June 25, 2026 9:16 am

ਪੰਜਾਬ ਦਾ ਚੋਣ ਦ੍ਰਿਸ਼

ਪੰਜਾਬ ਦੇ ਚੋਣ ਪਿੜ ਵਿੱਚ ਵੱਡੀਆਂ ਸਿਆਸੀ ਹਸਤੀਆਂ ਦੇ ਕੁੱਦ ਪੈਣ ਨਾਲ ਰਾਜਸੀ ਦ੍ਰਿਸ਼ ਰੋਚਕ ਹੋ ਗਿਆ ਹੈ। ਪੰਜਾਬ ਵਿਚ 30 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ ਅਤੇ ਚੋਣ ਦ੍ਰਿਸ਼ ਬਹੁਤ ਤੇਜ਼ੀ ਨਾਲ ਅਤੇ ਬਹੁਤ ਨਾਟਕੀ ਢੰਗ ਨਾਲ ਬਦਲਦਾ ਜਾ ਰਿਹਾ ਹੈ। ਕਾਂਗਰਸ ਹਾਈ ਕਮਾਨ ਦੇ ਸਿਰਫ ਇਕ ਹੀ ਪੈਂਤੜੇ ਨੇ ਸੂਬੇ ਦਾ ਚੋਣ ਦ੍ਰਿਸ਼ ਉਕਾ ਹੀ ਬਦਲ ਦਿੱਤਾ ਹੈ।  ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਮੈਦਾਨ ਵਿੱਚ ਉਤਾਰਨ ਨਾਲ ਸੂਬਾਈ ਕਾਂਗਰਸ ਵਿੱਚ ਨਵੀਂ ਰੂਹ ਫੂਕੀ ਗਈ ਹੈ ਅਤੇ ਹੁਕਮਰਾਨ ਅਕਾਲੀ-ਭਾਜਪਾ ਗੱਠਜੋੜ ਵੀ ਕਸੂਤਾ ਫਸਿਆ ਮਹਿਸੂਸ ਕਰ ਰਿਹਾ ਹੈ। ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ, ਭਾਜਪਾ ਆਗੂ ਅਰੁਣ ਜੇਤਲੀ, ਸਾਬਕਾ ਕਾਂਗਰਸੀ ਵਜ਼ੀਰ ਅੰਬਿਕਾ ਸੋਨੀ, ਸੂਬਾਈ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਮਨਪ੍ਰੀਤ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਵਕਾਰ ਦਾਅ ’ਤੇ ਲੱਗਾ ਹੋਇਆ ਹੈ। ਅਕਾਲੀ-ਭਾਜਪਾ ਗੱਠਜੋੜ ਵੱਲੋਂ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਦੀ ਜਿੱਤ ਬੇਹੱਦ ਆਸਾਨ ਮੰਨੀ ਜਾ ਰਹੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਕਾਂਗਰਸ ਹਾਈ ਕਮਾਨ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਮਾਰੇ ਹਨ। ਇਕ ਤਾਂ ਇਹ ਧੜੇਬੰਦੀ ਦੀ ਸ਼ਿਕਾਰ ਕਾਂਗਰਸ ਨੂੰ ਕਿਸੇ ਹੱਦ ਤੱਕ ਇਕ ਮੰਚ ’ਤੇ ਲਿਆਉਣ ਵਿਚ ਕਾਮਯਾਬ ਰਹੀ ਹੈ, ਦੂਜੇ ਵਿਰੋਧੀ ਧਿਰ ਅਕਾਲੀ ਦਲ-ਭਾਜਪਾ ਗਠਜੋੜ ਦੀ ਚੜ੍ਹਾਈ ਨੂੰ ਠੱਲ੍ਹਣ ਦੇ ਮਾਮਲੇ ਵਿਚ ਇਸ ਦਾ ਤੀਰ ਚੱਲ ਗਿਆ ਹੈ। ਅੰਮ੍ਰਿਤਸਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਉਮੀਦਵਾਰੀ ਨੇ ਕਾਂਗਰਸ ਲਈ ਉਮੀਦਾ ਜੱਗਾ ਦਿੱਤੀਆਂ ਹਨ। ਕੈਪਟਨ ਦੇ ਪਹਿਲੇ ਰੋਡ ਸ਼ੋਅ ਵਿੱਚ ਪਿੰਡੂ ਲੋਕਾਂ ਦੇ ਨਾਲ-ਨਾਲ ਅੰਮ੍ਰਿਤਸਰ ਦੇ ਸ਼ਹਿਰੀਆਂ ਦੀ ਵੱਡੇ ਪੈਮਾਨੇ ’ਤੇ ਸ਼ਮੂਲੀਅਤ ਨੇ ਸਿਆਸੀ ਅਤੇ ਮੀਡੀਆ ਹਲਕਿਆਂ ਨੂੰ ਹੈਰਾਨ ਕਰਦੇ ਕਰ ਦਿੱਤਾ ਹੈ।  ਸ਼ਾਇਦ  ਅੰਮ੍ਰਿਤਸਰ ਦਾ ਇਹ ਸਿਆਸੀ  ਵਰਤਾਰਾ ਪੰਜਾਬ ਦੇ ਦੂਸਰੇ ਹਲਕਿਆ ਵਿੱਚ ਵੀ ਦੋਹਰਾਇਆ ਜਾ ਸਕਦਾ ਹੈ।  ਲੁਧਿਆਣਾ ਦੇ ਮੌਜੂਦਾ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਜਿਸ ਢੰਗ ਨਾਲ ਐਨ ਮੌਕੇ ਉਤੇ ਚੋਣ ਮੈਦਾਨ ਵਿਚੋਂ ਹਟ ਗਏ ਸਨ, ਉਸ ਨੇ ਕਾਂਗਰਸ ਨੂੰ ਹੋਰ ਵੀ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਸੀ। ਸੱਤਾਧਾਰੀ ਅਕਾਲੀ ਦਲ-ਭਾਜਪਾ ਗਠਜੋੜ ਇਕ ਤਰ੍ਹਾਂ ਨਾਲ ਚੋਣ ਮੈਦਾਨ ਵਿਚ ਬਾਘੀਆਂ ਹੀ ਪਾ ਰਿਹਾ ਸੀ, ਪਰ ਐਨ ਇਸੇ ਵੇਲੇ ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ।  ਇਸ ਸਿਆਸੀ ਉਥਲ-ਪੁਥਲ ਨਾਲ ਇਕ ਗੱਲ ਹੋਰ ਵੀ ਸਪਸ਼ਟ ਹੋ ਗਈ ਕਿ ਪੰਜਾਬ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਵਰਗਾ ਕੱਦਾਵਰ ਆਗੂ ਫਿਲਹਾਲ ਹੋਰ ਕੋਈ ਨਹੀਂ ਹੈ ਜਿਸ ਦੀ ਅਗਵਾਈ ਵਿਚ ਖੱਖੜੀਆਂ-ਕਰੇਲੇ ਹੋਈ ਪੰਜਾਬ ਕਾਂਗਰਸ ਸਹੀ ਦਿਸ਼ਾ ਵਿਚ ਤੁਰ ਸਕਦੀ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪੰਜਾਬ ਕਾਂਗਰਸ ਦੀ ਕਮਾਨ, ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀ ਗਈ ਸੀ ਪਰ ਉਹ ਕਾਂਗਰਸ ਦੇ ਵੱਖ-ਵੱਖ ਗਰੁਪਾਂ ਨੂੰ ਨਾਲ ਲੈ ਕੇ ਚੱਲਣਾ ਤਾਂ ਇਕ ਪਾਸੇ ਰਿਹਾ, ਉਹ ਵੱਖ-ਵੱਖ ਮਸਲਿਆਂ ਉਤੇ ਪਾਰਟੀ ਵਿਚ ਇਕ ਰਾਏ ਬਣਾਉਣ ਵਿਚ ਵੀ ਬੁਰੀ ਤਰ੍ਹਾਂ ਨਾਕਾਮ ਰਹੇ। ਸਿੱਟੇ ਵਜੋਂ ਸੱਤਾਧਾਰੀ ਅਕਾਲੀ ਦਲ ਦੀਆਂ ਅੰਦਰੂਨੀ ਕਮਜ਼ੋਰੀਆਂ ਦੇ ਬਾਵਜੂਦ ਪੰਜਾਬ ਕਾਂਗਰਸ ਸੂਬੇ ਵਿਚ ਕੋਈ ਵੱਡੀ ਮੱਲ ਮਾਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ।
