ਪੰਜਾਬ ’ਚ ਸਿਆਸਤ ਨਿਤ ਪ੍ਰਤੀ ਕਰਵਟ ਬਦਲ ਰਹੀ ਹੈ। ਨਿਤ ਨਵੀਆਂ ਸਿਆਸੀ ਸਮੀਕਰਣਾਂ ਬਣ ਰਹੀਆਂ ਹਨ। ਨਿਤ ਨਵੇਂ ਸਿਆਸੀ ਫੈਸਲੇ ਹੋ ਰਹੇ ਹਨ। ਸਿਆਸੀ ਜੋੜ-ਤੋੜ ਤੇ ਸਿਆਸੀ ਘਟਨਾਵਾਂ ਦੇ ਪਿਛੇ 2019 ਦੀਆਂ ਦੇਸ਼ ਦੀਆਂ ਆਮ ਚੋਣਾਂ ਹਨ, ਜਿਹਨਾ ਨੇ ਅਗਲੇ ਪੰਜ ਸਾਲਾਂ ਲਈ ਦੇਸ਼ ਦਾ ਭਵਿਖ ਤਹਿ ਕਰਨਾ ਹੈ। ਦੇਸ਼ ਦੀ ਰਾਸ਼ਟਰੀ ਸਿਆਸੀ ਤਸਵੀਰ ਜਿਵੇਂ ਜਿਵੇਂ ਬਦਲ ਰਹੀ ਹੈ, ਨਵੇਂ ਗਠਜੋੜ ਬਣ ਅਤੇ ਟੁਟ ਰਹੇ ਹਨ, ਤਿਵੇਂ ਤਿਵੇਂ ਦੇਸ਼ ਦੀਆਂ ਪ੍ਰਮੁਖ ਪਾਰਟੀਆਂ ਭਾਜਪਾ ਅਤੇ ਕਾਂਗਰਸ ਦਾ ਅੰਦਰਲਾ ਡਰ ਵਧ ਰਿਹਾ ਹੈ। ਇਸ ਡਰ ਕਾਰਨ ਦੇਸ਼ ਦੇ ਸੂਬਿਆਂ ‘ਚ ਇਹ ਸਿਆਸੀ ਪਾਰਟੀਆਂ ਨਵੇਂ ਪੈਂਤੜੇ ਅਖਤਿਆਰ ਕਰ ਰਹੀਆਂ ਹਨ। ਅਤੇ ਇਕ ਦੂਜੇ ਦੇ ਰਾਜ ਕਰਦੇ ਸੂਬਿਆਂ ‘ਚ ਸਰਕਾਰਾਂ ਸੁਟਣ, ਸਿਆਸੀ ਬੰਦੇ ਖਰੀਦਣ, ਸਰਕਾਰਾਂ ‘ਚ ਉਥਲ-ਪੁਥਲ ਮਚਾਉਣ ਲਈ ਵਾਹ ਲਾ ਰਹੀਆਂ ਹਨ। ਕਰਨਾਟਕ ਦੀ ਕਾਂਗਰਸ ਨਾਲ ਸਾਂਝੀ ਸਰਕਾਰ ਤੋੜਨ ਲਈ ਭਾਜਪਾ ਨੇ ਇਹਨੀ ਦਿਨੀਂ ਕਾਂਗਰਸ ਦੇ ਚਾਰ ਐਮ.ਐਲ. ਏ. ਇਧਰ ਉਧਰ ਕਰ ਦਿਤੇ ਹਨ। ਪੰਜਾਬ ਵਿਚਲੀ ਕਾਂਗਰਸ ਅਮਰਿੰਦਰ ਸਿੰਘ ਸਰਕਾਰ ਨੂੰ ਵੀ ਅਸਥਿਰ ਕਰਨ ਲਈ ਅੰਦਰੋ-ਗਤੀ ਜ਼ੋਰ ਲਾਇਆ ਜਾ ਰਿਹਾ ਹੈ, ਜਿਸ ਦੇ ਪਾਰਟੀ ਨੇਤਾ ਅਮਰਿੰਦਰ ਸਿੰਘ ਵਲੋਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਤਣ ਦਾ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ।
