ਪੰਜਾਬ ਵਿੱਚ ਕਾਂਗਰਸ ਦੇ ਵਿਧਾਇਕ ਅਤੇ ਆਗੂ ਬੇਉਮੀਦੀ ਅਤੇ ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ’ਚ ਬਣੀ ਕਾਂਗਰਸ ਦੀ ਸਰਕਾਰ ਦੇ 2 ਸਾਲ ਪੂਰੇ ਹੋਣ ਵਾਲੇ ਹਨ। ਹਾਲੇ ਤੱਕ ਕਾਂਗਰਸ ਵੱਲੋਂ ਵਿਧਾਇਕਾਂ ਅਤੇ ਨੇਤਾਵਾਂ ਨੂੰ ਚੇਅਰਮੈਨੀਆਂ ਅਤੇ ਹੋਰ ਅਹੁਦਿਆਂ ਨਾਲ ਨਹੀਂ ਨਿਵਾਜ਼ਿਆ ਗਿਆ। ਸਿਰਫ ਚੋਣਵੇਂ ਆਗੂ ਹੀ ਇਹ ਅਹੁਦੇ ਪ੍ਰਾਪਤ ਕਰ ਸਕੇ ਹਨ। 150 ਤੋਂ ਵੱਧ ਅਜਿਹੀਆਂ ਚੇਅਰਮੈਨੀਆਂ ਅਤੇ ਪ੍ਰਧਾਨਗੀਆਂ ਦੇ ਅਹੁਦੇ ਖਾਲੀ ਪਏ ਹਨ। ਕਾਂਗਰਸੀ ਨੇਤਾਵਾਂ ਅਤੇ ਵਿਧਾਇਕਾਂ ਨੂੰ ਲਗਾਤਾਰ ਲਾਰੇ ਲਗਾਏ ਜਾ ਰਹੇ ਹਨ। ਗੁਰਦਾਸਪੁਰ ਲੋਕ ਸਭਾ ਹਲਕੇ ਅਤੇ ਸ਼ਾਹਕੋਟ ਵਿਧਾਨ ਸਭਾ ਦੀ ਜ਼ਿਮਨੀ ਚੋਣ ਸਮੇਂ ਮੁੱਖ ਮੰਤਰੀ ਵੱਲੋਂ ਨਿੱਜੀ ਤੌਰ ’ਤੇ ਇਹ ਐਲਾਨ ਕੀਤਾ ਗਿਆ ਸੀ ਕਿ ਚੋਣਾਂ ਤੋਂ ਫੌਰੀ ਬਾਅਦ ਇਹ ਅਹੁਦੇ ਭਰ ਦਿੱਤੇ ਜਾਣਗੇ। ਨਗਰ ਨਿਗਮਾਂ ਅਤੇ ਨਗਰ ਪਾਲਿਕਾ ਦੀਆਂ ਚੋਣਾਂ ਸਮੇਂ ਵੀ ਇਹੋ ਆਖਿਆ ਗਿਆ ਸੀ। ਪ੍ਰੰਤੂ ਇਹ ਵਾਅਦਾ ਹਾਲੇ ਤੱਕ ਵਫਾ ਨਹੀਂ ਹੋਇਆ। ਜਾਂ ਇਹ ਆਖਿਆ ਜਾ ਸਕਦਾ ਹੈ ਕਿ ਕਾਂਗਰਸ ਹਾਈ ਕਮਾਨ ਨੇ ਹਾਲੇ ਤੱਕ ਮੁੱਖ ਮੰਤਰੀ ਪੰਜਾਬ ਨੂੰ ਇਹ ਅਹੁਦੇ ਪੁਰ ਕਰਨ ਦੀ ਆਗਿਆ ਨਹੀਂ ਦਿੱਤੀ। ਇਸ ਨਾਲ ਪੰਜਾਬ ਕਾਂਗਰਸ ਪਾਰਟੀ ਅੰਦਰ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ। ਕਾਂਗਰਸੀ ਨੇਤਾਵਾਂ ਨੂੰ ਲੱਗਦਾ ਹੈ ਕਿ ਇਹ ਅਸਾਮੀਆਂ ਪੁਰ ਕਰਨ ਲਈ ਹੁਣ ਲੋਕ ਸਭਾ ਚੋਣਾਂ ਵਿੱਚ ਚੰਗੀ ਕਾਰਗੁਜਾਰੀ ਦੀ ਸ਼ਰਤ ਰੱਖੀ ਜਾਵੇਗੀ। ਇਸ ਤਰ੍ਹਾਂ ਇਹ ਮਾਮਲਾ ਚਾਰ-ਪੰਜ ਮਹੀਨੇ ਹੋਰ ਲਟਕੇਗਾ। ਤਦ ਤੱਕ ਸਰਕਾਰ ਦਾ ਅੱਧਾ ਕਾਰਜਕਾਲ ਪੁਰਾ ਹੋ ਜਾਵੇਗਾ। ਕਾਂਗਰਸ ਦੇ ਵਿਧਾਇਕਾਂ ਨੂੰ ਪਾਰਲੀਮਾਨੀ ਸਕੱਤਰ ਬਣਾਉਣ ਦੀ ਯੋਜਨਾ ਅਦਾਲਤੀ ਝਮੇਲੇ ਕਾਰਨ ਨੇਪਰੇ ਨਹੀਂ ਚੜ੍ਹ ਸਕੀ। ਚੋਣ ਹਾਰਨ ਵਾਲੇ ਅਤੇ ਟਿਕਟਾਂ ਦੇ ਤਿਆਗ ਕਰਨ ਵਾਲੇ ਨੇਤਾਵਾਂ ਨੂੰ ਵੀ ਯੋਗ ਤਰੀਕੇ ਨਾਲ ਸਰਕਾਰ ਵਿੱਚ ਹਿੱਸੇਦਾਰੀ ਨਾ ਮਿਲਣ ਕਾਰਨ ਹਾਲਾਤ ਬਹੁਤ ਪੇਚੀਦਾ ਬਣੇ ਹੋਏ ਹਨ। ਇਸ ਨਾਲ ਮੁੱਖ ਮੰਤਰੀ ਪ੍ਰਤੀ ਨਰਾਜ਼ਗੀ ਵੱਧ ਰਹੀ ਹੈ। ਵਰਕਰਾਂ ਉਪਰ ਪਾਰਟੀ ਦੀ ਪਕੜ ਕਮਜ਼ੋਰ ਹੁੰਦੀ ਜਾ ਰਹੀ ਹੈ। ਸਰਕਾਰ ਦੇ ਕੰਮਕਾਜ ਪ੍ਰਤੀ ਵੀ ਰੋਸੇ ਪੈਦਾ ਹੋ ਰਹੇ ਹਨ। ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਵਿੱਚ ਲਗਾਤਾਰ ਇਹ ਪ੍ਰਭਾਵ ਬਣਦਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਪ੍ਰਭਾਵ ਪ੍ਰਤੀ ਸੰਜੀਦਾ ਨਹੀਂ ਹਨ। ਉਨ੍ਹਾਂ ਵੱਲੋਂ ਸਰਕਾਰ ਅਤੇ ਪਾਰਟੀ ਪੱਧਰ ’ਤੇ ਯੋਗ ਸਰਗਰਮੀ ਨਹੀਂ ਦਿਖਾਈ ਜਾ ਰਹੀ। ਜੇਕਰ ਚੇਅਰਮੈਨੀਆਂ ਦੇਣ ਦਾ ਕਾਰਜ ਹੋਰ ਲਟਕਦਾ ਹੈ ਤਦ ਇਸ ਦਾ ਅਸਰ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਕਾਰਗੁਜਾਰੀ ਉਪਰ ਪੈ ਸਕਦਾ ਹੈ। ਇਸ ਸਬੰਧੀ ਤੁਰੰਤ ਫੈਸਲਾ ਲੈ ਕੇ ਮੁੱਖ ਮੰਤਰੀ ਪੰਜਾਬ ਪਾਰਟੀ ਅਤੇ ਸਰਕਾਰ ਉਪਰ ਆਪਣੀ ਪਕੜ ਅਤੇ ਪ੍ਰਭਾਵ ਨੂੰ ਹੋਰ ਮਜ਼ਬੂਤ ਬਣਾ ਸਕਦੇ ਹਨ, ਨਹੀਂ ਤਾਂ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦੀ ਨਿਰਾਸ਼ਾ ਪਾਰਟੀ ਅਤੇ ਸਰਕਾਰ ਨੂੰ ਮਹਿੰਗੀ ਪੈ ਸਕਦੀ ਹੈ।
– ਬਲਜੀਤ ਸਿੰਘ ਬਰਾੜ