ਪੰਜਾਬ ਦੇ ਰਾਜਨੀਤਕ ਦ੍ਰਿਸ਼ ’ਤੇ ਸਾਹਮਣੇ ਆਈਆਂ ਰਾਜਨੀਤਕ ਸ਼ਖ਼ਸੀਅਤਾਂ ਲਈ ਅਗਾਮੀ ਲੋਕ ਸਭਾ ਚੋਣਾਂ ਵੱਡੀ ਤਬਦੀਲੀ ਦਾ ਆਧਾਰ ਬਣ ਸਕਦੀਆਂ ਹਨ। ਇਹ ਚੋਣਾਂ ਜਿੱਥੇ ਕਾਂਗਰਸੀ ਆਗੂਆਂ ਕੈਪਟਨ ਅਮਰਿੰਦਰ ਸਿੰਘ ਅਤੇ ਸ. ਪ੍ਰਤਾਪ ਸਿੰਘ ਬਾਜਵਾ ਦਾ ਭਵਿੱਖ ਤੈਅ ਕਰਨਗੀਆਂ ਉਥੇ ਭਾਜਪਾ ਆਗੂ ਅਰੁਣ ਜੇਤਲੀ ਅਤੇ ਅਕਾਲੀ ਦਲ ਦੇ  ਕਈ ਆਗੂਆਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਵੀ ਲਗਾ ਸਕਦੀਆਂ ਹਨ। ਅੰਮ੍ਰਿਤਸਰ, ਆਨੰਦਪੁਰ ਸਾਹਿਬ, ਖਡੂਰ ਸਾਹਿਬ, ਸੰਗਰੂਰ, ਬਠਿੰਡਾ ਅਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੀਆਂ ਬਹੁ ਗਿਣਤੀ ਸੀਟਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੀ ਰਾਜਨੀਤੀ ਵਿੱਚ ਹਾਸ਼ੀਏ ’ਤੇ ਹੀ ਮੰਨਿਆ ਜਾ ਰਿਹਾ ਸੀ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਭਾਰੂ ਹੋ ਗਈ ਹੈ ਕਿ ਜੇਕਰ ਸਾਬਕਾ ਮੁੱਖ ਮੰਤਰੀ ਅੰਮ੍ਰਿਤਸਰ ਤੋਂ ਸ੍ਰੀ ਜੇਤਲੀ ਨੂੰ ਧੋਬੀ ਪਟਕਾ ਮਾਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਸੂਬਾਈ ਰਾਜਨੀਤੀ ਵਿੱਚ ਵਾਪਸੀ ਹੋ ਸਕਦੀ ਹੈ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾ ਸਕਦੀਆਂ ਹਨ।
ਅਸਲ ਵਿਚ ਕਾਂਗਰਸ ਦਾ ਸਿੱਧਾ ਮੁਕਾਬਲਾ ਜਿਸ ਅਕਾਲੀ ਦਲ ਨਾਲ ਹੈ, ਉਸ ਨੂੰ ਬਾਦਲ ਪਰਿਵਾਰ ਆਪਣੇ ਹੀ ਢੰਗ ਨਾਲ ਚਲਾ ਰਿਹਾ ਹਨ। ਅਕਾਲੀ ਦਲ ਦੀ ਸਾਰੀ ਤਾਕਤ ਇਸ ਵੇਲੇ ਪੂਰੀ ਤਰ੍ਹਾਂ ਬਾਦਲਾਂ ਦੇ ਹੱਥ ਹੈ। ਇਹੀ ਨਹੀਂ, ਪਿਛਲੇ ਕੁਝ ਸਾਲਾਂ ਦੌਰਾਨ ਅਕਾਲੀ ਦਲ ਨੇ ਜਿਸ ਤਰ੍ਹਾਂ ਸਿੱਖਾਂ ਨਾਲ ਜੁੜੀਆਂ ਸੰਸਥਾਵਾਂ ਉਤੇ ਕਬਜ਼ਾ ਕੀਤਾ ਹੈ, ਉਸ ਨੇ ਪੰਜਾਬ ਦੇ ਸਿਆਸੀ ਦ੍ਰਿਸ਼ ਵਿਚ ਬਹੁਤ ਵੱਡੀ ਤਬਦੀਲੀ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਮੁੱਖ ਕਾਰੋਬਾਰਾਂ ਨੂੰ ਜਿਸ ਢੰਗ ਨਾਲ ਦਬੋਚਿਆ ਗਿਆ ਹੈ, ਉਸ ਨੇ ਵੀ ਸੂਬੇ ਦੀ ਸਿਆਸਤ ਦਾ ਮੁਹਾਣ ਹੀ ਮੋੜ ਦਿੱਤਾ ਹੈ। ਇਹ ਤਬਦੀਲੀ ਇੰਨੇ ਮਹੀਨ ਢੰਗ ਨਾਲ ਹੋਈ ਹੈ ਕਿ ਸਾਰੇ ਇਸ ਤਬਦੀਲੀ ਵੱਲ ਬੱਸ ਦੇਖਦੇ ਹੀ ਰਹਿ ਗਏ ਹਨ। ਸਮੁੱਚੇ ਅਕਾਲੀ ਦਲ ਉਤੇ ਪਰਿਵਾਰਵਾਦ ਇੰਨਾ ਭਾਰੂ ਪੈ ਗਿਆ ਹੈ ਕਿ ਜਮਹੂਰੀਅਤ ਜਾਂ ਪੰਚ ਪ੍ਰਧਾਨੀ ਵਾਲੀ ਗੱਲ ਉਕਾ ਹੀ ਨਾਦਾਰਦ ਕਰ ਦਿੱਤੀ ਗਈ ਹੈ ਜਿਸ ਨੂੰ ਆਧਾਰ ਬਣਾ ਕੇ ਇਹ ਜਥੇਬੰਦੀ ਹੋਂਦ ਵਿਚ ਆਈ ਸੀ ਅਤੇ ਇਸ ਨੇ ਸ਼ਾਨਾਂਮੱਤੇ ਇਤਿਹਾਸ ਦੀ ਸਿਰਜਣਾ ਕੀਤੀ ਸੀ। ਪੰਜਾਬ ਦੀ ਸਿਆਸਤ ਇਸ ਵੇਲੇ ਡੂੰਘੇ ਨਿਘਾਰ ਵਿਚੋਂ  ਗੁਜ਼ਰ ਰਹੀ ਹੈ। ਆਮ ਲੋਕ ਬਹੁਤ ਹੀ ਔਖੇ ਹਲਾਤਾਂ ਵਿੱਚ ਗੁਜ਼ਾਰਾ ਕਰ ਰਹੇ ਹਨ। ਪੰਜਾਬ ਦਾ ਮੱਧ ਵਰਗ ਵੀ ਸਰਕਾਰ ਨਾਲ ਨਰਾਜ਼ ਹੈ। ਪਛੜੇ ਵਰਗਾਂ ਦਾ ਸੱਤਾਧਾਰੀ ਗੱਠਜੋੜ ਨਾਲੋ ਮੋਹ ਭੰਗ ਹੋ ਚੁੱਕਾ ਹੈ। ਅਜਿਹੇ ਹਲਾਤਾਂ ਵਿੱਚ ਮੱਧ ਵਰਗ, ਸ਼ਹਿਰੀ ਅਤੇ ਪਛੜੇ ਵਰਗਾਂ ਦੀ ਵੋਟ ਕਾਫੀ ਫੈਸਲਾਕੁੰਨ ਹੋਵੇਗੀ।
ਇਸ ਵਾਰ ਉਮੀਦਵਾਰਾ ਦੀ ਚੋਣ ਵੀ ਪਹਿਲਾ ਤੋ ਵਖਰੀ ਹੈ। ਇਕ ਪਾਸੇ ਹੁਕਰਮਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਤੌਰ ’ਤੇ ਗੈਰ ਪੈਸ਼ੇਵਰ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਕਾਂਗਰਸ ਵੱਲੋਂ ਆਪਣੇ ਵੱਡੇ ਨੇਤਾਵਾਂ ਨੂੰ ਚੋਣ ਮੈਦਾਨ ਵਿੱਚ ਭੇਜਿਆ ਜਾ ਰਿਹਾ ਹੈ। ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਇਕ ਤੀਰ ਨਾਲ ਕਈ ਸਿਆਸੀ ਨਿਸ਼ਾਨੇ ਫੁੰਡਣ ਦਾ ਯਤਨ ਕੀਤਾ ਹੈ। ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਧੜੇਬੰਦੀ ਨੂੰ ਖ਼ਤਮ ਕਰਨ ਲਈ ਸਹੀ ਸਮੇਂ ’ਤੇ ਚੁੱਕੇ ਸਹੀ ਕਦਮ ਕਾਫੀ ਅਹਿਮੀਅਤ ਰੱਖਦੇ ਹਨ । ਕਾਂਗਰਸ ਵੱਲੋਂ ਵੱਡੀਆਂ ਸਿਆਸੀ ਹਸਤੀਆਂ ਨੂੰ ਮੈਦਾਨ ’ਚ ਉਤਾਰਨ ਨਾਲ ਬਾਦਲ ਪਰਿਵਾਰ ਲਈ ਹੋਰ ਹਲਕਿਆਂ ਵਿੱਚ ਪ੍ਰਚਾਰ ਕਰਨਾ ਮੁਸ਼ਕਲ ਹੋ ਗਿਆ ਹੈ।
ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਜੋ ਕਿ ਪਹਿਲਾਂ ਚੋਣ ਲੜਨ ਤੋਂ ਟਾਲਾ ਵੱਟ ਰਹੇ ਸਨ, ਨੂੰ ਵੀ ਪਾਰਟੀ ਨੇ ਚੋਣ ਪ੍ਰੀਖਿਆ ਵਿੱਚ ਪਾਇਆ ਹੈ। ਇਸੇ ਤਰ੍ਹਾਂ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਆਨੰਦਪੁਰ ਤੋਂ ਚੋਣ ਲੜਾਉਣ ਦੇ ਫੈਸਲੇ ਨੇ ਇਸ ਹਲਕੇ ਦਾ ਦ੍ਰਿਸ਼ ਵੀ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਸ੍ਰੀਮਤੀ ਸੋਨੀ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਦਾ ਕੰਢੀ ਏਰੀਏ ’ਚ ਚੰਗਾ ਰਸੂਖ ਮੰਨਿਆ ਜਾ ਰਿਹਾ ਹੈ ਅਤੇ ਪਿਛਲੇ ਸਮੇਂ ਦੌਰਾਨ ਇਸ ਹਲਕੇ ਵਿੱਚ ਉਨ੍ਹਾਂ ਐਮ.ਪੀ. ਲੈਡ ਫੰਡ ਵਿੱਚੋਂ ਵੱਡੀਆਂ ਗਰਾਂਟਾਂ ਵੀ ਵੰਡੀਆਂ ਹਨ।
