ਅਮਰੀਕਾ ਦੇ ਸਿੱਖਾਂ ਦਾ ਕਰਤਾਰਪੁਰ ਲਾਂਘੇ ਨੂੰ ਖੁਲਵਾਉਣ ਵਿਚ ਅਹਿਮ ਰੋਲ
ਵਾਸ਼ਿੰਗਟਨ ਡੀ. ਸੀ.- ਕਰਤਾਰਪੁਰ ਸਾਹਿਬ ਸਿਖਾਂ ਦਾ ਮਕਾ ਹੈ। ਗੁਰੂ ਨਾਨਕ ਸਾਹਿਬ ਸਰਬ-ਸਾਂਝੀਵਾਲਤਾ ਦਾ ਮੁਜਸਮਾ ਹਨ।ਸਾਂਝੇ ਗੁਰੂ ਦੀਆਂ ਸਿਖਿਆਵਾਂ ਮਾਨਵਤਾ ਲਈ ਪ੍ਰੇਰਨਾਸ੍ਰੋਤ ਹਨ। ਜਦੋਂ ਚਾਦਰ ਵੰਡੀ ਗਈ ਸੀ, ਉਸੇ ਦਿਨ ਤੋਂ ਦੋ ਟੁਕੜਿਆਂ ਵਿਚ ਭਾਰਤ ਵੰਡਿਆ ਗਿਆ ਸੀ। ਕਿਸੇ ਨੇ ਨਹੀਂ ਸੋਚਿਆ ਸੀ ਕਿ ਸਿਖਾਂ ਦੇ ਨੌਂ ਗੁਰੂਆਂ ਦੇ ਅਸਥਾਨ ਪਾਕਿਸਤਾਨ ਵਿਚ ਚਲੇ ਜਾਣਗੇ। ਪਰ ਜਦੋਂ ਵੰਡ ਹੋ ਗਈ ਤਾਂ ਖਿਆਲ ਆਇਆ ਕਿ ਸਾਨੂੰ ਸਾਡੇ ਤੀਰਥ ਅਸਥਾਨਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਮਿਲਣੀ ਚਾਹੀਦੀ ਹੈ। ਜਿਸ ਲਈ ਜਦੋ ਜਹਿਦ ਹੁੰਦੀ ਰਹੀ। ਪਹਿਲਾ ਗੁਰਦੁਆਰਾ ਪ੍ਰਬੰਧ ਕਮੇਟੀ ਪਾਕਿਸਤਾਨ ਹੋਂਦ ਵਿਚ ਸਵਰਗਵਾਸੀ ਗੰਗਾ ਸਿੰਘ ਢਿਲੋ ਨੇ ਹੋਂਦ ਵਿਚ ਲਿਆਂਦੀ।ਉਪਰੰਤ ਵੀਜ਼ੇ ਰਾਹੀਂ ਗੁਰਪੁਰਬ ਮਨਾਉਣ ਦਾ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਕਰਤਾਰਪੁਰ ਸਾਹਿਬ ਲਾਂਘੇ ਲਈ ਡੇਰਾ ਬਾਬਾ ਨਾਨਕ ਅਰਦਾਸਾਂ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਕੁਲਦੀਪ ਸਿੰਘ ਵਡਾਲਾ ਵਲੋਂ ਅਰੰਭਿਆ ਗਿਆ ਸੀ। ਅਜੇ ਵੀ ਇਹ ਅਰਦਾਸ ਕਰਨੀ ਜਾਰੀ ਹੈ। ਜਿਸ ਵਿਚ ਯੁਨਾਈਟਡ ਨੇਸ਼ਨ ਦੇ ਅੰਬੈਸਡਰ ਜਾਨ ਮੈਕਡੋਨਲ ਵੀ ਸ਼ਾਮਲ ਹੋਏ। ਜਾਣਕਾਰੀ ਪ੍ਰਾਪਤ ਕਰਨ ਉਪਰੰਤ ਭਾਰਤ ਸੀਮਾ ਦਾ ਦੌਰਾ ਕਰਕੇ ਇਸ ਲਾਂਘੇ ਨੂੰ ਖੋਲ੍ਹਣ ਦੀ ਸ਼ੁਰੂਆਤ ਕੀਤੀ ਸੀ।
