Skip to content
Independent perspectives. Global stories.
BREAKING

ਭਾਈ ਰਾਜੋਆਣਾ ਦੀ ਰਿਹਾਈ ਦਾ ਮਸਲਾ

Share this story

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਵੇਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਿੰਘ ਸਾਹਿਬਾਨ ਵੱਲੋਂ ਸਿੱਖ ਭਾਈਚਾਰੇ ਦੇ ਕੌਮੀ ਮਸਲਿਆਂ ਬਾਰੇ ਇਕ ਵਾਰ ਫਿਰ ਸਰਗਰਮੀ ਸ਼ੁਰੂ ਕੀਤੀ ਗਈ ਹੈ। ਇਹ ਚੰਗੀ ਗੱਲ ਹੈ ਕਿ ਸਿੰਘ ਸਾਹਿਬਾਨ ਵੱਖ-ਵੱਖ ਸਿੱਖ ਮਸਲਿਆਂ ਬਾਰੇ ਸਪੱਸ਼ਟ ਸੋਚ ਲੈ ਕੇ ਚੱਲ ਰਹੇ ਹਨ। ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਬਹੁਤ ਹੀ ਉਸਾਰੂ ਫੈਸਲੇ ਲਏ ਗਏ ਹਨ। ਜੇਲ੍ਹ ਵਿੱਚ ਲੰਬੇ ਸਮੇਂ ਤੋਂ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਯਤਨ ਕਰਨ ਦਾ ਫੈਸਲਾ ਲਿਆ ਗਿਆ ਹੈ। ਸਿੰਘ ਸਾਹਿਬਾਨ ਚਾਹੁੰਦੇ ਹਨ ਕਿ ਭਾਈ ਰਾਜੋਆਣਾ ਦੀ ਰਿਹਾਈ ਨਵੇਂ ਸਾਲ ਤੱਕ ਯਕੀਨੀ ਬਣਾਈ ਜਾਵੇ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕਾਂਡ ’ਚ ਸ਼ਜਾ-ਏ-ਮੌਤ ਹਾਸਲ ਭਾਈ ਰਾਜੋਆਣਾ ਦੀ ਰਹਿਮ ਪਟੀਸ਼ਨ ਪਿਛਲੇ ਸਤ ਸਾਲਾਂ ਤੋਂ ਰਾਸ਼ਟਰਪਤੀ ਕੋਲ ਬਕਾਇਆ ਪਈ ਹੈ। ਇਸ ਸਬੰਧ ਵਿੱਚ ਭਾਰੀ ਯਤਨ ਕਰਨ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ। ਸਿੰਘ ਸਾਹਿਬਾਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇਸ ਸਬੰਧੀ ਮੁੜ ਯਤਨ ਸ਼ੁਰੂ ਕਰਨ ਤਾਂ ਜੋ ਕੌਮ ਦੀ ਸਾਂਝੀ ਭਾਵਨਾ ਮੁਤਾਬਿਕ ਭਾਈ ਰਾਜੋਆਣਾ ਦੀ ਰਾਸ਼ਟਰਪਤੀ ਕੋਲ ਪਾਈ ਅਪੀਲ ਦੇ ਹਾਂ ਪੱਖੀ ਨਤੀਜੇ ਨਿਕਲ ਸਕਣ। ਸਿੰਘ ਸਾਹਿਬਾਨ ਚਾਹੁੰਦੇ ਹਨ ਕਿ ਸ਼੍ਰੋਮਣੀ ਕਮੇਟੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਅਗਲੇ ਸਾਲ ਤੱਕ ਯਕੀਨੀ ਬਣਾਏ।ਪੰਜ ਸਿੰਘ ਸਾਹਿਬਾਨਾਂ ਵੱਲੋਂ ਇਸ ਮਾਮਲੇ ’ਤੇ ਲਈ ਗਈ ਪਹਿਲਕਦਮੀ ਬੇਹੱਦ ਸ਼ਲਾਘਾਯੋਗ ਹੈ। ਸਿੰਘ ਸਾਹਿਬਾਨ ਦਾ ਇਹ ਫੈਸਲਾ ਸਿੱਖ ਕੌਮ ਦੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦਾ ਹੈ। ਸ਼੍ਰੋਮਣੀ ਕਮੇਟੀ ਅਤੇ ਦੂਸਰੀਆਂ ਸਾਰੀਆਂ ਪੰਥਕ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਸਿੰਘ ਸਾਹਿਬਾਨਾਂ ਦੇ ਆਦੇਸ਼ਾਂ ਉਪਰ ਫੁੱਲ ਚੜ੍ਹਾਉਂਦੇ ਹੋਏ ਇਸ ਸਬੰਧੀ ਜ਼ੋਰਦਾਰ ਯਤਨ ਸ਼ੁਰੂ ਕਰਨ ਤਾਂ ਜੋ ਸਰਕਾਰ ਨੂੰ ਭਾਈ ਰਾਜੋਆਣਾ ਲਈ ਮਜ਼ਬੂਰ ਹੋਣਾ ਪਵੇ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸਿੰਘ ਸਾਹਿਬਾਨ ਇਸੇ ਤਰ੍ਹਾਂ ਹੀ ਦੂਸਰੇ ਪੰਥਕ ਮਸਲਿਆਂ ਬਾਰੇ ਵੀ ਨਵੇਂ ਨਿਰਣੇ ਲੈਣਗੇ। ਸਿੱਖ ਕੌਮ ਇਸ ਸਮੇਂ ਬੇਹਦ ਔਖੇ ਸਮੇਂ ’ਚੋਂ ਗੁਜ਼ਰ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਲਗਾਤਾਰ ਵਾਪਰੀਆਂ ਘਟਨਾਵਾਂ ਨੇ ਕੌਮ ਨੂੰ ਵੱਡੀ ਮਾਨਸਿਕ ਪੀੜਾ ਦਿੱਤੀ ਹੈ। ਪੰਥਕ ਸ਼ਕਤੀ ਖੇਰੂੰ-ਖੇਰੂੰ ਹੋਣ ਨਾਲ ਸਿੱਖ ਵਿਰੋਧੀ ਸ਼ਕਤੀਆਂ ਭਾਰੂ ਹੁੰਦੀਆਂ ਜਾ ਰਹੀਆਂ ਹਨ। ਅਜਿਹੇ ਸਮੇਂ ਸਿੱਖਾਂ ਨੂੰ ਮਜ਼ਬੂਤ ਅਤੇ ਸਪੱਸ਼ਟ ਅਗਵਾਈ ਦੀ ਜ਼ਰੂਰਤ ਹੈ। ਸਿੰਘ ਸਾਹਿਬਾਨ ਨੂੰ ਇਸ ਦਿਸ਼ਾ ਵਿੱਚ ਕਦਮ ਚੁੱਕਣੇ ਚਾਹੀਦੇ ਹਨ। ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਬਹੁਤ ਹੀ ਪੜ੍ਹੇ ਲਿਖੇ ਅਤੇ ਪ੍ਰਤੀਭਾਸ਼ਾਲੀ ਸਿੱਖ ਰਹਿਨੁਮਾ ਹਨ। ਉਨ੍ਹਾਂ ਤੋਂ ਪੰਥ ਨੂੰ ਵੱਡੀਆਂ ਆਸਾਂ ਹਨ। ਅਰਦਾਸ ਕਰਦੇ ਹਾਂ ਕਿ ਉਹ ਸਿੱਖ ਕੌਮ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰੇ ਉਤਰਨ।

WRITTEN BY