ਸ੍ਰੀ ਕਰਤਾਰਪੁਰ ਸਾਹਿਬ ਯਾਤਰਾ ਵਿਵਾਦ ਨਾ ਪੈਦਾ ਕਰੋ

ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਮੰਗ ਉਠਾਈ ਹੈ ਕਿ ਪਾਕਿਸਤਾਨ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਦੀ ਯਾਤਰਾ ਲਈ ਸਿੱਖਾਂ ਦੇ ਨਾਲ-ਨਾਲ ਦੂਸਰੇ ਧਰਮਾਂ ਦੇ ਲੋਕਾਂ ਖਾਸ ਕਰਕੇ ਹਿੰਦੂਆਂ ਨੂੰ ਵੀ ਇਹ ਹੱਕ ਦਿੱਤਾ ਜਾਵੇ ਕਿਉਂਕਿ ਗੁਰਦੁਆਰੇ ਸਾਰੇ ਧਰਮਾਂ ਦੇ ਲੋਕਾਂ ਲਈ ਖੁਲ੍ਹੇ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਦੂਸਰੇ ਧਰਮਾਂ ਦੇ ਲੋਕ ਵੀ ਬਰਾਬਰ ਸਤਿਕਾਰ ਕਰਦੇ ਹਨ। ਕੈਪਟਨ ਸਾਹਿਬ ਦੀ ਇਹ ਮੰਗ ਇਸ ਪੱਖ ਤੋਂ ਪੁਰੀ ਤਰ੍ਹਾਂ ਦਰੁਸਤ ਹੈ ਪ੍ਰੰਤੂ ਇਸ ਮੰਗ ਦੇ ਪਿੱਛੇ ਇੱਕ ਲੁਕਵਾਂ ਏਜੰਡਾ ਕੰਮ ਕਰਦਾ ਦਿਸ ਰਿਹਾ ਹੈ।ਅਜਿਹੀ ਮੰਗ ਕਰਕੇ ਕੈਪਟਨ ਸਾਹਿਬ ਜਾਣੇ-ਅਨਜਾਣੇ ਇਸ ਲਾਂਘੇ ਨੂੰ ਖੋਲ੍ਹਣ ਵਿੱਚ ਇਕ ਹੋਰ ਪੇਚ ਫਸਾ ਰਹੇ ਹਨ। ਲਾਂਘੇ ਪ੍ਰਤੀ ਕੈਪਟਨ ਸਾਹਿਬ ਦੀ ਸੋਚ ਪਤਾ ਨਹੀਂ ਕਿਉਂ ਸ਼ੁਰੂ ਤੋਂ ਹੀ ਨਾਂਹ ਪੱਖੀ ਰਹੀ ਹੈ। ਪਹਿਲਾਂ ਉਹ ਪਾਕਿਸਤਾਨ ਵੱਲੋਂ ਲਾਂਘੇ ਇਜਾਜ਼ਤ ਨੂੰ ਅੱਤਵਾਦ ਨਾਲ ਜੋੜ ਰਹੇ ਸਨ, ਫਿਰ ਉਹ ਪਾਕਿਸਤਾਨ ਦੇ ਸੱਦੇ ਉਪਰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਲਈ ਰੱਖੇ ਸਮਾਗਮ ਵਿੱਚ ਹਾਜ਼ਰੀ ਭਰਨ ਨਹੀਂ ਗਏ। ਉਹ ਜਨਤਕ ਤੌਰ ’ਤੇ ਇਹ ਵੀ ਆਖ ਚੁੱਕੇ ਹਨ ਕਿ ਅਸਲ ਵਿਚ ਪਾਕਿਸਤਾਨ ਕਰਤਾਰਪੁਰ ਲਾਂਘੇ ਰਾਹੀਂ ਪੰਜਾਬ ਵਿਚ ਅਤਵਾਦ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ।ਇਹ ਪੂਰੀ ਤਰ੍ਹਾਂ ਸਪੱਸ਼ਟ ਹੈ। ਉਨ੍ਹਾਂ ਦੇ ਤਾਜ਼ਾ ਬਿਆਨ ਦਾ ਮਕਸਦ ਵੀ ਧਾਰਮਿਕ ਨਹੀਂ ਹੈ।ਉਹ ਪਹਿਲਾਂ ਦੀ ਤਰ੍ਹਾਂ ਹੀ ਕਰਤਾਰਪੁਰ ਲਾਂਘੇ ਦੇ ਨਾਂਅ ਉਪਰ ਰਾਜਨੀਤੀ ਕਰ ਰਹੇ ਹਨ।ਇਹ ਰਾਜਨੀਤੀ ਰਾਸ਼ਟਰਵਾਦੀ ਅਤੇ ਖਾਸ ਕਰਕੇ ਕੱਟੜ ਹਿੰਦੂਵਾਦੀ ਤਾਕਤਾਂ ਨੂੰ ਖੁਸ਼ ਕਰਨ ਲਈ ਕੀਤੀ ਜਾ ਰਹੀ ਹੈ।ਉਨ੍ਹਾਂ ਦਾ ਮਕਸਦ ਪੰਜਾਬ ਦੇ ਹਿੰਦੂ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਵੀ ਹੈ। ਸਭ ਨੂੰ ਪਤਾ ਹੈ ਕਿ ਉਨ੍ਹਾਂ ਦੀ ਨਵੀਂ ਮੰਗ ਨੂੰ ਮੰਨਣ ਦੇ ਰਾਹ ਵਿੱਚ ਕਈ ਅੜਿਕੇ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਧਾਰਮਿਕ ਸ਼ਰਧਾਲੂਆਂ ਦੀ ਯਾਤਰਾ ਲਈ ਵੱਖਰੇ ਨਿਯਮ ਹਨ।ਦੋਵੇਂ ਦੇਸ਼ਾਂ ਦਰਮਿਆਨ ਹਾਲੇ ਤੱਕ ਟੂਰਿਸਟ ਵੀਜ਼ੇ ਸਬੰਧੀ ਕੋਈ ਸੰਧੀ ਨਹੀਂ ਹੋਈ।ਪਾਕਿਸਤਾਨ ਅਤੇ ਭਾਰਤ ਦੋਵੇਂ ਹੀ ਧਾਰਮਿਕ ਯਾਤਰਾ ਲਈ ਵੀਜ਼ਾ ਦਿੰਦੇ ਹਨ ਅਤੇ ਅਜਿਹਾ ਵੀਜ਼ਾ ਦੇਣ ਸਮੇਂ ਪਾਸਪੋਰਟ ਵਿਚ ਬਕਾਇਦਾ ਯਾਤਰਾ ਨਾਲ ਸਬੰਧਿਤ ਧਾਰਮਿਕ ਸਥਾਨਾਂ ਦਾ ਨਾਮ ਲਿਖਿਆ ਜਾਂਦਾ ਹੈ।ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਤੋਂ ਪਾਕਿਸਤਾਨ ਨੇ ਸਿੱਖ ਜੱਥਿਆਂ ਵਿੱਚ ਕਦੇ ਵੀ ਕਿਸੇ ਵੀ ਹਿੰਦੂ ਜਾਂ ਮੁਸਲਮਾਨ ਨੂੰ ਵੀਜ਼ਾ ਨਹੀਂ ਦਿੱਤਾ।ਫੌਜੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਵੀ ਵੀਜ਼ਾ ਦੇਣ ਤੋਂ ਗੁਰੇਜ਼ ਕੀਤਾ ਜਾਂਦਾ ਹੈ।ਇਸੇ ਨੀਤੀ ਤਹਿਤ ਹੀ ਭਾਰਤ ਵੱਲੋਂ ਧਾਰਮਿਕ ਯਾਤਰਾ ਵੀਜ਼ੇ ਜਾਰੀ ਕੀਤੇ ਜਾਂਦੇ ਹਨ।ਭਾਰਤ ਤੋਂ ਜਾਣ ਵਾਲੇ ਹਿੰਦੂ ਧਾਰਮਿਕ ਯਾਤਰੂਆਂ ਨੂੰ ਵੀ ਇਸੇ ਨੀਤੀ ਤਹਿਤ ਵੀਜ਼ੇ ਮਿਲਦੇ ਹਨ।ਅੱਜ ਤੱਕ ਪਾਕਿਸਤਾਨ ਜਾਣ ਵਾਲੇ ਹਿੰਦ ਜੱਥਿਆਂ ਨੇ ਕਦੇ ਵੀ ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਜਾਂ ਸ੍ਰੀ ਪੰਜਾ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਨਹੀਂ ਕੀਤੀ। ਨਾਹੀ ਕੋਈ ਹਿੰਦੂ ਜਾਂ ਹੋਰ ਕਿਸੇ ਧਰਮ ਦਾ ਜੱਥਾ ਇਨ੍ਹਾਂ ਅਸਥਾਨਾਂ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਕੀਦਤ ਭੇਟ ਕਰਨ ਗਿਆ ਹੈ।