ਨੂਰਾਂ ਭੈਣਾਂ ਦੇ ਇੱਕ ਗੀਤ ਦੇ ਇਹ ਬੋਲ ਅੱਜ ਦੇ ਜ਼ਮਾਨੇ ਦੀ ਸਚਾਈ ਨੂੰ ਬਿਆਨ ਕਰਦੇ ਹਨ। ਸਿੱਧੇ ਤੌਰ ’ਤੇ ਦੂਜੇ ਦੀ ਗੱਲ ਕਰਨੀ ਜਾਂ ਕੁੱਝ ਵਿਗਾੜਨਾ ਔਖਾ ਹੈ ਪਰ ਵਿਸ਼ਵਾਸ਼ ਵਿੱਚ ਲੈ ਕੇ ਅਤੇ ਅਪਣਤ ਜਤਾ ਕੇ ਕਿਸੇ ਨੂੰ ਮਾਰਨਾ ਅੱਜ ਕਾਫੀ ਆਸਾਨ ਅਤੇ ਆਮ ਹੋ ਗਿਆ ਹੈ। ਸੜਕ ’ਤੇ ਸਫਰ ਕਰਦੇ ਸਮੇਂ ਟਰੱਕਾਂ ਦੇ ਪਿੱਛੇ ਅਕਸਰ ਲਿਖਿਆ ਦੇਖਿਆ ਹੈ ’ਆਪਣਿਆਂ ਤੋਂ ਬਚੋ’। ਕਰੀਬੀ ਬੰਦਾ ਬੇਗਾਨੇ ਨਾਲੋਂ ਛੇਤੀ ਮਾਰ ਕਰਦਾ ਹੈ ਅਤੇ ਅਜਿਹੇ ਬੰਦੇ ਦੀ ਝੂਠੀ ਗੱਲ ’ਤੇ ਸੁਨਣ ਵਾਲਾ ਵੀ ਛੇਤੀ ਹੀ ਯਕੀਨ ਕਰ ਲੈਂਦਾ ਹੈ। ਕਹਿੰਦੇ ਜੇਕਰ ਦੋ ਦੋਸਤਾਂ ਜਾਂ ਭਰਾਵਾਂ ਵਿਚਾਲੇ ਵੈਰ ਪੈ ਜਾਵੇ ਤਾਂ ਉਹ ਦੋਨੋ ਇੱਕ ਦੂਜੇ ਲਈ ਬੇਹੱਦ ਖਤਰਨਾਕ ਸਾਬਿਤ ਹੁੰਦੇ ਹਨ ਕਿਉਂਕਿ ਉਹਨਾਂ ਕੋਲ ਇੱਕ ਦੂਜੇ ਦੇ ਡੂੰਘੇ ਭੇਦ ਹੁੰਦੇ ਹਨ। ਚੋਰ ਘਰ ’ਚ ਵੜਨ ਲੱਗਿਆ ਡਰਦਾ ਹੈ ਕਿ ਕੀਤੇ ਫੜਿਆ ਨਾ ਜਾਵਾਂ ਪਰ ਘਰ ਵਿੱਚ ਹੀ ਬੈਠੇ ਵਿਅਕਤੀ ਲਈ ਚੋਰੀ ਕਰਨਾ ਆਸਾਨ ਹੈ।
ਅੱਜ ਦੋਸਤ ਸ਼ਬਦ ਦੇ ਅਰਥ ਬਦਲ ਗਏ ਹਨ। ਜੇਬ ਅਤੇ ਪੈਸਾ ਦੇਖ ਕੇ ਦੋਸਤੀ ਪਾਈ ਅਤੇ ਹੰਢਾਈ ਜਾਂਦੀ ਹੈ। ਜੇਬ ’ਚੋਂ ਪੈਸਾ ਖਤਮ ਹੁੰਦੀ ਸਾਰ ਦੋਸਤ ਕਿਨਾਰਾ ਕਰ ਲੈਂਦੇ ਹਨ। ਰਿਸ਼ਤੇ ਟੁੱਟ ਜਾਂਦੇ ਹਨ ਅਤੇ ਪਿਆਰ ਫਿੱਕਾ ਪੈ ਜਾਂਦਾ ਹੈ। ਤਕਰੀਬਨ ਇੱਕ ਦਹਾਕਾ ਪਹਿਲਾਂ ਜਦੋਂ ਪੰਜਾਬ ’ਚ ਜਮੀਨਾਂ ਦੇ ਰੇਟ ਆਸਮਾਨੀ ਜਾ ਲੱਗੇ ਸਨ ਉਸ ਵਕਤ ਨਿੱਜੀ ਫਾਇਦਾ ਕਮਾਉਣ ਲਈ ਅਤੇ ਦਲਾਲੀ ਦੇ ਮੋਟੇ ਪੈਸੇ ਖਾਣ ਲਈ ਕਈ ਦਲਾਲਾਂ ਨੇ ਆਪਣੇ ਸਕੇ ਸਬੰਧੀਆਂ ਦੀਆਂ ਜਮੀਨਾਂ ਘੱਟ ਰੇਟ ’ਤੇ ਵਿਕਾ ਕੇ ਆਪ ਮੋਟਾ ਮੁਨਾਫਾ ਕਮਾਇਆ। ਇੱਕ ਜਾਂ ਦੋ ਕੀਲਿਆਂ ਵਾਲੇ ਵਿਅਕਤੀ ਵਿਹਲੇ ਕਰਕੇ ਘਰ ਬਿਠਾ ਦਿੱਤੇ। ਇਹ ਕੰਮ ਜਿਆਦਾਤਰ ਆਪਣਿਆਂ ਨੇ ਹੀ ਕੀਤਾ। ਪਿਆਰ, ਨਿੱਘ ਅਤੇ ਆਪਣਾਪਣ ਸਭ ਗਾਇਬ ਹੋ ਗਏ ਅਤੇ ਸਫੇਦ ਖੂਨ ਨੇ ਆਪਣਾਂ ਅਸਲੀ ਰੰਗ ਦਿਖਾਇਆ।
