May 26, 2026 10:05 am

ਮੌਜੂਦਾ ਰਾਜਨੀਤਿਕ ਮਾਹੌਲ ’ਚ ਫ਼ਸੀਆਂ ਸਿਆਸੀ ਪਾਰਟੀਆਂ

ਤਕਰੀਬਨ ਡੇਢ ਸਾਲ ਦਾ ਕਾਰਜਕਾਲ ਲੰਘਾਅ ਚੁਕੀ ਕਾਂਗਰਸ ਪਾਰਟੀ ਦੀ ਸਰਕਾਰ ਜਿਸ ਤਰਾਂ ਤਗੜੀ ਪਾਰਟੀ ਹੋ ਕੇ ਪੰਜਾਬ ਅੰਦਰ ਵਡੇ ਬਹੁ-ਮਤ ਨਾਲ ਸਰਕਾਰ ਬਣਾਕੇ ਆਈ ਸੀ ਉਸ ਦਾ ਪ੍ਰਭਾਵ ਲੋਕ ਮਨਾਂ ਤੇ ਮਨਫੀ ਹੋਇਆ ਜਾਪਦਾ ਹੈ। ਕੈਪਟਨ ਸਰਕਾਰ ਨੇ ਬੇਸ਼ਕ ਕਿਸਾਨੀ ਕਰਜਾ ਮੁਆਫ ਅਤੇ ਵਧੀਆ ਸਵਛ ਪ੍ਰਸ਼ਾਸ਼ਨ ਦੇਣ ਦਾ ਅਸਫਲ ਯਤਨ ਕੀਤਾ ਹੈ ਪਰ ਨਸ਼ੇ ਦੇ ਦਰਿਆ ਦਾ ਪਹਿਲੇ ਦਹਾਕੇ ਦੀ ਤਰਾਂ ਨਿਰੰਤਰ ਵਗਦੇ ਰਹਿਣਾ, ਨੌਜੁਆਨਾਂ ਨੂੰ ਭਰੋਸੇਯੋਗ ਰੁਜਗਾਰ ਨਾ ਦੇ ਸਕਣਾ,ਸਰਕਾਰੇ ਦਰਬਾਰੇ ਕਾਂਗਰਸੀ ਵਰਕਰਾਂ ਦੀ ਪੁਛ ਪੜਤਾਲ ਨਾ ਹੋਣਾ ਅਤੇ ਇਥੋਂ ਤਕ ਕਿ ਮਾਰਕਿਟ ਕਮੇਟੀ ਅਤੇ ਇੰਪਰੂਵਮੈਂਟ ਟਰਸਟਾਂ ਵਿਚ ਆਪਣੇ ਵਰਕਰਾਂ ਨੂੰ ਵੀ ਚੇਅਰ ਮੈਨੀਆਂ ਅਤੇ ਮੈਂਬਰੀਆਂ ਨਾ ਦੇ ਸਕਣਾ, ਇਹ ਸਾਰਾ ਕੁਝ ਲੋਕ ਮਨਾਂ ਅੰਦਰ ਰੋਸਾ ਅਤੇ ਨਿਰਾਸ਼ਾ ਪੈਦਾ ਕਰ ਗਿਆ ਹੈ ਲੋਕ ਠਗੇ-ਠਗੇ ਮਹਿਸੂਸ ਕਰਨ ਲਗ ਪਏ ਹਨ। ਨੌਕਰੀ ਕਰ ਰਹੇ ਅਧਿਆਪਕਾਂ ਦੀ ਤਨਖਾਹ ਵਿਚ ਵਡੀ ਕਟੌਤੀ ਵਰਗੀਆਂ ਧਕੇ ਸ਼ਾਹੀਆਂ ਦੇ ਕਾਰਨ ਅਧਿਆਪਕਾਂ ਦੇ ਰੋਹ ਕਰਕੇ ਕੈਪਟਨ ਸਰਕਾਰ ਦੀ ਨੀਂਦ ਹਰਾਮ ਵੀ ਹੋਈ ਹੈ।
