ਅਮਰੀਕਾ ’ਚ ਟੈਕਸਸ ਦੇ ਸਾਂ ਅੰਤੋਨੀਓ ਵਿਚ ਰਹਿੰਦੇ ਸਿਖ ਭਾਈਚਾਰੇ ਵੱਲੋਂ ਬਹੁਤ ਹੀ ਸ਼ਾਨਦਾਰ ਅਤੇ ਨਿਵੇਕਲੇ ਉਦਮ ਰਾਹੀਂ ਅਮਰੀਕੀ ਸਰਕਾਰ ਦੇ ਸੈਂਕੜੇ ਮੁਲਾਜ਼ਮਾਂ ਨੂੰ ਮੁਫ਼ਤ ਲੰਗਰ ਛਕਾਇਆ ਜਾ ਰਿਹਾ ਹੈ। ਸਰਕਾਰ ਦੀ ਆਰਜ਼ੀ ਤਾਲਾਬੰਦੀ ਕਾਰਨ ਇਹ ਮੁਲਾਜ਼ਮ ਬਿਨ੍ਹਾ ਤਨਖ਼ਾਹ ਤੋਂ ਕੰਮ ਕਰਨ ਅਤੇ ਫਾਕੇ ਕੱਟਣ ਲਈ ਮਜਬੂਰ ਹਨ। ਇੱਥੇ ਜ਼ਿਕਰਯੋਗ ਹੈ ਕਿ ਅਮਰੀਕੀ ਸਦਰ ਮਿਸਟਰ ਡੋਨਲਡ ਟਰੰਪ ਵੱਲੋਂ ‘ਕੰਧ’ ਦੇ ਮੁੱਦੇ ’ਤੇ ਅੜੀ ਕਾਰਨ ਸਰਕਾਰ ਨੂੰ ਆਰਜ਼ੀ ਤਾਲਾਬੰਦੀ ਕਰਨੀ ਪਈ ਹੈ। ਪਿਛਲੇ ਲਗਭਗ ਤਿੰਨ ਹਫ਼ਤਿਆਂ ਤੋਂ ਜਾਰੀ ਆਰਜ਼ੀ ਤਾਲਾਬੰਦੀ ਕਾਰਨ ਅਹਿਮ ਵਿਭਾਗਾਂ ’ਚ ਕੰਮ ਕਰਦੇ ਅਠ ਲਖ ਤੋਂ ਵਧ ਸੰਘੀ ਮੁਲਾਜ਼ਮ ਡੂੰਘੇ ਆਰਥਿਕ ਸੰਕਟ ’ਚੋਂ ਗੁਜ਼ਰ ਰਹੇ ਹਨ। ਸਰਕਾਰ ਦੀ ਤਾਲਾਬੰਦੀ ਕਾਰਨ ਉਨ੍ਹਾਂ ਨੂੰ ਕੰਮ ਛਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਨਾਲ ਉਨ੍ਹਾਂ ਦੇ ਪਰਿਵਾਰ ਵੀ ਪ੍ਰਭਾਵਿਤ ਹੋਏ ਹਨ। ਔਰਤਾਂ ਅਤੇ ਛੋਟੇ-ਛੋਟੇ ਬੱਚਿਆਂ ਨੂੰ ਭੋਜਨ ਲਈ ਤਰਸਨਾ ਪੈ ਰਿਹਾ ਹੈ। ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਨਵੀ ਆਧਾਰ ’ਤੇ ਹੀ ਸਿੱਖ ਭਾਈਚਾਰੇ ਵੱਲੋਂ ਪੀੜਤ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲੰਗਰ ਲਗਾਏ ਗਏ ਹਨ। ਇਨ੍ਹਾਂ ਲੰਗਰਾਂ ਵਿੱਚ ਸੱਜਰਾ ਅਤੇ ਗਰਮ ਸ਼ਾਕਾਹਾਰੀ ਖ਼ਾਣਾ ਵਰਤਾਇਆ ਜਾ ਰਿਹਾ ਹੈ। ਸਿਖ ਭਾਈਚਾਰੇ ਵੱਲੋਂ ਲੰਗਰ ਲਈ ਗੁਰਦੁਆਰੇ ਦੇ ਮੀਨੂ ਮੁਤਾਬਕ ਵਸਤਾਂ ਜਿਵੇਂ ਮਸਰਾਂ ਦੀ ਦਾਲ, ਸਬਜ਼ੀਆਂ, ਚੌਲ ਤੇ ਪ੍ਰਸ਼ਾਦੇ ਆਦਿ ਤਿਆਰ ਕੀਤੇ ਗਏ। ਇਸ ਸੇਵਾ ਵਿੱਚ ਸਾਂ ਅੰਤੋਨੀਓ ਦੇ ਗੁਰਦੁਆਰਾ ਸਾਹਿਬ ਅਤੇ ਸੰਗਤ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। ਸਾਂ ਅੰਤੋਨੀਓ ਦਾ ਸਿਖ ਸੈਂਟਰ ਸ਼ਹਿਰ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ, ਜੋ 2001 ਵਿਚ ਸਥਾਪਤ ਕੀਤਾ ਗਿਆ ਸੀ। ਇਸ ਗੁਰਦੁਆਰਾ ਸਾਹਿਬ ਵਲੋਂ ਨਵੇਂ ਪਰਵਾਸੀਆਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਖਾਣਾ, ਕਪੜੇ ਤੇ ਆਸਰਾ ਵੀ ਦਿਤਾ ਜਾਂਦਾ ਹੈ। ਗੁਰਦੁਆਰਾ ਕਮੇਟੀ ਅਤੇ ਸੰਗਤ ਦੇ ਇਹ ਉਦਮ ਬਹੁਤ ਹੀ ਸ਼ਲਾਘਾਯੋਗ ਹਨ। ਇਸ ਨਾਲ ਸਿੱਖ ਭਾਈਚਾਰੇ ਨੂੰ ਆਪਣੀ ਪਹਿਚਾਣ ਬਣਾਉਣ ਅਤੇ ਲੋਕਾਂ ਦਾ ਆਪਣੇ ਪ੍ਰਤੀ ਨਜ਼ਰੀਆ ਬਦਲਣ ਵਿੱਚ ਮਦਦ ਮਿਲੇਗੀ। ਇਹ ਚੰਗੀ ਗੱਲ ਹੈ ਕਿ ਸਿੱਖ ਭਾਈਚਾਰਾ ਲਗਭਗ ਸਾਰੇ ਦੇਸ਼ਾਂ ਵਿੱਚ ਹੀ ਮਾਨਵਤਾ ਦੀ ਸੇਵਾ ਲਈ ਅੱਗੇ ਰਹਿੰਦਾ ਹੈ। ਇਸ ਤੋਂ ਵੱਡੀ ਗੱਲ ਇਹ ਕਿ ਸਿੱਖ ਭਾਈਚਾਰਾ ਅਜਿਹੀ ਸੇਵਾ ਕਰਦੇ ਹੋਏ ਧਰਮ, ਵਰਗ ਅਤੇ ਜਾਤ ਦਾ ਕੋਈ ਫਰਕ ਨਹੀਂ ਕਰਦਾ। ਸਿੱਖ ਗੁਰੂ ਸਹਿਬਾਨਾਂ ਵੱਲੋਂ ਦਰਸਾਏ ਗਏ ਮਾਰਗ ਅਨੁਸਾਰ ਸਿੱਖ ਭਾਈਚਾਰੇ ਦੀ ਇਹ ਸੇਵਾ ਬਹੁਤ ਵੱਡੇ ਅਰਥ ਰੱਖਦੀ ਹੈ। ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਦੇ ਔਖੇ ਸਮੇਂ ਉਨ੍ਹਾਂ ਦੀ ਲੰਗਰ ਆਦਿ ਨਾਲ ਸੇਵਾ ਕਰਨਾ ਬਹੁਤ ਹੀ ਪਰਉਪਕਾਰੀ ਅਤੇ ਪ੍ਰਭਾਵਸ਼ਾਲੀ ਕਦਮ ਹੈ। ਇਸ ਉਦਮ ਲਈ ਸਿੱਖ ਭਾਈਚਾਰੇ ਦੇ ਸਾਰੇ ਮੈਂਬਰਾਨ ਵਧਾਈ ਦੇ ਪਾਤਰ ਹਨ। ਲਾਜ਼ਮੀ ਤੌਰ ’ਤੇ ਇਸ ਨਾਲ ਸਿੱਖ ਭਾਈਚਾਰੇ ਦਾ ਪ੍ਰਭਾਵ ਹੋਰ ਵਧੇਗਾ। ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ਇਸ ਤਰ੍ਹਾਂ ਦੇ ਉਦਮ ਕਰਦੀਆਂ ਰਹਿਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਉਹ ਅਮਰੀਕਾ ਵਿੱਚ ਫ਼ਾਕੇ ਕੱਟ ਰਹੇ ਸਰਕਾਰੀ ਮੁਲਜ਼ਮਾਂ ਲਈ ਲੰਗਰ ਲਗਾਉਣ ਵਾਲੇ ਮੋਹਰੀ ਸਿੱਖਾਂ ਦਾ ਯੋਗ ਤਰੀਕੇ ਨਾਲ ਸਨਮਾਨ ਕਰਨ।
-ਬਲਜੀਤ ਸਿੰਘ ਬਰਾੜ