Skip to content
Independent perspectives. Global stories.
BREAKING

ਲਹਿਰੀ ਗਿੱਧੇ ਦਾ ਬੇਤਾਜ਼ ਬਾਦਸ਼ਾਹ ਭਗਤੂ ਬੋਲੀਆਂ ਵਾਲਾ

Share this story

ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ। ਜਿਸ ਦਾ ਲੋਹਾ ਪੂਰੀ ਦੁਨੀਆਂ ਮੰਨਦੀ ਹੈ। ਪੰਜਾਬੀ ਲੋਕ ਜਿਹੜੇ ਵੀ ਮੁਲਕ ਵਿਚ ਜਾ ਕੇ ਵਸੇ ਹਨ, ਉਨ੍ਹਾਂ ਨੇ ਉੱਥੇ ਵੀ ਆਪਣੇ ਸੱਭਿਆਚਾਰ ਨੂੰ ਜ਼ਿਉਂਦਾ ਰੱਖਿਆ ਹੈ। ਪੰਜਾਬੀ ਦੇ ਕਈ ਇਹੋ ਜਿਹੇ ਸਪੂਤ ਹਨ ਜੋ ਆਪਣੇ ਸੱਭਿਆਚਾਰ ਲਈ ਕਈ ਦਹਾਕਿਆਂ ਤੋਂ ਸਿਰਤੋੜ ਯਤਨ ਕਰ ਰਹੇ ਹਨ। ਉਨ੍ਹਾਂ ਵਿਚੋਂ ਹੀ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਲਈ ਆਪਣੀ ਪੂਰੀ ਜ਼ਿੰਦਗੀ ਲਾਉਣ ਵਾਲਾ ਹੈ ਬੋਲੀਆਂ ਵਾਲਾ ਭਗਤੂ। ਵੈਸੇ ਵੀ ਮਾਲਵੇ ਦੇ ਸ਼ਹਿਰ ਬਰਨਾਲਾ ਨੂੰ ਸਾਹਿੱਤ ਦਾ ਮੱਕਾ ਕਿਹਾ ਜਾਂਦਾ ਹੈ। ਜ਼ਿਲ੍ਹਾ ਬਰਨਾਲਾ ਦੇ ਛੋਟੇ ਜਿਹੇ ਪਿੰਡ ਕੱਟੂ ਵਿਚ ਸਾਲ 1943 ਵਿਚ ਪਿਤਾ ਸੁੱਚਾ ਸਿੰਘ ਦੇ ਘਰ ਮਾਤਾ ਕ੍ਰਿਪਾਲ ਕੌਰ ਦੇ ਕੁੱਖੋਂ ਭਗਤੂ ਦਾ ਜਨਮ ਹੋਇਆ। ਭਗਤੂ ਨੂੰ ਪੰਜਾਬ ਹੀ ਨਹੀਂ ਪੂਰੀ ਦੁਨੀਆਂ ਵਿਚ ਬੋਲੀਆਂ ਦੇ ਬੇਤਾਜ਼ ਬਾਦਸ਼ਾਹ ਕਿਹਾ ਜਾਂਦਾ ਹੈ। ਭਗਤੂ ਦੀ ਮਾਂ ਨੇ ਭਗਤੂ ਰੱਖਿਆ ਪਰ ਪਿੰਡ ਵਾਲੇ ਭਗਤੂ ਰਾਮ ਕਹਿਣ ਲੱਗ ਪਏ। ਮੇਲਿਆਂ ਨੇ ਮੇਰਾ ਨਾਮ ਭਗਤੂ ਹੀ ਪਕਾ ਦਿੱਤਾ। ਭਗਤੂ ਕਦੇ ਸਕੂਲੇ ਨਹੀਂ ਗਿਆ। ਛੋਟੇ ਹੁੰਦੇ ਸਾਡੇ ਪਿੰਡ ਦੇ ਲੋਕ ਇੱਕ ਸਾਧ ਬਾਬਾ ਹਰਨਾਮ ਦਾਸ ਨੂੰ ਪਿੰਡ ਦੇ ਡੇਰੇ ਵਿਚ ਲੈ ਕੇ ਆਏ ਸਨ। ਜਦੋਂ ਸਾਧ ਭਗਤੂ ਘਰ ਡਾਲੀ ਲੈਣ ਆਉਂਦਾ ਤਾਂ ਉਸ ਦੀ ਮਾਂ ਨੇ ਸਾਧ ਨੂੰ ਬੇਨਤੀ ਕੀਤੀ ਕਿ ਉਸ ਨੂੰ ਪੜਾਉਣ। ਉਸ ਤੋਂ ਬਾਅਦ ਬਾਬਾ ਹਰਨਾਮ ਦਾਸ ਨੇ ਭਗਤੂ ਨੂੰ ਕੁੱਝ ਸਾਲ ਪੜਿਆ। ਭਗਤੂ ਵਰਗੇ ਪੰਜ ਭਰਾ ਹਨ। ਉਸ ਤੋਂ ਬਿਨਾਂ ਸਾਰੇ ਹੀ ਵਿਆਹੇ ਹਨ। ਮੇਲਿਆਂ ਦੇ ਜਾਣ ਦੇ ਸ਼ੌਂਕ ਕਰਕੇ ਉਸ ਨੇ ਵਿਆਹ ਨਹੀਂ ਕਰਵਾਇਆ। ਬਾਬਾ ਹਰਨਾਮ ਦਾਸ ਕੋਲੋਂ ਕੁੱਝ ਸਾਲ ਦੀ ਸਿੱਖਿਆ ਬਾਅਦ ਉਸ ਨੇ ਡੇਰਾ ਛੱਡ ਦਿੱਤਾ ਤੇ ਪਿੰਡ ਦੇ ਇੱਕ ਜ਼ਿਮੀਂਦਾਰ ਪਰਿਵਾਰ ਨਾਲ ਪਾਲੀ ਰਲ ਗਿਆ। ਉਸ ਵੇਲੇ ਉਹ ਪਹਿਲੀ ਵਾਰ 27 ਰੁਪਏ ਵਿਚ ਪਾਲੀ ਰਲਿਆ ਸੀ। ਮੱਝਾਂ ਚਾਰਦੇ ਚਾਰਦੇ ਉਸ ਨੂੰ ਕਿਸੇ ਕੋਲੋਂ ਬੇਗੋ ਨਾਰ ਦਾ ਚਿੱਠਾ ਮਿਲਿਆ। ਜਿਸ ਤੋਂ ਉਸ ਨੇ ਲੜੀਆਂ ਜੋੜਨੀਆਂ ਸਿੱਖੀਆਂ। ਰਾਤ ਸਮੇਂ ਲਾਲਟੈਣ ਲਗਾ ਕੇ ਬੋਲੀਆਂ ਪਾ ਪਾ ਕੇ ਦੇਖਣੀਆਂ। ਉਸ ਤੋਂ ਬਾਅਦ ਉਸ ਨੇ ਆਪਣੇ ਇੱਕ ਸਾਥੀ ਨਾਲ ਪਿੰਡ ਵਿਚ ਲੱਗੀਆਂ ਗੰਨੇ ਦੀਆਂ ਘੁਲਾੜੀਆਂ ਤੇ ਬੋਲੀਆਂ ਪਾਉਣੀਆਂ ਸ਼ੁਰੂ ਕੀਤੀਆਂ। ਉਸ ਵੇਲੇ ਭਗਤੂ ਦੀ ਉਮਰ 12 ਕੁ ਸਾਲ ਦੀ ਸੀ। ਸਭ ਤੋਂ ਪਹਿਲਾਂ ਉਸ ਨੇ ਧਨੌਲਾ ਮੰਡੀ ਦੇ ਮੇਲੇ ਤੇ ਬੋਲੀਆਂ ਪਾਈਆਂ। ਉਸ ਤੋਂ ਬਾਅਦ ਪਿੰਡ ਕਾਲੇਕੇ (ਬਰਨਾਲਾ) ਵਿਖੇ ਲੱਗਦੇ ਮੇਲੇ ਤੇ ਕਈ ਸਾਲ ਬੋਲੀਆਂ ਪਾਉਣ ਜਾਂਦੇ ਰਹੇ। ਪੂਰੇ 66 ਸਾਲ ਉਸ ਨੇ ਆਪਣੀ ਟੀਮ ਨਾਲ ਛਪਾਰ ਦੇ ਪ੍ਰਸਿੱਧ ਮੇਲੇ ਤੇ ਬੋਲੀਆਂ ਪਾਈਆਂ। ਮੇਲੇ ਤੇ ਕਈ ਵਾਰ ਬੋਲੀਆਂ ‘ਚ ਵਿਰੋਧੀ ਬੋਲੀਆਂ ਪਾਉਣ ਵਾਲੀ ਟੀਮ ਨਾਲ ਟਕਰਾਅ ਹੋ ਜਾਂਦਾ ਤੇ ਅੱਧੀ ਰਾਤ ਬੋਲੀਆਂ ਦੇ ਮੋੜਵੇਂ ਜਵਾਬ ਚੱਲਦੇ ਰਹਿੰਦੇ।