ਇਸੇ ਤਰ੍ਹਾਂ ਸਿੱਖ ਸ਼ਰਧਾਲੂ ਵੀ ਪਾਕਿਸਤਾਨ ਵਿਚਲੇ ਮੰਦਿਰਾਂ ਜਾਂ ਮਸਜਿਦਾਂ ’ਤੇ ਨਹੀਂ ਗਏ।ਪਾਕਿਸਤਾਨ ਤੋਂ ਆਉਣ ਵਾਲੇ ਮੁਸਲਿਮ ਸ਼ਰਧਾਲੂ ਵੀ ਮੁਖ ਤੌਰ ’ਤੇ ਮਸਜਿਦਾਂ ਅਤੇ ਦਰਗਾਹਾਂ ਉਪਰ ਜਾ ਕੇ ਹੀ ਵਾਪਸ ਮੁੜ ਜਾਂਦੇ ਹਨ।ਇਹ ਗੱਲ ਠੀਕ ਹੈ ਕਿ ਵੱਡੀ ਗਿਣਤੀ ਵਿੱਚ ਹਿੰਦੂ ਅਤੇ ਦੂਜੇ ਧਰਮਾਂ ਦੇ ਲੋਕ ਵੀ ਸ੍ਰੀ ਗੁਰੂ ਨਾਨਕ ਦੇਵ ਜੀ, ਦੂਸਰੇ ਗੁਰੂ ਸਾਹਿਬਾਨਾਂ ਅਤੇ ਸਿੱਖ ਗੁਰਦੁਆਰਿਆਂ ਪ੍ਰਤੀ ਸ਼ਰਧਾ ਭਾਵ ਰੱਖਦੇ ਹਨ, ਪ੍ਰੰਤੂ ਇਹ ਭਾਵਨਾ ਸਮੂਹਿਕ ਨਹੀਂ ਹੈ।ਜੋ ਮੰਗ ਕੈਪਟਨ ਸਾਹਿਬ ਕਰ ਰਹੇ ਹਨ ਉਸ ਤਰ੍ਹਾਂ ਦੀ ਮੰਗ ਕਿਸੇ ਵੀ ਕੱਟੜ ਤੋਂ ਕੱਟੜ ਹਿੰਦੂ ਜੱਥੇਬੰਦੀ ਨੇ ਵੀ ਨਹੀਂ ਕੀਤੀ।ਸ਼ਾਇਦ ਉਨ੍ਹਾਂ ਲਈ ਇਹ ਕੋਈ ਏਜੰਡਾ ਨਹੀਂ ਹੈ। ਇਥੋਂ ਤਕ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਵੀ ਕਿਸੇ ਹਿੰਦੂ ਜਾਂ ਹੋਰ ਧਰਮ ਦੀ ਜਥੇਬੰਦੀ ਨੇ ਸਵਾਗਤ ਨਹੀਂ ਕੀਤਾ।ਕਿਸੇ ਮੰਦਿਰ ਜਾਂ ਮਸਜਿਦ ਵਿੱਚ ਕੋਈ ਧੰਨਵਾਦੀ ਸਮਾਗਮ ਨਹੀਂ ਹੋਇਆ।ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਭਾਰਤ ਵਿੱਚ ਅਨੇਕਾਂ ਅਸਥਾਨ ਹਨ।ਸੁਲਤਾਨਪੁਰ ਲੋਧੀ ਦਾ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਜਿੰਨਾ ਹੀ ਮਹੱਤਵ ਰੱਖਦਾ ਹੈ। ਗਰੂ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਉਥੇ ਵੱਡੇ ਸਮਾਗਮ ਹੋਏ ਹਨ ਅਤੇ ਹੋ ਰਹੇ ਹਨ, ਪ੍ਰੰਤੂ ਕੋਈ ਵੀ ਸਿੱਖਾਂ ਤੋਂ ਇਲਾਵਾ ਕਿਸੇ ਵੀ ਹੋਰ ਧਰਮ ਦਾ ਜੱਥਾ ਉਥੇ ਹਾਜ਼ਰੀ ਭਰਨ ਨਹੀਂ ਗਿਆ।ਫਿਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੀ ਹਿੰਦੂ ਅਤੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਇਜਾਜ਼ਤ ਦੇਣ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਿਆਰ ਕਰਨ ਵਾਲੇ ਦੂਸਰੇ ਧਰਮਾਂ ਦੇ ਲੋਕ ਆਪਣੀ ਸਰਧਾ ਲਈ ਭਾਰਤ ਵਿਚਲੇ ਅਸਥਾਨਾਂ ’ਤੇ ਵੀ ਜਾ ਸਕਦੇ ਹਨ।ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖਾਂ ਤੋਂ ਇਲਾਵਾ ਦੂਸਰੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਜਾਜ਼ਤ ਦੇਣ ਹਿੱਤ ਦੋਵੇਂ ਦੇਸ਼ਾਂ ਨੂੰ ਨਵੀਂ ਵੀਜ਼ਾ ਸੰਧੀ ਕਰਨੀ ਹੋਵੇਗੀ।ਅਜਿਹਾ ਕਰਨ ਤੋਂ ਬਾਅਦ ਵੀ ਜੇਕਰ ਸ਼੍ਰੋਮਣੀ ਕਮੇਟੀ ਦੇ ਜੱਥੇ ਵਿੱਚ ਜਾਣ ਵਾਲੀ ਇਕ ਹਿੰਦੂ ਬੀਬੀ ਜਿਸ ਨੇ ਉਥੇ ਇਕ ਮੁਸਲਿਮ ਨਾਲ ਨਿਕਾਹ ਪੜ੍ਹਾਅ ਲਏ ਵਾਂਗ ਕੋਈ ਘਟਨਾ ਵਾਪਰ ਗਈ ਤਦ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ? ਕੈਪਟਨ ਸਾਹਿਬ ਧਰਮ ਨਿਰਪੱਖ ਸਿਆਸੀ ਆਗੂ ਹਨ।ਉਨ੍ਹਾਂ ਨੂੰ ਧਾਰਮਿਕ ਮਸਲਿਆਂ ਬਾਰੇ ਬਿਆਨ ਦੇਣ ਸਮੇਂ ਇੱਕ ਸੰਤੁਲਿਤ ਪਹੁੰਚ ਰੱਖਣੀ ਚਾਹੀਦੀ ਹੈ।ਸਵਾਲ ਤਾਂ ਇਹ ਹੈ ਕਿ ਜੇਕਰ ਹਿੰਦੂਆਂ ਅਤੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਇਜਾਜ਼ਤ ਦੇਣਾ ਹੀ ਸਹੀ ਕਦਮ ਹੈ ਤਦ ਕੱਲ੍ਹ ਨੂੰ ਸਿੱਖਾਂ ਅਤੇ ਹਿੰਦੂਆਂ ਨੂੰ ਮੱਕਾ ਮਦੀਨਾ ਵਿਖੇ ਹੱਜ ਕਰਨ ਦੀ ਇਜਾਜ਼ਤ ਦੇਣ ਸਬੰਧੀ ਮੰਗ ਵੀ ਉਠ ਸਕਦੀ ਹੈ। ਸਿਆਸੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਸੰਵੇਦਨਸ਼ੀਲ ਧਾਰਮਿਕ ਮੁੱਦੇ ’ਤੇ ਦੂਰ-ਦਰਸ਼ੀ ਪਹੁੰਚ ਅਪਨਾਉਣ ਅਤੇ ਬੇਲੋੜੇ ਮੁੱਦੇ ਉਠਾ ਕੇ ਲੋਕਾਂ ਨੂੰ ਨਾ ਭੜਕਾਉਣ।
– ਬਲਜੀਤ ਸਿੰਘ ਬਰਾੜ

Send this to a friend