ਮਾਨਵਤਾ ਦੇ ਉਪਾਸ਼ਕ ਅਤੇ ਸਿੱਖ ਧਰਮ ਦੇ ਬਾਨੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾ ਕੇਵਲ ਸਿੱਖ ਧਰਮ ਦੇ ਲੋਕਾਂ ਵੱਲੋਂ ਸਗੋਂ ਸਮੁੱਚੀ ਦੁਨੀਆਂ ਵਿੱਚ ਵਸਦੇ ਵੱਖੋ-ਵੱਖਰੇ ਧਰਮਾਂ ਦੇ ਬਸ਼ਿੰਦਿਆਂ ਵੱਲੋਂ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।ਇਸ ਲਈ ਜੇ ਅਸੀਂ ਗੁਰੂੁ ਨਾਨਕ ਦੇਵ ਜੀ ਨੂੰ ਕੇਵਲ ਸਿੱਖ ਧਰਮ ਦੇ ਗੁਰੂ ਵਜੋਂ ਹੀ ਨਹੀਂ,ਸਗੋਂ ਸਮੁੱਚੀ ਲੋਕਾਈ ਦੇ ਰਹਿਬਰ ਵਜੋਂ ਜਾਣੀਏ ਤਾਂ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ ।
ਗੁਰੂ ਜੀ ਇੱਕ ਯੁੱਗ ਪੁਰਸ਼ ਅਤੇ ਆਪਣੇ ਆਪ ਵਿੱਚ ਮਹਾਨ ਵਿਅਕਤੀਤਵ ਦੇ ਮਾਲਕ ਸਨ।ਜਦੋਂ ਅਸੀਂ ਉਹਨ ਦੀ ਵਿਚਾਰਧਾਰਾ ਦਾ ਮੁਲਾਂਕਣ ਕਰਦੇ ਹਾਂ ਤਾਂ ਕਈ ਪਹਿਲੂ ਦ੍ਰਿਸ਼ਟੀਗੋਚਰ ਹੁੰਦੇ ਹਨ,ਪਰ ਸਭ ਤੋਂ ਵੱਡਾ ਆਧਾਰ ਉਹਨਾਂ ਦੁਆਰਾ ਰਚੀ ਬਾਣੀ ਹੈ। ਉਹਨਾਂ ਨੇ ਜਪੁਜੀ ਸਾਹਿਬ,ਸਿੱਧ ਗੋਸ਼ਟਿ, ਵਾਰਾਂ, ਬਾਰਾਂਮਾਹ, ਛੰਤ, ਪੱਟੀ, ਅਲਾਹੁਣੀਆਂ, ਖਿੱਤੀ ਆਦਿ ਰਚਨਾਵਾਂ ਦੀ ਰਚਨਾ ਕੀਤੀ । ਜਪੁਜੀ ਸਾਹਿਬ ਗੁਰੂ ਜੀ ਦੀ ਸਭ ਤੋਂ ਉਤਮ ਅਤੇ ਸ਼੍ਰੇਸ਼ਟ ਬਾਣੀ ਹੈ।ਇਸ ਵਿੱਚ 38 ਪਉੜੀਆਂ ਅਤੇ 2 ਸਲੋਕ ਹਨ।ਜਪੁਜੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਤੱਤ ਮੰਨਿਆ ਜਾਂਦਾ ਹੈ।ਇਸ ਵਿੱਚ ਗੁਰੂ ਜੀ ਪਹਿਲਾਂ ਪ੍ਰਸ਼ਨ ਕਰਦੇ ਹਨ:-
ਕਿਵ ਸਚਿਆਰਾ ਹੋਈਐ॥
ਕਿਵ ਕੂੜੈ ਤੁਟੈ ਪਾਲਿ॥
