹ ਕੀ ਪਾਰਟੀ 2017 ਵਿਧਾਨ ਸਭਾ ਚੋਣਾਂ ਵਿਚ 20 ਸੀਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿਧਾਨ ਸਭਾ ਵਿਚ ਪੇਸ਼ ਹੋਣ ਮਗਰੋਂ ਪਾਰਟੀ ਨੂੰ ਇਕ ਹੋਰ ਵਡਾ ਝਟਕਾ ਲਗਾ ਅਤੇ ਇਸਤੋਂ ਬਾਅਦ ਕਾਹਲ ਅਤੇ ਬਿਨਾਂ ਰਣਨੀਤੀ ਬਣਾਏ ਕੀਤੀਆਂ ਕਾਰਵਾਈਆਂ ਕਾਰਨ ਪਾਰਟੀ ਨੂੰ ਹੋਰ ਨੁਕਸਾਨ ਉਠਾਣਾ ਪਿਆ। ਪਾਰਟੀ ਦੇ ਇਸ ਡਿਗਦੇ ਗਰਾਫ ਕਾਰਨ ਤੇ ਪੰਥ ਵਿਰੋਧੀ ਹੋਣ ਦੇ ਲਗਦੇ ਇਲਜਾਮਾਂ ਕਾਰਨ ਅਤੇ ਪਾਰਟੀ ਵਿਚ ਲੋੜੀਂਦਾ ਸਤਿਕਾਰ ਨਾ ਮਿਲਣ ਕਰਕੇ ਟਕਸਾਲੀ ਆਗੂ ਇਸਤੋਂ ਦੂਰ ਹੋਣ ਲਗੇ। ਸਭ ਤੋਂ ਪਹਿਲਾਂ ਪਾਰਟੀ ਦੇ ਸਿਰਕਢ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੀ ਮੈਂਬਰਸਿਪ ਤੋਂ ਅਸਤੀਫਾ ਦੇ ਦਿਤਾ ਅਤੇ ਸਰਗਰਮ ਰਾਜਨੀਤੀ ਤੋਂ ਦੂਰ ਹੋ ਗਏ। ਇਸਤੋਂ ਬਾਅਦ ਜਿਵੇ ਟਕਸਾਲੀ ਭਰੇ ਬੈਠੇ ਹੋਣ ਇਕ ਤੋਂ ਬਾਅਦ ਇਕ ਬਗਾਵਤ ਦਾ ਝੰਡਾ ਚੁਕਣ ਲਗੇ ਢੀਂਡਸਾ ਤੋਂ ਬਾਅਦ ਮਾਝੇ ਦੇ ਤਿੰਨ ਵਡੇ ਟਕਸਾਲੀ ਆਗੂਆਂ ਰਣਜੀਤ ਸਿੰਘ ਬਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਪਾਰਟੀ ਵਿਰੁਧ ਬੋਲਣਾ ਸ਼ੁਰੂ ਕਰ ਦਿਤਾ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਉਪਰ ਸਵਾਲ ਖੜੇ ਕਰਨੇ ਸੁਰੂ ਕਰ ਦਿਤੇ। ਪਾਰਟੀ ਵਲੋਂ ਕਾਰਵਾਈ ਕਰਨ ਤੋਂ ਬਾਅਦ ਤਿੰਨਾਂ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਪਾਰਟੀ ਖੜੀ ਕਰ ਦਿਤੀ ਅਤੇ ਦੁਬਾਰਾ ਸਰਗਰਮ ਰਾਜਨੀਤੀ ਸ਼ੁਰੂ ਕਰ ਦਿਤੀ। ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਕਾਰਜਕਾਲ ਦੌਰਾਨ ਹੋਈਆ ਇਹਨਾਂ ਗਲਤੀਆਂ ਦੀ ਭਰਪਾਈ ਸਾਇਦ ਕਈ ਸਾਲ ਨਾ ਹੋ ਸਕੇ ਪਰ ਮੌਜੂਦਾ ਹਾਲਾਤ ਦੇਖਕੇ ਏਹੋ ਲਗਦਾ ਹੈ ਕੀ ਜਿਸ ਤਰ੍ਹਾਂ ਦੀ ਤਸਵੀਰ ਲੋਕਾਂ ਦੇ ਮਨਾਂ ਅੰਦਰ ਪਾਰਟੀ ਲਈ ਹੈ ਉਸ ਕਾਰਨ ਪਾਰਟੀ ਨੂੰ ਅਗਲੀਆਂ ਚੋਣਾਂ ਵਿਚ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੂਸਰਾ ਧੜਾ ਹੈ ਆਮ ਆਦਮੀ ਪਾਰਟੀ, 2014 ਲੋਕ ਸਭਾ ਚੋਣਾਂ ਵਿਚ ਪੰਜਾਬ ਦੀ ਸਿਆਸਤ ਨੂੰ ਹਿਲਾ ਦੇਣ ਵਾਲੀ ਇਹ ਪਾਰਟੀ ਜਿਸ ਤਰ੍ਹਾਂ ਪੰਜਾਬ ਦੀ ਸਰਗਰਮ ਸਿਆਸਤ ਵਿਚ ਉਭਰੀ ਉਸੇ ਤਰ੍ਹਾਂ ਹਾਸੀਏ ਤੇ ਵੀ ਚਲੀ ਗਈ। ਪਾਰਟੀ ਦੀ ਕੇਂਦਰੀ ਲੀਡਰਸਿਪ ਵਲੋਂ ਲਏ ਗ਼ਲਤ ਫ਼ੈਸਲੇ, ਸਿਆਸੀ ਅਨੁਭਵ ਦੀ ਘਾਟ ਅਤੇ ਪੰਜਾਬ ਦੀ ਸਿਆਸਤ ਨੂੰ ਸਮਝ ਪਾਉਣਾ ਇਸ ਲਈ ਕਾਫ਼ੀ ਨੁਕਸਾਨਦਾਇਕ ਸਿਧ ਹੋਇਆ, ਜਿਸ ਕਾਰਨ 2017 ਵਿਧਾਨ ਸਭਾ ਚੋਣਾਂ ਵਿਚ 100 ਸੀਟਾਂ ਜਿਤਣ ਦਾ ਦਾਅਵਾ ਕਰਨ ਵਾਲੀ ਪਾਰਟੀ ਸਿਰਫ਼ 20 ਸੀਟਾਂ ਤਕ ਸੀਮਟ ਗਈ। ਲੀਡਰਸਿਪ ਦੇ ਗ਼ਲਤ ਫੈਸਲਿਆਂ ਕਾਰਨ ਪਾਰਟੀ ਦੇ ਵਡੇ ਚਿਹਰੇ ਜਾ ਤਾਂ ਪਾਰਟੀ ਚੋ ਕਢ ਦਿਤੇ ਗਏ ਜਾਂ ਉਹ ਖ਼ੁਦ ਹੀ ਇਸਤੋਂ ਕਿਨਾਰਾ ਕਰ ਗਏ, ਉਂਝ ਭਾਵੇ ਪਾਰਟੀ ਨੇ ਡਾ. ਧਰਮਵੀਰ ਗਾਂਧੀ, ਹਰਜਿੰਦਰ ਸਿੰਘ ਖ਼ਾਲਸਾ, ਸੁਚਾ ਸਿੰਘ ਛੋਟੇਪੁਰ ਨੂੰ ਇਕ ਬੀਤੀਆ ਸਮਾਂ ਕਰਾਰ ਦੇ ਦਿਤਾ ਹੈ ਪਰ ਉਸ ਨੁਕਸਾਨ ਦੀ ਭਰਪਾਈ ਅਜ ਤਕ ਨਹੀਂ ਹੋ ਪਾਈ। ਮੌਜੂਦਾ ਵਡਾ ਝਟਕਾ ਸੁਖਪਾਲ ਸਿੰਘ ਖਹਿਰਾ ਦੇ ਜਾਣ ਨਾਲ ਲਗਾ ਹੈ ਜਿੰਨਾਂ ਨੇ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਕਾਰਨ ਪਾਰਟੀ ਖਿਲਾਫ਼ ਸਤ ਹੋਰ ਵਿਧਾਇਕਾ ਸਮੇਤ ਬਗਾਵਤ ਦਾ ਝੰਡਾ ਚੁਕ ਲਿਆ ਸੀ ਅਤੇ ਹੁਣ ‘ਪੰਜਾਬੀ ਏਕਤਾ ਪਾਰਟੀ‘ ਨਾਂ ਦੇ ਨਵੇ ਧੜੇ ਨਾਲ ਸਰਗਰਮ ਰਾਜਨੀਤੀ ਵਿਚ ਉਤਰ ਆਏ ਹਨ, ਪਾਰਟੀ ਬਣਨ ਮਗਰੋਂ ਮਾਸਟਰ ਬਲਦੇਵ ਸਿੰਘ ਵੀ ਆਪ ਚੋ ਅਸਤੀਫਾ ਦੇ ਕੇ ਖਹਿਰਾ ਨਾਲ ਜਾ ਰਲੇ। ਪਾਰਟੀ ਲਈ ਚੰਗੀ ਖ਼ਬਰ ਇਹ ਰਹੀ ਕੀ ਖਹਿਰਾ ਧੜੇ ਨਾਲ ਸੰਬੰਧਤ ਬਾਕੀ ਵਿਧਾਇਕਾ ਨੇ ਅਸਤੀਫਾ ਨਾ ਦੇਣ ਦਾ ਫ਼ੈਸਲਾ ਲਿਆ ਅਤੇ ਪਾਰਟੀ ਕੋਲ ਵਿਰੋਧੀ ਧਿਰ ਆ ਅਹੁਦਾ ਬਚਿਆ ਰਿਹਾ। ਪੰਥਕ ਰਾਜਨੀਤੀ ਤੇ ਬਖਰੇਵੇਂ ਹੋਣ ਕਾਰਨ ਐਚ.ਐਸ. ਫੂਲਕਾ ਵੀ ਪਾਰਟੀ ਤੋਂ ਵਖ ਹੋ ਗਏ ਹਨ। ਆਮ ਆਦਮੀ ਪਾਰਟੀ ਦੀ ਮੌਜੂਦਾ ਸਥਿਤੀ ਤੋਂ ਏਹੋ ਲਗਦਾ ਹੈ ਕੀ ਪਾਰਟੀ ਪ੍ਰਭਾਵੀ ਤੇ ਅਨੁਭਵੀ ਸਿਆਸੀ ਚਿਹਰੇ ਦੀ ਅਣਹੋਂਦ ਦੇ ਸੰਕਟ ਨਾਲ ਜੂਝ ਰਹੀ ਹੈ। ਤਾਰਾ ਸਥਿਤੀ ਤੋਂ ਸਾਫ਼ ਹੈ ਕੀ ਪਾਰਟੀ ਲਈ ਪਹਿਲਾ ਮੁਦਾ ਚੋਣਾਂ ਚ ਜਿਤ ਨਹੀਂ ਸਗੋਂ ਆਪਣਾ ਗੁਆਚਿਆ ਸਿਆਸੀ ਆਧਾਰ ਅਤੇ ਲੋਕਾਂ ਦਾ ਭਰੋਸਾ ਜਿਤਣ ਦੀ ਕੋਸ਼ੀਸ਼ ਕਰੇਗੀ ਅਤੇ ਇਸਦੀ ਸੁਰੂਆਤ ਅਰਵਿੰਦ ਕੇਜਰੀਵਾਲ ਦੀ ਬਰਨਾਲਾ ਰੈਲੀ ਤੋਂ ਸ਼ੁਰੂ ਹੋ ਗਈ ਹੈ।
ਤੀਸਰਾ ਧੜਾ ਹੈ ਕਾਂਗਰਸ, 2017 ਵਿਚ ਨਸ਼ਾ ਮੁਕਤੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਕਰਜ਼ਾ ਮੁਆਫੀ ਦੇ ਮੁਦਿਆਂ ਨੂੰ ਆਧਾਰ ਬਣਾਕੇ ਸਤਾ ਵਿਚ ਆਈ, ਪਰ ਦੋ ਸਾਲ ਹੋਣ ਤੇ ਵੀ ਮੌਜੂਦਾ ਸਰਕਾਰ ਉਸੇ ਜਗ੍ਹਾ ਖੜੀ ਦਿਖਾਈ ਦਿੰਦੀ ਹੈ ਜਿਥੇ ਦੋ ਸਾਲ ਪਹਿਲਾ ਸੀ। ਭਾਵੇ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਵਿਧਾਨ ਸਭਾ ਚ ਪੇਸ਼ ਕਰਕੇ ਇਹਨਾਂ ਸਵਾਲਾਂ ਤੋਂ ਬਚਣ ਤੇ ਰਾਜਨੀਤੀ ਨੂੰ ਧਾਰਮੀਕ ਮੁਦਿਆਂ ਦੁਆਲੇ ਘੁਮਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਮੁਦੇ ਉਸੇ ਤਰ੍ਹਾਂ ਕਾਸਿਮ ਹਨ ਤੇ ਸਰਕਾਰ ਲਈ ਚਣੌਤੀ ਬਣੇ ਹਨ। ਅਪਣੇ ਵਿਧਾਇਕਾਂ ਨਾਲ ਮੀਟਿੰਗਾਂ ਕਰਕੇ ਵਿਕਾਸ ਕਾਰਜ਼ਾ ਲਈ ਕਰੋੜਾ ਰੁਪਏ ਜਾਰੀ ਕੀਤੇ ਹਨ ਅਤੇ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿਤਾ ਹੈ। ਪਰ ਪਾਰਟੀ ਦੀ ਅਗਵਾਈ ਕੈਪਟਨ ਅਮਰਿੰਦਰ ਵਰਗੇ ਪ੍ਰਭਾਵੀ ਨੇਤਾ ਦੇ ਹਥ ਹੋਣ ਤੇ ਵੀ ਪਾਰਟੀ ਅੰਦਰ ਸਭ ਕੁਝ ਅਛਾ ਨਹੀਂ ਦਿਖਾਈ ਦੇ ਰਿਹਾ। ਨਵਜੋਤ ਸਿੰਘ ਸਿਧੂ ਦੀ ਸਰਗਰਮ ਰਾਜਨੀਤੀ ਅਤੇ ਮੁਖ ਮੰਤਰੀ ਨਾਲ ਉਹਨਾਂ ਦੇ ਮਤਭੇਦ ਕਾਫ਼ੀ ਸਵਾਲ ਖੜੇ ਕਰਦਾ ਹੈ। ਵਿਧਾਇਕ ਕੁਲਬੀਰ ਜੀਰਾ ਦੇ ਬਗਾਵਤੀ ਕਦਮ ਨੂੰ ਮਨਪਈਤ ਬਾਦਲ, ਰਾਜਿੰਦਰ ਕੌਰ ਭਠਲ ਅਤੇ ਨਵਜੋਤ ਸਿੰਘ ਸਿਧੂ ਦਾ ਅਸਿਧਾ ਸਮਰਥਨ ਸਾਬਿਤ ਕਰਦਾ ਹੈ ਕੀ ਪਾਰਟੀ ਵਿਚ ਕਿਤੇ ਨਾ ਕਿਤੇ ਖਾਨਾਜੰਗੀ ਜ਼ਰੂਰ ਹੈ, ਪਰ ਵਿਰੋਧੀ ਪਾਰਟੀਆਂ ਦੀ ਨਾਜ਼ੁਕ ਹਾਲਾਤ ਅਤੇ ਟਕਰ ਦੇਣ ਦੀ ਸਥਿਤੀ ਵਿਚ ਨਾ ਹੋਣਾ ਅਤੇ ਕੇਂਦਰੀ ਲੀਡਰਸਿਪ ਦਾ ਪ੍ਰਭਾਵ ਕਿਵੇ ਨਾ ਕਿਵੇ ਕੰਮ ਚਲਾਇਆ ਜਾ ਰਿਹਾ ਹੈ।
