ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਦੇ ਪਹਿਲੇ ਦਿਨ ਇਕ ਨਿੱਜੀ ਖ਼ਬਰ ਏਜੰਸੀ ਨੂੰ ਵਿਸਥਾਰ ਵਿੱਚ ਟੀ.ਵੀ. ਇੰਟਰਵਿਊ ਦੇ ਕੇ ਰਾਜਸੀ ਹਲਕਿਆਂ ਨੂੰ ਹੈਰਾਨ ਕਰ ਦਿੱਤਾ। ਇਸ ਟੀ.ਵੀ. ਇੰਟਰਵਿਊ ਵਿੱਚ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਹਰ ਮੁੱਦੇ ਉਪਰ ਕਰਾਰਾ ਝਟਕਾ ਦਿੱਤਾ ਹੈ। ਵਿਰੋਧੀ ਸਿਆਸੀ ਨੇਤਾ ਲਗਾਤਾਰ ਪ੍ਰਧਾਨ ਮੰਤਰੀ ’ਤੇ ਹਮਲੇ ਕਰ ਰਹੇ ਸਨ ਕਿ ਉਹ ਵੱਖ-ਵੱਖ ਸਿਆਸੀ ਮੁੱਦਿਆਂ ਉਪਰ ਮੌਨ ਧਾਰੀ ਬੈਠੇ ਹਨ। ਪ੍ਰਧਾਨ ਮੰਤਰੀ ਨੇ ਸਹੀ ਮੌਕੇ ਉਪਰ ਇਸ ਹਮਲੇ ਦਾ ਢੁੱਕਵਾਂ ਜਵਾਬ ਦੇ ਦਿੱਤਾ ਹੈ। ਇਸ ਮੁਲਾਕਾਤ ਰਾਹੀਂ ਉਨ੍ਹਾਂ ਨੇ 2019 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਆਮ ਚੋਣਾਂ ਲਈ ਆਪਣੇ ਸਿਆਸੀ ‘ਰੋਡ-ਮੈਪ’ ਦਾ ਵੀ ਖੁਲਾਸਾ ਕਰ ਦਿੱਤਾ ਹੈ। ਉਨ੍ਹਾਂ ਨੇ ਲੋਕ ਸਭਾ ਚੋਣਾਂ ਲਈ ਮੁੱਦੇ ਵੀ ਤਹਿ ਕਰ ਦਿੱਤੇ ਹਨ। ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਆਮ ਚੋਣਾਂ ਲਈ ਹਮਲਾਵਰ ਚੋਣ ਪ੍ਰਚਾਰ ਸ਼ੁਰੂ ਕਰਨ ਵਾਲੇ ਹਨ। ਇਸ ਇਕੱਲੀ ਟੀ.ਵੀ. ਇੰਟਰਵਿਊ ਨਾਲ ਪ੍ਰਧਾਨ ਮੰਤਰੀ ਵਿਰੋਧੀ ਧਿਰ ਉਪਰ ਇਕ ਤਰ੍ਹਾਂ ਨਾਲ ਹਾਵੀ ਹੋ ਗਏ ਹਨ। ਇੰਟਰਵਿਊ ਦੌਰਾਨ ਉਨ੍ਹਾਂ ਦਾ ਆਤਮ ਵਿਸ਼ਵਾਸ ਝਲਕਦਾ ਦਿਸ ਰਿਹਾ ਹੈ। ਉਹ ਇਸ ਗੱਲ ਲਈ ਵੀ ਪੂਰੀ ਤਰ੍ਹਾਂ ਆਸਵੰਦ ਹਨ ਕਿ ਦੇਸ਼ ਦੇ ਲੋਕ ਉਨ੍ਹਾਂ ਨੂੰ ਇਕ ਵਾਰ ਫਿਰ ਕੇਂਦਰ ਵਿੱਚ ਰਾਜ ਕਰਨ ਦਾ ਮੌਕਾ ਦੇਣਗੇ। ਬੇਸ਼ਕ ਪ੍ਰਧਾਨ ਮੰਤਰੀ ਉਪਰ ਆਰ.ਐਸ.ਐਸ. ਅਤੇ ਭਾਜਪਾ ਦੇ ਸ਼ਕਤੀਸ਼ਾਲੀ ਨੇਤਾਵਾਂ ਦਾ ਭਾਰੀ ਦਬਾਅ ਹੈ, ਪ੍ਰੰਤੂ ਪ੍ਰਧਾਨ ਮੰਤਰੀ ਨੇ ਅਜਿਹੇ ਦਬਾਅ ਨੂੰ ਦਰ-ਕਿਨਾਰ ਕਰਦੇ ਹੋਏ ਆਪਣੇ ਸਿਆਸੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਰਾਮ ਮੰਦਰ ਦੇ ਅਹਿਮ ਅਤੇ ਵਿਵਾਦ ਵਾਲੇ ਮੁੱਦੇ ਉਪਰ ਉਨ੍ਹਾਂ ਨੇ ਬੇਹਦ ਸਪੱਸ਼ਟ ਬਿਆਨੀ ਤੋਂ ਕੰਮ ਲਿਆ ਹੈ। ਕੱਟੜਪੰਥੀ ਹਿੰਦੂ ਜਥੇਬੰਦੀਆਂ ਵੱਲੋਂ ਰਾਮ ਮੰਦਰ ਦੇ ਮੁੱਦੇ ਉਪਰ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਹੋ ਰਹੀ ਹੈ। ਪ੍ਰਧਾਨ ਮੰਤਰੀ ਵੱਲੋਂ ਇਹ ਕਹਿਣਾ ਕਿ ਸਰਕਾਰ ਰਾਮ ਮੰਦਰ ਸਬੰਧੀ ਫੈਸਲੇ ਲਈ ਕਾਨੂੰਨੀ ਪ੍ਰਕਿਰਿਆ ਦਾ ਇੰਤਜ਼ਾਰ ਕਰੇਗੀ, ਵੱਡੀ ਅਹਿਮੀਅਤ ਰੱਖਦਾ ਹੈ। ਲਾਜ਼ਮੀ ਤੌਰ ’ਤੇ ਇਸ ਦਾ ਦੇਸ਼ ਦੀ ਰਾਜਨੀਤੀ ਉਪਰ ਵੱਡਾ ਅਸਰ ਪਵੇਗਾ। 2014 ਵਿੱਚ ਪ੍ਰਧਾਨ ਮੰਤਰੀ ਨੇ ਹਿੰਦੂਤਵ ਦੇ ਉਭਾਰ ਵਿਚਕਾਰ ਨੌਜਵਾਨਾਂ, ਉਮੀਦਾਂ ਵਾਲੀ ਪੀੜ੍ਹੀ ਅਤੇ ਮੱਧ ਵਰਗੀ ਤਬਕੇ ਦੀ ਵੋਟ ਲੈ ਕੇ ਇਤਿਹਾਸਕ ਜਿੱਤ ਹਾਸਿਲ ਕੀਤੀ ਸੀ। ਹੁਣ ਰਾਮ ਮੰਦਰ ਦਾ ਮੁੱਦਾ ਨਵੇਂ ਸਿਰੇ ਤੋਂ ਉਠ ਰਿਹਾ ਹੈ। ਭਾਜਪਾ ਦੀ ਚਿੰਤਾ ਹੈ ਕਿ ਇਹ ਤਬਕਾ ਜ਼ਰੂਰੀ ਮੁੱਦਿਆਂ ਦੇ ਵਿੱਚ ਰਾਮ ਮੰਦਰ ਦੇ ਮੁੱਦੇ ਉਪਰ ਸ਼ਾਇਦ ਹੀ ਵੋਟਾਂ ਪਾਵੇ। ਅਜਿਹੇ ਹਾਲਾਤਾਂ ਵਿੱਚ ਹੀ ਇਸ ਤਬਕੇ ਨੂੰ ਭਾਜਪਾ ਨਾਲ ਜੋੜ ਕੇ ਰੱਖਣ ਲਈ ਪ੍ਰਧਾਨ ਮੰਤਰੀ ਨੇ ਮੰਦਰ ਦੇ ਮੁੱਦੇ ਉਪਰ ਕਠੋਰ ਰਵੱਈਆ ਅਪਨਾਉਣ ਦੀ ਥਾਂ ਨਰਮਾਈ ਤੋਂ ਕੰਮ ਲਿਆ ਹੈ। ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀ ਨੇਤਾਵਾਂ ਨੂੰ ਇਹ ਲੱਗਣ ਲੱਗਾ ਹੈ ਕਿ ਰਾਮ ਮੰਦਰ ਦੇ ਮੁੱਦੇ ਨਾਲ ਜੁੜੇ ਵੋਟਰਾਂ ਨਾਲੋਂ ਦੂਸਰੇ ਨਵੇਂ ਅਤੇ ਨੌਜਵਾਨ ਵੋਟਰਾਂ ਨੂੰ ਪਾਰਟੀ ਨਾਲ ਜੋੜ ਕੇ ਰੱਖਣਾ ਇਕ ਵੱਡੀ ਚੁਣੌਤੀ ਹੈ। ਲਾਜ਼ਮੀ ਤੌਰ ’ਤੇ ਪ੍ਰਧਾਨ ਮੰਤਰੀ ਨੇ ਇਕ ਨੁਕਤੇ ਨਾਲ ਹੀ ਇਸ ਮੁੱਦੇ ’ਤੇ ਆਰ.ਐਸ.ਐਸ. ਅਤੇ ਹੋਰ ਕੱਟੜ ਜਥੇਬੰਦੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਪ੍ਰਧਾਨ ਮੰਤਰੀ ਰਾਸ਼ਟਰਵਾਦ ਦੇ ਮੁੱਦੇ ਉਪਰ ਵੀ ਪੂਰੀ ਤਰ੍ਹਾਂ ਸਪੱਸ਼ਟ ਹਨ। ਉਨ੍ਹਾਂ ਨੇ ਇਸ ਇੰਟਰਵਿਊ ਦੌਰਾਨ ਊੜੀ ਹਮਲੇ ਅਤੇ ਸਰਜੀਰਕਲ ਸਟਰਾਈਕ ਬਾਰੇ ਵਿਸਥਾਰ ’ਚ ਗੱਲ ਕਰਕੇ ਇਹ ਜਿਤਾ ਦਿੱਤਾ ਹੈ ਕਿ ਉਹ ਚੋਣਾਂ ਦੌਰਾਨ ਰਾਸ਼ਟਰਵਾਦ ਦੇ ਮੁੱਦੇ ਨੂੰ ਉਭਾਰਨ ’ਤੇ ਪੂਰਾ ਜ਼ੋਰ ਲਗਾਉਣਗੇ। ਮੌਜੂਦਾ ਸਮੇਂ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਅਜਿਹੇ ਮੁੱਦਿਆਂ ਉਪਰ ਸਪੱਸ਼ਟ ਨੀਤੀ ਲੈ ਕੇ ਨਹੀਂ ਚੱਲ ਰਹੀ। ਲਾਜ਼ਮੀ ਤੌਰ ’ਤੇ ਇਸ ਦਾ ਲਾਭ ਭਾਜਪਾ ਨੂੰ ਹੋ ਸਕਦਾ ਹੈ। ਕੁੱਝ ਵੀ ਹੋਵੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਤੇਵਰ ਵਿਰੋਧੀ ਧਿਰ ਲਈ ਚਿੰਤਾ ਦਾ ਵਿਸ਼ਾ ਹੋਣੇ ਚਾਹੀਦੇ ਹਨ।
– ਬਲਜੀਤ ਸਿੰਘ ਬਰਾੜ