ਦੂਸਰੇ ਪਾਸੇ ਜੇ ਗਲ ਕਰੀਏ ਬੇ-ਅਦਬੀ ਕਾਂਡ ਦੀ ਤਾ ਕੈਪਟਨ ਸਾਹਿਬ ਲਈ ਸਪ ਦੇ ਮੂੰਹ ਵਿਚ ਕਿਰਲੀ ਵਾਲੀ ਗਲ ਹੋਈ ਲਗਦੀ ਹੈ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਵਿਧਾਨ ਸਭਾ ਵਿਚ ਹੋਈ ਇਕ ਤਰਫਾ ਬਹਿਸ ਤੋਂ ਬਾਅਦ ਸਰਕਾਰ ਵਲੋਂ ਕੋਈ ਠੋਸ ਕਦਮ ਨਾ ਚੁਕਿਆ ਜਾਣਾ ਅਤੇ ਜਾਇਜ਼ ਦੋਸੀਆਂ ਖਿਲਾਫ ਐਫ.ਆਰ.ਆਈ ਜਾਂ ਗ੍ਰਿਫਤਾਰੀ ਨਾ ਹੋਣੀ ਅਜਿਹੇ ਕਾਰਨਾਂ ਕਰਕੇ ਲੋਕ ਮਨਾਂ ਅੰਦਰ ਹੋਰ ਵੀ ਰੋਸਾ ਵਧਿਆ ਹੈ। ਜਿਸਨੇ ਕੈਪਟਨ ਦੀ ਲੋਕ ਪ੍ਰਿਯਤਾ ਨੂੰ ਬੇ-ਹਦ ਸਟ ਮਾਰੀ ਹੈ। ਸਾਰੇ ਸੰਸਾਰ ਅੰਦਰ ਵਸਦੇ ਪੰਜਾਬੀਆਂ ਖਾਸ ਕਰਕੇ ਸਿਖਾਂ ਨੂੰ ਇਕ ਵਡੀ ਆਸ ਦੀ ਕਿਰਨ ਬਣੀ ਹੋਈ ਸੀ ਕਿ ਹੁਣ ਇਨਸਾਫ ਜਰੂਰ ਮਿਲੇਗਾ। ਇਨਸਾਫ ਲਈ ਲਾਏ ਬਰਗਾੜੀ ਮੋਰਚੇ ਨੇ ਪੰਜਾਬ ਦੀ ਰਾਜਨੀਤੀ ਨੂੰ ਕਾਫ਼ੀ ਪ੍ਰਭਾਵਿਤ ਵੀ ਕੀਤਾ ਹੈ। ਭਾਵੇਂ ਇਨਸਾਫ ਪ੍ਰਾਪਤੀ ਦਾ ਅਸਰ ਅਕਾਲੀ ਦਲ ਨੂੰ ਝੇਲਣਾ ਪੈਣਾ ਹੈ ਤੇ ਪੈ ਰਿਹਾ ਹੈ ਪਰ ਸਮੇਂ ਦੀ ਕੁਖ ਵਿਚੋਂ ਨਿਕਲਣ ਵਾਲੇ ਅਣ ਕਿਆਸੇ ਤਿਗੜਮ ਨੂੰ ਕੌਣ ਸਮਝ ਸਕਦਾ ਹੈ, ਕੀ ਤੋਂ ਕੀ ਹੋ ਜਾਵੇ ਇਹ ਸਮਾਂ ਆਉਣ ‘ਤੇ ਹੀ ਜ਼ਾਹਿਰ ਹੁੰਦਾ ਹੈ। ਹੁਣ ਮੋਰਚੇ ਦੀ ਸਮਾਪਤੀ ਇਤਿਹਾਸ ਦੇ ਵਰਕੇ ‘ਤੇ ਲਿਖੇ ਗਲਤ ਅਖਰ ਵਾਂਗ ਰੜ੍ਹਕ ਰਹੀ ਹੈ। ਪਤਾ ਨਹੀਂ ਕੀ ਮਜ਼ਬੂਰੀ ਹੋਵੇਗੀ ਵਿਚਾਰੇ ਜਥੇਦਾਰ ਮੰਡੀ ਦੀ ਜਿਸਨੇ ਮੋਰਚੇ ਦੀ ਜਿਤ ਨੂੰ ਪੰਥ ਦੀ ਆਹੂਤੀ ਦੇ ਕੇ ਇਕ ਦਮ ਸਮਾਪਤ ਕਰ ਦਿਤਾ ਹੈ। ਕਹਿੰਦੇ ਹਨ ਬੰਦਾ ਦੋ ਗਲਾਂ ਤੋਂ ਰਸਤਾ ਬਦਲ ਦਿੰਦਾ ਹੈ, ਇਕ ਲਾਲਚ ਤੇ ਦੂਜਾ ਡਰ। ਹੁਣ ਪਤਾ ਨਹੀ ਬੇਚਾਰਾ ਕਿਹੜੀ ਇਕ ਗਲ ਜਾਂ ਦੋਹਾਂ ਗਲਾਂ ਦੇ ਪ੍ਰਭਾਵ ਹੇਠ ਔਹ ਗਿਆ।ਹੁਣ ਪੰਜਾਬ ਦੀ ਰਾਜਨੀਤੀ ਵਿਚ ਇਕ ਵਡਾ ਖਿਲਾਅ ਪੈਦਾ ਹੋਇਆ ਜਾਪਦਾ ਹੈ। ਮੌਜ਼ੂਦਾ ਸਰਕਾਰ ਨਿਰਾਸਾ ਨੂੰ ਆਸਾ ਵਿਚ ਬਦਲਣ ਤੋਂ ਅਸਮਰਥ ਜਾਪਦੀ ਹੈ। ਦੂਜੇ ਪਾਸੇ ਸ਼ੋਮਣੀ ਅਕਾਲੀ ਦਲ ਮਿਟੀ ਤੋਂ ਗੋਂਗਲੂ ਝਾੜਨ ਦੀ ਖੋਜ ਵਿਚ ਰੁਝਿਆ ਹੋਇਆ ਹੈ। ਦਸਾਂ ਸਾਲਾਂ ਦੌਰਾਨ ਹੋਈਆਂ ਗਲਤੀਆਂ ਦੀ ਖਿਮਾਂ ਜਾਚਨਾ ਕਰਨ ਦਾ ਢਘੋਂਚ, ਅਕਾਲੀ ਦਲ ਨੂੰ ਬਰੀ ਹੋਣ ਦਾ ਭਰਮ ਬਣਿਆ ਹੋਇਆ ਹੈ। ਲੋਕ ਕਚਹਿਰੀ ਤਾਂ ਹੋਈਆਂ ਗਲਤੀਆਂ ਦੀ ਬਜਾਇ ਹੋਈ ਗਲਤੀ ਦੀ ਸਜਾ ਸੁਣਨਾ ਵੇਖਣਾ ਲੋਚਦੀ ਹੈ। ਪਰ ਅਜ ਹੈ ਇਥੇ ਕੋਈ ਮਾਈ ਦਾ ਲਾਲ ਜਿਹੜਾ ਹੋਈ ਗਲਤੀ ਦੀ ਗਲ ਮੰਨ ਲਵੇ ਜਾਂ ਕੋਈ ਮੰਨਾਅ ਲਵੇ ਤੇ ਸਜਾ ਦੇ ਦੇਵੇ? ਬਰਗਾੜੀ ਵਿਖੇ ਹੋਈਆਂ ਦੋ ਮੌਤਾਂ ਅਤੇ ਕੁਟ ਮਾਰ ਧਾੜ ਬੇਇਜਤੀ ਦੀ ਗਲ ਤਾਂ ਛਡੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਲਈ ਜਾਇਜ ਜ਼ਿੰਮੇਵਾਰ ਵਿਅਕਤੀ ਕਾਨੂੰਨੀ ਸਿਕੰਜੇ ਤੋਂ ਪਰੇ ਰਹਿ ਗਏ ਲਗਦੇ ਹਨ।
ਹੁਣ ਬਹੁਤੇ ਮਸਲਿਆਂ ਦਾ ਹਲ ਉਡੀਕਦਿਆਂ ਕੋਈ ਪੁਖਤਾ ਹਲ ਨਾ ਮਿਲਣ ਤੋਂ ਬਾਅਦ ਲੋਕ ਮਨਾਂ ਅੰਦਰ ਇਕ ਸਵਾਲ ਜੋ ਚਿਰਾਂ ਤੋਂ ਬਰਕਰਾਰ ਹੈ ਉਹ ਇਹ ਕਿ ਪੰਜਾਬ ਦੀ ਵਾਗਡੋਰ ਕਿਸੇ ਇਮਾਨਦਾਰ, ਬੇਦਾਗ, ਬੇਖੌਫ਼, ਪੜੇ-ਲਿਖੇ ਹਰਮਨ ਪਿਆਰੇ ਵਿਅਕਤੀ ਦੇ ਹਥ ਹੋਵੇ। ਜੋ ਲੋਕ ਹਿਤਾਂ ਦੀ ਤਰਜਮਾਨੀ ਕਰਦਾ ਹੋਵੇ। ਜੋ ਨੌਜੁਆਨ ਨੂੰ ਨਸ਼ਿਆਂ ਤੋ ਬਚਾਉਣ ਦਾ ਦਰਦ ਰਖਦਾ ਹੋਵੇ ਅਤੇ ਰੁਜ਼ਗਾਰ ਪੈਦਾ ਕਰਨ ਦੀਆਂ ਆਰਥਿਕ ਬਰੀਕੀਆਂ ਨੂੰ ਸਮਝਦਾ ਹੋਵੇ। ਜੋ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਨੂੰਨੀ ਪ੍ਰੀਕ੍ਰਿਆ ਵਿਚੋਂ ਲੰਘਾਅ ਕੇ ਕਾਲ ਕੋਠੜੀ ਤਕ ਪਹੁੰਚਾਉਣ ਦੀ ਜ਼ੁਰਅਤ ਰਖਦਾ ਹੋਵੇ। ਜੋ ਠੋਸ ਤੇ ਸਚੀ ਸੁਚੀ ਜ਼ਿੰਮੇਵਾਰੀ ਨਾਲ ਆਮ ਲੋਕਾਂ ਨੂੰ ਸਰਕਾਰੇ ਦਰਬਾਰੇ ਨਿਆਂ ਦਿਵਾਉਣ ਵਾਲਾ ਹੋਵੇ। ਇਹ ਚਾਰ ਪੰਜ ਪਹਿਲੂ ਹਨ ਜਿਸ ਨੂੰ ਲੋਕ ਕਚਹਿਰੀ ਤੁਰੰਤ ਹਲ ਕਰਨਾ ਲੋਚਦੀ ਹੈ। ਰਾਜਨੀਤੀ ਦੇ ਅਤੀਤ ਵਿਚ ਲੋਕਾਂ ਨੇ ਚਾਹਿਆ ਹੈ ਕਿ ਉਕਤ ਗੁਣਾਂ ਦਾ ਧਾਰਨੀ ਸਾਡਾ ਆਗੂ ਹੋਵੇ। ਪਰ ਰਾਜਨੀਤਕ ਤਿਗੜਮ, ਲੋਕਾਂ ਦੀ ਬੇ-ਸਮਝੀ, ਕੁਰਸੀ ਦੀ ਲਾਲਸਾ ਵਰਗੀਆਂ ਕੋਝੀਆਂ ਚਾਲਾਂ ਨੇ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿਤਾ ਤੇ ਅਜ ਆਹ ਦਿਨ ਦੇਖਣੇ ਪੈ ਰਹੇ ਹਨ। ਲੋਕ ਮਨਾਂ ‘ਚੋਂ ਉਭਰ ਕੇ ਕੁਝ ਸਮਾਂ ਪਹਿਲਾ ਆਈ “ਆਮ ਆਦਮੀ ਪਾਰਟੀ” ਦਾ ਅਧਾਰ ਵੀ ਨਾ-ਕਾਮਯਾਬੀ ਵਾਲਾ ਬਣ ਗਿਆ ਜਾਪਦਾ ਹੈ। ਇਸ ਪਾਰਟੀ ਤੋਂ ਅਲਗ ਕੀਤੇ ਖਹਿਰਾ ਧੜੇ ਨੇ ਸਚੀ-ਸੁਚੀ ਸੇਵਾ ਕਰਨ ਦਾ ਝੰਡਾ ਫੜ ਕੇ ਕਿਸੇ ਨਾ ਕਿਸੇ ਬਹਾਨੇ ਰਾਜਨੀਤਕ ਪ੍ਰਭਾਤ ਫੇਰੀ ਦਾ ਮਹੌਲ ਆਪਣੇ ਹਕ ਵਿਚ ਸਿਰਜਣ ਲਈ ਯਤਨ ਆਰੰਭਿਆ ਹੋਇਆ ਹੈ। ਪਰ ਲੋਕ ਮਨਾਂ ਅੰਦਰ ਧੋਖੇ ਦਾ ਡਰ, ਬੇ-ਯਕੀਨੀ ਦੀ ਧਾਰਾ ਵਿਸ਼ਵਾਸ ਪੈਦਾ ਨਹੀਂ ਹੋਣ ਦੇ ਰਹੀ। ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਦਿਲੀ ਬੈਠੇ ਨੇਤਾ ਦੇ ਤਾਨਾਸ਼ਾਹੀ ਫੈਸਲੇ ਦੀ ਤਰਾਂ ਫਿਰ ਨਾ ਕੋਈ ਠਗੀ ਲਾ ਜਾਵੇ, ਐਸਾ ਡਰ ਲਗਦਾ ਹੈ। ਨਾਲੋ-ਨਾਲ ਸਵਾਲ ਖੜਾ ਹੋ ਇਹ ਵੀ ਖੜਾ ਹੈ ਕਿ ਕੀ ਇਕਲੇ ਖਹਿਰਾ ਜਾਂ ਬੈਂਸ ਭਰਾ ਲੋਕਾਂ ਦੀਆਂ ਆਸਾਂ ਨੂੰ ਬੂਰ ਪਾਉਣ ਦੇ ਸਮਰਥ ਹੋ ਸਕਣਗੇ? ਰਾਜਨੀਤਕ ਘੁਣਤਰਾਂ ਵਿਚੋਂ ਇਕ ਗਲ ਤਾਂ ਨਿਕਲ ਰਹੀ ਜਾਪਦੀ ਹੈ, ਕਿ ਜਿਵੇਂ ਅਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੁਲਵਾਉਣ ਲਈ ਬਣੇ ਹੀਰੋ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੂੰ ਜੇਕਰ ਖਹਿਰਾ ਧੜਾ ਆਪਣੀ ਨਵੀ ਬਣੀ “ਪੰਜਾਬ ਡੈਮੋਕਰੇਟਿਕ ਅਲਾਇੰਸ” ਪਾਰਟੀ ਵਲੋਂ ਮੁਖ ਮੰਤਰੀ ਘੋਸ਼ਿਤ ਕਰ ਦੇਵੇ ਅਤੇ ਖਹਿਰਾ ਖੁਦ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲੇ, ਬੈਂਸ ਭਰਾ ਅਤੇ ਹੋਰਾਂ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਮੋਰਚਾ ਸੰਭਾਲਣ ਦੀ ਵਿਉਂਤਬੰਦ ਘੜੀ ਜਾਵੇ ਅਤੇ ਛੋਟੇਪੁਰ, ਘੁਗੀ ਵਰਗੇ ਆਗੂਆਂ ਨੂੰ ਨਾਲ ਲੈ ਕੇ ਰੁਸੇ ਅਤੇ ਕਢੇ ਟਕਸਾਲੀ ਅਕਾਲੀ ਆਗੂਆਂ ਦੀ ਨਵੀ ਬਣੀ “ਸ੍ਰੋਮਣੀ ਅਕਾਲੀ ਦਲ ਟਕਸਾਲੀ” ਪਾਰਟੀ ਨੂੰ ਸਨਮਾਨ ਸਾਹਿਤ ਸਾਮਿਲ ਕੀਤਾ ਜਾਵੇ ਤਾਂ ਰਾਜਨੀਤੀ ਦੀ ਪੰਡਤ-ਗਿਰੀ ਸਮਝਦੀ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚੋਂ ਉਪਰੋਕਤ ਨਿਰਾਸਾ ਨੂੰ ਆਸਾ ਵਿਚ ਬਦਲਣ ਦਾ ਅਵਸਰ ਮਿਲ ਸਕਦਾ ਹੈ ਤੇ ਪੰਜਾਬ ਲਈ ਅਛੇ ਦਿਨ ਪਰਤਣ ਦੀ ਆਸ ਰਖੀ ਜਾ ਸਕਦੀ ਹੈ।