ਚੌਥਾ ਧੜਾ ਹੈ ਪੰਜਾਬ ਡੈਮੋਕਰੈਟਿਕ ਫਰੰਟ ਜਿਸਦਾ ਠੋਸ ਰੂਪ ਭਾਵੇ ਹਾਲੇ ਤਕ ਸਾਹਮਣੇ ਨਹੀਂ ਆਇਆ ਪਰ ਇਸਦਾ ਸੰਭਾਵੀ ਰੂਪ ਕੀ ਹੋਵੇਗਾ ਲਗਪਗ ਤਹਿ ਹੈ। ਇਸ ਵਿਚ ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਬਸ ਪਾ ਅਤੇ ਡਾ. ਧਰਮਵੀਰ ਗਾਂਧੀ ਮੁਖ ਹਨ। ਬਸਪਾ ਨੂੰ ਛਡਕੇ ਸਾਰੇ ਧੜੇ ਨਵੇਂ ਹੋਂਦ ਵਿਚ ਆਏ ਹਨ ਅਤੇ ਆਪਣੀਆਂ ਪੁਰਾਣੀਆਂ ਪਾਰਟੀਆਂ ਨਾਲ ਮਤਭੇਦ ਹੋਣ ਕਰਕੇ ਵਖਰੇ ਧੜੇ ਸਥਾਪਿਤ ਕਰ ਚੁਕੇ ਹਨ। ਜੇਕਰ ਇਹ ਧੜਾ ਹੋਂਦ ਵਿਚ ਆਉਂਦਾ ਹੈ ਤਾਂ ਜਾਹਿਰ ਹੈ ਕੀ ਇਹ ਅਪਣੇ ਪ੍ਰਭਾਵੀ ਖੇਤਰ ਅੰਦਰ ਸਿਆਸੀ ਪਾਰਟੀਆਂ ਦੀ ਖੇਡ ਖ਼ਰਾਬ ਕਰ ਸਕਦਾ ਸਕਦਾ ਹੈ। ਇਹ ਧੜਾ ਚਾਹੇ ਸੀਟ ਅੰਕੜਿਆਂ ਵਿਚ ਕੋਈ ਜਿਆਦਾ ਪ੍ਰਭਾਵ ਨਾ ਪਾਵੇ ਪਰ ਵੋਟ ਬੈਂਕ ਉਪਰ ਜ਼ਰੂਰ ਪਾਵੇਗਾ , ਮਾਝੇ ਵਿਚ ਟਕਸਾਲੀ ਧੜਾ, ਮਾਲਵਾ ਖੇਤਰ ਵਿਚ ਬੈਂਸ ਭਰਾ, ਸੁਖ ਪਾਲ ਸਿੰਘ ਖਹਿਰਾ ਅਤੇ ਧਰਮਵੀਰ ਗਾਂਧੀ ਆਪਣਾ ਆਪਣਾ ਆਧਾਰ ਰਖਦੇ ਹਨ ਜੋ ਦੂਸਰੀਆਂ ਪਾਰਟੀਆ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਉਪਰੋਕਤ ਸਥਿਤੀ ਤੋਂ ਏਹੋ ਲਗਦਾ ਹੈ ਕੀ ਪੰਜਾਬ ਦੀ ਕੋਈ ਵੀ ਸਿਆਸੀ ਧਿਰ ਸਥਿਰ ਸਥਿਤੀ ਵਿਚ ਦਿਖਾਈ ਨਹੀਂ ਦੇ ਰਹੀ ਜਿਸ ਕਾਰਨ ਕੋਈ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਪਰ ਮੌਜੂਦਾ ਸਥਿਤੀ ਤੋਂ ਇਕ ਗਲ ਸਾਬਿਤ ਹੁੰਦੀ ਹੈ ਕੀ ਹਾਲੇ ਹੋਰ ਤਮਾਸ਼ਾ ਹੈ ਜੋ ਪੰਜਾਬ ਦੀ ਰਾਜਨੀਤੀ ਵਿਚ ਦੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਸਿਆਸਤ ਸਿਖਰ ਉਪਰ ਹੈ ਅਤੇ ਕੁਝ ਬੇਰ ਅਜਿਹੇ ਹਨ ਜਿੰਨਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕੀ ਉਹ ਕਿਸਦੀ ਝੋਲੀ ਵਿਚ ਡਿਗਣਗੇ।