ਪਿਛਲੇ ਦਿਨੀਂ ਨੌਜਵਾਨ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿਮਘ ਬਾਦਲ ਵਲੋਂ ਪੰਚਾਂ, ਸਰਪੰਚਾਂ ਨੂੰ ਸਹੁੰ ਚੁਕ ਸਮਾਗਮ ਸਮੇਂ ਪੰਜਾਬ ਦੇ ਸੀਨੀਅਰ ਪੁਲਿਸ ਅਫਸਰ ਮੁਖਵਿੰਦਰ ਸਿੰਘ ਛੀਨਾ ਵਿਰੁਧ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਦੇ ਸ਼ਰੇਆਮ ਇਲਜ਼ਾਮ ਲਗਾਉਣਾ, ਅਮਰਿੰਦਰ ਸਰਕਾਰ ਦੀ ਢਿਲੀ ਕਾਰਜਗੁਜਾਰੀ ‘ਤੇ ਸਵਾਲ ਉਠਾਉਣਾ ਮੰਨਿਆ ਜਾ ਰਿਹਾ ਹੈ। ਕੁਲਬੀਰ ਸਿੰਘ ਜ਼ੀਰਾ ਦੀ ਕਾਂਗਰਸ ਤੋਂ ਮੁਅਤਲੀ , ਫਿਰ ਕਿਸੇ ਸਮਝੌਤੇ ਤਹਿਤ ਮੁੜ ਬਹਾਲੀ ਅਤੇ ਜ਼ਿਲਾ ਗੁਰਦਾਸਪੁਰ ਦੇ ਸ੍ਰੀ ਹਰਿਗੋਬਿੰਦਪੁਰ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਜਨਤਕ ਪ੍ਰੋਗਰਾਮ ‘ਚ ਪ੍ਰਤਾਪ ਸਿੰਘ ਬਾਜਵਾ ਸਾਬਕਾ ਕਾਂਗਰਸ ਪ੍ਰਧਾਨ ਨੂੰ ਪੰਜਾਬ ਦਾ ਮੁਖਮੰਤਰੀ ਬਨਾਉਣ ਦੀ ਇਛਾ ਜ਼ਾਹਿਰ ਕਰਨਾ, ਕਾਂਗਰਸ ਪਾਰਟੀ ‘ਚ ਟੁਟ ਭੁਜ ਦਾ ਵਡਾ ਸੰਕੇਤ ਗਿਣਿਆ ਜਾ ਰਿਹਾ ਹੈ। ਇਸ ਤੋਂ ਵੀ ਮਹਤਵਪੂਰਨ ਨਵਜੋਤ ਸਿੰਘ ਸਿਧੂ ਨੂੰ ਪੰਜਾਬ ਦਾ ਉਪ ਮੁਖਮੰਤਰੀ ਬਨਾਉਣ ਦੀ ਚਰਚਾ ਅਤੇ ਕਿਧਰੇ ਕਿਧਰੇ ਉਸ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੁਧ ਕੀਤੀ ਜਾਂਦੀ ਖਾਮੋਸ਼ ਜਿਹੀ ਬਲੇਬਾਜੀ ਵੀ ਇਹੋ ਦਰਸਾਉਂਦੀ ਹੈ ਕਿ ਪੰਜਾਬ ਕਾਂਗਰਸ ‘ਚ ਸਭ ਕੁਝ ਅਛਾ ਨਹੀਂ ਅਤੇ ਇਸੇ ਕਰਕੇ ਕਾਂਗਰਸ ਦੇ ਵਡੀ ਗਿਣਤੀ ਵਿਧਾਇਕ ਕਾਂਗਰਸੀ ਅਮਰਿੰਦਰ ਸਿੰਘ ਸਰਕਾਰ ਵਿਰੁਧ ਇਹ ਇਲਜ਼ਾਮ ਲਗਾਉਣ ਤੋਂ ਸੰਕੋਚ ਨਹੀਂ ਕਰਦੇ ਕਿ ਇਹ ਸਰਕਾਰ ਅਸਲ ਵਿਚ ਪੁਲਿਸ ਅਫ਼ਸਰਾਂ ਅਤੇ ਨੌਕਰਸ਼ਾਹੀ ਵਲੋਂ ਚਲਾਈ ਜਾ ਰਹੀ ਹੈ, ਜਿਸ ਉਤੇ ਕੋਈ ਸਿਆਸੀ ਕੁੰਡਾ ਨਹੀਂ ਹੈ। ਇਸ ਵਧਦੀ ਹੋਈ ਅਸੰਤੁਸ਼ਟੀ ਦੇ ਮਦੇ ਨਜ਼ਰ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਮਾਝਾ, ਮਾਲਵਾ, ਦੁਆਬਾ ਦੇ ਵਿਧਾਇਕਾਂ ਦੀਆਂ ਮੀਟਿੰਗਾਂ ਲਗਾਕੇ ਉਹਨਾ ਦੇ ਗਿਲੇ-ਸ਼ਿਕਵੇਂ ਸੁਣੇ ਹਨ, ਉਹਨਾ ਨੂੰ ਹਲ ਕਰਨ ਦਾ ਭਰੋਸਾ ਦਿਤਾ ਹੈ ਅਤੇ 2019 ਦੀਆਂ ਚੋਣਾਂ ਨੂੰ ਧਿਆਨ ‘ਚ ਰਖਦਿਆਂ ਹਰ ਵਿਧਾਇਕ ਹਲਕੇ ਲਈ ਪੰਜ ਪੰਜ ਕਰੋੜ ਦੀਆਂ ਵਿਕਾਸ ਗ੍ਰਾਂਟਾਂ ਦੇਣ ਲਈ ਤੁਰੰਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ, ਭਾਵੇਂ ਕਿ ਵਿਧਾਇਕਾਂ ਦੀ ਮੰਗ ਸੀ ਕਿ ਐਮ ਪੀ ਲੈਡ ਸਕੀਮ ਵਾਂਗਰ ਇਹ ਰਕਮ ਐਮ ਐਲ ਏ ਲੈਡ ਬਣਾਕੇ ਇਹ ਰਕਮ ਉਹਨਾ ਦੇ ਸਪੁਰਦ ਕੀਤੀ ਜਾਵੇ।
ਪੰਜਾਬ ਕਾਂਗਰਸ ਸੂਬੇ ਭਰ ‘ਚ ਬਲਾਕ ਸੰਮਤੀਆਂ, ਜ਼ਿਲਾ ਪ੍ਰੀਸ਼ਦਾਂ ਅਤੇ ਪਿੰਡ ਪੰਚਾਇਤਾਂ ‘ਚ ਆਪਣੇ ਪਖੀ ਵਡੀ ਗਿਣਤੀ ‘ਚ ਜਿਤਾਂ ਉਤੇ ਭਾਵੇਂ ਵਡੀ ਖੁਸ਼ੀ ਅਤੇ ਸੰਤੁਸ਼ਟਤਾ ਜ਼ਾਹਿਰ ਕਰਦੀ ਹੈ, ਪਰ ਇਹਨਾ ਚੋਣਾਂ ‘ਚ ਕੀਤੀ ਗਈ ਹੁਲੜਬਾਜੀ, ਧਕੇਸ਼ਾਹੀ ਨੇ ਕਾਂਗਰਸ ਦੇ ਅਕਸ ਨੂੰ ਵਡਾ ਧਕਾ ਵੀ ਲਾਇਆ ਹੈ। ਉਪਰੋਂ ਕਾਂਗਰਸ ਸਰਕਾਰ ਵਲੋਂ ਆਪਣੇ ਵਰਕਰਾਂ ਨੂੰ ਵਖੋ-ਵਖਰੇ ਬੋਰਡਾਂ, ਕਾਰਪੋਰੇਸ਼ਨਾਂ ਜਾਂ ਹੋਰ ਲਾਭ ਵਾਲੇ ਅਹੁਦਿਆਂ ਉਤੇ ਨਾ ਬਿਠਾਕੇ ਉਹਨਾ ਦੇ ਮਨੋਂਬਲ ‘ਚ ਕਮੀ ਕਰਨ ਵਾਲਾ ਕੰਮ ਕੀਤਾ ਹੋਇਆ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਵੀ ਕਾਂਗਰਸ ਨੂੰ ਇਸ ਗਲ ਦਾ ਲਾਭ ਹੈ ਕਿ ਪੂਰੇ ਪੰਜਾਬ ਵਿਚ ਉਸਦੇ ਵਿਰੋਧੀ ਖਿਲਰੇ-ਪੁਲਰੇ ਨਜ਼ਰ ਆ ਰਹੇ ਹਨ। ਪਿਛਲੇ ਦਿਨਾਂ ‘ਚ ਪੰਜਾਬ ਦੀ ਵਿਰੋਧੀ ਧਿਰ ‘ਚ ਬੈਠੀ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ-ਤੀਲਾ ਹੋ ਗਿਆ ਹੈ। ਕੁਝ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨਾਲ ਜਾ ਜੁੜੇ ਹਨ। ਉਹਨਾ ਦੀ ਗਿਣਤੀ ਇਤਨੀ ਨਹੀਂ ਕਿ ਉਹ ਆਪਣਾ ਵਖਰਾ ਗਰੁਪ ਬਣਾਕੇ ਆਪਣੀ ਵਿਧਾਇਕੀ ਕਾਇਮ ਰਖ ਸਕਣ। ਦੇਰ ਸਵੇਰ ਉਹਨਾ ਨੂੰ ਆਮ ਆਦਮੀ ਪਾਰਟੀ ਆਪਣੇ ਦਲ ਵਿਚੋਂ ਕਢ ਦੇਵੇਗੀ ਜਾਂ ਉਹ ਮਾਸਟਰ ਬਲਦੇਵ ਸਿੰਘ ਵਿਧਾਇਕ ਵਾਂਗਰ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦੇਣਗੇ ।ਜੇਕਰ ਆਮ ਆਦਮੀ ਵਿਧਾਇਕਾਂ ਦੀ ਇਹ ਗਿਣਤੀ ਘਟਦੀ ਗਈ ਤੇ ਅਕਾਲੀ ਦਲ ਦੇ ਵਿਧਾਇਕਾਂ ਤੋਂ ਥਲੇ ਚਲੇ ਗਈ ਤਾਂ ਅਸੰਬਲੀ ਦੇ ਵਿਰੋਧੀ ਦਲ ਦੇ ਨੇਤਾ ਦੀ ਕੁਰਸੀ ਵੀ ਆਮ ਆਦਮੀ ਪਾਰਟੀ ਹਥੋਂ ਜਾਂਦੀ ਰਹੇਗੀ। ਇਸ ਵੇਲੇ ਅਸੰਬਲੀ ਵਿਚ ਕੁਲ 117 ਮੈਂਬਰ ਹਨ। ਜਿਹਨਾ ਵਿਚੋਂ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ 20 ਅਤੇ ਅਕਾਲੀ ਦਲ ਭਾਜਪਾ ਦੇ 18 ਵਿਧਾਇਕ ਹਨ। ਸੁਖਪਾਲ ਖਹਿਰਾ, ਐਚ ਐਸ ਫੂਲਕਾ ਅਤੇ ਮਾਸਟਰ ਬਲਦੇਵ ਸਿੰਘ ਨੇ ਵਿਧਾਇਕ ਵਜੋਂ ਅਸਤੀਫੇ ਦੇ ਦਿਤੇ ਹਨ। ਇਸ ਸਭ ਕੁਝ ਦੇ ਚਲਦਿਆਂ ਵੀ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਅਧਾਰ ਵਿਖਰ ਗਿਆ ਹੈ, ਸੁਚਾ ਸਿੰਘ ਛੁਟੇਪੁਰ, ਧਰਮਵੀਰ ਗਾਂਧੀ ਐਮ.ਪੀ.,ਹਰਿੰਦਰ ਸਿੰਘ ਖਾਲਸਾ ਐਮ.ਪੀ., ਆਮ ਆਦਮੀ ਪਾਰਟੀ ਦਾ ਖਹਿੜਾ ਛਡ ਚੁਕੇ ਹਨ, ਆਮ ਆਦਮੀ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਇਕਲਿਆਂ ਹੀ ਲੜਨ ਦਾ ਫੈਸਲਾ ਕਰ ਲਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ ਕਾਂਗਰਸ ਨਾਲ ਸਮਝੌਤਾ ਕਰਨ ਤਿਆਰ ਸੀ ਲੇਕਿਨ ਕਾਂਗਰਸ ਵਿਚ ਹੰਕਾਰ ਹਾਵੀ ਹੈ। ਇੰਜ ਆਮ ਆਦਮੀ ਪਾਰਟੀ ਪੰਜਾਬ ‘ਚ ਇਕਲਿਆਂ ਚੋਣ ਲੜੇਗੀ। ਸ਼੍ਰੌਮਣੀ ਅਕਾਲੀ ਦਲ (ਬਾਦਲ) ਦੇ ਖੇਮੇ ਨੂੰ ਅਸੰਬਲੀ ਚੋਣਾਂ ‘ਚ ਹਾਰ ਮਿਲੀ। ਨਸ਼ਾ ਤਸਕਰੀ, ਮਾਫੀਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੇ ਮੁਦੇ ਉਸਦੀ ਹਾਰ ਦਾ ਕਾਰਨ ਬਣੇ। ਭਾਜਪਾ ਨੂੰ ਵੀ ਇਸ ਚੋਣ ‘ਚ ਵਡਾ ਖਮਿਆਜਾ ਭੁਗਤਣਾ ਪਿਆ ਕਿਉਂਕਿ ਅਕਾਲੀ-ਭਾਜਪਾ ਦੇ ਸੂਬੇ ‘ਚ ਰਾਜ ਅਤੇ ਕੇਂਦਰ ‘ਚ ਮੋਦੀ ਸਰਕਾਰ ਦੇ ਰਾਜ ਦੇ ਦੌਰਾਨ ਉਹ ਪੰਜਾਬ ਦੇ ਕਿਸੇ ਮੁਦੇ, ਜਾਂ ਸਮਸਿਆ ਦਾ ਹਲ ਕਰਵਾਉਣ ‘ਚ ਨਾਕਾਮਯਾਬ ਰਹੀ। ਭਾਵੇਂ ਕਿ ਪਿਛਲੇ ਸਾਲ ਡੇਢ ਸਾਲ ਦੇ ਸਮੇਂ ਦੌਰਾਨ ਅਕਲੀ ਦਲ ਨੇ ਆਪਣਾ ਖੁਸਿਆ ਪੇਂਡੂ ਅਧਾਰ ਮੁੜ ਸੰਭਾਲਣ ਦਾ ਯਤਨ ਕੀਤਾ ਪਰ ਪੰਜਾਬੀਆਂ ਦੀ ਨਰਾਜ਼ਗੀ ਜੋ ਉਸਨੇ 10 ਸਾਲ ਸਹੇੜੀ, ਉਸ ਕਾਰਨ ਉਹ ਆਪਣੀ ਕਾਰਗੁਜ਼ਾਰੀ ‘ਚ ਕੋਈ ਸੁਧਾਰ ਨਹੀਂ ਕਰ ਸਕੀ। ਉਲਟਾ ਪਾਰਟੀ ‘ਚ ਸਿਆਸੀ ਭਨਤੋੜ ਹੋਈ ਹੈ ਅਤੇ ਮਾਝੇ ਦੇ ਟਕਸਾਲੀ ਆਗੂ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਆਪਹੁਦਰੀਆਂ ਕਾਰਨ ਵਖਰਾ ਅਕਾਲੀ ਦਲ ਬਣਾਕੇ ਬੈਠ ਗਏ ਹਨ।
