2019 ਦੀਆਂ ਚੋਣਾਂ : ਨਾ-ਉਮੀਦੀ ਦੇ ਆਲਮ ’ਚ ਹਿੱਸਾ ਲੈਣਗੇ ਪੰਜਾਬੀ

ਪੰਜਾਬ ਦੀ ਸਿਆਸਤ ਪ੍ਰਤੀ ਦਿਨ ਕਰਵਟ ਬਦਲ ਰਹੀ ਹੈ। ਨਿਤ ਨਵੀਂਆਂ ਸਿਆਸੀ ਸਮੀਕਰਣਾਂ ਬਣ ਰਹੀਆਂ ਹਨ। ਹਰ ਦਿਨ ਨਵੇਂ ਸਿਆਸੀ ਫ਼ੈਸਲੇ ਹੋ ਰਹੇ ਹਨ। ਸਿਆਸੀ ਜੋੜਾਂ-ਤੋੜਾਂ ਤੇ ਘਟਨਾਵਾਂ ਦੇ ਪਿਛੇ 2019 ਦੀਆਂ ਆਮ ਚੋਣਾਂ ਹਨ, ਜਿਨ੍ਹਾਂ ਨੇ ਅਗਲੇ ਪੰਜ ਸਾਲਾਂ ਲਈ ਦੇਸ਼ ਦਾ ਭਵਿਖ ਤੈਅ ਕਰਨਾ ਹੈ। ਦੇਸ਼ ਦੀ ਰਾਸ਼ਟਰੀ ਸਿਆਸੀ ਤਸਵੀਰ ਜਿਵੇਂ-ਜਿਵੇਂ ਬਦਲ ਰਹੀ ਹੈ, ਨਵੇਂ ਗਠਜੋੜ ਬਣ ਅਤੇ ਟੁਟ ਰਹੇ ਹਨ, ਤਿਵੇਂ-ਤਿਵੇਂ ਦੇਸ਼ ਦੀਆਂ ਦੋਵਾਂ ਪ੍ਰਮੁਖ ਸਿਆਸੀ ਪਾਰਟੀਆਂ; ਭਾਜਪਾ ਅਤੇ ਕਾਂਗਰਸ ਦੀ ਲੀਡਰਸ਼ਿਪ ਅੰਦਰਲਾ ਡਰ ਵਧ ਰਿਹਾ ਹੈ। ਇਸ ਕਾਰਨ ਦੇਸ਼ ਦੇ ਸੂਬਿਆਂ ’ਚ ਇਹ ਸਿਆਸੀ ਪਾਰਟੀਆਂ ਨਿੱਤ ਨਵੇਂ ਪੈਂਤੜੇ ਅਖਤਿਆਰ ਕਰ ਰਹੀਆਂ ਹਨ ਅਤੇ ਇਕ ਦੂਜੀ ਦੇ ਸ਼ਾਸਨ ਵਾਲੇ ਸੂਬਿਆਂ ’ਚ ਸਰਕਾਰਾਂ ਸੁਟਣ, ਸਿਆਸੀ ਬੰਦੇ ਖ਼ਰੀਦਣ, ਸਰਕਾਰਾਂ ’ਚ ਉਥੱਲ-ਪੁਥੱਲ ਮਚਾਉਣ ਲਈ ਵਾਹ ਲਾ ਰਹੀਆਂ ਹਨ। ਕਰਨਾਟਕ ਦੀ ਸਾਂਝੀ ਸਰਕਾਰ ਤੋੜਨ ਲਈ ਭਾਜਪਾ ਨੇ ਕਾਂਗਰਸ ਦੇ ਚਾਰ ਐਮ ਐਲ ਏ ਇਧਰ-ਉਧਰ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਪੰਜਾਬ ਵਿਚਲੀ ਕਾਂਗਰਸ ਸਰਕਾਰ ਨੂੰ ਵੀ ਅਸਥਿਰ ਕਰਨ ਲਈ ਅੰਦਰੋ-ਗਤੀ ਜ਼ੋਰ ਲਾਇਆ ਜਾ ਰਿਹਾ ਹੈ, ਜਿਸ ਦੇ ਪਾਰਟੀ ਨੇਤਾ ਅਮਰਿੰਦਰ ਸਿੰਘ ਵਲੋਂ ਰਾਜ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿਤਣ ਦਾ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ।
ਪਿਛਲੇ ਦਿਨੀਂ ਨੌਜਵਾਨ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੰਚਾਂ-ਸਰਪੰਚਾਂ ਨੂੰ ਸਹੁੰ ਚੁਕਾਉਣ ਲਈ ਹੋਏ ਸਮਾਗਮ ਸਮੇਂ ਪੰਜਾਬ ਦੇ ਸੀਨੀਅਰ ਪੁਲਸ ਅਫ਼ਸਰ ਮੁਖਵਿੰਦਰ ਸਿੰਘ ਛੀਨਾ ਵਿਰੁਧ ਨਸ਼ਾ ਤਸਕਰਾਂ ਦੀ ਪੁਸ਼ਤ-ਪਨਾਹੀ ਕਰਨ ਦੇ ਸ਼ਰੇਆਮ ਇਲਜ਼ਾਮ ਲਗਾਉਣਾ ਅਮਰਿੰਦਰ ਸਰਕਾਰ ਦੀ ਢਿਲੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਣਾ ਮੰਨਿਆ ਜਾ ਰਿਹਾ ਹੈ। ਕੁਲਬੀਰ ਸਿੰਘ ਜ਼ੀਰਾ ਦੀ ਕਾਂਗਰਸ ਤੋਂ ਮੁਅਤਲੀ, ਫਿਰ ਕਿਸੇ ਸਮਝੌਤੇ ਦੇ ਤਹਿਤ ਮੁੜ-ਬਹਾਲੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਸ੍ਰੀ ਹਰਿਗੋਬਿੰਦਪੁਰ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਜਨਤਕ ਪ੍ਰੋਗਰਾਮ ’ਚ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦਾ ਮੁਖ ਮੰਤਰੀ ਬਣਾਉਣ ਦੀ ਇਛਾ ਜ਼ਾਹਿਰ ਕਰਨਾ ਕਾਂਗਰਸ ਪਾਰਟੀ ’ਚ ਖਿੱਚੋਤਾਣ ਦਾ ਸੰਕੇਤ ਗਿਣਿਆ ਜਾ ਰਿਹਾ ਹੈ। ਇਸ ਤੋਂ ਵੀ ਮਹਤਵ ਪੂਰਨ ਨਵਜੋਤ ਸਿੰਘ ਸਿਧੂ ਨੂੰ ਪੰਜਾਬ ਦਾ ਉਪ ਮੁਖ ਮੰਤਰੀ ਬਣਾਉਣ ਦੀ ਚਰਚਾ ਅਤੇ ਕਿਧਰੇ-ਕਿਧਰੇ ਉਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੁਧ ਕੀਤੀ ਜਾਂਦੀ ਖਾਮੋਸ਼ ਜਿਹੀ ਬਲੇਬਾਜ਼ੀ ਵੀ ਇਹੋ ਦਰਸਾਉਂਦੀ ਹੈ ਕਿ ਪੰਜਾਬ ਕਾਂਗਰਸ ’ਚ ਸਭ ਅਛਾ ਨਹੀਂ। ਇਸੇ ਕਰ ਕੇ ਕਾਂਗਰਸ ਦੇ ਵਡੀ ਗਿਣਤੀ ਵਿਧਾਇਕ ਅਮਰਿੰਦਰ ਸਿੰਘ ਸਰਕਾਰ ਵਿਰੁਧ ਇਹ ਇਲਜ਼ਾਮ ਲਗਾਉਣ ਤੋਂ ਸੰਕੋਚ ਨਹੀਂ ਕਰਦੇ ਕਿ ਇਹ ਸਰਕਾਰ ਅਸਲ ਵਿਚ ਪੁਲਸ ਅਫ਼ਸਰਾਂ ਅਤੇ ਨੌਕਰਸ਼ਾਹੀ ਵੱਲੋਂ ਚਲਾਈ ਜਾ ਰਹੀ ਹੈ, ਜਿਸ ਉਤੇ ਕੋਈ ਸਿਆਸੀ ਕੁੰਡਾ ਨਹੀਂ ਹੈ। ਇਸ ਵਧਦੀ ਅਸੰਤੁਸ਼ਟੀ ਦੇ ਮਦੇਨਜ਼ਰ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਮਾਝਾ, ਮਾਲਵਾ, ਦੁਆਬਾ ਦੇ ਵਿਧਾਇਕਾਂ ਦੀਆਂ ਮੀਟਿੰਗਾਂ ਲਗਾ ਕੇ ਉਹਨਾਂ ਦੇ ਗਿਲੇ-ਸ਼ਿਕਵੇ ਸੁਣੇ ਹਨ, ਉਨ੍ਹਾਂ ਨੂੰ ਹਲ ਕਰਨ ਦਾ ਭਰੋਸਾ ਦਿਤਾ ਹੈ ਅਤੇ 2019 ਦੀਆਂ ਚੋਣਾਂ ਨੂੰ ਧਿਆਨ ’ਚ ਰਖਦਿਆਂ ਹਰ ਵਿਧਾਨ ਸਭਾ ਹਲਕੇ ਲਈ ਪੰਜ-ਪੰਜ ਕਰੋੜ ਰੁਪਏ ਦੀ ਵਿਕਾਸ ਗ੍ਰਾਂਟ ਦੇਣ ਦਾ ਫ਼ੈਸਲਾ ਕੀਤਾ ਹੈ, ਭਾਵੇਂ ਕਿ ਵਿਧਾਇਕਾਂ ਦੀ ਮੰਗ ਸੀ ਕਿ ਐਮ ਪੀ ਲੈਡ ਸਕੀਮ (ਲੋਕਲ ਏਰੀਆ ਡਿਵੈਲਪਮੈਂਟ ਸਕੀਮ) ਵਾਂਗ ਐਮ ਐਲ ਏ ਲੈਡ ਸਕੀਮ ਬਣਾ ਕੇ ਇਹ ਰਕਮ ਉਹਨਾਂ ਦੇ ਸਪੁਰਦ ਕੀਤੀ ਜਾਵੇ।
ਪੰਜਾਬ ਕਾਂਗਰਸ ਚਾਹੇ ਸੂਬੇ ਭਰ ’ਚ ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪਿੰਡ ਪੰਚਾਇਤਾਂ ’ਚ ਵਡੀ ਗਿਣਤੀ ’ਚ ਜਿਤ ਪ੍ਰਾਪਤ ਕਰਨ ਉਤੇ ਖ਼ੁਸ਼ੀ ਅਤੇ ਸੰਤੁਸ਼ਟਤਾ ਜ਼ਾਹਿਰ ਕਰਦੀ ਹੈ, ਪਰ ਇਹਨਾਂ ਚੋਣਾਂ ’ਚ ਕੀਤੀ ਗਈ ਹੁੱਲੜਬਾਜ਼ੀ, ਧਕੇਸ਼ਾਹੀ ਨੇ ਕਾਂਗਰਸ ਦੇ ਅਕਸ ਨੂੰ ਧਕਾ ਵੀ ਲਾਇਆ ਹੈ। ਉਪਰੋਂ ਕਾਂਗਰਸ ਸਰਕਾਰ ਵੱਲੋਂ ਆਪਣੇ ਵਰਕਰਾਂ ਨੂੰ ਵਖੋ-ਵਖਰੇ ਬੋਰਡਾਂ, ਕਾਰਪੋਰੇਸ਼ਨਾਂ ਜਾਂ ਹੋਰ ਲਾਭ ਵਾਲੇ ਅਹੁਦਿਆਂ ਉਤੇ ਨਾ ਬਿਠਾ ਕੇ ਉਹਨਾਂ ਦੇ ਮਨੋਬਲ ’ਚ ਕਮੀ ਕਰਨ ਵਾਲਾ ਕੰਮ ਕੀਤਾ ਹੋਇਆ ਹੈ, ਪਰ ਇਸ ਸਭ ਕੁਝ ਦੇ ਬਾਵਜੂਦ ਕਾਂਗਰਸ ਨੂੰ ਇਸ ਗਲ ਦਾ ਲਾਭ ਹੈ ਕਿ ਪੂਰੇ ਪੰਜਾਬ ਵਿਚ ਉਸ ਦੇ ਵਿਰੋਧੀ ਖਿਲਰੇ-ਪੁਲਰੇ ਨਜ਼ਰ ਆ ਰਹੇ ਹਨ। ਪਿਛਲੇ ਦਿਨਾਂ ’ਚ ਪੰਜਾਬ ਦੀ ਵਿਰੋਧੀ ਧਿਰ ’ਚ ਬੈਠੀ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ-ਤੀਲਾ ਹੋ ਗਿਆ ਹੈ। ਕੁਝ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨਾਲ ਜਾ ਜੁੜੇ ਹਨ। ਉਹਨਾਂ ਦੀ ਗਿਣਤੀ ਏਨੀ ਨਹੀਂ ਕਿ ਉਹ ਆਪਣਾ ਵਖਰਾ ਗਰੁਪ ਬਣਾ ਕੇ ਆਪਣੀ ਮੈਂਬਰੀ ਕਾਇਮ ਰਖ ਸਕਣ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੇਰ-ਸਵੇਰ ਉਹਨਾਂ ਨੂੰ ਆਮ ਆਦਮੀ ਪਾਰਟੀ ਆਪਣੇ ਦਲ ਵਿਚੋਂ ਕਢ ਦੇਵੇਗੀ ਜਾਂ ਉਹ ਮਾਸਟਰ ਬਲਦੇਵ ਸਿੰਘ ਵਿਧਾਇਕ ਵਾਂਗ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦੇਣਗੇ । ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਘਟਦੀ ਗਈ ਤੇ ਅਕਾਲੀ ਦਲ ਦੇ ਵਿਧਾਇਕਾਂ ਤੋਂ ਥਲੇ ਚਲੇ ਗਈ ਤਾਂ ਅਸੰਬਲੀ ਦੇ ਵਿਰੋਧੀ ਦਲ ਦੇ ਨੇਤਾ ਦੀ ਕੁਰਸੀ ਵੀ ਆਮ ਆਦਮੀ ਪਾਰਟੀ ਹਥੋਂ ਜਾਂਦੀ ਰਹੇਗੀ। ਇਸ ਵੇਲੇ ਅਸੰਬਲੀ ਵਿਚ ਕੁੱਲ 117 ਮੈਂਬਰ ਹਨ। ਇਹਨਾਂ ਵਿੱਚੋਂ ਕਾਂਗਰਸ ਦੇ 77, ਆਮ ਆਦਮੀ ਪਾਰਟੀ ਦੇ 20 ਅਤੇ ਅਕਾਲੀ ਦਲ-ਭਾਜਪਾ ਦੇ 18 ਵਿਧਾਇਕ ਹਨ। ਸੁਖਪਾਲ ਖਹਿਰਾ, ਐਚ ਐਸ ਫੂਲਕਾ ਅਤੇ ਮਾਸਟਰ ਬਲਦੇਵ ਸਿੰਘ ਨੇ ਵਿਧਾਇਕ ਵਜੋਂ ਅਸਤੀਫੇ ਦੇ ਦਿਤੇ ਹਨ। ਇਸ ਸਭ ਕੁਝ ਦੇ ਚੱਲਦਿਆਂ ਵੀ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਆਧਾਰ ਬਿਖਰ ਰਿਹਾ ਹੈ, ਸੁਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ ਐਮ ਪੀ, ਹਰਿੰਦਰ ਸਿੰਘ ਖਾਲਸਾ ਐਮ ਪੀ ਆਮ ਆਦਮੀ ਪਾਰਟੀ ਦਾ ਖਹਿੜਾ ਛਡ ਚੁਕੇ ਹਨ, ਆਮ ਆਦਮੀ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜਨ ਦਾ ਫ਼ੈਸਲਾ ਕਰ ਲਿਆ ਹੈ। ਪਾਰਟੀ ਆਗੂਆਂ ਕਹਿਣਾ ਹੈ ਕਿ ਭਾਜਪਾ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ ਕਾਂਗਰਸ ਨਾਲ ਸਮਝੌਤਾ ਕਰਨ ਲਈ ਤਿਆਰ ਸੀ, ਪਰ ਕਾਂਗਰਸ ਵਿਚ ਹੰਕਾਰ ਹਾਵੀ ਹੈ। ਇੰਜ ਆਮ ਆਦਮੀ ਪਾਰਟੀ ਪੰਜਾਬ ’ਚ ਇਕੱਲਿਆਂ ਚੋਣ ਲੜੇਗੀ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਖੇਮੇ ਨੂੰ ਅਸੰਬਲੀ ਚੋਣਾਂ ’ਚ ਹਾਰ ਮਿਲੀ। ਨਸ਼ਾ ਤਸਕਰੀ, ਮਾਫੀਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੇ ਮੁਦੇ ਉਸ ਦੀ ਹਾਰ ਦਾ ਕਾਰਨ ਬਣੇ। ਭਾਜਪਾ ਨੂੰ ਵੀ ਇਸ ਚੋਣ ’ਚ ਵਡਾ ਖਮਿਆਜ਼ਾ ਭੁਗਤਣਾ ਪਿਆ, ਕਿਉਂਕਿ ਅਕਾਲੀ-ਭਾਜਪਾ ਦੇ ਸੂਬੇ ’ਚ ਰਾਜ ਅਤੇ ਕੇਂਦਰ ’ਚ ਮੋਦੀ ਸਰਕਾਰ ਦੇ ਰਾਜ ਦੌਰਾਨ ਉਹ ਪੰਜਾਬ ਦੇ ਕਿਸੇ ਮੁਦੇ ਜਾਂ ਸਮਸਿਆ ਦਾ ਹਲ ਕਰਵਾਉਣ ’ਚ ਨਾਕਾਮਯਾਬ ਰਹੀ। ਭਾਵੇਂ ਕਿ ਪਿਛਲੇ ਸਾਲ-ਡੇਢ ਸਾਲ ਦੇ ਸਮੇਂ ਦੌਰਾਨ ਅਕਾਲੀ ਦਲ ਨੇ ਆਪਣਾ ਖੁੱਸਿਆ ਪੇਂਡੂ ਆਧਾਰ ਮੁੜ ਸੰਭਾਲਣ ਦਾ ਯਤਨ ਕੀਤਾ, ਪਰ ਪੰਜਾਬੀਆਂ ਦੀ ਨਾਰਾਜ਼ਗੀ, ਜੋ ਉਸ ਨੇ 10 ਸਾਲ ਸਹੇੜੀ, ਕਾਰਨ ਉਹ ਆਪਣੀ ਕਾਰਗੁਜ਼ਾਰੀ ’ਚ ਕੋਈ ਸੁਧਾਰ ਨਹੀਂ ਕਰ ਸਕੀ। ਉਲਟਾ ਪਾਰਟੀ ’ਚ ਸਿਆਸੀ ਭੰਨ-ਤੋੜ ਹੋਈ ਹੈ ਅਤੇ ਮਾਝੇ ਦੇ ਟਕਸਾਲੀ ਆਗੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਆਪ-ਹੁਦਰੀਆਂ ਕਾਰਨ ਵਖਰਾ ਅਕਾਲੀ ਦਲ ਬਣਾ ਕੇ ਬੈਠ ਗਏ ਹਨ।
