ਨਾਮਜ਼ਦਗੀਆਂ 15 ਤੋਂ ਝ ਚੋਣ ਜ਼ਾਬਤਾ ਲਾਗੂ
ਚੰਡੀਗੜ, 7 ਦਸੰਬਰ- ਰਾਜ ਚੋਣ ਕਮਿਸ਼ਨਰ, ਪੰਜਾਬ ਜਗਪਾਲ ਸਿੰਘ ਸੰਧੂ ਨੇ 13276 ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਸਬੰਧੀ ਪ੍ਰੋਗਰਾਮ ਦਾ ਐਲਾਨ ਕਰ ਦਿਤਾ ਹੈ। ਇਸ ਸਬੰਧੀ ਰਾਜ ਚੋਣ ਕਮਿਸ਼ਨਰ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਗਿਆ ਹੈ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਰਾਜ ਭਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਜ਼ਾਬਤਾ ਚੋਣ ਅਮਲ ਮੁਕੰਮਲ ਹੋਣ ਤਕ ਲਾਗੂ ਰਹੇਗਾ। ਚੋਣ ਪ੍ਰੋਗਰਾਮ ਸਬੰਧੀ ਸ੍ਰੀ ਜਗਪਾਲ ਸਿੰਘ ਸੰਧੂ ਨੇ ਦਸਿਆ ਕਿ ਇਨਾਂ ਚੋਣਾਂ ਸਬੰਧੀ ਨਾਮਜ਼ਦਗੀ ਦਾਖਲ ਕਰਨ ਦੀ ਪ੍ਰੀਕਿਰਿਆ ਮਿਤੀ 15 ਦਸੰਬਰ 2018 ਨੂੰ ਸ਼ੁਰੂ ਹੋਵੇਗੀ ਅਤੇ ਮਿਤੀ 19 ਦਸੰਬਰ ਤਕ ਸਬੰਧਤ ਰਿਟਰਨਿੰਗ ਅਫਸਰ ਕੋਲ ਨਾਮਜ਼ਦਗੀ ਪਤਰ ਦਾਖਲ ਕੀਤੇ ਜਾ ਸਕਣਗੇ। 20 ਦਸੰਬਰ ਨੂੰ ਨਾਮਜ਼ਦਗੀ ਪਤਰਾਂ ਦੀ ਪੜਤਾਲ ਕੀਤੀ ਜਾਵੇਗੀ।ਉਨਾਂ ਨਾਲ ਹੀ ਦਸਿਆ ਕਿ 21 ਦਸੰਬਰ ਤਕ ਨਾਮਜ਼ਦਗੀ ਪਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿਤੇ ਜਾਣਗੇ।ਮਿਤੀ 30 ਦਸੰਬਰ 2018 ਦਿਨ ਐਤਵਾਰ ਨੂੰ ਸਵੇਰੇ 8:00 ਤੋਂ ਸ਼ਾਮ 4:00 ਵਜੇ ਤਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਇਸੇ ਦਿਨ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਕੀਤੀ ਜਾਵੇਗੀ। ਸ੍ਰੀ ਸੰਧੂ ਨੇ ਕਿਹਾ ਕਿ 13276 ਪੰਚਾਇਤਾਂ ਲਈ 83831 ਪੰਚਾਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਵਿਚੋਂ ਅਨਸੂਚਿਤ ਜਾਤੀ ਲਈ 17811, ਅਨਸੂਚਿਤ ਜਾਤੀ ਇਸਤਰੀ ਲਈ 12634, ਆਮ ਵਰਗ ਇਸਤਰੀਆਂ ਲਈ 22690, ਪਛੜੀਆਂ ਸ਼੍ਰੇਣੀਆਂ ਲਈ 4381 ਅਤੇ ਆਮ ਵਰਗ ਲਈ 26315 ਸੀਟਾਂ ਹਨ।ਉਨਾਂ ਦਸਿਆ ਕਿ ਚੋਣ ਅਮਲ ਨੂੰ ਨਿਯਮਾਂ ਅਨੁਸਾਰ ਨੇਪਰੇ ਚਾੜਨ ਲਈ 40 ਤੋਂ 50 ਅਬਜ਼ਰਵਰ ਲਾਏ ਜਾਣਗੇ।ਰਾਜ ਚੋਣ ਕਮਿਸ਼ਨਰ ਨੇ ਦਸਿਆ ਕਿ ਇਨਾਂ ਚੋਣਾਂ ਦੌਰਾਨ ਉਮੀਦਵਾਰ ਵਲੋਂ ਕੀਤੇ ਜਾਣ ਵਾਲੇ ਖਰਚ ਦੀ ਹਦ ਸਰਪੰਚ ਲਈ 30 ਹਜ਼ਾਰ ਰੁਪਏ ਮਿਥੀ ਗਈ ਹੈ, ਜਦੋਂ ਕਿ ਪੰਚਾਂ ਲਈ 20 ਹਜ਼ਾਰ ਰੁਪਏ ਹੈ। ਸ੍ਰੀ ਸੰਧੂ ਨੇ ਦਸਿਆ ਕਿ ਗ੍ਰਾਮ ਪੰਚਾਇਤ ਚੋਣਾਂ ਲਈ ਰਾਜ ਵਿਚ ਕੁਲ 12787395 ਵੋਟਰਾਂ ਦਾ ਨਾਮ ਦਰਜ ਹਨ, ਜਿਨਾਂ ਵਿਚੋਂ 6688245 ਪੁਰਸ਼ ਵੋਟਰ ਹਨ।
6099245 ਮਹਿਲਾ ਅਤੇ 97 ਤੀਜਾ ਲਿੰਗ ਵੋਟਰ ਹਨ। ਰਾਜ ਵਿਚ ਇਨਾਂ ਚੋਣਾਂ ਦੇ ਮਦੇਨਜ਼ਰ 17268 ਬੂਥ ਸਥਾਪਤ ਕੀਤੇ ਗਏ ਹਨ ਅਤੇ 86340 ਸਰਕਾਰੀ ਮੁਲਾਜ਼ਮਾਂ ਨੂੰ ਚੋਣ ਅਮਲ ਨੂੰ ਨੇਪਰੇ ਚਾੜਨ ਵਿਚ ਲਾਇਆ ਗਿਆ ਹੈ।