Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਲਈ ਡੂੰਘਾ ਰਾਜਸੀ ਸੰਕਟ

Share this story

ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੇ ਬਾਦਲ ਪਰਿਵਾਰ ਅਤੇ ਉਸਦੇ ਸਿਆਸੀ ਰਿਸ਼ਤੇਦਾਰਾਂ ਤੇ ਚੱਲ ਰਿਹਾ ਅਜੋਕਾ ਰਾਜਸੀ ਸੰਕਟ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਂੋ ਮੁਆਫੀ ਦੇਣ , ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਬਹਿਬਲ ਕਲਾਂ ਦੇ ਪੁਲਿਸ ਗੋਲੀ ਕਾਂਡ ਤੋਂ ਆਰੰਭ ਹੋ ਕੇ ਹੁਣ ਤੱਕ ਬਦਸਤੂਰ ਜਾਰੀ ਹੈਵ। ਪਰੰਤੂ ਲੰਘੇ ਮਹ੍ਹੀਿਨਆਂ ਦੌਰਾਨ ਅਕਾਲੀ ਦਲ ਦੇ ਟਕਸਾਲੀ ਤੇ ਸਿਖਰਲੇ ਆਗੂ ਸ੍ਰ: ਸੁਖਦੇਵ ਸਿੰਘ ਢੀਂਡਸਾ, ਸ੍ਰ: ਰਣਜੀਤ ਸਿੰਘ ਬ੍ਰਹਮਪੁਰਾ, ਜਥੇ: ਸੇਵਾ ਸਿੰਘ ਸੇਖਵਾਂ,ਡਾਕਟਰ ਰਤਨ ਸਿੰਘ ਅਜਨਾਲਾ ਵੱਲੋਂ ਨਵੇਂ ਅਕਾਲੀ ਦਲ ਦੇ ਐਲਾਨ ਅਤੇ ਹਮਖਿਆਲੀਆਂ ਨੂੰ ਸੱਦਾ ਦਿੱਤੇ ਜਾਣ ਬਾਅਦ ਪੰਜਾਬ ਦੇ ਰਾਜਸੀ ਖੇਤਰ ਵਿੱਚ ਨਵੀਂ ਹਲਚੱਲ ਸ਼ੁਰੂ ਹੋ ਗਈ ਹੈ। ਭਾਵੇਂ ਸ੍ਰ: ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣੇ ਅਸਤੀਫੇ ਦਾ ਕਾਰਣ ਖਰਾਬ ਸਿਹਤ ਤੇ ਵੱਡੀ ਉਮਰ ਹੋਣਾ ਸਪੱਸਟ -ਰੂਪ ’ਚ ਦੱਸਿਆ ਹੈ ਪਰੰਤੂ ਇਹ ਕਾਰਣ ਰਾਜਸੀ ਹਲਕਿਆਂ ਤੇ ਆਮ ਲੋਕਾਂ ਦੇ ਗਲ੍ਹੇ ਨਹੀ ਉਤਰ ਰਹੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ: ਅਵਤਾਰ ਸਿੰਘ ਮੱਕੜ ਵੱਲੋਂ ਪੰਥਕ ਮਸਲਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸਿਪ ਵੱਲੋਂ ਲਏ ਫੈਸਲਿਆਂ ਤੇ ਉਂਗਲ ਚੁੱਕਣਾ ਤੇ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਮਨਜੀਤ ਸਿੰਘ ਜੀ.