ਰੁੱਸੇ ਟਕਸਾਲੀ ਆਗੂ ਆਪਣੀ ਹੋਂਦ ਬਣਾਈ ਰਖਣ ਲਈ ਕਦੇ ਆਮ ਆਦਮੀ ਪਾਰਟੀ ਨਾਲ ਸਾਂਝ ਬਣਾਉਣ ਦੇ ਯਤਨਾਂ ’ਚ ਹਨ ਅਤੇ ਕਦੇ ਸੁਖਪਾਲ ਖਹਿਰਾ ਦੇ ਧੜੇ ਨਾਲ ਭਾਈਵਾਲੀ ਕਰਦੇ ਦਿੱਸਦੇ ਹਨ। ਬਹੁਜਨ ਸਮਾਜ ਪਾਰਟੀ ਅਤੇ ਖਬੀਆਂ ਧਿਰਾਂ 2019 ਦੀਆਂ ਚੋਣਾਂ ’ਚ ਕਿਸ ਧਿਰ ਨਾਲ ਖੜਨਗੀਆਂ ਜਾਂ ਆਪਣੇ ਤੌਰ ’ਤੇ ਚੋਣ ਲੜਨਗੀਆਂ, ਇਸ ਬਾਰੇ ਸਪੱਸ਼ਟ ਤੌਰ ’ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ।
ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ’ਚ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਵਿਸ਼ਵਾਸ ਡਗਮਗਾ ਚੁਕਾ ਹੈ। ਉਹ ਵੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਰਿਵਾਇਤੀ ਪਾਰਟੀਆਂ ਦੀ ਕਤਾਰ ਵਿਚ ਖੜੀ ਦਿੱਸਦੀ ਹੈ। ਕਾਂਗਰਸ ਸਰਕਾਰ ਤੋਂ ਲੋਕ ਨਿਰਾਸ਼ ਦਿਖ ਰਹੇ ਹਨ। ਅਕਾਲੀਆਂ ’ਤੇ ਲੋਕਾਂ ਦਾ ਵਿਸ਼ਵਾਸ ਬਝ ਨਹੀਂ ਰਿਹਾ। ਖਬੇ-ਪਖੀ ਧਿਰਾਂ ਵੱਲੋਂ ਇਕੱਠਿਆਂ ਹੋ ਕੇ ਹੰਭਲਾ ਨਾ ਮਾਰੇ ਜਾਣ ਕਾਰਨ ਲੋਕ ਉਹਨਾਂ ਨਾਲ ਜੁੜ ਨਹੀਂ ਰਹੇ। ਪੰਜਾਬ ਦੇ ਲੋਕਾਂ ਦੀ ਕਿਸੇ ਸਿਆਸੀ ਧਿਰ ਪ੍ਰਤੀ ਉਮੀਦ ਨਹੀਂ ਬਝ ਰਹੀ। ਤਦ ਵੀ, 2019 ਦੀਆਂ ਚੋਣਾਂ ’ਚ ਉਨ੍ਹਾਂ ਨੇ ਹਿਸਾ ਤਾਂ ਲੈਣਾ ਹੀ ਹੈ, ਇਸ ਆਸ ਨਾਲ ਕਿ ਦੇਰ-ਸਵੇਰ ਉਹਨਾਂ ਦੇ ਮੁਦਿਆਂ, ਮਸਲਿਆਂ ਅਤੇ ਸਮਸਿਆਵਾਂ ਨੂੰ ਹਲ ਕਰਨ ਜਾਂ ਘੱਟੋ-ਘੱਟ ਸੁਣਨ ਵਾਲਾ ਕੋਈ ਸਿਆਸਤਦਾਨ ਜਾਂ ਸਿਆਸੀ ਪਾਰਟੀ ਤਾਂ ਪੰਜਾਬ ’ਚ ਆਵੇਗੀ ਹੀ।

Send this to a friend