ਇਸ ਨਾਲ ਕਾਂਗਰਸ ਨੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਮਜ਼ਬੂਤ ਉਮੀਦਵਾਰ ਉਤਾਰ ਦਿੱਤੇ ਹਨ। ਦੂਸਰੇ ਪਾਸੇ ਕਾਂਗਰਸ ਦੇ ਸਾਰੇ ਧੜਿਆਂ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣ ਦੀ ਚੁਣੌਤੀ ਦੇ ਦਿੱਤੀ ਹੈ। ਲਾਜ਼ਮੀ ਤੌਰ ’ਤੇ ਕਾਂਗਰਸ ਦੇ ਵੱਖ-ਵੱਖ ਧੜਿਆਂ ਦੀ ਅਗਵਾਈ ਕਰ ਰਹੇ ਪ੍ਰਮੁੱਖ ਨੇਤਾਵਾਂ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਇਕ ਬਹੁਤ ਦਿਲਚਸਪ ਸਥਿਤੀ ਪੈਦਾ ਹੋ ਗਈ ਹੈ।
ਪੰਜਾਬ ਵਿੱਚ ਕਾਂਗਰਸ ਆਪਸੀ ਧੜੇਬੰਦੀ ਅਤੇ ਫੁੱਟ ਕਾਰਨ ਹੀ ਹਾਰਦੀ ਰਹੀ ਹੈ। ਕਾਂਗਰਸ ਦੀ ਫੁੱਟ ਦਾ ਲਾਹਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਦਾ ਰਿਹਾ ਹੈ ਜਿਸ ਕਾਰਨ ਉਹ ਦੂਸਰੀ ਵਾਰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਗਿਆ। ਕਾਂਗਰਸ ਹਾਈ ਕਮਾਨ ਨੇ ਪਹਿਲੀ ਵਾਰ ਪੰਜਾਬ ਕਾਂਗਰਸ ਦੀ ਧੜੇਬੰਦੀ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਨੂੰ ਦੂਰ ਕਰਨ ਦਾ ਇਕ ਨਿਯਾਬ ਤਰੀਕਾ ਲੱਭ ਲਿਆ ਹੈ।
ਇਸ ਵਾਰ ਘੱਟੋ ਘੱਟ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਇਕ ਦੂਸਰੇ ਖਿਲਾਫ਼ ਕੰਮ ਕਰਨ ਦਾ ਮੌਕਾ ਨਹੀਂ ਮਿਲੇਗਾ। ਲੋਕ ਸਭਾ ਚੋਣਾਂ ’ਚ ਉਨ੍ਹਾਂ ਨੂੰ ਆਪਣੀ ਸਿਆਸੀ ਸਮਰੱਥਾ ਦਾ ਪ੍ਰਗਟਾਵਾ ਵੀ ਕਰਨਾ ਪਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਬਾਰੇ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਰਾਜਸੀ ਜੀਵਨ ਦੀ ਇਕ ਤਰ੍ਹਾਂ ਨਾਲ ਆਖ਼ਰੀ ਚੋਣ ਲੜ ਰਹੇ ਹਨ। ਕਾਂਗਰਸ ਵੱਲੋਂ ਵੱਡੇ ਆਗੂਆਂ ਨੂੰ ਉਮੀਦਵਾਰ ਬਣਾਉਣ ਨਾਲ ਇਨ੍ਹਾਂ ਦੋਹਾਂ ਅਕਾਲੀ ਆਗੂਆਂ ਦੀਆਂ ਚਿੰਤਾਵਾਂ ਵਧਣੀਆਂ ਸੁਭਾਵਿਕ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਮੌਜੂਦਾ ਐਮ.ਪੀ. ਨਵਜੋਤ ਸਿੰਘ ਸਿੱਧੂ ਦੀ ਟਿਕਟ ਕਟਵਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਹਿਮ ਭੂਮਿਕਾ ਨਿਭਾਈ ਹੈ। ਛੋਟੇ ਬਾਦਲ ਵੱਲੋਂ ਹੀ ਇਹ ਦਾਅਵਾ ਕੀਤਾ ਗਿਆ ਸੀ ਕਿ ਜੇਕਰ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਚੋਣ ਲੜਨਗੇ ਤਾਂ ਉਹ ਦਿੱਲੀ ਬੈਠਿਆਂ ਹੀ ਜਿੱਤ ਜਾਣਗੇ। ਉਦੋਂ ਤੱਕ ਹਾਕਮ ਪਾਰਟੀਆਂ ਨੂੰ ਕਾਂਗਰਸ ਦੀ ਰਣਨੀਤੀ ਦਾ ਕੋਈ ਗਿਆਨ ਨਹੀਂ ਸੀ ਕਿ ਕਾਂਗਰਸ ਅਮਰਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰ ਦੇਵੇਗੀ।
ਕਾਂਗਰਸ ਵੱਲੋਂ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਮੁੜ ਗੁਰਦਾਸਪੁਰ ਤੋਂ, ਸ੍ਰੀ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਹਲਕੇ ਤੋਂ ਅਤੇ ਸ੍ਰੀਮਤੀ ਅੰਬਿਕਾ ਸੋਨੀ ਨੂੰ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਨਾ ਬਹੁਤ ਹੀ ਦੂਰ-ਅੰਦੇਸ਼ੀ ਵਾਲਾ ਫੈਸਲਾ ਸਮਝਿਆ ਜਾ ਰਿਹਾ ਹੈ। ਇਸ ਨਾਲ ਕਾਂਗਰਸੀ ਵਰਕਰਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਿੱਚ ਵੀ ਮਦਦ ਮਿਲੇਗੀ। ਪੰਜਾਬ ’ਚ ਲੋਕ ਸਭਾ ਦੀ ਚੋਣ ਦੇ  ਨਤੀਜਿਆਂ ਨਾਲ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬਾਰੇ ਵੀ ਅਸਾਨੀ ਨਾਲ ਫੈਸਲਾ ਹੋ ਸਕੇਗਾ। ਵੱਖ-ਵੱਖ ਧੜਿਆਂ ਦੀ ਸਿਆਸੀ ਤਾਕਤ ਨੂੰ ਪਰਖਣ ਦਾ ਇਹ ਚੰਗਾ ਤਰੀਕਾ ਹੈ।
ਸਭ ਤੋਂ ਦਿਲਚਸਪ ਗੱਲ ਤਾਂ ਇਹ ਹੈ ਕਿ ਕਾਂਗਰਸ ਦੀ ਇਸ ਨਵੀਂ ਰਣਨੀਤੀ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਦਾ ਹੁੰਗਾਰਾ ਭਰਦੇ ਹਨ। ਘੱਟੋ ਘੱਟ ਕਾਂਗਰਸ ਦੀ ਨਵੀਂ ਰਣਨੀਤੀ ਨਾਲ ਪੰਜਾਬ ਦਾ ਚੋਣ ਦ੍ਰਿਸ਼ ਬਹੁਤ ਦਿਲਚਸਪ ਹੋ ਗਿਆ ਹੈ। ਲਾਜ਼ਮੀ ਤੌਰ ’ਤੇ ਇਸ ਵਾਰ ਹੁਕਰਮਾਨ ਅਕਾਲੀ-ਭਾਜਪਾ ਗੱਠਜੋੜ ਨੂੰ ਲੋਕ ਸਭਾ ਚੋਣਾਂ ਵਿੱਚ ਪਹਿਲਾਂ ਦੇ ਮੁਕਾਬਲੇ ਵੱਡੀ ਸਿਆਸੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਐਤਕੀ ਇਕ ਹੋਰ ਦਿਲਚਸਪ ਪਹਿਲੂ ਪੰਜਾਬ ਦੇ ਲੋਕ ਸਭਾ ਚੋਣ ਮੈਦਾਨ ਵਿਚ ਉਭਰ ਕੇ ਆਈ ਇੱਕ ਨਵੀਂ ਪਾਰਟੀ ਵੀ ਹੈ : ਆਪ?
ਜ਼ਿਕਰਯੋਗ ਹੈ ਕਿ ਦੋਵੇਂ ਵੱਡੀਆਂ ਪਾਰਟੀਆਂ ਹੁਣ ਤਕ ਇਹੀ ਸਮਝਦੀਆਂ ਰਹੀਆਂ ਹਨ ਕਿ ਉਨਾਂ ਦਾ ਬਦਲ ਕੋਈ ਨਹੀਂ ਅਤੇ ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਉਨਾਂ ਦੀ ਕੁਰਸੀ ਪੱਕੀ ਹੀ ਹੈ। ਦਿੱਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਭਾਰ ਨੇ ਇਨਾਂ ਦੀ ਇਸ ਸੋਚ ਉੱਤੇ ਪ੍ਰਸ਼ਨਚਿੰਨ• ਲਾ ਕੇ ਰੱਖ ਦਿੱਤਾ ਸੀ । ਇੰਨਾ ਹੀ ਨਹੀਂ, ‘ਆਪ‘ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਵਿੱਚ ਗ਼ਲ ਗਲ ਡੁੱਬੀਆਂ ਲੋਕ ਵਿਰੋਧੀ ਨੀਤੀਆਂ ਵਾਲੀਆਂ ਸਿਆਸੀ ਪਾਰਟੀਆਂ ਦੇ ਦਿਨ ਪੁੱਗਣ ਦੇ ਨੇੜੇ ਆ ਗਏ ਹਨ। ‘ਆਪ ਦੇ ਉਭਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਦਰਸਾ ਦੇਣਾ ਹੈ ਕਿ ਸਾਫ਼-ਸੁਥਰੀ ਰਾਜਨੀਤੀ ਵੀ ਕੀਤੀ ਜਾ ਸਕਦੀ ਹੈ ਅਤੇ ਲੋਕ ਇਸ ਨੂੰ ਹੁੰਗਾਰਾ ਦੇਣਗੇ ਜਦੋਂਕਿ ਹੁਣ ਤੱਕ ਅਜਿਹੀ ਸੋਚ ਨੂੰ ਇਹ ਕਹਿ ਕੇ ਨਕਾਰਿਆ ਜਾਂਦਾ ਰਿਹਾ ਹੈ ਕਿ ਲੋਕ-ਆਵਾਜ਼ ਵੋਟਾਂ ਵਿੱਚ ਤਬਦੀਲ ਨਹੀਂ ਹੁੰਦੀ।
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚੋਂ ਖੜੇ ਕੀਤੇ ਉਮੀਦਵਾਰਾਂ ਵਿੱਚ ਉਨ੍ਹਾਂ ਲੋਕਾਂ ਨੂੰ ਸਾਹਮਣੇ ਲਿਆਂਦਾ ਹੈ ਜਿਨ੍ਹਾਂ ਬਾਰੇ ਦੂਜੀਆਂ ਸਿਆਸੀ ਪਾਰਟੀਆਂ ਨੇ ਕਦੇ ਸੋਚਿਆ ਵੀ ਨਹੀਂ? 