ਜ਼ਿਕਰਯੋਗ ਹੈ ਯੁਨਾਈਟਡ ਸਿਖ ਮਿਸ਼ਨ ਨੇ ਜਾਨ ਮੈਕਡੋਨਲਡ ਨਾਲ 2009 ਵਿਚ ਸੰਧੀ ਕਰਕੇ ਇਸ ਕਰਤਾਰ ਪੁਰ ਲਾਂਘੇ ਦਾ ਕਿਤਾਬਚਾ ਤਿਆਰ ਕਰਵਾਇਆ। ਜਿਸ ਦਾ ਸਾਰਾ ਖਰਚਾ ਰਛਪਾਲ ਸਿੰਘ ਢੀਂਡਸਾ ਮੁਖ ਸੇਵਾਦਾਰ ਯੁਨਾਈਟਡ ਸਿਖ ਮਿਸ਼ਨ ਨੇ ਕੀਤਾ। ਪਰ ਇਸ ਕਿਤਾਬਚੇ ਨੂੰ ਨੇਪਰੇ ਚਾੜ੍ਹਨ ਲਈ ਪੰਜ ਮੈਂਬਰੀ ਕਮੇਟੀ ਵਾਸ਼ਿੰਗਟਨ ਮੈਟਰੋ ਪੁਲਿਟਨ ਦਾ ਅਹਿਮ ਰੋਲ ਸੀ। ਜਿਨ੍ਹਾਂ ਵਿਚ ਡਾ. ਸੁਰਿੰਦਰ ਸਿੰਘ ਗਿਲ, ਗੁਰਚਰਨ ਸਿੰਘ ਵਰਲਡ ਬੈਂਕ, ਆਤਮਾ ਸਿੰਘ, ਸੁਰਿੰਦਰ ਸਿੰਘ ਇੰਜੀਨੀਅਰ, ਅਮਰ ਮਲੀ ਆਦਿ ਸ਼ਾਮਲ ਹਨ।ਇਸ ਨਾਲ ਸਹਿਯੋਗ ਵਿਚ ਹਰਵਿੰਦਰ ਰਿਆੜ ਟੀਵੀ ਐਕਰ, ਅਵਤਾਰ ਸਿੰਘ ਪੰਨੂ ਦਾ ਵੀ ਸਹਿਯੋਗ ਰਿਹਾ ਹੈ।
ਉਪਰੰਤ ਪੰਜਾਬ ਸਰਕਾਰ ਤੋਂ ਮਤਾ ਪਾਸ ਕਰਵਾਉਣ ਵਿਚ ਨਿਰਮਲ ਸਿੰਘ ਕਾਹਲੋ ਸਾਬਕਾ ਸਪੀਕਰ ਅਤੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਤੋਂ ਪ੍ਰਵਾਨਤ ਕਰਵਾ ਕੇਂਦਰ ਤਕ ਪਹੁੰਚਾਉਣ ਦਾ ਕੰਮ ਵੀ ਇਸੇ ਕਮੇਟੀ ਨੇ ਕੀਤਾ, ਜਿਸ ਵਿਚ ਨਿਰਮਲ ਸਿੰਘ ਕਾਹਲੋਂ, ਮਨਜੀਤ ਸਿੰਘ ਜੀ. ਕੇ., ਅਵਤਾਰ ਸਿੰਘ ਦਾ ਅਥਾਹ ਯੋਗਦਾਨ ਰਿਹਾ। ਪਰ ਯੁਨਾਈਟਡ ਸਿਖ ਮਿਸ਼ਨ ਵਲੋਂ ਲਗਾਤਾਰ ਲਿਖਤੀ ਚਿਠੀਆਂ ਅਤੇ ਕਿਤਾਬਚੇ ਰਿਪੋਰਟ ਨੂੰ ਹਰੇਕ ਸਰਕਾਰੀ ਨੁਮਾਇੰਦੇ ਹਥ ਪਹੁੰਚਾਉਣ ਦਾ ਪੂਰਾ ਯੋਗਦਾਨ ਪਾਇਆ।
ਸਿਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜਸੀ ਵਲੋਂ ਹਰੇਕ ਪਾਕਿਸਤਾਨ ਦੇ ਨੁਮਾਇੰਦੇ ਅਤੇ ਪਾਕਿਸਤਾਨ ਅੰਬੈਸੀ ਨਾਲ ਲਗਾਤਾਰ ਰਾਬਤਾ ਬਣਾਈ ਰਖਿਆ ਅਤੇ ਇਸ ਪ੍ਰੋਜੈਕਟ ਨੂੰ ਜੀਵਤ ਰਖਿਆ। ਜਿਸ ਸਦਕਾ ਭਾਰਤੀ ਨੁਮਾਇੰਦੇ ਵੀ ਕੇਂਦਰ ਵਿਚ ਸਮੇਂ ਸਮੇਂ ਮੰਗ ਉਠਾਉਂਦੇ ਰਹੇ, ਜਿਸ ਵਿਚ ਪ੍ਰਤਾਪ ਸਿੰਘ ਬਾਜਵਾ ਸਾਬਕਾ ਪ੍ਰਧਾਨ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਅਹਿਮ ਰੋਲ ਰਿਹਾ।
ਜਿਉਂ ਹੀ ਨਵਜੋਤ ਸਿੰਘ ਸਿਧੂ ਪਾਕਿਸਤਾਨ ਇਮਰਾਨ ਖਾਨ ਵਜ਼ੀਰੇ ਆਜ਼ਮ ਦੀ ਸਹੁੰ ਚੁਕ ਸਮਾਗਮ ਵਿਚ ਗਏ ਤਾਂ ਜਨਰਲ ਬਾਜਵਾ ਵਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਤਜਵੀਜ਼ ਨੂੰ ਸਾਂਝਿਆ ਕੀਤਾ।ਜੋ ਹਰ ਸਿਖ ਲਈ ਅਹਿਮ ਕਦਮ ਮਹਿਸੂਸ ਹੋਣ ਲਗੀ। ਜਿਸ ਕਰਕੇ ਸਾਰੀਆਂ ਜਥੇਬੰਦੀਆਂ ਆਪੋ ਆਪਣੇ ਵਸੀਲਿਆਂ ਰਾਹੀਂ ਜਾਗਰੂਕ ਹੋ , ਕੇਂਦਰ ਤੇ ਹੋਰ ਜ਼ੋਰ ਪਾਉਣ ਲਗੇ। ਜਿਸ ਦੇ ਇਵਜਾਨੇ ਯੁਨਾਈਟਡ ਸਿਖ ਮਿਸ਼ਨ ਨੇ ਹਰੇਕ ਦਾ ਸਹਿਯੋਗ ਲੈਂਦੇ ਹੋਏ ਸਿਖਸ ਆਫ ਅਮਰੀਕਾ ਦੀ ਹਮਾਇਤ ਨਾਲ ਮੀਡੀਆ ਰਾਹੀਂ ਇਸ ਮੰਗ ਨੂੰ ਸੰਸਾਰਕ ਸਿਖ ਮੰਗ ਬਣਾ ਦਿਤਾ।
ਮੁਢਲੇ ਦੌਰ ਵਿਚ ਸਿਖਸ ਆਫ ਅਮਰੀਕਾ, ਅੰਤਰ-ਰਾਸ਼ਟਰੀ ਸਿਖ ਕੌਂਸਲ ਨੇ ਹਮਾਇਤ ਕਰਕੇ ਓਵਰਸੀਜ਼ ਬੀ. ਜੇ. ਪੀ. ਦੇ ਮੁਖ ਨੇਤਾ ਡਾ. ਅਡਪਾ ਪ੍ਰਸਾਦ ਅਤੇ ਕੰਵਲਜੀਤ ਸਿੰਘ ਸੋਨੀ ਸਿਖ ਅਫੇਅਰ ਕਮੇਟੀ ਅਤੇ ਸਮੂਹ ਸਿਖ ਸੰਸਥਾਵਾਂ ਰਾਹੀਂ ਮਸਲਾ ਕੇਂਦਰ ਸਰਕਾਰ ਤਕ ਪਹੁੰਚਾਉਣ ਦੀ ਗਲ ਕੀਤੀ। ਜਿਸ ਨੂੰ ਡਾ. ਅਡਪਾ ਪ੍ਰਸਾਦ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ। ਜਿਸ ਦੇ ਨਤੀਜੇ ਵਜੋਂ ਕੇਂਦਰ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਕਰਤਾਰਪੁਰ ਕੋਰੀਡੋਰ ਨੂੰ ਆਪਣੇ ਪਾਸੇ ਸ਼ੁਰੂਆਤ ਵਿਕਾਸ ਦੇ ਰੂਪ ਵਿਚ ਕਰਨ ਦਾ ਫੈਸਲਾ ਲਿਆ ਹੈ। ਜੋ ਵਧੀਆ ਉਪਰਾਲਾ ਹੈ। ਅਜੇ ਇਸ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਨਾਮ ਨਹੀਂ ਦੇ ਸਕਦੇ। ਸਿਰਫ ਪਹਿਲ ਕਦਮੀ ਦਾ ਇਕ ਕਦਮ ਕਹਿ ਸਕਦੇ ਹਾਂ।
ਭਾਵੇਂ ਪਾਕਿਸਤਾਨ ਆਪਣੇ ਪਾਸੇ ਵੀ ਅਜਿਹੇ ਕਦਮ ਚੁਕ ਰਿਹਾ ਹੈ ਜੋ ਦੋਹਾਂ ਮੁਲਕਾਂ ਵਲੋਂ ਇਕ ਸ਼ੁਰੂਆਤ ਹੈ। ਲੋੜ ਹੈ ਮਿਲ ਬੈਠ ਕੇ ਅਗਲੀ ਕਾਰਵਾਈ ਕਰਨ ਦੀ, ਜਿਸ ਲਈ ਕਾਫੀ ਕੁਝ ਕਰਨਾ ਬਾਕੀ ਹੈ। ਜਿਸ ਵਿਚ ਮੌਕੇ ਤੇ ਵੀਜ਼ਾ ਪ੍ਰਦਾਨ ਕਰਨਾ, ਸਫਾਰਥਖਾਨਾ ਬਾਰਡਰ ਤੇ ਸਥਿਤ ਕਰਨਾ, ਦੋਹਾਂ ਮੁਲਕਾਂ ਦੀਆਂ ਆਪਸੀ ਸੁਰਤਾ ਤੇ ਸਕਿਓਰਿਟੀ ਨੂੰ ਤੈਅ ਕਰਨਾ ਹੈ। ਜਿਸ ਲਈ ਦੁਵਲੀ ਮੀਟਿੰਗ ਦਾ ਹੋਣਾ ਲਾਜ਼ਮੀ ਹੈ। ਪਰ ਹਾਲ ਦੀ ਘੜੀ ਪਹਿਲ ਕਦਮੀ ਵਾਲਾ ਉਪਰਾਲਾ ਲੋਕਹਿਤ ਅਤੇ ਸ਼ੁਰੂਆਤ ਲਈ ਅਛਾ ਹੈ।
ਇਥੇ ਇਕ ਗਲ ਦਸਣੀ ਜ਼ਰੂਰੀ ਹੈ ਕਿ 1990 ਵਿਚ ਇਸ ਦੇ ਵਿਕਾਸ ਲਈ ਉਪਰਾਲਾ ਸਾਜਿਦ ਤਰਾਰ ਵਲੋਂ ਕੀਤਾ ਗਿਆ ਸੀ। ਜਿਸ ਦੇ ਇਵਜ਼ਾਨੇ ਇਥੋਂ ਦਾ ਗੁਰਦੁਆਰਾ ਦਰਸ਼ਨਾਂ ਦੇ ਯੋਗ ਹੋ ਸਕਿਆਂ ਸੀ ਜਿਸ ਵਿਚ ਨੀਊਜਰਸੀ ਦੇ ਇਕ ਪ੍ਰੀਵਾਰ ਦਾ ਅਹਿਮ ਯੋਗਦਾਨ ਸੀ। ਜਿਸ ਸਦਕਾ ਸਾਜਿਦ ਤਰਾਰ ਅਪਨੇ ਆਪ ਨੂੰ ਪ੍ਰਫਲਤ ਤੇ ਸਮਰਥ ਹੋ ਅਮਰੀਕਾ ਵਿਚ ਵਿਚਰ ਰਹੇ ਹਨ।ਆਸ ਹੈ ਕਿ ਉਹ ਨੀਂਹ ਪਥਰ ਰਖਣ ਸਮੇਂ ਹਾਜ਼ਰ ਵੀ ਹੋਣਗੇ।
ਪਰ ਪਤਾ ਨਹੀਂ ਹਰੇਕ ਰੋਟੀਆਂ ਸੇਕਣ ਤੇ ਆਪੋ ਆਪਣੇ ਖੇਮੇ ਨੂੰ ਤਰਜੀਹ ਦੇ ਰਿਹਾ ਹੈ। ਆਸ ਹੈ ਕਿ ਸੁਚਾਰੂ ਕਦਮ ਅਤੇ ਦੁਵਲੀ ਗਲਬਾਤ ਲਈ ਮਾਹੌਲ ਤਿਆਰ ਕਰਕੇ, ਵਧੀਆ ਸਬੰਧਾਂ ਨੂੰ ਅੰਜ਼ਾਮ ਦਿਤਾ ਜਾਵੇ ।ਤਾਂ ਜੋ ਦੋਵੇਂ ਮੁਲਕ ਗੁਆਂਢੀ ਹੋਣ ਦੇ ਨਾਤੇ ਵਧੀਆ ਮਹੌਲ ਸਿਰਜ ਕੇ ਇਤਿਹਾਸ ਦੇ ਪੰਨਿਆਂ ਨੂੰ ਮੁੜ ਸੁਰਜੀਤ ਕਰਨ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਰਦਾਸ ਕਰਨ ਕਿ ਇਹ ਕਰਤਾਰਪੁਰ ਲਾਂਘਾ ਖੁਲ੍ਹ ਜਾਵੇ ।ਦੋਹਾਂ ਮੁਲਕਾਂ ਦਾ ਪਿਆਰ ਮੁੜ ਪੈ ਜਾਵੇ ਜੋ ਆਰਥਿਕਤਾ ਵਿਚ ਮਜ਼ਬੂਤੀ ,ਰੋਜ਼ਗਾਰ ਵਸੀਲਿਆਂ ਵਿਚ ਵਾਧਾ ਅਤੇ ਸਬੰਧਾਂ ਦੀ ਮਜ਼ਬੂਤੀ ਦਾ ਇਕ ਆਮਲ ਸਿਧ ਹੋ ਜਾਵੇ।
ਅਮਰੀਕੀ ਸਿਖਾਂ ਦੇ ਉਪਰਾਲੇ ਸਦਕਾ ਕਰਤਾਰਪੁਰ ਕੋਰੀਡੋਰ ਦਾ ਕੇਂਦਰ ਭਾਵੇਂ ਸਿਖਾਂ ਵਲੋਂ ਨਿਤ ਅਰਦਾਸ ਕੀਤੀਆਂ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਖਾਲਸੇ ਨੂੰ ਬਖਸ਼ੇ ਜਾਣ, ਪਰ ਅਮਰੀਕਾ ਦੇ ਸਿਖਾਂ ਵਲੋਂ ਆਪਣੇ ਮਕੇ ਕਰਤਾਰਪੁਰ ਲਾਂਘੇ ਨੂੰ ਖੁਲ੍ਹਵਾਉਣ ਲਈ ਵਿਉਂਤਬੰਦੀ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਜਿਥੇ ਪਹਿਲਾਂ ਇਸ ਕਰਤਾਰਪੁਰ ਲਾਂਘੇ ਲਈ ਦੋਹਾਂ ਪਾਸੇ ਦਾ ਸਰਵੇ ਕਰਵਾਕੇ ਇਕ ਪ੍ਰੋਜੈਕਟ ਤਿਆਰ ਕੀਤਾ ਗਿਆ, ਜਿਸ ਨੂੰ ਜਾਨ ਮੈਕਡੋਨਲ ਅਤੇ ਯੁਨਾਈਟਡ ਸਿਖ ਮਿਸ਼ਨ ਟੀਮ ਦੇ ਸਾਂਝੇ ਉਦਮਾਂ ਸਦਕਾ ਮੁਮਕਿਨ ਹੋਇਆ।
ਸਿਖਸ ਆਫ ਅਮਰੀਕਾ ਦੀ ਸਮੁਚੀ ਟੀਮ ਜਸਦੀਪ ਸਿੰਘ ਜਸੀ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਲੇਟੀ ਮੀਟਿੰਗ ਨਿਊਯਾਰਕ ਵਿਚ ਇਸ ਮੰਗ ਨੂੰ ਸਾਂਝਿਆ ਕੀਤਾ ਅਤੇ ਕਰਤਾਰਪੁਰ ਕੋਰੀਡੋਰ ਦੇ ਪ੍ਰੋਜੈਕਟ ਨੂੰ ਮੈਮੋਰੰਡਮ ਸਮੇਤ ਸੌਂਪਿਆ ਗਿਆ ਸੀ। ਉਪਰੰਤ ਨਿਊਜਰਸੀ ਵਿਖੇ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਦੀ ਝੋਲੀ ਵਿਚ ਵੀ ਸਿਖਸ ਆਫ ਅਮਰੀਕਾ ਦੀ ਟੀਮ ਨੇ ਇਸ ਪ੍ਰੋਜੈਕਟ ਨੂੰ ਪਾਇਆ। ਜਿਸ ਨੂੰ ਸੁਸ਼ਮਾ ਸਵਰਾਜ ਨੇ ਬਾਰੀਕੀ ਨਾਲ ਪੜ੍ਹਿਆ ਤੇ ਵਿਚਾਰਿਆ। ਜਿਥੇ ਭਾਰਤੀ ਅਤੇ ਪਾਕਿਸਤਾਨ ਅੰਬੈਸੀ ਨੂੰ ਪਾਵਰ ਪੁਆਇੰਟ ਰਾਹੀਂ ਇਸ ਪ੍ਰੋਜੈਕਟ ਦੀ ਜਾਣਕਾਰੀ ਦਿਤੀ, ਉਥੇ ਨਨਕਾਣਾ ਸਾਹਿਬ ਦੀ ਐਮ. ਐਲ. ਏ. ਨੂੰ ਵੀ ਇਸ ਪ੍ਰੋਜੈਕਟ ਸਬੰਧੀ ਸਿਖਸ ਆਫ ਅਮਰੀਕਾ ਨੇ ਅਵਗਤ ਕਰਵਾਇਆ।
ਸਮੇਂ ਦੇ ਨਾਲ ਨਾਲ ਗੁਰੂ ਨਾਨਕ ਦੀ ਕ੍ਰਿਪਾ ਸਦਕਾ ਇਹ ਪ੍ਰੋਜੈਕਟ ਆਪਣੀਆਂ ਮੰਜ਼ਿਲਾਂ ਨੂੰ ਸਰ ਕਰਦਾ ਹੋਇਆ ਪਾਕਿਸਤਾਨ ਦੀ ਪਹਿਲ ਕਦਮੀ ਸਦਕਾ ਹੋਰ ਜ਼ੋਰ ਫੜ੍ਹ ਗਿਆ ਅਤੇ ਦਿਨ ਰਾਤ ਪ੍ਰਧਾਨ ਮੰਤਰੀ ਮੋਦੀ ਨੂੰ ਹਲੂਣਦਾ ਰਿਹਾ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵਲੋਂ ਇਸ ਰਸਤੇ ਨੂੰ ਖੋਲ੍ਹਣ ਲਈ ਉਪਰਾਲੇ ਦੀ ਅਪਾਰ ਕ੍ਰਿਪਾ ਬਖਸ਼ੀ ਅਤੇ ਇਸ ਦੀ ਸ਼ੁਰੂਆਤ ਦੋਹਾਂ ਪਾਸਿਆਂ ਤੋਂ ਆਪਣੇ ਆਪਣੇ ਖਿਤੇ ਨੂੰ ਵਿਕਾਸ ਦੇ ਤਹਿਤ ਕਰਨ ਲਈ ਤਿਆਰੀਆਂ ਅਰੰਭੀਆਂ ਗਈਆਂ ਹਨ ।ਜੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਅਥਾਹ ਸ਼ਰਧਾ ਦਾ ਪ੍ਰਤੀਕ ਬਣਿਆ ਹੈ।ਕਰਤਾਰਪੁਰ ਲਾਂਘਾਂ ਆਪਣੀ ਮੰਜ਼ਿਲ ਪ੍ਰਾਪਤ ਕਰਦਾ ਨਜ਼ਰ ਆ ਰਿਹਾ ਹੈ। ਪਰ ਇਸ ਸਬੰਧੀ ਜਿੰਨਾ ਜਿੰਨਾ ਵੀ ਜਿਸਦਾ ਯੋਗਦਾਨ ਹੈ ਉਸਦੀ ਤਫਸੀਰ ਅਤੇ ਤਸਵੀਰ ਇੰਝ ਨਜ਼ਰੇ ਪਈ ਹੈ, ਜਿਸ ਦੇ ਪਹਿਲੂਆਂ ਤੇ ਚਾਨਣਾ ਪਾਇਆ ਗਿਆ ਹੈ। ਸੋ ਦੋਵੇਂ ਸਰਕਾਰਾਂ (ਭਾਰਤ ਤੇ ਪਾਕਿਸਤਾਨ) ਧੰਨਵਾਦ ਦੀਆਂ ਪਾਤਰ ਹਨ।