ਕੇ ਦੇ ਅਸਤੀਫੇ ਦਾ ਭੰਬਲਭੂਸਾ ਤੇ ਫਿਰ ਸ੍ਰ ਜੀ.ਕੇ ਵੱਲੋ ਵੀ ਪੰਥਕ ਮਸਲਿਆਂ ’ਤੇ ਅਕਾਲੀ ਦਲ ਵੱਲੋਂ ਲਏ ਫੈਸਲਿਆਂ ਤੇ ਕਿੰਤੂ ਕਰਨਾ ਪਾਰਟੀ ’ਚ ਗੰਭੀਰ ਸੰਕਟ ਤੇ ਨਰਾਜਗੀ ਹੋਣ ਦਾ ਸਪੱਸਟ ਇਸ਼ਾਰਾ ਹਨ। ਉਕਤ ਸਾਰੀਆਂ ਘਟਨਾਵਾਂ ਕਿਸੇ ਯੋਜਨਾਵੱਧ ਢੰਗ ਨਾਲ ਵਾਪਰੀਆਂ ਹੋਣ ਜਾਂ ਨਹੀ ਪਰੰਤੂ ਇੱਕ ਗੱਲ ਤਾਂ ਸਪੱਸਟ ਹੋ ਚੁੱਕੀ ਹੈ ਕਿ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਉਸਦੀ ਨਿੱਜੀ ਟੀਮ ਪ੍ਰਤੀ ਟਕਸਾਲੀ ਤੇ ਸੀਨੀਅਰ ਲੀਡਰਸ਼ਿਪ ਦੇ ਵੱਡੇ ਹਿੱਸੇ ’ਚ ਵਿਆਪਕ ਰੋਸ ਹੈ। ਇਹ ਰੋਸ ਹਾਲ ਦੀ ਘੜੀ ਬਾਦਲ ਪਰਿਵਾਰ ਦੇ ਕਬਜੇ ਤੋਂ ਸ੍ਰੋਮਣੀ ਅਕਾਲੀ ਦਲ ਦੀ ਮੁਕਤੀ ਅਤੇ ਅਕਾਲੀ ਦਲ ਦੀ ਪਹਿਲਾਂ ਵਾਲੀ ਦਿੱਖ ਮੁੜ ਬਹਾਲ ਕਰਨ ਦੀ ਖਾਹਿਸ ’ਚ ਉਪਜਿਆ ਪ੍ਰਤੀਤ ਹੋ ਰਿਹਾ ਹੈ। ਸਾਲ 2020 ’ਚ ਸ਼੍ਰੋਮਣੀ ਅਕਾਲੀ ਦਲ ਇੱਕ ਸ਼ਤਾਬਦੀ ਪੂਰੀ ਕਰ ਲਵੇਗਾ। ਭਾਵ 100 ਸਾਲ ਪੁਰਾਣੀ ਪਾਰਟੀ ਬਣ ਜਾਵੇਗੀ। ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੋਣ ਦਾ ਮਾਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਉਂਦਾ ਹੈ। ਕੁਰਬਾਨੀਆਂ ਤੇ ਸੰਘਰਸ ਪੱਖੋਂ ਵੀ ਸ਼ਾਇਦ ਹੀ ਕੋਈ ਰਾਜਸੀ ਦਲ ਸਮੁੱਚੇ ਭਾਰਤ ’ਚ ਇਸ ਪਾਰਟੀ ਦਾ ਮੁਕਾਬਲਾ ਕਰ ਸਕੇ।ਮੀਰੀ ਅਤੇ ਪੀਰੀ ਦੇ ਸੰਕਲਪ ਦਾ ਧਾਰਨੀ ਸ਼੍ਰੋਮਣੀ ਅਕਾਲੀ ਦਲ ਧਰਮ ਤੇ ਸਿਆਸਤ ਨੂੰ ਇੱਕਠੇ ਰੱਖਕੇ ਚਲਦਾ ਆਇਆ ਹੈ।ਅਕਾਲੀ ਦਲ ਦਾ ਗਠਨ ਹੀ ਉਸ ਵੇਲੇ ਨਿਰੋਲ ਧਾਰਮਿਕ ਮੰਤਵ ਲਈ ਮਹੰਤਾਂ ਤੇ ਸਰਕਾਰੀ ਪਿੱਠੂਆਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਾਉਣ ਹਿਤ ਹੋਇਆ ਸੀ। ਸਿਆਸੀ ਵਿਸ਼ਲੇਸਕ ਮੰਨਦੇ ਹਨ ਕਿ 1985 ਦੀ ਬਰਨਾਲਾ ਸਰਕਾਰ ਤੱਕ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਪਰਿਵਾਰਵਾਦ ਤੋਂ ਮੁਕਤ ਰਿਹਾ।ਜਿਵੇਂ ਹੀ ਸ੍ਰ: ਪ੍ਰਕਾਸ ਸਿੰਘ ਬਾਦਲ 1995 ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਤਾਂ ਪਾਰਟੀ ’ਚ ਪਰਿਵਾਰਵਾਦ ਦੀ ਸ਼ੁਰੂਆਤ 1995 ਦੀ ਗਿੱਦੜਬਾਹਾ ਜਿਮਨੀ ਚੋਣ ਤੋਂ ਆਰੰਭ ਹੋਈ। ਸ੍ਰ: ਬਾਦਲ ਨੇ ਆਪਣੇ ਭਤੀਜੇ ਸ੍ਰ: ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਵੱਲੋਂ ਜਿਮਨੀ ਚੋਣ ਲੜਾਈ ਗਈ। ਅਗਲੇ ਸਾਲ 1996 ’ਚ ਲੋਕ ਸਭਾ ਦੀਆਂ ਆਮ ਚੋਣਾਂ ’ਚ ਉਹਨਾਂ ਆਪਣੇ ਪੁੱਤਰ ਸ੍ਰ: ਸੁਖਬੀਰ ਸਿੰਘ ਬਾਦਲ ਨੂੰ ਫਰੀਦਕੋਟ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ। ਹੁਣ ਪਾਰਟੀ ’ਚ ਅਜਾਰੇਦਾਰੀ ਦਾ ਇਹ ਸਿਖਰ ਹੀਂ ਹੈ ਕਿ ਬਾਦਲ ਪਰਿਵਾਰ ਦੇ ਪੰਜ ਜੀਅ ਕੇਂਦਰੀ ਤੇ ਸੁਬਾਈ ਸਰਕਾਰ ’ਚ ਬਿਨਾਂ ਕਿਸੇ ਝਿਜਕ ਜਾਂ ਪਰਵਾਹ ਦੇ ਹੁਣ ਤੱਕ ਮੁੱਖ ਮੰਤਰੀ , ਮੰਤਰੀਆਂ ਤੇ ਪਾਰਟੀ ਦੇ ਸਿਖਰਲੇ ਅਹੁਦਿਆਂ ਤੇ ਡਟੇ ਰਹੇ ਜਾਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ’ਤੇ ਬਾਦਲ ਪਰਿਵਾਰ ਦਾ ਮੁਕੰਮਲ ਕਬਜਾ ਉਸ ਮੌਕੇ ਹੀ ਹੋ ਗਿਆ ਸੀ ਜਦੋਂ ਜਥੇ: ਗੁਰਚਰਨ ਸਿੰਘ ਟੌਹੜਾ ਨੇ ਸਾਲ 1999 ’ਚ ਇਹ ਸੁਝਾਅ ਦੇ ਦਿੱਤਾ ਕਿ ਮੁੱਖ ਮੰਤਰੀ ਸ੍ਰ: ਪਕਾਸ ਸਿੰਘ ਬਾਦਲ ਨੂੰ ਪਾਰਟੀ ਦੇ ਸਗੰਠਨ ਦੀ ਮਜਬੂਤੀ ਲਈ ਪਾਰਟੀ ਦੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ। ਨਤੀਜਾ ਸ੍ਰ: ਟੌਹੜਾ ਦੀ ਪ੍ਰਧਾਨਗੀ ਖੋਹ ਲਈ ਗਈ ਅਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਚਲਦਾ ਕਰ ਦਿੱਤਾ ਗਿਆ, ਕਿਉਂ ਕਿ ਉਹ ਜਥੇ: ਟੌਹੜਾ ਦੇ ਨੇੜੇ ਸਮਝੇ ਜਾਦੇ ਸਨ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਰੂਪ ’ਚ ਬੀਬੀ ਜੰਗੀਰ ਕੌਰ ਦਾ ਅਗਾਜ਼ ਹੋਇਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਜਥੇਦਾਰ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਨੂੰ ਥਾਪ ਕੇ ਬਾਦਲ ਪਰਿਵਾਰ ਉਕਤ ਧਾਰਮਿਕ ਕੇਂਦਰਾਂ ਤੇ ਪੂਰੀ ਤਰ੍ਹਾਂ ਕਾਬਜ ਹੋ ਗਿਆ, ਜੋ ਅੱਜ ਤੱਕ ਨਿਰੰਤਰ ਵੱਖ-ਵੱਖ ਚਿਹਿਰਆਂ ਦੇ ਰੂਪ ’ਚ ਜਾਰੀ ਹੈ। ਸ੍ਰ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਜਿੱਤਕੇ ਲਗਾਤਾਰ ਦੂਜੀਵਾਰ ਸਰਕਾਰ ਬਣਾਉਣ ਦਾ ਸ਼੍ਰੋਮਣੀ ਅਕਾਲੀ ਦਲ ਨੇ ਜ਼ਿੱਥੇ ਨਵਾਂ ਇਤਿਹਾਸ ਸਿਰਜਿਆ ਉਥੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਦਲ ਦਾ ਅੱਜ ਤੱਕ ਦਾ ਸਭ ਤੋਂ ਨਿਰਾਸ਼ਾਜਨਕ ਪ੍ਰਦਰਸ਼ਨ ਵੀ ਰਿਕਾਰਡ ਬਣਿਆ। ਬਾਅਦ ’ਚ ਸੂਬੇ ’ਚ ਹੋਈਆਂ ਦੋ ਜਿਮਨੀ ਚੋਣਾਂ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਨਤੀਜਿਆਂ ਨੇ ਨਿਰਾਸ਼ਾ ਦਾ ਆਲਮ ਅਕਾਲੀ ਦਲ ਲਈ ਹੋਰ ਲੰਬਾ ਕਰ ਦਿੱਤਾ। ਭਾਵੇਂ ਇਸ ਸਥਿਤੀ ਦੇ ਸਪੱਸਟ ਕਾਰਣ ਪਰਿਵਾਰਵਾਦ ਤੋਂ ਇਲਾਵਾ ਪਿਛਲੇ ਦਸ ਸਾਲਾਂ ਦੀ ਸਤਾ ਦੌਰਾਨ ਹਰ ਪੱਧਰ ਤੇ ਭ੍ਰਿਸਟਾਚਾਰ ਦਾ ਬੋਲਬਾਲਾ , ਨਸ਼ੇ , ਧਾਰਮਿਕ ਕੇਂਦਰਾਂ ਤੇ ਸੰਸਥਾਵਾਂ ਦੀ ਹਸਤੀ ਨੂੰ ਹਲਕੇ ’ਚ ਲੈਣਾ ਜਾਂ ਟਿੱਚ ਸਮਝਣਾ ਅਤੇ ਨਵੀਂ ਲੀਡਰਸ਼ਿਪ ਦੀ ਹੁੱਲੜਬਾਜੀ ਆਦਿ ਹਨ। ਸ੍ਰ: ਸੁਖਦੇਵ ਸਿੰਘ ਢੀਂਡਸਾ ਬਹੁਤ ਸੁਲਝੇ ਹੋਏ ਤੇ ਪ੍ਰ ਸਿਆਸਤਦਾਨ ਮੰਨੇ ਜਾਂਦੇ ਹਨ। ਉਹ ਛੇਤੀ ਕਿਤੇ ਆਪਣਾ ਸਤੁੰਲਨ ਹਿੱਲਣ ਨਹੀ ਦਿੰਦੇ। ਉਨ੍ਹਾਂ ਦੇ ਅਸਤੀਫੇ ਤੋਂ ਸਮਝਿਆ ਇਹੀ ਜਾ ਰਿਹਾ ਹੈ ਕਿ ਸੂਬੇ ਦੀ ਜਮੀਨੀ ਰਾਜਸੀ ਹਕੀਕਤ ਨੂੰ ਭਾਂਪਦਿਆਂ ਅਤੇ ਅਕਾਲੀ ਦਲ ਦਾ ਦਿਨ ਪ੍ਰਤੀ ਦਿਨ ਵਧ ਰਹੇ ਧਾਰਮਿਕ ਤੇ ਰਾਜਸੀ ਸੰਕਟ ਦੇ ਕਿਸੇ ਸਥਾਈ ਹੱਲ ਲਈ ਹੀ ਉਨ੍ਹਾਂ ਆਪਣਾ ਤਿਆਗ ਪੱਤਰ ਦਿੱਤਾ ਹੈ। ਬਜਾਰ ’ਚ ਇਹ ਵੀ ਅਫਵਾਹਾਂ ਗਰਮ ਹਨ ਕਿ ਸ੍ਰ: ਢੀਂਡਸਾ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਉਣ ਦੇ ਫੈਸਲੇ ਤੋਂ ਬਾਦਲਾਂ ਦਾ ਮੁਕੱਰ ਜਾਣਾ ਅਸਤੀਫੇ ਦਾ ਅਸਲੀ ਕਾਰਣ ਹੈ। ਕਿਤੇ ਉਹਨਾਂ ਦੀ ਨੂੰਹ ਸ੍ਰੀਮਤੀ ਗਗਨਦੀਪ ਕੌਰ ਢੀਂਡਸਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ 2019 ਦੀ ਚੋਣ ਲਈ ਪਾਰਟੀ ਪ੍ਰਮੁੱਖ ਵੱਲੋਂ ਟਿਕਟ ਦਾ ਹੁੰਗਾਰਾ ਨਾ ਭਰਨ ਦੀ ਗੱਲ ਨੂੰ ਵੀ ਅਸਤੀਫੇ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂ ਕਿ ਸ੍ਰ: ਢੀਂਡਸਾ ਦੇ ਸਪੁੱਤਰ ਸ੍ਰ: ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ ਪਿਛਲੇ ਦਿਨੀਂ ਮੀਡੀਆ ਸਾਹਮਣੇ ਇਹ ਸਪੱਸਟ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਅਗਲੇ ਸਾਲ ਹੋਣ ਵਾਲੀ ਲੋਕ ਸਭਾ ਦੀ ਚੋਣ ਨਹੀ ਲੜੇਗਾ। ਉਕਤ ਤਾਜੀਆਂ ਵਾਪਰੀਆਂ ਘਟਨਾਵਾਂ ਦੇ ਸਪੱਸਟ ਸੰਕੇਤ ਇਹ ਹਨ ਕਿ ਟਕਸਾਲੀ ਅਤੇ ਸੀਨੀਅਰ ਲੀਡਰਸ਼ਿਪ ਆਪਣੇ ਆਪ ਨੂੰ ਖੁੱਡੇ ਲਾਈਨ ਲੱਗਿਆ ਮਹਿਸੂਸ ਕਰ ਰਹੀ ਹੈ। ਸ੍ਰ: ਸੁਖਬੀਰ ਸਿੰਘ ਬਾਦਲ ਇਸ ਢੰਗ ਨਾਲ ਪਾਰਟੀ ਨੂੰ ਚਲਾ ਰਹੇ ਹਨ ਕਿ ਉਹਨਾਂ ਨੂੰ ਟਕਸਾਲੀ ਆਗੂਆਂ ਅਤੇ ਵਰਕਰਾਂ ਦੀ ਕੋਈ ਖਾਸ ਲੋੜ ਮਹਿਸੂਸ ਨਹੀ ਹੋ ਰਹੀ । ਸ੍ਰ: ਸੁਖਬੀਰ ਸਿੰਘ ਬਾਦਲ ਦੇ ਪਾਰਟੀ ਚਲਾਉਣ ਦੇ ਢੰਗ ਤਰੀਕੇ ਤੋਂ ਹੁਣ ਤੱਕ ਇਹੀ ਪ੍ਰਭਾਵ ਸਾਹਮਣੇ ਆ ਰਿਹਾ ਹੈ ਕਿ ਉਹ ਚੋਣਾਂ ਜਿੱਤਣ ਲਈ ਜੁਗਤ ਅਤੇ ਧਨ ਨੂੰ ਸਭ ਤੋਂ ਅਹਿਮ ਸਮਝਦੇ ਹਨ। ਜਦ ਕਿ ਸੀਨੀਅਰ ਅਕਾਲੀ ਲੀਡਰਸ਼ਿਪ ਉਹਨਾਂ ਦੇ ਇਸ ਢੰਗ ਤਰੀਕੇ ਨੂੰ ਮਹਿਜ ਭੁਲਾਵਾ ਤੇ ਭਰਮ ਸਮਝਦੀ ਹੈ। ਟਕਸਾਲੀ ਲੀਡਰਾਂ ਅਨੁਸਾਰ ਪੰਥਕ ਮੁੱਦੇ , ਪੰਜਾਬ ਦੇ ਹਿਤ ਅਤੇ ਉਹਨਾਂ ਲਈ ਸੰਘਰਸ ਮੋਰਚੇ ਆਦਿ ਹੀ ਪਾਰਟੀ ਦਾ ਮਿਸ਼ਨ ਹੋਣਾ ਚਾਹੀਂਦਾ ਹੈ। ਜਦ ਕਿ ਅੱਜ ਦਾ ਅਕਾਲੀ ਦਲ ਪੰਥਕ ਤੇ ਧਾਰਮਿਕ ਦਿੱਖ ਤੋਂ ਕੋਹਾਂ ਦੂਰ ਚਲਿਆ ਗਿਆ ਹੈ। ਸ੍ਰ: ਪ੍ਰਕਾਸ ਸਿੰਘ ਬਾਦਲ ਵੱਲੋਂ ਵੀ ਸੀਨੀਅਰ ਆਗੂਆਂ ਦੀਆਂ ਸ਼ਿਕਾਇਤਾਂ-ਰੋਸਿਆਂ ਨੂੰ ਲਗਾਤਾਰ ਅਣਗੌਲਿਆਂ ਕਰਨਾ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਮਨਮਾਨੇ ਢੰਗ ਨਾਲ ਆਪ ਮੁਹਾਰੇ ਅਹਿਮ ਰਾਜਨੀਤਿਕ ਫੈਸਲੇ ਲੈਣੇ ਬਾਦਲ ਪਰਿਵਾਰ ਲਈ ਵੱਡੀ ਸਿਰਦਰਦੀ ਬਣਦਾ ਨਜਰ ਆ ਰਿਹਾ ਹੈ । ਸਿਆਸੀ ਹਲਕਿਆਂ ’ਚ ਨਿਗੱਰ ਚਰਚਾ ਇਹ ਵੀ ਹੈ ਕਿ ਕੋਰ ਕਮੇਟੀ ਦੀ ਮੀਟਿੰਗ ’ਚ ਬਰਗਾੜੀ ਦੀ ਬੇਅਦਬੀ ਘਟਨਾ ਨੂੰ ਲੈ ਕੇ ਹੋਈ ਚਰਚਾ ਦੌਰਾਨ ਸ੍ਰ: ਢੀਂਡਸਾ ਸਮੇਤ ਜਿਆਦਾਤਰ ਆਗੂਆਂ ਨੇ ਸੁਝਾਅ ਦਿੱਤਾ ਸੀ ਕਿ ਸ੍ਰ: ਪ੍ਰਕਾਸ ਸਿੰਘ ਬਾਦਲ ਅਤੇ ਸ੍ਰ: ਸੁਖਬੀਰ ਸਿੰਘ ਨੂੰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸੂਬੇ ’ਚ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਲਈ ਭੁੱਲ ਬਖਸ਼ਾਉਣੀ ਚਾਹੀਦੀ ਹੈ। ਸ੍ਰ: ਪ੍ਰਕਾਸ ਸਿੰਘ ਬਾਦਲ ਤਾਂ ਇਸ ਸੁਝਾਅ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਗਏ ਸਨ ਪਰ ਸ੍ਰ: ਸੁਖਬੀਰ ਸਿੰਘ ਬਾਦਲ ਅਜਿਹਾ ਕਰਨ ਲਈ ਤਿਆਰ ਨਹੀ ਹੋਏ। ਪਾਰਟੀ ਪ੍ਰਮੁੱਖ ਦੇ ਅਜਿਹੇ ਰਵੱਈਏ ਤੋਂ ਸੀਨੀਅਰ ਲੀਡਰਸ਼ਿਪ ’ਚ ਇਹ ਅਹਿਸਾਸ ਜਾਗਣਾ ਸੁਭਾਵਿਕ ਹੀ ਹੈ ਕਿ ਜੇਕਰ ਪਾਰਟੀ ਪ੍ਰਮੁੱਖ ਨੇ ਕੋਈ ਨੇਕ ਸਲਾਹ ਵੀ ਨਹੀ ਮੰਨਣੀ ਤਾਂ ਪਾਰਟੀ ਦੇ ਉਚ ਅਹੁਦਿਆਂ ਤੇ ਟਿਕੇ ਰਹਿਣ ਦੀ ਕੀ ਤੁਕ ਹੈ। ਸ਼ਾਇਦ ਇਸ ਕਾਰਣ ਵੀ ਪਾਰਟੀ ’ਚ ਉਕਤ ਵਰਤਾਰੇ ਘਟਣੇ ਸ਼ੁਰੂ ਹੋਏ ਹੋਣ। ਹਾਲਾਂ ਕਿ ਹੁਣ ਇਹ ਵੀ ਕਨਸ਼ੋਆਂ ਮਿਲ ਰਹੀਆਂ ਹਨ ਕਿ ਦੋਵੇਂ ਬਾਦਲਾਂ ਨੂੰ ਅਗਲੇ ਦਿਨਾਂ ’ਚ ਸ੍ਰੀ ਅਕਾਲ ਤਖਤ ਸਾਹਿਬ ਤੇ ਭੁੱਲ ਬਖਸਾਉਣ ਲਈ ਨਵੇਂ ਜਥੇ: ਸਾਹਿਬ ਵੱਲੋ ਤਲਬ ਕੀਤਾ ਜਾ ਰਿਹਾ ਹੈ ।