ਹਰ ਮਨੁੱਖ ਜਾਣਦਾ ਹੈ ਕਿ ਹਵਾ ਅਤੇ ਪਾਣੀ ਹਰ ਜੀਵ ਲਈ ਬਹੁਤ ਜ਼ਰੂਰੀ ਹੈ। ਇਨ੍ਹਾਂ ਤੋਂ ਬਿਨਾਂ ਬਨਸਪਤੀ ਵੀ ਨਹੀਂ ਹੋ ਸਕਦੀ। ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ ਪ੍ਰੰਤੂ ਹੋਰ ਪ੍ਰਦੂਸ਼ਣਾਂ ਤੋਂ ਇਲਾਵਾ ਹਰ ਸਾਲ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਅਤੇ ਕਣਕ ਦੀ ਵਾਢੀ ਤੋਂ ਬਾਅਦ ਨਾੜ ਨੂੰ ਖੇਤਾਂ ਵਿਚ ਕਿਸਾਨਾਂ ਵੱਲੋਂ ਅੱਗ ਲਾਉਣ ਦਾ ਰੁਝਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਭਾਵੇਂ ਸਰਕਾਰਾਂ,ਖੇਤੀਬਾੜੀ ਮਾਹਿਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਅਜਿਹਾ ਨਾ ਕਰਨ ਲਈ ਕਿਸਾਨਾਂ ਨੂੰ ਅਪੀਲ ਲਗਾਤਾਰ ਕੀਤੀ ਜਾਂਦੀ ਰਹੀ ਹੈ। ਪ੍ਰੰਤੂ ਅੱਗ ਲਗਾਉਣ ਨਾਲ ਜਿੱਥੇ ਧਰਤੀ ਦੇ ਉਪਜਾਊ ਤੱਤ ਪ੍ਰਭਾਵਿਤ ਹੁੰਦੇ ਹਨ ਉਥੇ ਹੀ ਖੇਤੀ ਲਈ ਮਿੱਤਰ ਕੀੜੇ ਮਰਨ ਨਾਲ ਖੇਤੀ ਦੀਆਂ ਬਿਮਾਰੀਆਂ ਵੀ ਜਨਮ ਲੈਂਦੀਆਂ ਹਨ ਜੋ ਕਿ ਅਜੋਕੇ ਸਮੇਂ ਵਿਚ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਤੋਂ ਇਲਾਵਾ ਪਰਾਲੀ ਨੂੰ ਸਾੜਨ ਦੇ ਨਾਲ ਕਾਰਬਨ ਤੱਤਾਂ ਦੀ ਮਾਤਰਾ ਹਵਾ ਵਿਚ ਬਹੁਤ ਵੱਧ ਜਾਂਦੀ ਹੈ ਜਿਸ ਦੇ ਕਾਰਨ ਕਈ ਕਿਸਮ ਦੀਆਂ ਬਿਮਾਰੀਆਂ ਜਿਵੇਂ ਕਿ ਨੱਕ,ਗਲੇ ਅਤੇ ਅੱਖਾਂ,ਦੁਖਣਾ ਆਦਿ ਵਿਚ ਬਹੁਤ ਵਾਧਾ ਹੁੰਦਾ ਹੈ। ਵਾਤਾਵਰਨ ਗੰਧਲਾ ਹੋ ਜਾਣ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਹਰ ਸਾਲ ਪਰਾਲੀ ਸਾੜਨ ਨਾਲ ਜਿੱਥੇ ਆਮ ਆਦਮੀ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ,ਉਥੇ ਹੀ ਜੀਵ ਜੰਤੂਆਂ ਸਮੇਤ ਲੱਖਾਂ ਦਰਖਤਾਂ ਦੇ ਅੱਗ ਦੀ ਲਪੇਟ ਵਿਚ ਆਉਣ ਨਾਲ ਕਈ ਕਰੋੜਾਂ ਪੰਛੀ ਬੇਘਰ ਹੋ ਜਾਂਦੇ ਹਨ, ਬਹੁਤੇ ਪੱਛੀ ਮਰ ਵੀ ਜਾਂਦੇ ਹਨ ।