Skip to content
Independent perspectives. Global stories.
BREAKING

ਦੋ ਸੜਕਾਂ ਦਰਮਿਆਨ ਲਾਂਘਾ ਕਿੱਥੇ

Share this story

ਦੋ ਦੇਸ਼ਾਂ ਵਿੱਚ ਬਣਾਈਆਂ ਜਾ ਰਹੀਆਂ ਦੋ ਵੱਖ-ਵੱਖ ਸੜਕਾਂ ਲਾਂਘਾ ਨਹੀਂ ਹੁੰਦੀਆਂ। ਲਾਂਘਾ ਤਾਂ ਦੋਵਾਂ ਸੜਕਾਂ ਦਾ ਮੇਲ ਹੁੰਦਾ ਹੈ। ਇਹ ਮੇਲ ਤਦ ਹੀ ਹੁੰਦਾ ਹੈ ਜੇਕਰ ਦੋਵੇਂ ਦੇਸ਼ ਇਸ ਲਈ ਸੰਧੀ ਕਰਨ। ਇਹ ਹੈਰਾਨੀ ਦੀ ਗੱਲ ਹੈ ਕਿ ਕੌਮਾਂਤਰੀ ਸਰਹੱਦ ’ਤੇ ਸਥਿਤ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜੀ ਦੇ ਦਰਸ਼ਨਾਂ ਲਈ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ ਆਪੋ-ਆਪਣੇ ਖੇਤਰ ਵਿੱਚ ਬਣਾਈਆਂ ਜਾ ਰਹੀਆਂ ਸੜਕਾਂ ਨੂੰ ਹੀ ਲਾਂਘਾ ਕਰਾਰ ਦੇ ਰਹੇ ਹਨ। ਇਕ ਸੜਕ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਭਾਰਤ ਵੱਲੋਂ ਬਣਾਈ ਜਾ ਰਹੀ ਹੈ। ਦੂਸਰੀ ਸੜਕ ਪਾਕਿਸਤਾਨੀ ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਤੋਂ ਲੈ ਕੇ ਕੌਮਾਂਤਰੀ ਸਰਹੱਦ ਤੱਕ ਬਣਾਉਣ ਦਾ ਕਾਰਜ ਸ਼ੁਰੂ ਹੋ ਚੁੱਕਾ ਹੈ। ਦੋਵੇਂ ਦੇਸ਼ਾਂ ਨੇ ਸੜਕਾਂ ਦੇ ਨੀਂਹ ਪੱਥਰ ਰੱਖਣ ਲਈ ਵੱਡੇ-ਵੱਡੇ ਸਮਾਗਮ ਕੀਤੇ ਹਨ। ਪਾਕਿਸਤਾਨ ਨੇ ਭਾਰਤੀ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਹੈ। ਦੋਵੇਂ ਦੇਸ਼ ਸਿਰਫ਼ ਸੜਕਾਂ ਹੀ ਬਣਾ ਰਹੇ ਹਨ ਪ੍ਰੰਤੂ ਲਾਂਘੇ ਦੀ ਗੱਲ ਹਾਲੇ ਤੋਰੀ ਹੀ ਨਹੀਂ ਗਈ। ਇਨ੍ਹਾਂ ਦੋਵਾਂ ਸੜਕਾਂ ਦੇ ਦਰਮਿਆਨ ਲਾਂਘਾ ਗਾਇਬ ਹੈ। ਦੋ ਦੇਸ਼ਾਂ ਦੇ ਇਸ ਸਾਂਝੇ ਪ੍ਰੋਜੈਕਟ ਲਈ ਦੋਵੇਂ ਦੇਸ਼ਾਂ ਨੇ ਕੋਈ ਸਮਝੌਤਾ-ਸੰਧੀ ਨਹੀਂ ਕੀਤੀ, ਨਾ ਕੋਈ ਸਾਂਝੀ ਯੋਜਨਾਬੰਦੀ ਬਣਾਈ ਗਈ ਹੈ। ਹੋਰ ਤਾਂ ਹੋਰ ਸੜਕਾਂ ਦੇ ਨਕਸ਼ੇ ਵੀ ਦੋਵੇਂ ਦੇਸ਼ਾਂ ਨੇ ਆਪੋ-ਆਪਣੇ ਹੀ ਬਣਾ ਲਏ ਹਨ। ਇਸ ਵੱਡੀ ਅਹਿਮੀਅਤ ਵਾਲੇ ਪ੍ਰੋਜੈਕਟ ਲਈ ਦੋਵੇਂ ਦੇਸ਼ਾਂ ਨੇ ਹਾਲੇ ਤੱਕ ਰਸਮੀ ਤੌਰ ’ਤੇ ਕੋਈ ਦਵੱਲੀ ਗੱਲਬਾਤ ਨਹੀਂ ਕੀਤੀ। ਨੇਤਾਵਾਂ ਅਤੇ ਅਧਿਕਾਰੀਆਂ ਦੇ ਪੱਧਰ ਉਪਰ ਗੱਲਬਾਤ ਲਈ ਕੋਈ ਗਰੁੱਪ ਵੀ ਬਣਾਇਆ ਗਿਆ। ਇਸ ਮੁੱਦੇ ਉਪਰ ਗੱਲਬਾਤ ਲਈ ਦੋਹਾਂ ’ਚੋਂ ਕਿਸੇ ਵੀ ਦੇਸ਼ ਨੇ ਨਾ ਸੱਦਾ ਦਿੱਤਾ ਹੈ ਅਤੇ ਨਾ ਹੀ ਗੱਲਬਾਤ ਲਈ ਕੋਈ ਹੁੰਗਾਰਾ ਭਰਿਆ ਹੈ। ਦੋਵੇਂ ਦੇਸ਼ਾਂ ਦੇ ਨੇਤਾ ਸ਼ਬਦੀ ਅਡੰਬਰਾਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਜੀ ਲਾਂਘੇ ਦੀ ਗੱਲਬਾਤ ਕਰ ਰਹੇ ਹਨ। ਭਾਰਤ ਤੇ ਪਾਕਿਸਤਾਨ ਦੇ ਸਬੰਧ ਠੀਕ ਨਹੀਂ ਹਨ। ਅੱਤਵਾਦ ਦੇ ਮੁੱਦੇ ਕਾਰਨ ਭਾਰਤ, ਪਾਕਿਸਤਾਨ ਨਾਲ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ। ਇਸ ਸਭ ਕੁਝ ਦੇ ਬਾਵਜੂਦ ਦੋਵੇਂ ਦੇਸ਼ਾਂ ਦਾ ਇਕ ਅਹਿਮ ਫੈਸਲੇ ਉਪਰ ਸਰਗਰਮੀ ਕਰਨਾ ਉਂਝ ਵੱਡੀ ਗੱਲ ਹੈ। ਪਰ ਇਹ ਫੈਸਲਾ ਤਦ ਹੀ ਸਰੂਪ ਲਵੇਗਾ ਜਦੋਂ ਦੋਵੇਂ ਦੇਸ਼ ਇਸ ਲਾਂਘੇ ਸਬੰਧੀ ਕੋਈ ਸੰਧੀ ਕਰਨਗੇ। ਸੰਗਤ ਦੀ ਆਵਾਜਾਈ ਲਈ ਦੋਵੇਂ ਦੇਸ਼ਾਂ ਦਰਮਿਆਨ ਇਕ ਨਵੀਂ ਵੀਜ਼ਾ ਸੰਧੀ ਦੀ ਵੀ ਜ਼ਰੂਰਤ ਹੈ। ਪੁਰਾਣੀ ਵੀਜ਼ਾ ਸੰਧੀ ਵਿੱਚ ਕਈ ਕਮੀਆਂ ਹਨ। ਨਵੀਆਂ ਸੰਧੀਆਂ ਅਤੇ ਸਮਝੌਤਾ ਤਦ ਹੀ ਹੋ ਸਕਦਾ ਹੈ ਜੇਕਰ ਦੋਵੇਂ ਦੇਸ਼ ਇਸ ਮੁੱਦੇ ’ਤੇ ਆਪਸੀ ਗੱਲਬਾਤ ਲਈ ਸਹਿਮਤੀ ਭਰਨ। ਕਾਨੂੰਨੀ ਤੌਰ ’ਤੇ ਹਾਲੇ ਇਸ ਲਾਂਘੇ ਦੀ ਕੋਈ ਹੋਂਦ ਨਹੀਂ ਹੈ। ਇਹ ਲਾਂਘਾ ਤੱਦ ਹੀ ਸਰੂਪ ਲਵੇਗਾ ਜਦੋਂ ਦੋਵੇਂ ਦੇਸ਼ ਇਸ ਮੁੱਦੇ ਉਪਰ ਸੰਧੀ ’ਤੇ ਦਸਤਖ਼ਤ ਕਰਨਗੇ ਅਤੇ ਦੋਵਾਂ ਸੜਕਾਂ ਦੇ ਮੇਲ ਨੂੰ ਸੰਭਵ ਬਣਾਇਆ ਜਾਵੇਗਾ। ਇਸ ਮੁੱਦੇ ਉਪਰ ਸੰਗਤਾਂ ਦੇ ਜਜ਼ਬਾਤਾਂ ਨਾਲ ਕਰੂਰ ਮਜ਼ਾਕ ਨਹੀਂ ਕੀਤਾ ਜਾਣਾ ਚਾਹੀਦਾ। ਉਂਝ ਅਸਲ ਸੱਚ ਇਹ ਹੈ ਕਿ ਭਾਰਤ ਨੂੰ ਬਹੁਤ ਮਜ਼ਬੂਰੀ ਵਿੱਚ ਹੀ ਇਸ ਲਾਂਘੇ ਨੂੰ ਪ੍ਰਵਾਨਗੀ ਦੇਣੀ ਪੈ ਰਹੀ ਹੈ। ਜੇਕਰ ਪਾਕਿਸਤਾਨ ਸਰਕਾਰ ਸ. ਨਵਜੋਤ ਸਿੰਘ ਸਿੱਧੂ ਦੇ ਦਖਲ ਕਾਰਨ ਇਸ ਮੁੱਦੇ ’ਤੇ ਪਹਿਲਕਦਮੀ ਨਾ ਕਰਦੀ ਤਾਂ ਸ਼ਾਇਦ ਭਾਰਤ ਨੇ ਇਸ ਮਾਮਲੇ ਵਿੱਚ ਕੋਈ ਕਦਮ ਨਹੀਂ ਚੁੱਕਣਾ ਸੀ। ਹੁਣ ਜਦੋਂ ਇਸ ਲਾਂਘੇ ਲਈ ਸਰਗਰਮੀ ਸ਼ੁਰੂ ਹੋ ਚੁੱਕੀ ਹੈ ਤਦ ਇਸ ਮਸਲੇ ਨੂੰ ਸਹੀ ਦਿਸ਼ਾ ਵਿੱਚ ਤੋਰਨ ਦੀ ਲੋੜ ਹੈ। ਸਸਤੀ ਸਿਆਸਤ ਲਈ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾਣਾ ਚਾਹੀਦਾ। ਉਮੀਦ ਕਰਨੀ ਚਾਹੀਦੀ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਲਾਂਘੇ ਦਾ ਸਾਂਝਾ ਪ੍ਰੋਜੈਕਟ ਛੇਤੀ ਨੇਪਰੇ ਚੜ੍ਹੇਗਾ ਅਤੇ ਸੰਗਤਾਂ ਅਗਲੇ ਸਾਲ ਬਿਨਾ ਵੀਜ਼ਾ ਤੋਂ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕਣਗੀਆਂ।

WRITTEN BY