ਅਪਰਾਧ ਅਤੇ ਭੁੱਲਾਂ ਵਿੱਚ ਵੱਡਾ ਫਰਕ ਹੁੰਦਾ ਹੈ। ਗੁਰੂ ਦੇ ਦਰ ਉਪਰ ਪਸ਼ਚਾਤਾਪ ਤਾਂ ਦੋਹਾਂ ਲਈ ਹੋ ਸਕਦਾ ਹੈ। ਗੁਰੂ ਸਿਰਫ ਭੁੱਲਾਂ ਹੀ ਬਖਸ਼ਾਉਂਦਾ ਹੈ। ਅਪਰਾਧ ਲਈ ਦੋਹਰੀ ਸਜ਼ਾ ਮਿਲਦੀ ਹੈ-ਲੋਕ ’ਚ ਵੀ ਅਤੇ ਪ੍ਰਲੋਕ ’ਚ ਵੀ। ਧਾਰਮਿਕ ਅਵੱਗਿਆ ਲਈ ਜਦੋਂ ਚਾਹੋ ਗੁਰੂ ਦੇ ਸ਼ਰਨ ਆ ਕੇ ਭੁੱਲ ਬਖਸ਼ਾਈ ਜਾ ਸਕਦੀ ਹੈ। ਗੁਰੂ ਦੇ ਦਰ ਉਪਰ ਆਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਉਣਾ, ਪਾਠ ਅਤੇ ਕੀਰਤਨ ਸੁਣਨਾ, ਬਰਤਨਾਂ ਅਤੇ ਜੋੜਿਆਂ ਦੀ ਸੇਵਾ ਕਰਨਾ ਹਰ ਮਨੁੱਖ ਦਾ ਹੱਕ ਹੈ। ਇਸ ਵਿੱਚ ਕੋਈ ਵਿਵਾਦ ਨਹੀਂ। ਵਿਵਾਦ ਤਾਂ ਇਸ ਦੇ ਮਨਮਰਜ਼ੀ ਦੇ ਅਰਥ ਕੱਢਣਾ ਹੈ। ‘ਸੇਵਾ’ ਰਾਜਨੀਤੀ ਲਈ ਪੌੜੀ ਨਹੀਂ ਹੈ। ਸੇਵਾ ਮਨੁੱਖੀ ਜੀਵਨ ਸਫਲ ਕਰਨ ਲਈ ਇਕ ਜ਼ਰੀਆ ਹੈ। ਇਹ ਗੁਰੂ ਦੀ ਮਰਜ਼ੀ ਹੈ ਕਿ ਉਹ ਸੇਵਾ ਨੂੰ ਕਿਸ ਤਰ੍ਹਾਂ ਪ੍ਰਵਾਨ ਕਰਦੇ ਹਨ ਜਾਂ ਨਹੀਂ। ਜੋ ਗੁਰੂ ਨੂੰ ਪ੍ਰਵਾਨ ਹੈ, ਉਹ ਹੀ ਸੰਗਤ ਨੂੰ ਪ੍ਰਵਾਨ ਹੈ। ਕੋਈ ਵੀ ਵਿਅਕਤੀ ਦੁਨਿਆਵੀ ਤੌਰ ’ਤੇ ਵੱਡੇ ਰੁਤਬੇ ਦਾ ਮਾਲਕ ਹੋ ਸਕਦਾ ਹੈ। ਧੰਨ-ਦੌਲਤ ਵਾਲਾ ਹੋ ਸਕਦਾ ਹੈ, ਪ੍ਰੰਤੂ ਉਹ ਗੁਰੂ ਦੀ ਮਰਜ਼ੀ ਖਰੀਦ ਨਹੀਂ ਸਕਦਾ। ਨਾ ਹੀ ਉਸ ਵਿੱਚ ਇਹ ਤਾਕਤ ਹੈ ਕਿ ਉਹ ਗੁਰੂ ਦੇ ਸਿਧਾਤਾਂ ਅਤੇ ਮਰਿਯਾਦਾ ਨੂੰ ਆਪਣੀ ਮਨ ਮਰਜ਼ੀ ਨਾਲ ਬਦਲ ਸਕੇ। ਇਹ ਗੱਲ ਵੱਖਰੀ ਹੈ ਕਿ ਸਿਆਸੀ ਨੇਤਾਵਾਂ ਨੂੰ ਲਗਦਾ ਹੈ ਕਿ ਧਰਮ ਵੀ ਰਾਜਨੀਤੀ ਦੀ ਤਰ੍ਹਾਂ ਹੀ ਹੈ, ਜਿਸ ਨੂੰ ਜਦੋਂ ਮਰਜ਼ੀ ਜਿਵੇਂ ਮਰਜ਼ੀ ਵਰਤ ਲਵੋਂ। ਧਰਮ ਦੀ ਸ਼ਰਨ ਵਿੱਚ ਆਉਣਾ ਚੰਗੀ ਗੱਲ ਹੈ ਪਰ ਧਰਮ ਨੂੰ ਰਾਜਨੀਤੀ ਦੀ ਪੌੜੀ ਬਣਾਉਣਾ ਪੂਰੀ ਤਰ੍ਹਾਂ ਗਲਤ ਹੈ। ਇਹ ਅਵੱਗਿਆ ਗੁਰੂ ਦੇ ਦਰ ਪ੍ਰਵਾਨ ਨਹੀਂ ਹੁੰਦੀ। ਸਿਆਸੀ ਸੰਕਟ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਧਰਮ ਵੱਲ ਮੋੜਾ ਇਕ ਹਾਂ ਪੱਖੀ ਕਦਮ ਹੈ, ਪਰ ਆਪਣੇ ਅਪਰਾਧਾਂ ਲਈ ਧਰਮ ਦਾ ਸਹਾਰਾ ਲੈਣਾ ਸਹੀ ਨਹੀਂ ਹੈ। ਬਾਦਲ ਦਲ ਨੂੰ ਕਾਨੂੰਨੀ ਅਤੇ ਸਿਆਸੀ ਲੜਾਈ ਧਰਮ ਨਾਲ ਰਲਗਡ ਨਹੀਂ ਕਰਨੀ ਚਾਹੀਦੀ। ਗੁਰੂ ਦਾ ਓਟ ਆਸਰਾ ਲੈਣਾ ਵੱਖਰੀ ਗੱਲ ਹੈ ਪਰ ਧਰਮ ਨੂੰ ਸਿਆਸੀ ਬੇੜੀ ਪਾਰ ਲਗਾਉਣ ਲਈ ਵਰਤਣਾ ਗੁਨਾਹ ਹੈ। ਅਕਾਲੀ ਦਲ ਨੂੰ ਸਿਆਸੀ ਲੜਾਈ ਆਪਣੇ ਦਮ ’ਤੇ ਲੜਨੀ ਚਾਹੀਦੀ ਹੈ। ਅਪਰਾਧਾਂ ਲਈ ਕਾਨੂੰਨੀ ਸਜ਼ਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਕਾਲੀ ਦਲ ਦੀ ਲੀਡਰਸ਼ਿਪ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਿਰ ਹੋਣਾ ਉਂਝ ਸਧਾਰਨ ਤੌਰ ’ਤੇ ਕੋਈ ਬੁਰਾ ਨਹੀਂ ਹੈ। ਇਹ ਅਸਲ ਵਿੱਚ ਗੁਰੂ ਅਤੇ ਧਰਮ ਦੀ ਸ਼ਕਤੀ ਦਾ ਹੀ ਇਕ ਪ੍ਰਗਟਾਵਾ ਹੈ। ਚੰਗੀ ਗੱਲ ਹੈ ਕਿ ਅਕਾਲੀ ਆਗੂਆਂ ਨੇ ਸੰਕਟ ਸਮੇਂ ਗੁਰੂ ਦਾ ਓਟ ਆਸਰਾ ਤੱਕਿਆ ਹੈ ਅਤੇ ਸੇਵਾ ਦਾ ਰਾਹ ਚੁਣਿਆ ਹੈ। ਦਲ ਦੇ ਪ੍ਰਧਾਨ ਨੇ ਪਹਿਲੀ ਵਾਰ ਆਪਣਾ ਦਾਹੜਾ ਪ੍ਰਕਾਸ਼ ਕੀਤਾ ਹੈ। ਇਥੋਂ ਤੱਕ ਉਹ ਪੂਰੀ ਤਰ੍ਹਾਂ ਸਹੀ ਹਨ। ਇਸ ਤੋਂ ਬਾਅਦ ਜੋ ਉਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਪ੍ਰਵਾਨ ਨਹੀਂ ਹੈ। ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦੌਰਾਨ ਸਾਜਿਸ਼ੀ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਬੇਅਦਬੀਆਂ ਦਾ ਵਿਰੋਧ ਕਰ ਰਹੇ ਸਿੰਘਾਂ ਦੇ ਕਤਲ, ਪੰਥ ਦੁਸ਼ਮਣ ਡੇਰੇਦਾਰ ਨੂੰ ਬਿਨਾਂ ਮੰਗੇ ਮੁਆਫ਼ੀ ਅਤੇ ਸਰਪ੍ਰਸਤੀ ਭੁੱਲਾਂ ਨਹੀਂ ਅਪਰਾਧ ਹਨ। ਦੋਵੇਂ ਲੋਕ ਅਤੇ ਪਰਲੋਕ ਵਿੱਚ ਇਸ ਨੂੰ ਕਾਨੂੰਨੀ ਸਜ਼ਾ ਤੋਂ ਬਿਨਾਂ ਕੋਈ ਮੁਆਫ਼ੀ ਨਹੀਂ ਦਿੱਤੀ ਜਾ ਸਕਦੀ। ਆਪਣੇ ਗੁਨਾਹਾਂ ਦੀ ਸਜ਼ਾ ਤੋਂ ਬਚਣ ਲਈ ਅਕਾਲੀ ਦਲ ਗੁਰੂ ਦੇ ਸਿਧਾਂਤਾਂ ਅਤੇ ਮਰਿਆਦਾ ਦੇ ਅਰਥ ਬਦਲਣ ਦੀ ਗਲਤੀ ਨਾ ਕਰੇ। ਇਹ ਗਲਤੀ ਉਸ ਨੂੰ ਹੋਰ ਵੱਡੀ ਸਜ਼ਾ ਦਾ ਭਾਗੀ ਬਣਾਏਗੀ। ਅਪਰਾਧ ਤਾਂ ਅਪਰਾਧ ਹੀ ਹੈ। ਅਕਾਲੀ ਦਲ ਦੀ ਰੀਸੇ ਕੱਲ੍ਹ ਨੂੰ ਕੋਈ ਕਾਤਲ-ਅਪਰਾਧੀ ਵੀ ਮੁਆਫੀ ਲਈ ਭਾਂਡੇ ਮਾਂਜਣ ਅਤੇ ਜੋੜਿਆਂ ਦੀ ਸੇਵਾ ਕਰਨ ਲੱਗ ਜਾਵੇਗਾ। ਅਪਰਾਧੀ ਚਾਹੇ ਸਿਆਸੀ ਨੇਤਾ ਹੀ ਕਿਉਂ ਨਾ ਹੋਵੇ ਨੂੰ ਦੇਸ਼ ਦੇ ਕਾਨੂੰਨ ਮੁਤਾਬਿਕ ਸਜ਼ਾ ਮਿਲਣੀ ਚਾਹੀਦੀ ਹੈ। ਅਕਾਲੀ-ਭਾਜਪਾ ਸਰਕਾਰ ਦੀਆਂ ਗਲਤੀਆਂ ਬਾਰੇ ਸੰਗਤ ਸਭ ਜਾਣਦੀ ਹੈ। ਗੁਰੂ ਤਾਂ ਜਾਣੀ-ਜਾਣ ਹੈ ਹੀ। ਬਸ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨਾ ਕੋਈ ਪਹਿਲਾਂ ਗੁਰੂ ਤੋਂ ਵੱਡਾ ਸੀ ਨਾ ਹੁਣ ਹੈ। ਭਰਮ ਬਹੁਤਿਆਂ ਨੂੰ ਹੋ ਸਕਦਾ ਹੈ, ਪਰ ਮਾਲਕ ਸਿਰਫ ਇਕੋ ਹੈ।
– ਬਲਜੀਤ ਸਿੰਘ ਬਰਾੜ