Skip to content
Independent perspectives. Global stories.
BREAKING

ਫਨਾਹ ਹੁੰਦੀ ਇਨਸਾਨੀਅਤ

Share this story

ਕੁੱਝ ਦਿਨ ਪਹਿਲਾਂ ਇੱਕ ਅਖਬਾਰ ’ਚ ਖਬਰ ਆਈ ਕਿ ਕਿਰਾਏ ਦੇ ਪੂਰੇ ਪੈਸੇ ਨਾ ਦੇਣ ਕਰਕੇ ਮਕਾਨ ਮਾਲਕ ਨੇ ਕਿਰਾਏ ’ਤੇ ਰਹਿਣ ਵਾਲੇ ਵਿਅਕਤੀ ਨੂੰ ਮਕਾਨ ਦੇ ਹੀ ਇੱਕ ਕਮਰੇ ’ਚ ਬੰਦੀ ਬਣਾ ਲਿਆ। ਚਾਰ ਦਿਨ ਇਹ ਬੰਦੀ ਬਣਾਇਆ ਵਿਅਕਤੀ ਕਿਵੇ ਰਿਹਾ ਹੋਵੇਗਾ ਇਹ ਸੋਚਣ ਵਾਲੀ ਗੱਲ ਹੈ। ਕਿਸੇ ਨਾ ਕਿਸੇ ਤਰਾਂ ਪੁਲੀਸ ਨੂੰ ਜਦੋਂ ਇਸ ਗੱਲ ਦੀ ਇਤਲਾਹ ਮਿਲੀ ਤਾਂ ਉਸ ਨੇ ਮੌਕੇ ਤੋਂ ਜਾ ਕੇ ਬੰਦੀ ਬਣਾਏ ਵਿਅਕਤੀ ਨੂੰ ਛੁਡਵਾਇਆ। ਤਕਰੀਬਨ ਚਾਰ ਦਿਨ ਤੱਕ ਕਮਰੇ ’ਚ ਕੈਦ ਰਿਹਾ ਇਹ ਵਿਅਕਤੀ ਮਲ ਰੂਪੀ ਗੰਦਗੀ ਆਪਣੇ ਅੰਦਰ ਰੋਕ ਕੇ ਰੱਖਣ ਲਈ ਮਜਬੂਰ ਰਿਹਾ ਅਤੇ ਬਦਬੂ ਫੈਲਣ ਦੇ ਡਰੋਂ ਪਿਸ਼ਾਬ ਇੱਕ ਬੋਤਲ ’ਚ ਕਰਦਾ ਰਿਹਾ। ਇਨਸਾਨ ਦਾ ਇਨਸਾਨ ਪ੍ਰਤੀ ਅਜਿਹਾ ਕਰੂਰ ਵਰਤਾਰਾ ਦੇਖ ਕੇ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ। ਇਹ ਠੀਕ ਹੈ ਕਿ ਲਿਆ ਪੈਸਾ ਜਾਂ ਬਣਦਾ ਕਿਰਾਇਆ ਦੇਣਾ ਜਰੂਰੀ ਹੈ ਪਰ ਇਹ ਨਾ ਮੋੜਨ ਕਰਕੇ ਕਿਸੇ ਨੂੰ ਇੱਕ ਕਮਰੇ ’ਚ ਬੰਦੀ ਬਣਾ ਲੈਣਾਂ ਬਿਲਕੁੱਲ ਵੀ ਜ਼ਾਇਜ਼ ਨਹੀ। ਸਮਾਜ ਵਿੱਚ ਵਾਪਰਦੇ ਅਜਿਹੇ ਵਰਤਾਰਾ ਇਹ ਸਿੱਧ ਕਰਦੇ ਹਨ ਕਿ ਮਨੁੰਖ ਦੇ ਹਿਰਦੇ ’ਚੋਂ ਇਨਸਾਨੀਅਨਤ ਫਨਾਹ ਹੋ ਚੁੱਕੀ ਹੈੇ। ਕੁੱਝ ਪੈਸਿਆਂ ਪਿੱਛੇ ਕਿਸੇ ਨਾਲ ਕਰੂਰ ਵਿਵਹਾਰ ਕਰਨਾ ਸਾਡੇ ਸਭਿਅਤ ਹੋਣ ’ਤੇ ਪ੍ਰਸ਼ਨ ਚਿੰਨ ਲਗਾਉਂਦਾ ਹੈ। ਸਮਾਜ ਵਿੱਚੋਂ ਗਾਇਬ ਹੁੰਦੀਆਂ ਕਦਰਾਂ ਕੀਮਤਾਂ ਦੀ ਇਹ ਇੱਕ ਠੋਸ ਮਿਸਾਲ ਹੈ। ਅਜੇ ਇਸ ਖਬਰ ਦੀ ਸਿਆਹੀ ਵੀ ਨਹੀ ਸੀ ਸੁੱਕੀ ਕੀ ਪੰਜ ਸੌ ਰੁਪਏ ਪਿੱਛੇ ਹੋਏ ਪੰਜ ਕਤਲਾਂ ਨੇ ਇਨਸਾਨੀ ਖੋਖਲ਼ੇਪਣ ਨੂੰ ਹੋਰ ਪਰਪਕ ਕਰ ਦਿੱਤਾ।
ਛੋਟੀੇ ਛੋਟੀ ਗੱਲ ’ਤੇ ਹੁੰਦੇ ਕਤਲ ਇਹ ਦਰਸਾਉਂਦੇ ਹਨ ਕਿ ਅਜੋਕੇ ਇਨਸਾਨ ਦਾ ਹੋਛਾ ਸਬਰ ਕਦੋਂ ਕਿਸੇ ਲਈ ਕਬਰ ਪੱਟ ਦੇਵੇ ਕੋਈ ਪਤਾ ਨਹੀਂ। ਜਮੀਨ ਜਾਇਦਾਦ ਪਿੱਛੇ ਪੁੱਤ ਹੱਥੋਂ ਹੁੰਦਾ ਬਾਪ ਦਾ ਕਤਲ ਇਨਸਾਨੀਅਤ ’ਤੇ ਧੱਬਾ ਹੈ। ਜਿਸ ਬਾਪ ਨੇ ਪੁੱਤ ਨੂੰ ਉਂਗਲ ਫੜ ਕੇ ਇਹ ਜਗਤ ਦਿਖਾਇਆ ਹੋਵੇ ਉਸਨੂੰ ਉਹਨਾਂ ਹੱਥਾਂ ਨਾਲ ਮਾਰ ਦੇਣਾਂ ਜਿਹਨਾਂ ਨੂੰ ਚੁੰਮਣ ਨਾਲ ਬਾਪ ਦੇ ਕਲੇਜੇ ਠੰਡ ਪੈ ਜਾਂਦੀ ਸੀ, ਬੜਾ ਅਜੀਬ ਹੈ। ਬਚਪਨ ਵਿੱਚ ਮੋਢਿਆਂ ’ਤੇ ਚੁੱਕ ਕੇ ਸ਼ਹਿਰ ਬਾਜਾਰ ਘੁਮਾਉਣ ਵਾਲੇ ਬਾਪ ਨੂੰ ਪੁੱਤਰ ਜਲੀਲ਼ ਕਰ ਕੇ ਆਪਣੇ ਹੱਥੀਂ ਮਾਰੇ ਇਹ ਇਨਸਾਨ ਦੇ ਅੰਦਰ ਬੈਠੇ ਸ਼ੈਤਾਨ ਦੀ ਨਿਸ਼ਾਨੀ ਹੈ। ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਹੈ। ਜਿਸ ਪਤੀ ਨੂੰ ਗੁਰੂ ਦੁਆਲੇ ਲਾਵਾਂ ਜਾਂ ਫੇਰੇ ਲੈ ਕੇ ਅਪਣਾਇਆ ਹੋਵੇ ੳੇਸ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੱਥੀਂ ਖਤਮ ਕਰ ਦੇਣਾਂ ਕਿਸੇ ਕਰੂਰ ਮਨ ਦੀ ਤਰਜ਼ਮਾਨੀ ਕਰਦਾ ਹੈ।
ਮਾਸੂਮ ਬੱਚੀਆਂ ਨਾਲ ਹੁੰਦੇ ਜਬਰਜਨਾਹ ਮਨੁੰਖ ਦੀ ਪਸ਼ੂ ਸੋਚ ਨੂੰ ਉਜਾਗਰ ਕਰਦੇ ਹਨ। ਜਦੋਂ ਇਨਸਾਨ ਐਨਾ ਵਿਭਚਾਰੀ ਹੋਏਗਾ ਫਿਰ ਉਸ ਕੋਲ ਇਨਸਾਨੀ ਕਦਰਾਂ ਕੀਮਤਾਂ ਕਿੱਥੇ ਰਹਿ ਸਕਦੀਆਂ ਹਨ। ਜੰਗਲਾਂ ਵਿੱਚੋਂ ਨਿਕਲ ਕੇ ਸਮਾਜ ਬਣਾ ਕੇ ਵਿਚਰ ਰਿਹਾ ਮਨੁੰਖ ਸਮਾਜਿਕ ਅਸੂਲਾਂ ਦੇ ਖਰਾ ਉਤਰਦਾ ਨਜ਼ਰ ਨਹੀਂ ਆ ਰਿਹਾ। ਮਨੁੰਖੀ ਜਨਮ ਨੂੰ ਪਾਉਣ ਲਈ ਇਨਸਾਨ ਨੇ ਪਤਾ ਨਹੀਂ ਕਿੰਨੇ ਇਮਤਿਹਾਨ ਦਿੱਤੇ ਹੋਣਗੇ ਪਰ ੳੇਸਦੀ ਪਵਿੱਤਰ ਸ਼ਾਖ ਨੂੰ ਖਤਮ ਕਰਨ ਲਈ ਉਹ ਇੱਕ ਪਲ ਵੀ ਨਹੀਂ ਲਾਉਂਦਾ। ਸਿਆਣੇ ਲੋਕ ਦੱਸਦੇ ਹਨ ਕਿ ਪ੍ਰਮਾਤਮਾ ਨੇ ਆਪਣੇ ਰੂਪ ’ਚ ਮਾਂ ਬਾਪ ਨੂੰ ਇਸ ਜਗਤ ’ਤੇ ਭੇਜਿਆ ਹੈ ਉਹਨਾਂ ਦਾ ਨਿਰਾਦਰ ਕਰਨਾ ਪ੍ਰਮਾਤਮਾ ਦਾ ਨਿਰਾਦਰ ਕਰਨ ਵਾਲੀ ਗੱਲ ਹੈ। ਪਿਆਰ, ਸਤਿਕਾਰ ਅਤੇ ਇਤਬਾਰ ਹੁਣ ਇਨਸਾਨ ਦੀ ਪਹਿਲੀ ਤਰਜੀਹ ਨਹੀਂ ਰਹੇ। ਲਾਲਚ, ਸਵਾਰਥ ਅਤੇ ਵਿਸ਼ਵਾਸ਼ਘਾਤ ਨੇ ਸਭ ਕੁੱਝ ਖਤਮ ਕਰ ਦਿੱਤਾ ਹੈ। ਪੈਸੇ ਦੀ ਲੱਗੀ ਅੰਨੀ ਦੌੜ ਨੇ ਇਨਸਾਨੀ ਸ਼ਰੀਰਾਂ ਦੇ ਮੁੱਲ ਪਵਾ ਦਿੱਤੇ ਹਨ। ਦਾਜ ਦੀ ਖਾਤਰ ਨੌਜਵਾਨ ਲੜਕੀਆਂ ਨੂੰ ਮਾਰਿਆ ਜਾ ਰਿਹਾ ਹੈ। ਬਾਹਰਲੇ ਦੇਸ਼ਾਂ ’ਚ ਪਹੁੰਚਣ ਦੀ ਲਲਕ ਕਾਰਨ ਨੌਜਵਾਨ ਲੜਕੀਆਂ ਦੇ ਬਾਪ ਦੀ ਉਮਰ ਦੇ ਲਾੜਿਆਂ ਨਾਲ ਵਿਆਹ ਹੋ ਰਹੇ ਹਨ। ਅਸੂਲ ਅਤੇ ਅਣਖ ਪੈਸੇ ਦੀ ਦੌੜ ’ਚ ਦਾਅ ਦੇ ਲੱਗ ਗਏ ਹਨ। ਪਰ ਇਨਸਾਨ ਬੇਪ੍ਰਵਾਹ ਹੈ ਅਤੇ ੳੇਸਦੀ ਇਹ ਬੇਪ੍ਰਵਾਹੀ ਇੱਕ ਦਿਨ ਉਸਦੀ ਹਸਤੀ ਖਤਮ ਕਰ ਦੇਵੇਗੀ।
ਇਨਸਾਨੀ ਸੁਭਾਅ ’ਚੋਂ ਕਦਰਾਂ ਕੀਮਤਾ ਅਤੇ ਇਨਸਾਨੀਅਤ ਦਾ ਫਨਾਹ ਹੋਣਾਂ ਕੋਈ ਚੰਗਾ ਸੰਕੇਤ ਨਹੀਂ। ਜੇਕਰ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣ ਜਾਏਗਾ ਫਿਰ ਇਸ ਇਨਸਾਨ ਨੂੰ ਦੁੱਖ ਵਿੱਚ ਢਾਰਸ ਅਤੇ ਖੁਸ਼ੀ ਵਿੱਚ ਵਧਾਈ ਦੇਣ ਵਾਲਾ ਕੌਣ ਹੋਵੇਗਾ। ਸਮਾਜਿਕ ਬੂਰਾਈਆਂ ਖਿਲਾਫ ਲੜਨ ਵਾਲੇ ਇਨਾਸਾਨ ਨੂੰ ਪਹਿਲਾਂ ਆਪਣੇ ਅੰਦਰ ਦੀਆਂ ਬੂਰਾਈਆਂ ਨਾਲ ਲੜਨਾਂ ਹੋਵੇਗਾ ਅਤੇ ਜੇਕਰ ਅਜਿਹਾ ਹੁੰਦਾ ਹੈ ਦੇਖਣਾਂ ਸਭ ਕੁੱਝ ਠੀਕ ਹੋ ਜਾਏੇਗਾ। ਜਿਸ ਮਨ ਅੰਦਰ ਇਨਸਾਨੀਅਤ ਅਤੇ ਇਸ ਦੇ ਅਸੂਲ ਵਿਕਸਤ ਹੋ ਜਾਣਗੇ ਉਹ ਕਦੇ ਕਿਸੇ ਦਾ ਬੂਰਾ ਨਹੀਂ ਕਰੇਗਾ। ਇਹ ਸਾਡਾ ਫਰਜ਼ ਬਣਦਾ ਹੈ ਕਿ ਇਨਸਾਨੀਅਤ ਕਰਕੇ ਜਾਣੇ ਜਾਂਦੇ ਇਸ ਇਨਸਾਨ ਨੂੰ ਇਨਸਾਨ ਹੀ ਰਹਿਣ ਦਿੱਤਾ ਜਾਵੇ ਨਹੀਂ ਫਿਰ ਇਨਸਾਨ ਅਤੇ ਪਸ਼ੂ ’ਚ ਕੋਈ ਬਹੁਤਾ ਫਰਕ ਨਹੀਂ ਰਹੇਗਾ।

WRITTEN BY