Skip to content
Independent perspectives. Global stories.
BREAKING

ਸਰਕਾਰੀ ਪ੍ਰਬੰਧ ’ਚ ਤਾਲਮੇਲ ਦੀ ਕਮੀ

Share this story

ਪੰਜਾਬ ਸਰਕਾਰ ਦੇ ਪ੍ਰਬੰਧਾਂ ਵਿੱਚ ਕਿਧਰੇ ਨਾ ਕਿਧਰੇ ਤਾਲਮੇਲ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਸਰਕਾਰ ਸੰਕਟਾਂ ਅਤੇ ਮਸਲਿਆਂ ਨਾਲ ਨਜਿਠਣ ਲਈ ਜ਼ਿਆਦਾ ਸਮਾਂ ਲੈ ਰਹੀ ਹੈ। ਇਸ ਨਾਲ ਸੂਬੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਮਸਲਿਆਂ ਦੇ ਨਿਪਟਾਰੇ ਲਈ ਤੁਰਤ-ਫੁਰਤ ਫੈਸਲੇ ਨਹੀਂ ਲੈ ਰਹੀ। ਪਹਿਲਾਂ ਅਧਿਆਪਕਾਂ ਦਾ ਮਸਲਾ ਹਲ ਕਰਨ ਲਈ ਬੇਲੋੜਾ ਸਮਾਂ ਗਵਾਇਆ ਗਿਆ। ਇਸ ਨਾਲ ਜਿੱਥੇ ਸਕੂਲੀ ਸਿੱਖਿਆ ਦੇ ਪ੍ਰਬੰਧ ਦਾ ਵੱਡਾ ਨੁਕਸਾਨ ਹੋਇਆ ਹੈ ਉਥੇ ਆਮ ਲੋਕਾਂ ਲਈ ਵੀ ਇਹ ਵੱਡੀ ਸਮੱਸਿਆ ਬਣ ਗਿਆ। ਪਟਿਆਲਾ ਸ਼ਹਿਰ ’ਚ ਅਧਿਆਪਕਾਂ ਦੇ ਪੱਕੇ ਮੋਰਚੇ ਨਾਲ ਸੂਬੇ ਦਾ ਭਾਰੀ ਨੁਕਸਾਨ ਹੋਇਆ ਹੈ। ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਲੱਗ ਬਦਨਾਮੀ ਹੋਈ ਹੈ। ਸਿਆਸੀ ਤੌਰ ’ਤੇ ਵੀ ਪੰਜਾਬ ਕਾਂਗਰਸ ਲਈ ਇਹ ਮਸਲਾ ਕਾਫੀ ਘਾਟੇ ਦਾ ਸੌਦਾ ਰਿਹਾ ਹੈ। ਅਧਿਕਾਰੀਆਂ ਅਤੇ ਮੰਤਰੀਆਂ ਵੱਲੋਂ ਬੇਲੋੜੀ ਹੱਠੀ ਕਾਰਨ ਇਹ ਮਸਲਾ ਪੇਚੀਦਾ ਹੋ ਗਿਆ। ਅਧਿਆਪਕਾਂ ਦੇ ਨਾਲ ਹੋਰ ਮੁਲਾਜ਼ਮ ਵਰਗ ਵੀ ਇਸ ਅੰਦੋਲਨ ਵਿੱਚ ਸ਼ਾਮਿਲ ਹੋ ਗਿਆ। ਪਟਿਆਲਾ ਦੇ ਵਸਨੀਕਾਂ ਨੂੰ ਵੀ ਇਸ ਅੰਦੋਲਨ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਤਾਂ ਇਹ ਅੰਦੋਲਨ ਇਕ ਵੱਡਾ ਘਾਟਾ ਸਾਬਿਤ ਹੋਇਆ ਹੈ। ਬੱਚਿਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਦੀ ਭਰਪਾਈ ਇਸ ਸਾਲ ਵਿੱਚ ਸ਼ਾਇਦ ਹੀ ਹੋ ਸਕੇ। ਸਕੂਲਾਂ ਵਿੱਚ ਇਹ ਸਮਾਂ ਬਹੁਤ ਹੀ ਅਹਿਮੀਅਤ ਵਾਲਾ ਹੁੰਦਾ ਹੈ। ਅਧਿਆਪਕਾਂ ਦੇ ਧਰਨੇ ’ਤੇ ਬੈਠਣ ਕਾਰਨ ਪੜ੍ਹਾਈ ਦਾ ਬਹੁਤ ਹੀ ਅਹਿਮ ਸਮਾਂ ਖਰਾਬ ਹੋ ਗਿਆ ਹੈ। ਦੂਸਰੇ ਪਾਸੇ ਗੰਨਾ ਕਿਸਾਨਾਂ ਦੇ ਜਾਮ ਨਾਲ ਕਈ ਦਿਨ ਲੱਖਾਂ ਮੁਸਾਫਰਾਂ ਨੂੰ ਪ੍ਰੇਸ਼ਾਨੀ ਵਿੱਚੋਂ ਗੁਜ਼ਰਨਾ ਪਿਆ। ਇਸ ਨਾਲ ਆਰਥਿਕ ਸਰਗਰਮੀਆਂ ਵੀ ਪ੍ਰਭਾਵਿਤ ਹੋਈਆਂ ਹਨ। ਦੋਵਾਂ ਹੀ ਅੰਦੋਲਨਾਂ ਕਾਰਨ ਸੂਬੇ ਨੂੰ ਆਰਥਿਕ ਤੌਰ ’ਤੇ ਵੀ ਭਾਰੀ ਨੁਕਸਾਨ ਹੋਇਆ ਹੈ। ਆਮ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ। ਜੇਕਰ ਸਰਕਾਰ ਦੇ ਇੰਤਜ਼ਾਮ ਵਿੱਚ ਕਮੀਆਂ ਨਾ ਹੁੰਦੀਆਂ ਤਦ ਇਹ ਦੋਵੇਂ ਮਸਲੇ ਜਲਦੀ ਨਜਿਠੇ ਜਾ ਸਕਦੇ ਸਨ। ਇਹ ਬਦਕਿਸਮਤੀ ਦੀ ਗੱਲ ਹੈ ਕਿ ਸਰਕਾਰੀ ਪ੍ਰਬੰਧਾਂ ਵਿੱਚ ਤਾਲਮੇਲ ਦੀ ਕਮੀ ਕਾਰਨ ਇਸ ਸਬੰਧੀ ਤੁਰੰਤ ਫੈਸਲੇ ਨਹੀਂ ਲਏ ਜਾ ਸਕੇ। ਸਰਕਾਰ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਤੋਂ ਬਚਣਾ ਚਾਹੀਦਾ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਮਸਲਿਆਂ ਦੇ ਨਿਪਟਾਰੇ ਲਈ ਤੁਰਤ-ਫੁਰਤ ਧਿਆਨ ਦੇਣ।
– ਬਲਜੀਤ ਸਿੰਘ ਬਰਾੜ

WRITTEN BY