ਬਾਦਲ ਪਰਿਵਾਰ ਜਿੱਥੇ ਬਰਗਾੜੀ ਮੋਰਚੇ ਰਾਹੀਂ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਦੇ ਸਖਤ ਰੋਹ ਦਾ ਸਾਹਮਣਾ ਕਰ ਰਿਹਾ ਹੈ ਉਥੇ ਸਤਾਧਾਰੀ ਕਾਂਰਗਸ ਪਾਰਟੀ ਦੀ ਹਕੂਮਤ ਵੀ ਹਰ ਮੋਰਚੇ ਤੇ ਹਾਲ ਦੀ ਘੜੀ ਬਾਦਲ ਪਰਿਵਾਰ ਅਤੇ ਅਕਾਲੀ ਲੀਡਰਸ਼ਿਪ ਨੂੰ ਉਭਰਨ ਨਹੀ ਦੇ ਰਹੀ। ਹੁਣ ਅੰਮ੍ਰਿਤਸਰ ’ਚ ਹੋਈ ਪੰਥਕ ਅਸੈਬੰਲੀ ਨੇ ਵੀ ਬਾਦਲਾਂ ਦੇ ਬਾਈਕਾਟ ਦਾ ਸੱਦਾ ਦੇ ਦਿੱਤਾ ਹੈ। ਅਜਿਹਾ ਸਭ ਚਲਦਿਆ ਪਾਰਟੀ ਦੀ ਅੰਦਰਲੀ ਬਗਾਵਤ ਫਿਲਹਾਲ ਚਾਹੇ ਦਬਵੀਂ ਸੁਰ ’ਚ ਹੈ ਪਰੰਤੂ ਜੇਕਰ ਬਾਦਲ ਪਰਿਵਾਰ ਤੇ ਅਕਾਲੀ ਦਲ ਅਜੋਕੇ ਸੰਕਟ ’ਚੋਂ ਕੁਝ ਸਮਾਂ ਹੋਰ ਨਾ ਨਿਕਲ ਸਕਿਆ ਤਾਂ ਸੰਭਵ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਪਾਰਟੀ ਅੰਦਰ ਵੱਡੀ ਬਗਾਵਤ ਦਾ ਸਾਹਮਣਾ ਕਰਨਾ ਪੈ ਜਾਵੇ। ਸ਼੍ਰੋਮਣੀ ਅਕਾਲੀ ਦਲ ਦੀ ਨਾ ਸਿਰਫ ਸਿਖਰਲੀ ਲੀਡਰਸ਼ਿਪ ਬਲਕਿ ਹੇਠਲੀ ਕਤਾਰ ਦੇ ਵਰਕਰ-ਆਗੂ ਵੀ ਹੁਣ ਬਾਦਲ ਪਰਿਵਾਰ ਅਤੇ ਅਕਾਲੀ ਦਲ ਖਿਲਾਫ ਲੋਕ ਰੋਹ ਦਾ ਹੋਰ ਲੰਬਾ ਸਮਾਂ ਸਾਹਮਣਾ ਕਰਨ ਨੂੰ ਤਿਆਰ ਨਹੀ ਦਿਖ ਰਹੇ।ਵਰਤਮਾਨ ਦੌਰ ਵਿੱਚ ਵੱਖ-ਵੱਖ ਥਾਵਾਂ ਦੇ ਘਟਨਾਂਕ੍ਰਮ ਤਾਂ ਇਹੀ ਪ੍ਰਭਾਵ ਦੇ ਰਹੇ ਹਨ।ਹੁਣ ਬਾਦਲ ਪਰਿਵਾਰ ਨੂੰ ਸੰਜੀਦਗੀ ਨਾਲ ਚੱਲ ਰਿਹਾ ਇਹ ਸਿਆਸੀ ਸੰਕਟ ਹੱਲ ਕਰਨਾ ਹੀ ਪਵੇਗਾ। ਕਿਉਂਕਿ ਉਹਨਾਂ ਦੀ ਸਥਿਤੀ ਹੁਣ ‘ਕਰੋ ਜਾਂ ਮਰੋ’ ਵਾਲੇ ਮੁਕਾਮ ਤੇ ਪਹੁੰਚ ਚੁੱਕੀ ਹੈ। ਇਹ ਵੀ ਸਚਾਈ ਹੈ ਕਿ ਮੌਜੂਦਾ ਸੰਕਟ ਰੈਲੀਆਂ,ਭੀੜਾਂ, ਰੁੱਸੀ ਲੀਡਰਸਿਪ ਨੂੰ ਪੁਚਕਾਰਨ ਜਾਂ ਦੁਰਕਾਰਨ ਪ੍ਰੈਸ ਕਵਰੇਜ ਜਾਂ ਸੋਸ਼ਲ ਮੀਡੀਆ ਨਾਲ ਹੱਲ ਨਹੀਂ ਹੋਣਾ। ਇਸ ਲਈ ਸੁਹਿਰਦ ਯਤਨ ਹੀ ਪਾਰਟੀ ਪ੍ਰਮੁੱਖ ਨੂੰ ਰਾਹਤ ਦੇ ਸਕਦੇ ਹਨ।

WRITTEN BY