ਮੰਡੀ ਬਣ ਚੁੱਕੀ ਇਸ ਦੁਨੀਆਂ ’ਚ ਅੱਜ ਹਰ ਚੀਜ਼ ਵਿਕਾਊ ਹੈ। ਪੈਸੇ ਦੇ ਜ਼ੋਰ ਨਾਲ ਬਿਲਕੁੱਲ ਟੇਢਾ ਕੰਮ ਸਿੱਧਾ ਹੋ ਜਾਂਦਾ ਹੈ ਅਤੇ ਸਿਧੇ ਨੂੰ ਬਿੰਦ ’ਚ ਟੇਢਾ ਕਰ ਦਿੱਤਾ ਜਾਂਦਾ ਹੈ। ਅਪਣਤ ਅਤੇ ਪਿਆਰ ਲੰਬੀ ਉਡਾਰੀ ਮਾਰ ਗਿਆ ਲਗਦਾ ਹੈ। ਭਰਾ ਹੱਥੋਂ ਭਰਾ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ ਅਜਿਹੇ ’ਚ ਬਾਹਰਲੇ ਵਿਅਕਤੀ ਤੋਂ ਕੀ ਆਸ ਰੱਖੋਗੇ। ਜ਼ਿਆਦਾਤਰ ਜਿੰਨਾਂ ਪਰਿਵਾਰਿਕ ਮੁੱਖੀਆਂ ਨੂੰ ਘਰ ਦੀ ਚੌਧਰ ਦਿੱਤੀ ਗਈ ਸੀ ਉਹ ਆਪਣਾਂ ਮੁਨਾਫਾ ਖੱਟ ਕੇ ਬਾਕੀ ਪਰਿਵਾਰਾਂ ਨੂੰ ਭੱਠੀ ’ਚ ਝੋੰਕ ਗਏ। ਆਪਣਿਆਂ ’ਤੇ ਕੀਤਾ ਵਿਸ਼ਵਾਸ਼ ਅਤੇ ਫਿਰ ਮਿਲਦਾ ਧੋਖਾ ਇਨਸਾਨ ਨੂੰ ਅੰਦਰੋਂ ਚੀਰ ਦਿੰਦਾ ਹੈ। ਅਪਣਤ ਜਿਤਾ ਕੇ ਕਿਸੇ ਦੀ ਇੱਜ਼ਤ ਨਾਲ ਖੇਡਣਾਂ ਆਮ ਗੱਲ ਹੋ ਗਈ ਹੈ। ਰੂਹਾਂ ਦੇ ਪਿਆਰ ਦੇ ਬਹਾਨੇ ਭੁੱਖੀ ਹਵਸ ਆਪਣਾਂ ਰੰਗ ਦਿਖਾਉਂਦੀ ਹੈ ਜੋ ਕੀਮਤੀ ਇੱਜਤਾਂ ਨੂੰ ਲੀਰੋ ਲੀਰ ਕਰ ਦਿੰਦੀ ਹੈ। ਧੋਖਾ ਕਰਨ ਵਾਲਾ ਇਨਸਾਨ ਆਪਣੇ ਪਰਾਏ ਦੀ ਪਰਵਾਹ ਨਹੀਂ ਕਰਦਾ ਉਸ ਲਈ ਇਹ ਗੱਲ ਬਿਲਕੁੱਲ ਮਾਈਨੇ ਨਹੀਂ ਰੱਖਦੀ ਕਿ ਉਸ ਦੇ ਅਜਿਹਾ ਕਰਨ ਨਾਲ ਕਿਸੇ ਨੂੰ ਕੀ ਫਰਕ ਪੈਂਦਾ ਹੈ। ਸਿਰੇ ਚੜੇ ਰਿਸ਼ਤਿਆਂ ਨੂੰ ਸ਼ਰੀਕੇ ’ਚੋਂ ਹੀ ਚੁਗਲੀ ਕਰਕੇ ਤੁੜਵਾ ਦੇਣਾ ਆਪਣੇ ਵਲੋਂ ਹੀ ਮਾਰੇ ਜਾਣ ਦੀ ਇੱਕ ਮਿਸਾਲ ਹੈ।