ਜਦੋਂ ਕੋਈ ਟੀਮ ਨਾ ਹਾਰਦੀ ਤਾਂ ਇਕੱਠੇ ਹੋਏ ਲੋਕ ਦੋਵੇਂ ਟੀਮਾਂ ਨੂੰ ਹਟਵਾ ਦਿੰਦੇ। ਪੰਜਾਬ ਦੇ ਅਨੇਕਾਂ ਮੇਲਿਆਂ ਤੋਂ ਇਲਾਵਾ ਭਗਤੂ ਨੇ ਰਾਜਸਥਾਨ ਦੇ ਨਾਲ ਨਾਲ ਹਿਮਾਚਲ, ਹਰਿਆਣਾ ਕਈ ਰਾਜਾਂ ਵਿਚ ਬੋਲੀਆਂ ਪਾਈਆਂ ਹਨ। ਇੱਕ ਵਾਰ ਤਖਤੂਪੁਰੇ ਦੇ ਮੇਲੇ ਤੇ ਵੱਡੀ ਲਲਤੋਂ ਦੇ ਇੱਕ ਰਿਫਊਜ਼ੀ ਨਾਲ ਭਗਤੂ ਦਾ ਬੋਲੀਆਂ ਵਿਚ ਮੁਕਾਬਲਾ ਹੋ ਗਿਆ। ਉਸ ਵੇਲੇ ਉਹ ਪਿੰਡੋਂ 80 ਰੁਪਏ ਵਿਚ ਖੁਦ ਟਰੈਕਟਰ ਟਰਾਲੀ ਕਿਰਾਏ ਤੇ ਲੈ ਕੇ ਗਿਆ ਸੀ। ਬੋਲੀਆਂ ਦੇ ਮੋੜ ਚੱਲਦੇ ਰਹੇ।ਆਥਣੇ ਦਿਨ ਢਲਦੇ ਨਾਲ ਬੋਲੀਆਂ ਸ਼ੁਰੂ ਹੋਈਆਂ ਤੇ ਅੱਧੀ ਰਾਤ ਤੱਕ ਸਾਡੇ ਦੋਵੇਂ ਵਿਚੋਂ ਕੋਈ ਨਾ ਹਾਰਿਆ।ਮੇਲੇ ਵਿਚ ਇਕੱਤਰ ਲੋਕਾਂ ਨੇ ਉਨ੍ਹਾਂ ਨੂੰ ਹਟਾ ਦਿੱਤਾ। ਉਹ ਮੁਕਾਬਲਾ ਭਗਤੂ ਲਈ ਹਮੇਸ਼ਾਂ ਅਭੁੱਲ ਯਾਦ ਬਣ ਗਿਆ। ਉਸ ਤੋਂ ਬਾਅਦ ਉਸ ਦਾ ਕਈ ਮੇਲਿਆਂ ਤੇ ਲੋਪੋ ਵਾਲੇ ਕਰਤਾਰ, ਬਖਤੌਰ ਚਹਿਲ, ਬੁਰਜ਼ ਵਾਲੇ ਕੇਹਰਾ ਤੇ ਚੰਨਣ ਨਾਲ ਬੋਲੀਆਂ ਦੇ ਮੁਕਾਬਲੇ ਵਿਚ ਟਕਰਾਅ ਹੋਇਆ। ਭਗਤੂ ਹੁਣ ਤੱਕ ਇੱਕ ਦਰਜ਼ਨ ਤੋਂ ਮਲਵਈ ਗਿੱਧੇ ਦੀਆਂ ਟੀਮਾਂ ਬਣਾ ਚੁੱਕਾ ਹਾਂ ਤੇ ਉਹ ਆਪ ਅੱਜ ਵੀ ਵਿਆਹਾਂ ਸਾਦੀਆਂ ਤੇ ਬੋਲੀਆਂ ਪਾਉਣ ਜਾਂਦਾ ਹਾਂ।
ਉਸ ਦੀਆਂ ਬੋਲੀਆਂ ਤੇ ਕਿਤਾਬ ਠਕਾਲਿਆਂ ਹਰਨਾਂ ਰੋਹੀਏਂ ਫਿਰਨਾੂ ਨਾਹਰ ਸਿੰਘ ਨੇ ਲਿਖੀ ਹੈ। ਹੋਰ ਵੀ ਕਈ ਸਾਂਝੀਆਂ ਕਿਤਾਬਾਂ ਵਿਚ ਬੋਲੀਆਂ ਛਪੀਆਂ ਹਨ। ਬੋਲੀਆਂ ਦੇ ਖੇਤਰ ਵਿਚ ਉਸ ਨੂੰ ਹੁਣ ਤੱਕ ਪੰਦਰਾਂ ਦੇ ਕਰੀਬ ਮਾਨ ਸਨਮਾਨ ਪੰਜਾਬ ਅਤੇ ਜ਼ਿਲ੍ਹਾ ਪੱਧਰ ਤੇ ਮਿਲ ਚੁੱਕੇ ਹਨ। ਭਗਤੂ ਤਾਂ ਪੰਜਾਬ ਦੇ ਲੋਕਾਂ ਨੂੰ ਬੱਸ ਇਹੀ ਅਪੀਲ ਕਰਦਾ ਹੈ ਕਿ ਸਾਰਿਆਂ ਨੂੰ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਬੋਲੀਆਂ ਦੀ ਪਿਰਤ ਜਿਉਂਦੀ ਰਹਿਣੀ ਚਾਹੀਦੀ ਹੈ।

WRITTEN BY