ਚੋਣ ਕਮਿਸ਼ਨ ਵਲੋਂ ਦੇਸ਼ ਵਿਚ ਹੋ ਰਹੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਨਤੀਜੇ 11 ਦਸੰਬਰ 2019 ਨੂੰ ਐਲਾਨੇ ਜਾਣਗੇ। ਇਸ ਸਮੇਂ ਛਤੀਸਗੜ੍ਹ ਸੂਬੇ ‘ਚ ਦੋ ਪੜ੍ਹਾਵਾਂ ਵਿਚ ਵੋਟਾਂ ਪੈ ਚੁਕੀਆਂ ਹਨ। ਦੋ ਰਾਜਾਂ ਮਿਜ਼ੋਰਮ ਅਤੇ ਮਧ ਪ੍ਰਦੇਸ਼ ਵਿਚ ਵੋਟਾਂ ਇਕ ਪੜ੍ਹਾਅ ‘ਚ 28 ਨਵੰਬਰ ਨੂੰ ਅਤੇ ਦੂਜੇ ਦੋ ਰਾਜਾਂ ਰਾਜਸਥਾਨ, ਤਿਲੰਗਾਨਾ ਵਿਚ ਵੋਟਾਂ 7 ਦਸੰਬਰ ਨੂੰ ਪੈਣਗੀਆਂ। ਇਸ ਸਮੇਂ ਰਾਜਸਥਾਨ, ਮਧ ਪ੍ਰਦੇਸ਼ ਅਤੇ ਛਤੀਸਗੜ੍ਹ ਉਤੇ ਭਾਜਪਾ ਰਾਜ ਕਰ ਰਹੀ ਹੈ, ਜਦਕਿ ਮਿਜ਼ੋਰਮ ‘ਚ ਕਾਂਗਰਸ ਅਤੇ ਤਿਲੰਗਾਨਾ ‘ਚ ਤਿਲੰਗਾਨਾ ਰਾਸ਼ਟਰੀ ਸਮਿਥੀ ਦਾ ਰਾਜ ਹੈ। ਇਹਨਾ ਪੰਜਾਂ ਸੂਬਿਆਂ ਦੇ ਵਿਧਾਨ ਸਭਾ ਨਤੀਜੇ ਅਤਿਅੰਤ ਮਹਤਵਪੂਰਨ ਮੰਨੇ ਜਾ ਰਹੇ ਹਨ ਕਿਉਂਕਿ ਸਿਆਸੀ ਪਾਰਟੀਆਂ ਦਾ ਵਿਧਾਨ ਸਭਾਈ ਚੋਣਾਂ ‘ਚ ਕੀਤਾ ਪ੍ਰਦਰਸ਼ਨ ਆਉਣ ਵਾਲੀਆਂ 2019 ਦੀਆਂ ਸੰਸਦ ਚੋਣਾਂ ਦੀ ਨੀਤੀ ਤਹਿ ਕਰੇਗਾ। ਜੇਕਰ ਇਹਨਾ ਚੋਣਾਂ ਵਿਚ ਭਾਜਪਾ ਦੇ ਹਕ ਵਿਚ ਨਤੀਜੇ ਨਹੀਂ ਆਉਂਦੇ ਤਾਂ ਇਹ ਉਸ ਲਈ ਬਹੁਤ ਹੀ ਘਾਤਕ ਹੋਏਗਾ। ਪਿਛਲੇ ਸਾਢੇ ਚਾਰ ਸਾਲਾਂ ਵਿਚ ਭਾਜਪਾ ਦੀ ਚੋਣ ਮਸ਼ੀਨਰੀ ਜੋ ਸਦਾ ਜੇਤੂ ਰਥ ਉਤੇ ਸਵਾਰੀ ਕਰਦੀ ਰਹੀ, ਉਸਦਾ ਭਰਮ ਪਿਛਲੇ ਸਾਢੇ ਚਾਰ ਸਾਲਾਂ ਵਿਚ ਟੁਟਿਆ ਹੈ ਅਤੇ ਬਹੁਤੀਆਂ ਵਿਧਾਨ ਸਭਾ ਚੋਣਾਂ ਅਤੇ ਸੰਸਦ ਚੋਣਾਂ ‘ਚ ਉਸਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਜੇਕਰ ਇਹਨਾ ਸੂਬਿਆਂ ਵਿਚ ਚੋਣ ਨਤੀਜੇ ਉਸਦੇ ਹਕ ਵਿਚ ਨਹੀਂ ਨਿਕਲਦੇ ਤਾਂ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਦੀ ਕ੍ਰਿਸ਼ਮੇ ਦਿਖਾਉਣ ਵਾਲੀ ਜੋੜੀ ਦੀ ਕਾਰਗੁਜ਼ਾਰੀ ਉਤੇ ਪ੍ਰਸ਼ਨ ਚਿੰਨ ਲਗਣਗੇ ਅਤੇ ਉਹਨਾ ਵਲੋਂ ਪਿਛਲੇ ਸਮੇਂ ‘ਚ ਕੀਤੀਆਂ ਮਨਮਰਜ਼ੀਆਂ ਉਤੇ ਵੀ ਸਵਾਲ ਉਠਣਗੇ? ਸਿਟੇ ਵਜੋਂ ਭਾਜਪਾ ਦੇ ਅੰਦਰ ਗੁਟਬਾਜੀ, ਨੇਤਾਵਾਂ ਵਲੋਂ ਦਲਬਦਲੀ ਜਿਹੀਆਂ ਘਟਨਾਵਾਂ ਵਧ ਸਕਦੀਆਂ ਹਨ, ਜਿਹਨਾ ਦੀ ਸ਼ੁਰੂਆਤ ਵਿਧਾਨ ਸਭਾ ਚੋਣਾਂ ‘ਚ ਵੇਖਣ ਨੂੰ ਮਿਲ ਰਹੀ ਹੈ।
ਪਿਛਲੇ ਸਮੇਂ ‘ਚ ਮਧ ਪ੍ਰਦੇਸ਼, ਰਾਜਸਥਾਨ, ਛਤੀਸਗੜ੍ਹ ਵਿਚ ਮੁਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਦਰਮਿਆਨ ਹੁੰਦਾ ਰਿਹਾ ਹੈ। ਮਧਪ੍ਰਦੇਸ਼ ‘ਚ ਭਾਜਪਾ ਮੁਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ‘ਚ 15 ਸਾਲਾਂ ਤੋਂ ਰਾਜ ਕਰ ਰਹੀ ਹੈ, ਛਤੀਸਗੜ੍ਹ ‘ਚ ਭਾਜਪਾ ਦਾ ਮੁਖ ਮੰਤਰੀ ਡਾ: ਰਮਨ ਸਿੰਘ 15 ਸਾਲਾਂ ਤੋਂ ਗਦੀ ਉਤੇ ਕਾਬਜ਼ ਹੈ। ਪ੍ਰੰਤੂ ਇਸ ਵੇਰ ਛਤੀਸਗੜ੍ਹ ਵਿਚ ਸਾਬਕਾ ਬਾਗੀ ਕਾਂਗਰਸੀ ਮੁਖਮੰਤਰੀ ਅਜੀਤ ਜੋਗੀ ਦੀ ਨਵੀਂ ਗਠਿਤ ਜਨਤਾ ਕਾਂਗਰਸ (ਜੋਗੀ), ਬਹੁਜਨ ਸਮਾਜ ਪਾਰਟੀ ਅਤੇ ਸੀ ਪੀ ਆਈ ਗਠਜੋੜ ਤੀਜੀ ਧਿਰ ਵਲੋਂ ਚੋਣਾਂ ਲੜ ਰਹੀ ਹੈ। ਬਹੁਜਨ ਸਮਾਜ ਪਾਰਟੀ ਦੇ ਕਾਰਨ ਮਧ ਪ੍ਰਦੇਸ਼ ਵਿਚ ਵੀ ਕਾਂਗਰਸ ਭਾਜਪਾ ‘ਚ ਸਿਧਾ ਮੁਕਾਬਲਾ ਨਹੀਂ ਰਿਹਾ। ਤਿਲੰਗਾਨਾ ਵਿਚ ਟੀ ਆਰ ਐਸ ਅਤੇ ਕਾਂਗਰਸ ਦੀ ਅਤੇ ਖਬੀਆਂ ਧਿਰਾਂ ਦਾ ਸੰਯੁਕਤ ਮੋਰਚਾ ਮੈਦਾਨ ਵਿਚ ਹੈ ਅਤੇ ਮਿਜ਼ੋਰਮ ‘ਚ ਕਾਂਗਰਸ ਅਤੇ ਮੀਜ਼ੋ ਨੈਸ਼ਨਲ ਫਰੰਟ ਇਕ ਪਾਸੇ ਅਤੇ ਦੂਜੇ ਪਾਸੇ ਮੀਜ਼ੋ ਨੈਸ਼ਨਲ ਕਾਂਗਰਸ ਖੜੇ ਹਨ। ਜਿਸ ਕਿਸਮ ਦੀ ਤਸਵੀਰ ਇਸ ਵੇਲੇ ਬਣੀ ਹੋਈ ਹੈ ਉਸ ਅਨੁਸਾਰ ਸਿਆਸੀ ਦਲਾਂ ਵਿਚ ਆਪਸੀ ਮੁਕਾਬਲਾ ਤਕੜਾ ਹੈ। ਇਕ ਪਾਸੇ ਕਾਂਗਰਸ ਲਈ ਰਾਜਸਥਾਨ, ਮਧ ਪ੍ਰਦੇਸ਼ ਅਤੇ ਛਤੀਸਗੜ੍ਹ ਵਿਚ ਠਕਰੋ ਜਾਂ ਮਰੋਠ ਵਾਲੀ ਸਥਿਤੀ ਹੈ ਉਥੇ ਛਤੀਸਗੜ੍ਹ ਅਤੇ ਮਧ ਪ੍ਰਦੇਸ਼ ਵਿਚ ਪੰਦਰਾਂ ਸਾਲਾਂ ਤੋਂ ਸਤਾ ਉਤੇ ਕਾਬਜ ਭਾਜਪਾ ਲਈ ਠਸਤਾ ਵਿਰੋਧੀਠ ਰੁਝਾਨ ਨੂੰ ਠਲ ਪਾਉਣੀ ਔਖੀ ਹੋਈ ਪਈ ਹੈ। ਰਾਜਸਥਾਨ ਵਿਚ ਭਾਜਪਾ ਮੁਖਮੰਤਰੀ ਵਸੁੰਦਰਾ ਰਾਜੇ ਦੀ ਹਰਮਨ ਪਿਆਰਤਾ ਉਤੇ ਵਡੇ ਸਵਾਲ ਖੜੇ ਨਜ਼ਰ ਆ ਰਹੇ ਹਨ। ਮਧ ਪ੍ਰਦੇਸ਼ ਵਿਚਲੇ ਬਹੁਚਰਚਿਤ ਮੁਖ ਮੰਤਰੀ ਸ਼ਿਵਰਾਜ ਜੋ ਖੁਦ ਇਕ ਬ੍ਰਾਂਡ ਹੈ, ਉਸ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪ੍ਰਚਾਰ ਦੀ ਚੌਥੀ ਵੇਰ ਜੇਤੂ ਹੋਣ ਲਈ ਲੋੜ ਪੈ ਰਹੀ ਹੈ। ਪ੍ਰਧਾਨ ਮੰਤਰੀ ਜਿਹੜੇ ਪਿਛਲੇ ਸਮੇਂ ਵਿਚ ਉਹਨਾ ਵੋਟਰਾਂ ਨੂੰ ਆਪਣੇ ਹਕ ‘ਚ ਕਰਨ ਦੀ ਸਮਰਥਾ ਰਖਦੇ ਸਨ, ਜਿਹੜੇ ਅਸੰਜਮ ਦੀ ਸਥਿਤੀ ਵਿਚ ਹੁੰਦੇ ਹਨ, ਪਰ ਇਸ ਵੇਰ ਉਹਨਾ ਸਾਹਮਣੇ ਵੀ ਵਡੀਆਂ ਚਣੌਤੀਆਂ ਹਨ। ਨੋਟ ਬੰਦੀ, ਜੀ ਐਸ ਟੀ, ਰਫੇਲ ਵਰਗੇ ਸੌਦਿਆਂ, ਸੀ ਬੀ ਆਈ ਦੇ ਕਾਟੋ ਕਲੇਸ਼ ਅਤੇ ਆਰ ਬੀ ਆਈ ਨਾਲ ਸਰਕਾਰ ਦੇ ਪੰਗੇ ਕਾਰਨ, ਪ੍ਰਧਾਨ ਮੰਤਰੀ ਦੇ ਬੋਲਾਂ ਉਤੇ ਵੀ ਅਵਿਸ਼ਵਾਸ ਦੇ ਬਦਲ ਮੰਡਰਾ ਰਹੇ ਹਨ। ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਰਕਾਰ ਉਤੇ ਤਾਬੜਤੋੜ ਹਮਲਿਆਂ ਕਾਰਨ ਉਹਨਾ ਦੀ ਹਰਮਨ ਪਿਆਰਤਾ ਵਿਚ ਵਾਧਾ ਹੋਇਆ ਹੈ ਅਤੇ ਉਹਨਾ ਦੀ ਲੋਕਾਂ ਵਿਚ ਨਕਾਰਾਤਮਕ ਦਿਖ ਬਦਲੀ ਹੈ।
ਪਿਛਲਾ ਇਤਹਾਸ ਦਸਦਾ ਹੈ ਕਿ ਮਧ ਪ੍ਰਦੇਸ਼ ਵਿਚ ਕਾਂਗਰਸ, ਆਪਸੀ ਕਾਟੋ ਕਲੇਸ਼ ਕਾਰਨ ਹਾਰਦੀ ਰਹੀ ਹੈ। ਮਧ ਪ੍ਰਦੇਸ਼ ‘ਚ ਤਿੰਨ ਵਡੇ ਕਾਂਗਰਸੀ ਨੇਤਾ ਹਨ ਕਮਲ ਨਾਥ, ਜੋਤੀਰਾਦਿਤੀਆ ਸਿੰਧੀਆ ਅਤੇ ਦਿਗਵਿਜੈ ਸਿੰਘ। ਇਹ ਤਿੰਨੋ ਨੇਤਾ ਇਸ ਵੇਰ ਆਪੋ-ਆਪਣੇ ਪ੍ਰਭਾਵ ਵਾਲੇ ਖੇਤਰ ‘ਚ ਕਾਂਗਰਸ ਨੂੰ ਜਿਤਾਉਣ ਲਈ ਜ਼ੋਰ ਲਗਾ ਰਹੇ ਹਨ। ਮਧ ਪ੍ਰਦੇਸ਼ ਦੇ ਕਿਸਾਨ ਨਾਰਾਜ਼ ਹਨ, ਉਥੇ ਬੇਰੁਜ਼ਗਾਰੀ ਅੰਤਾਂ ਦੀ ਹੈ, ਭਾਜਪਾ ਦੇ ਪੰਦਰਾ ਸਾਲਾਂ ਦੇ ਰਾਜਭਾਗ ਦੀ ਵਿਰੋਧੀ ਹਵਾ ਵੀ ਸੂਬੇ ‘ਚ ਚਲ ਰਹੀ ਹੈ। ਛਤੀਸਗੜ੍ਹ ਦੀ ਸਥਿਤੀ ਵੀ ਕੁਝ ਇਹੋ ਜਿਹੀ ਹੀ ਹੈ। ਜੇਕਰ ਤਿਕੋਨੇ ਮੁਕਾਬਲਿਆਂ ਨੇ ਇਹਨਾ ਦੋਹਾਂ ਸੂਬਿਆਂ ‘ਚ ਬਹੁਤਾ ਅਸਰ ਨਾ ਪਾਇਆ ਤਾਂ ਨਤੀਜੇ ਕਾਂਗਰਸ ਦੇ ਹਕ ਵਿਚ ਹੋ ਸਕਦੇ ਹਨ। ਪਰ ਰਾਜਸਥਾਨ ਵਿਚ ਭਾਜਪਾ ਦਾ ਹਾਰਨਾ ਆਮ ਤੌਰ ‘ਤੇ ਸਿਆਸੀ ਪੰਡਤਾਂ ਵਲੋਂ ਤਹਿ ਮੰਨਿਆ ਜਾ ਰਿਹਾ ਹੈ। ਰਾਜਸਥਾਨ ਵਿਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਲੋਂ ਕਾਂਗਰਸ ਨੂੰ ਜਿਤਾਉਣ ਲਈ ਅਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਮਿਜ਼ੋਰਮ ‘ਚ ਕਾਂਗਰਸ ਨੇ ਲੰਮਾ ਸਮਾਂ ਰਾਜ ਕੀਤਾ ਹੈ। ਇਸ ਕਰਕੇ ਕਾਂਗਰਸ ਵਿਰੋਧੀ ਪਾਰਟੀਆਂ ਮਿਜ਼ੋ ਨੈਸ਼ਨਲ ਫਰੰਟ ਅਤੇ ਮਿਜ਼ੋ ਨੈਸ਼ਨਲ ਕਾਂਗਰਸ ਦੇ ਹਕ ‘ਚ ਮਾਹੌਲ ਇਸ ਕਰਕੇ ਬਣ ਸਕਦਾ ਹੈ ਕਿ ਉਸ ਖਿਲਾਫ ਸਤਾ ਵਿਰੋਧੀ ਹਵਾ ਸੂਬੇ ‘ਚ ਚਲ ਰਹੀ ਹੈ ਤਿਲੰਗਾਨਾ ਵਿਚ ਕਾਂਗਰਸ ਦੀ ਅਗਵਾਈ ‘ਚ ਬਣਿਆ ਗਠਜੋੜ ਟੀ ਆਰ ਐਸ ਵਿਰੁਧ ਚੰਗੀ ਲੜਾਈ ਪੇਸ਼ ਕਰ ਰਿਹਾ ਹੈ। ਇਹਨਾ ਸਾਰੀਆਂ ਸਥਿਤੀਆਂ ‘ਚ ਇਕ ਗਲ ਤਾਂ ਬਿਲਕੁਲ ਸਾਫ ਹੈ ਕਿ ਕਾਂਗਰਸ ਜਾਂ ਭਾਜਪਾ ਵਿਚੋਂ ਕੋਈ ਵੀ ਸਿਆਸੀ ਧਿਰ ਪੰਜੇ ਸੂਬਿਆਂ ਵਿਚ ਤਾਕਤ ਹਾਸਲ ਨਹੀਂ ਕਰ ਸਕਦੀ। ਇਸ ਗਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਸੂਬੇ ‘ਚ ਭਾਜਪਾ ਆਪਣੀ ਸਤਾ ਬਚਾ ਲਵੇ ਅਤੇ ਕਿਸੇ ਹੋਰ ਸੂਬੇ ‘ਚ ਕਾਂਗਰਸ ਉਸ ਕੋਲੋਂ ਸਤਾ ਹਥਿਆ ਲਵੇ। ਜੇਕਰ ਨਤੀਜੇ ਰਲਵੇਂ-ਮਿਲਵੇਂ ਹੋਏ ਤਾਂ 2019 ਕੌਣ ਦੇਸ਼ ਦੀ ਸਤਾ ਉਤੇ ਕਾਬਜ਼ ਹੋਏਗਾ, ਇਹ ਵਡਾ ਸਵਾਲ ਤਾਂ ਖੜਾ ਕਰੇਗਾ ਹੀ, ਪਰ ਦੇਸ਼ ਦੀ ਸਤਾ ਹਥਿਆਉਣ ਦੀ ਲੜਾਈ ਹੋਰ ਵੀ ਔਖੀ ਹੋ ਜਾਏਗੀ। ਸੂਬਿਆਂ ਦੀਆਂ ਚੋਣਾਂ ‘ਚ ਭਾਜਪਾ ਦੀ ਹਾਰ ਵਿਰੋਧੀ ਧਿਰਾਂ ਦੀ ਆਪਸੀ ਇਕਜੁਟਦਾ ਦਾ ਸਵਬ ਬਣੇਗੀ, ਪਰ ਜੇਕਰ ਕਾਂਗਰਸ ਇਹਨਾ ਚੋਣਾਂ ‘ਚ ਪ੍ਰਭਾਵੀ ਸਿਟੇ ਪ੍ਰਾਪਤ ਨਹੀਂ ਕਰਦੀ, ਤਾਂ ਇਹਨਾ ਸੂਬਿਆਂ ‘ਚ ਕਾਂਗਰਸ ਦੀ ਤਾਕਤ ਨੂੰ ਖੋਰਾ ਲਗੇਗਾ ਅਤੇ ਕਾਂਗਰਸ ਦੇ ਇਸ ਵੇਲੇ ਜੋਸ਼ ਵਿਚ ਆਏ ਕਾਰਕੁਨਾ ਦਾ ਦਿਲ ਟੁਟ ਜਾਏਗਾ। ਉਂਜ ਵੀ ਕਾਂਗਰਸ, ਜੋ ਵਿਰੋਧੀ ਧਿਰਾਂ ਨੂੰ ਆਪ ਧੁਰਾ ਬਣਕੇ ਇਕ ਪਲੇਟਫਾਰਮ ‘ਤੇ ਇਕਠੇ ਕਰਨ ਲਈ ਯਤਨਸ਼ੀਲ ਹੈ, ਉਸਦਾ ਇਹ ਸੁਫਨਾ ਟੁਟਣ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਣਗੀਆਂ। ਦੇਸ਼ ਵਿਚ ਇਸ ਵੇਲੇ ਲੋਕਾਂ ‘ਚ ਭਾਜਪਾ ਸਰਕਾਰ ਪ੍ਰਤੀ ਨਾ-ਉਮੀਦੀ ਦਾ ਮਾਹੌਲ ਉਸਰ ਚੁਕਾ ਹੈ, ਕਿਉਂਕਿ ਲੋਕ ਵਧ ਰਹੀ ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਵਧ ਰਹੀਆਂ ਤੇਲ ਕੀਮਤਾਂ ਕਾਰਨ ਬੇਹਦ ਪ੍ਰੇਸ਼ਾਨ ਹਨ। ਕਿਸਾਨਾਂ ਦਾ ਸਰਕਾਰ ਤੋਂ ਵਿਸ਼ਵਾਸ ਟੁਟ ਚੁਕਾ ਹੈ, ਮੁਲਾਜ਼ਮ-ਮਜ਼ਦੂਰ ਸਰਕਾਰ ਤੇ ਯਕੀਨ ਨਹੀਂ ਕਰ ਰਹੇ। ਨੌਜਵਾਨ, ਜਿਹਨਾ ਤੋਂ ਹਰ ਵਰ੍ਹੇ ਕਰੋੜਾਂ ਨੌਕਰੀਆਂ ਦੇਣ ਦਾ ਝਾਂਸਾ ਦੇਕੇ ਪਿਛਲੀਆਂ ਚੋਣਾਂ ‘ਚ ਵੋਟ ਅਟੇਰੇ ਗਏ ਸਨ, ਸਰਕਾਰ ਤੋਂ ਪੂਰੀ ਤਰ੍ਹਾਂ ਦੂਰੀ ਬਣਾਕੇ ਬੈਠ ਗਏ ਹਨ। ਵਿਰੋਧੀ ਧਿਰ ਜੇਕਰ ਅਸਥਿਰ ਵੋਟਰਾਂ ਨੂੰ ਆਪਣੇ ਪਖ ‘ਚ ਵੋਟਾਂ ਪਾਉਣ ਲਈ ਤਿਆਰ ਕਰਨ ‘ਚ ਕਾਮਯਾਬ ਹੋ ਜਾਂਦੀ ਹੈ ਤਾਂ ਭਾਜਪਾ ਦਾ ਇਹਨਾ ਸੂਬਾਈ ਚੋਣਾਂ ‘ਚ ਹਾਰਨਾ ਤਹਿ ਤਾਂ ਹੋਏਗਾ ਹੀ, ਪਰ ਇਸਦੇ ਕ੍ਰਿਸ਼ਮਈ ਨੇਤਾਵਾਂ ਦਾ ਸਦਾ ਅਜੈਤੂ ਰਹਿਣ ਦਾ ਭਰਮ ਵੀ ਟੁਟ ਜਾਏਗਾ।
ਪੰਜ ਸੂਬਿਆਂ ਦੇ ਚੋਣ ਨਤੀਜੇ ਭਾਜਪਾ ਦਾ ਭਰਮ ਤੋੜ ਦੇਣਗੇ?