ਪਰ ਹੁਣ ਪੰਚਾਇਤੀ ਚੋਣਾਂ, ਫਿਰ ਲੋਕ ਸਭਾ ਚੋਣਾਂ ਵਿਚੋਂ ਦੀ ਗੁਜ਼ਰਨਾ ਪੈਣਾ ਹੈ। ਲੋਕ ਸਭਾ ਅਤੇ ਵਿਧਾਨ ਸਭਾ ਦੇ ਮੁਦਿਆਂ ਵਿਚ ਕਾਫ਼ੀ ਅੰਤਰ ਵੀ ਹੁੰਦਾ ਹੈ। 2022 ਤੋਂ ਪਹਿਲਾਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਅਤੇ ਨਵੰਬਰ 2020 ਰਿਫਰੈਂਡਮ ਵਲੋਂ ਪੰਜਾਬ ਦੀ ਸਿਆਸਤ ਨੂੰ ਕਾਫ਼ੀ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਰਿਫਰੈਂਡਮ ਦਾ ਫਤਵਾ ਕੁਝ ਵੀ ਹੋ ਸਕਦਾ ਹੈ। ਕੁਲ ਮਿਲਾਅ ਕੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਜਾਨ ਦੋ ਪੁੜਾਂ ਵਿਚਾਲੇ ਨਹੀਂ ਬਲਕਿ ਕਈ ਪੁੜਾਂ ਵਿਚੋਂ ਦੀ ਪਿਸ ਕੇ ਨਿਕਲਣ ਵਾਲੀ ਹੈ। ਇਹ ਸਬਬ ਹਾਲੇ ਸਮੇਂ ਦੀ ਉਡੀਕ ਮੰਗਦਾ ਹੈ। ਸਾਰੀਆਂ ਸਮਸਿਆਵਾਂ ਦਾ ਹਲ ਮੋਰਚੇ, ਮਾਰਚ ਜਾਂ ਧਰਨੇ ਨਹੀ ਹੁੰਦੇ ਸਗੋਂ ਇਸ ਦਾ ਹਲ ਤਾਂ ਰਾਜਨੀਤਿਕ ਸੋਚ ਬਦਲਣ ਨਾਲ ਹੀ ਸੰਭਵ ਹੈ। ਰਾਜਨੀਤਿਕ ਸੋਚ ਤਾਂ ਹੀ ਬਦਲੀ ਜਾ ਸਕਦੀ ਹੈ ਜੇ ਕਰ ਲੋਕ ਮਨਾਂ ਅੰਦਰ ਸਿਆਸੀ ਸੋਚ ਸਿਆਣੀ ਹੋਵੇਗੀ ਅਤੇ ਇਹ ਚੰਗੀ ਸੋਚ ਵੋਟ ਵੇਚਣ ਦੀ ਬਜਾਇ ਇਕ ਚੰਗੇ ਬੰਦਿਆਂ ਨੂੰ ਆਪਣਾ ਰਾਜਨੀਤਕ ਆਗੂ ਸਵੀਕਾਰ ਕਰੇਗੀ।

Send this to a friend