ਸੰਗਰੂਰ ਤੋਂ ਭਗਵੰਤ ਮਾਨ, ਲੁਧਿਆਣਾ ਤੋਂ ਹਰਵਿੰਦਰ ਸਿੰਘ ਫੂਲਕਾ, ਗੁਰਦਾਸਪੁਰ ਤੋਂ ਸੁੱਚਾ ਸਿੰਘ ਸ਼ੋੱਟੇਪੁਰ, ਜਲੰਧਰ ਤੋਂ ਰਾਜੇਸ਼ ਪਦਮ, ਹੋਸ਼ਿਆਰਪੂਰ ਤੋਂ ਯਾਮਿਨੀ ਗੋਮਾਰ, ਫਿਰੋਜਪੁਰ ਤੋਂ ਸਤਨਾਮ ਪਾਲ ਕਮੰਬੋਜ, ਪਟਿਆਲਾ ਤੋਂ ਡਾ ਧਰਮਵੀਰ ਗਾਂਧੀ, ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ, ਆਨੰਦਪੁਰ ਸਾਹਿਬ ਤੋਂ ਹਿੰਮਤ ਸਿੰਘ ਸ਼ੇਰਗਿੱਲ, ਅਮ੍ਰਿਤਸਰ ਤੋਂ ਡਾ ਦਲਜੀਤ ਸਿੰਘ, ਖਡੂਰ ਸਾਹਿਬ ਤੋਂ ਭਾਈ ਬਲਦੀਪ ਸਿੰਘ, ਇਸਤਰ੍ਹਾਂ ਦੇ ਉਮੀਦਵਾਰ ਹਨ ਜਿਹੜੇ ਕਿ ਆਪੋ ਆਪਣੇ ਖੇਤਰ ਵਿੱਚ ਹਰਮਨ ਪਿਆਰੇ ਹਨ?
ਮੁਲਕ ਵਿੱਚ ਸਿਆਸੀ ਜਾਗਰੂਕਤਾ ਵਧ ਰਹੀ ਹੈ ਜਿਸ ਕਾਰਨ ਰਵਾਇਤੀ ਸਿਆਸੀ ਪਾਰਟੀਆਂ ਵਿਰੁੱਧ ਲੋਕਾਂ ਦਾ ਗੁੱਸਾ ਵਧ ਰਿਹਾ ਹੈ। ਆਮ ਆਦਮੀ ਪਾਰਟੀ ਨੂੰ ਇਸ ਗੁੱਸੇ ਨੇ ਸਾਰਥਿਕ ਹੁੰਗਾਰਾ ਦਿੱਤਾ ਹੈ। ਇਹ ਚੋਣ ਨਤੀਜੇ ਇਹ ਦਰਸਾਉਂਦੇ ਹਨ ਕਿ ਲੋਕ ਅਤਿ ਦੀ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਕਾਰਣ ਰਵਾਇਤੀ ਸਿਆਸੀ ਦਲਾਂ ਦਾ ਬਦਲ ਲੱਭਣ ਦੇ ਰੌਂਅ ਵਿੱਚ ਹਨ।
ਆਮ ਆਦਮੀ ਪਾਰਟੀ ਦੇ ਉਭਾਰ ਨੂੰ ਭਾਰਤੀ ਸਿਆਸਤ ਵਿੱਚ ਇੱਕ ਨਵਾਂ ਹਾਂ-ਪੱਖੀ ਅਤੇ ਸਾਰਥਕ ਰੁਝਾਨ ਮੰਨਿਆ ਜਾ ਸਕਦਾ ਹੈ। ਇਸ ਨੇ ਮੁਲਕ ਦੇ ਸਧਾਰਨ ਨਾਗਰਿਕਾਂ ਵਿਚ ਇਕ ਨਵੀਂ ਆਸ ਦੀ ਕਿਰਨ ਪੈਦਾ ਕਰ ਦਿੱਤੀ ਹੈ। ਲਾਜ਼ਮੀ ਹੈ ਕਿ ਪੰਜਾਬ ਵਿਚ ਦੋ ਪਾਰਟੀਆਂ ਤੋਂ ਹੁਣ ਤਿੰਨ ਧਿਰੀ ਮੁਕਾਬਲੇ ਦਾ ਨਵਾਂ ਦ੍ਰਿਸ਼ ਕਾਫੀ ਦਿਲਚਸਪ ਹੋ ਗਿਆ ਹੈ। ਇਸ ਨਾਲ  ਨਤੀਜੇ ਪ੍ਰਭਾਵਿਤ ਹੋਣਾ ਸੁਭਾਵਿਕ ਹੈ।

ਝ ਪਰਨੀਤ ਬਰਾੜ
    ਕਾਰਜਕਾਰੀ ਸੰਪਾਦਕ

Send this to a friend