ਕੈਪਟਨ ਅਮਰਿੰਦਰ ਸਿੰਘ ਵੱਲੋਂ 1.2 ਲੱਖ ਸਰਕਾਰੀ ਅਸਾਮੀਆਂ ਪੜਾਅਵਾਰ ਭਰਨ ਦੇ ਨਿਰਦੇਸ਼

ਚੰਡੀਗੜ੍ਹ, 1 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ 1.2 ਲੱਖ ਅਸਾਮੀਆਂ ਨੂੰ ਪੜਾਅਵਾਰ ਤਰੀਕੇ ਨਾਲ ਭਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪਹਿਲੇ ਪੜਾਅ ਦੌਰਾਨ ਸਿਹਤ, ਸਿੱਖਿਆ ਅਤੇ ਡਾਕਟਰੀ ਸਿੱਖਿਆ ਤੇ ਖੋਜ ਵਰਗੇ ਵਿਭਾਗਾਂ ਵਿੱਚ ਖਾਲੀ ਅਹਿਮ ਅਸਾਮੀਆਂ ਭਰਨ ਲਈ ਆਖਿਆ ਹੈ। ਮੁੱਖ ਮੰਤਰੀ ਨੇ ਇਹ ਨਿਰਦੇਸ਼ ਸੂਬਾ ਸਰਕਾਰ ਦੀ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੌਰਾਨ ਇਕ ਉਚ ਪਧਰੀ ਮੀਟਿੰਗ ਵਿੱਚ ਜਾਰੀ ਕੀਤੇ। ਮੁੱਖ ਮਤੰਰੀ ਨੇ ਸਰਕਾਰੀ ਅਸਾਮੀਆਂ ਭਰਨ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਰੂਪ-ਰੇਖਾ ਤਿਆਰ ਕਰਨ ਲਈ ਆਖਿਆ ਹੈ। ਜਾਇਜ਼ਾ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵਿੱਚ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੇ ਬਾਰੇ ਮੁੱਖ ਸਕੱਤਰ ਨੂੰ ਆਪਣੀ ਅਗਵਾਈ ਵਾਲੀ ਅਫਸਰ ਕਮੇਟੀ ਵਿੱਚ ਪ੍ਰਸ਼ਾਸਕੀ ਸਕੱਤਰਾਂ ਦੇ ਨਾਲ ਮੀਟਿੰਗ ਕਰਨ ਲਈ ਕਿਹਾ ਹੈ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਹੁਨਰ ਸਿਖਲਾਈ ਅਤੇ ਨੌਕਰੀਆਂ ਸਬੰਧੀ ਯੋਗਤਾ ਵਿੱਚਲੇ ਪਾੜੇ ਨੂੰ ਪੂਰਨ ਲਈ ਹੁਨਰ ਵਿਕਾਸ ਮਿਸ਼ਨ ਅਤੇ ਰੋਜ਼ਗਾਰ ਉਤਪੱਤੀ ਤੇ ਸਿਖਲਾਈ ਵਿਭਾਗ (ਡੀ.ਈ.ਜੀ.ਟੀ) ਵਿਚਕਾਰ ਵਧੀਆ ਤਾਲਮੇਲ ਅਤੇ ਇਕਸੁਰਤਾ ’ਤੇ ਜ਼ੋਰ ਦਿੱਤਾ ਹੈ।

Send this to a friend