ਰਾਜਸੀ ਨੇਤਾਵਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਆਪਣਾਂ ਹਮਦਰਦ ਸਮਝਣ ਵਾਲਾ ਵੋਟਰ ਹਰ ਵਾਰ ਆਪਣਿਆਂ ਤੋਂ ਲੁੱਟ ਕੇ ਘਰ ਪਰਤਦਾ ਹੈ। ਅਪਣਤ ਜਿਤਾ ਕੇ ਲਈਆਂ ਵੋਟਾਂ ਵੋਟਰਾਂ ਨੂੰ ਬਾਅਦ ’ਚ ਚਿੜਾਉਂਦੀਆਂ ਹਨ। ਦੋਸਤ ਸਮਝ ਕੇ ਹੌਲ਼ਾ ਕੀਤਾ ਦਿਲ ਉਸ ਵਕਤ ਦੁੱਗਣਾਂ ਭਾਰੀ ਹੋ ਜਾਂਦਾ ਹੈ ਜਦੋਂ ਦਿਲ ਦੇ ਭੇਦ ਜਾਨਣ ਵਾਲਾ ਉਹਨਾਂ ਸੂਖਮ ਅਤੇ ਜ਼ਜ਼ਬਾਤੀ ਭੇਦਾਂ ਦਾ ਮਜਾਕ ਬਣਾਉਂਦਾ ਹੈ ਅਤੇ ਮਨ ਆਪਣੇ ਹੱਥੋਂ ਲੁੱਟਿਆ ਹੋਇਆ ਮਹਿਸੂਸ ਕਰਦਾ ਹੈ। ਘਰ ਵਿੱਚ ਲੜਕੀਆਂ ਨਾਲ ਹੁੰਦੀਆਂ ਛੇੜਛਾੜ ਜਾਂ ਜਬਰਜਨਾਹ ਦੀਆਂ ਘਟਨਾਵਾਂ ਆਪਣਿਆਂ ਨੂੰ ਹੀ ਰਾਖਸ਼ਸ਼ ਵਜੋਂ ਪੇਸ਼ ਕਰਦੀਆਂ ਹਨ। ਬੇਵਿਸ਼ਵਾਸ਼ੀ ਅਤੇ ਸਵਾਰਥ ਦੀ ਇਸ ਹਨੇਰੀ ਅੱਗੇ ਰਿਸ਼ਤੇ ਨਾਤੇ ਸਭ ਫਿੱਕੇ ਪੈਂਦੇ ਨਜ਼ਰ ਆ ਰਹੇ ਹਨ।
ਇਹ ਸੱਚ ਹੈ ਕਿ ਜਿੰਦਗੀ ਦੇ ਸਫਰ ’ਚ ਸਾਥ ਬਹੁਤ ਜ਼ਰੂਰੀ ਹੈ ਅਤੇ ਸਾਥ ਉਦੋਂ ਹੀ ਬਣਦਾ ਹੈ ਜਦੋਂ ਅਸੀਂ ਕਿਸੇ ’ਤੇ ਵਿਸ਼ਵਾਸ਼ ਕਰੀਏ। ਵਿਸ਼ਵਾਸ਼ ਰਿਸ਼ਤਿਆਂ ਅਤੇ ਦੋਸਤੀ ਦੀ ਬੁਨਿਆਦ ਹੈ। ਪਰ ਪੈਰ ਪੈਰ ’ਤੇ ਟੁੱਟਦਾ ਵਿਸ਼ਵਾਸ਼ ਅਤੇ ਮਿਲਦੇ ਧੋਖਿਆਂ ਨੇ ਇਨਸਾਨ ਦੀ ਸੋਚ ਅਤੇ ਉਸਦੇ ਕਰਮਾਂ ’ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਜੇਕਰ ਇਹ ਮਾਨਸਿਕ ਬਿਮਾਰੀ ਇਸੇ ਤਰਾਂ ਵੱਧਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਪਣਾ ਕਹਿਣ ਲਈ ਕੋਈ ਵੀ ਨਹੀਂ ਰਹੇਗਾ। ਇੱਕ ਇਨਸਾਨ ਹੋਣ ਦੇ ਨਾਤੇ ਇਹ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਆਪਸੀ ਰਿਸ਼ਤਿਆਂ ਦੀ ਸ਼ਾਂਝ, ਪਿਆਰ ਅਤੇ ਵਿਸ਼ਵਾਸ਼ ਕਾਇਮ ਰੱਖਿਆ ਜਾਵੇ। ਮਜ਼ਬੂਤ ਰਿਸ਼ਤੇ ਅਤੇ ਵਿਸ਼ਵਾਸ਼ ਇੱਕ ਮਜ਼ਬੂਤ ਸਮਾਜ ਸਿਰਜ ਸਕਦੇ ਹਨ ਜੋ ਅੱਜ ਵਕਤ ਦੀ ਮੁੱਖ ਮੰਗ ਹੈ।
ਜੋ ਆਪਣਾ ਲੱਗਦਾ ਹੈ ਉਹ ਹੀ ਤਾਂ ਠੱਗਦਾ ਹੈ