ਖੇਤੀ ਮਾਹਿਰਾਂ ਵਲੋਂ ਵਾਰ-ਵਾਰ ਚੇਤਾਵਨੀਆਂ ਦੇਣ ਦੇ ਬਾਵਜੂਦ ਪਰਾਲੀ ਨੁੰ ਸਾੜਨ ਦਾ ਅਮਲ ਜਾਰੀ ਹੈ । ਲੋਕਾਂ ਦੀ ਇਸ ਬੇਅਮਲੀ ਕਾਰਨ ਹੀ ਪੰਜਾਬ ਸਰਕਾਰ ਨੇ ਸੰਬੰਧਿਤ ਪ੍ਰਸ਼ਾਸਨ ਨੂੰ ਹਰ ਹਾਲਤ ਵਿਚ ਪਰਾਲੀ ਸਾੜਨ ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਪਰ ਸਿਰਫ਼ ਇਨ੍ਹਾਂ ਹੁਕਮਾਂ ਨਾਲ ਪਰਾਲੀ ਸਾੜਨ ਤੇ ਰੋਕ ਲੱਗਣੀ ਸੰਭਵ ਨਹੀਂ ਹੈ। ਇਹ ਅਮਲ ਤਾਂ ਹੀ ਰੁਕ ਸਕਦਾ ਹੈ ਜੇ ਖੇਤੀ ਮਾਹਿਰ ਤੇ ਪੰਜਾਬ ਸਰਕਾਰਾਂ ਕਿਸਾਨੀ ਨੂੰ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨਾਲ ਨਜਿੱਠਣ ਲਈ ਸਹਿਜ ਤੇ ਸਸਤੇ ਤਰੀਕੇ ਅਪਣਾਉਣ ਵਿਚ ਮਦਦ ਕਰੇ। ਪੰਜਾਬ ਸਰਕਾਰ ਨੂੰ ਵੀ ਇਹ ਅਪੀਲ ਹੈ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਰੋਟਾਵੇਟਰ ਅਤੇ ਹੈਪੀਸੀਡਰ ‘ਤੇ ਦਿੱਤੀ ਜਾਂਦੀ ਸਬਸਿਡੀ ਵਿਚ ਵਾਧਾ ਕੀਤਾ ਜਾਵੇ। ਕਿਉਂਕਿ ਹੈਪੀਸੀਡਰ ਮਸ਼ੀਨ ਦੀ ਵਰਤੋਂ ਨਾਲ ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿਚ ਸਿੱਧੇ ਹੀ ਕਣਕ ਬੀਜੀ ਜਾ ਸਕਦੀ ਹੈ,ਜਿਸ ਨਾਲ ਇੱਕ ਤਾਂ ਬਿਜਾਈ ਸਮੇਂ ਸਿਰ ਹੋ ਜਾਂਦੀ ਹੈ ਅਤੇ ਨਦੀਨ ਵੀ ਘੱਟ ਹੁੰਦੇ ਹਨ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਇਸ ਤੋਂ ਇਲਾਵਾ ਪਰਾਲੀ ਨੂੰ ਇਕੱਠਾ ਕਰ ਕੇ ਬਿਜਲੀ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ, ਪਰ ਜੇਕਰ ਸਰਕਾਰ ਪਕਾ ਹੱਲ ਲੱਭੇ ਤਾਂ ਰਸਤਾ ਨਿਕਲ ਸਕਦਾ ਹੈ। ਫਿਰ ਹੋਰਨਾਂ ਖੇਤੀ ਦੇਸ਼ਾਂ ਵਾਂਗ ਸਾਡੇ ਇੱਥੇ ਵੀ ਪਰਾਲੀ ਨੂੰ ਸਾੜਨਾ ਬੰਦ ਹੋ ਸਕਦਾ ਹੈ ।
– ਮਹੇਸ਼/ ਚੈਰੀ, ਧੂਰੀ