ਰੁਸੇ ਟਕਸਾਲੀ ਆਗੂ, ਆਪਣੀ ਹੋਂਦ ਬਣਾਈ ਰਖਣ ਲਈ ਕਦੇ ਆਮ ਆਦਮੀ ਪਾਰਟੀ ਨਾਲ ਸਾਂਝ ਬਣਾਉਣ ਦੇ ਯਤਨ ‘ਚ ਹਨ ਅਤੇ ਕਦੇ ਸੁਖਪਾਲ ਖਹਿਰਾ ਦੀ ਪਾਰਟੀ ਨਾਲ ਭਾਈਵਾਲੀ ਕਰਦੇ ਦਿਸਦੇ ਹਨ। ਬਹੁਜਨ ਸਮਾਜਵਾਦੀ ਪਾਰਟੀ ਅਤੇ ਖਬੀਆਂ ਧਿਰਾਂ ਵੀ 2019 ਦੀਆਂ ਚੋਣਾਂ ‘ਚ ਕਿਸ ਧਿਰ ਨਾਲ ਖੜਨਗੀਆਂ ਜਾਂ ਆਪਣੇ ਤੌਰ ਤੇ ਚੋਣ ਲੜਨਗੀਆਂ, ਇਸ ਬਾਰੇ ਸਪਸ਼ਟ ਤੌਰ ਤੇ ਕੁਝ ਵੀ ਕਿਹਾ ਨਹੀਂ ਜਾ ਸਕਦਾ।
ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ‘ਚ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਵਿਸ਼ਵਾਸ ਡਗਮਗਾ ਚੁਕਾ ਹੈ। ਉਹ ਵੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਰਿਵਾਇਤੀ ਪਾਰਟੀਆਂ ਦੀ ਕਤਾਰ ਵਿਚ ਖੜੀ ਹੋ ਚੁਕੀ ਹੈ। ਕਾਂਗਰਸੀ ਸਰਕਾਰ ਦੀ ਨਾਕਾਮੀ ਤੋਂ ਲੋਕ ਪ੍ਰੇਸ਼ਾਨ ਦਿਖ ਰਹੇ ਹਨ। ਅਕਾਲੀਆਂ ਤੇ ਲੋਕਾਂ ਦਾ ਵਿਸ਼ਵਾਸ ਬਝ ਨਹੀਂ ਰਿਹਾ। ਖਬੇ ਪਖੀ ਧਿਰਾਂ ਵਲੋਂ ਇਕਠਿਆਂ ਹੋਕੇ ਹੰਭਲਾ ਨਾ ਮਾਰੇ ਜਾਣ ਕਾਰਨ, ਲੋਕ ਉਹਨਾ ਨਾਲ ਜੁੜ ਨਹੀਂ ਰਹੇ। ਪੰਜਾਬ ਦੇ ਲੋਕਾਂ ਦੀ ਕਿਸੇ ਸਿਆਸੀ ਧਿਰ ਪ੍ਰਤੀ ਉਮੀਦ ਨਹੀਂ ਬਝ ਰਹੀ। ਤਦ ਵੀ 2019 ਦੀਆਂ ਚੋਣਾਂ ‘ਚ ਉਹਨਾ ਹਿਸਾ ਤਾਂ ਲੈਣਾ ਹੀ ਹੈ ਇਸ ਆਸ ਨਾਲ ਕਿ ਦੇਰ-ਸਵੇਰ ਉਹਨਾ ਦੇ ਮੁਦਿਆਂ, ਮਸਲਿਆਂ ਅਤੇ ਸਮਸਿਆਵਾਂ ਨੂੰ ਹਲ ਕਰਨ ਜਾਂ ਘਟੋ-ਘਟ ਸੁਨਣ ਵਾਲਾ ਕੋਈ ਸਿਆਸਤਦਾਨ ਜਾਂ ਸਿਆਸੀ ਪਾਰਟੀ ਤਾਂ ਪੰਜਾਬ ‘ਚ ਆਵੇਗੀ ਹੀ, ਜੋ ਉਹਨਾ ਦੀ ਸੁਣਵਾਈ ਕਰੇਗੀ।