ਅਰਥਾਤ ਮਨੁੱਖ ਪਰਮਾਤਮਾ ਦੇ ਰਾਹ ਦਾ ਭਾਗੀ ਕਿਵੇਂ ਬਣ ਸਕਦਾ ਹੈ।ਇਸ ਨਾਲ ਹੀ ਇਸ ਦਾ ਉਤਰ ਦਿੰਦੇ ਹਨ:-
ਹੁਕਮਿ ਰਜਾਈ ਚਲਣਾ॥
ਨਾਨਕ ਲਿਖਿਆ ਨਾਲਿ॥
ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿ ਕੇ ਉਸਨੂੰ ਮਿਲਿਆ ਜਾ ਸਕਦਾ ਹੈ।
ਗੁਰੂੁ ਜੀ ਦੇ ਪ੍ਰਕਾਸ਼ ਸਮੇਂ ਸਮੁੱਚੀ ਲੋਕਾਈ ਗਿਰਾਵਟ ਵੱਲ ਜਾ ਰਹੀ ਸੀ।ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਦਾ ਅੰਦਾਜ਼ਾ ਉਥੋਂ ਦੀ ਰਾਜਨੀਤਿਕ,ਆਰਥਿਕ,ਧਾਰਮਿਕ ਅਤੇ ਸਮਾਜਿਕ ਹਾਲਤ ਤੋਂ ਲਾਇਆ ਜਾ ਸਕਦਾ ਹੈ,ਪਰ ਭਾਰਤ ਦੀ ਹਾਲਤ ਇਹਨਾਂ ਚਾਰੋਂ ਪ੍ਰਸਥਿਤੀਆਂ ਵਿੱਚ ਬਹੁਤ ਹੀ ਨਾਜ਼ੁਕ ਸੀ।ਧਰਮ ਦੇ ਆਗੂ ਆਪਣਾ ਧੀਰਜ ਖੋਹ ਬੈਠੇ ਸਨ।
ਕਾਜ਼ੀ,ਬ੍ਰਾਹਮਣ ਅਤੇ ਜੋਗੀ ਤਿੰਨੇ ਹੀ ਲੋਕਾਈ ਨੂੰ ਕੁਰਾਹੇ ਪਾ ਰਹੇ ਸਨ।ਇਸ ਤੋਂ ਇਲਾਵਾ ਧਰਮ ਨੂੰ ਵਰਣ ਵਿਵਸਥਾ ਵਿੱਚ ਵੰਡ ਦਿੱਤਾ ਗਿਆ।ਸਮਾਜ ਵਿੱਚ ਬ੍ਰਾਹਮਣਾਂ ਨੂੰ ਉਚਾ ਰੁਤਬਾ ਦਿੱਤਾ ਗਿਆ।ਜਦਕਿ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਬੇਹੱਦ ਤਰਸਯੋਗ ਹੋ ਗਈ ਸੀ ਅਤੇ ਸਮਾਜ ਵਿੱਚ ਜਾਤ-ਪਾਤ ਪੱਖੋਂ ਪਾੜਾ ਬੇਹੱਦ ਵਧ ਗਿਆ ਸੀ।ਪਰ ਗੁਰੂ ਜੀ ਨੇ ਊਚ-ਨੀਚ ਦਾ ਭੇਦ ਮਿਟਾ ਕੇ ਸਮਾਨਤਾ ਤੇ ਭਰਾਤਰੀ ਭਾਵ ਦਾ ਪ੍ਰਚਾਰ ਕੀਤਾ ਅਤੇ ਆਪਣੀ ਬਾਣੀ ਰਾਹੀਂ ਮੌਜੂਦਾ ਸਮਾਜ ਦੀ ਵਾਸਤਵਿਕਤਾ ਨੂੰ ਨਾਕਾਰਾਤਮਕ ਕਰਾਰ ਦਿੱਤਾ।ਉਹਨਾਂ ਨੇ ਰਾਜਸੀ ਸਮਾਜਕ ਜਬਰ ਵਿਰੁੱਧ ਜਹਾਦ ਕੀਤਾ।ਕਦਰਾਂ-ਕੀਮਤਾਂ ਤੋਂ ਊਣੇ ਰਾਜਿਆਂ ਅਤੇ ਉਹਨਾ ਦੇ ਭ੍ਰਿਸ਼ਟ ਕਰਮਚਾਰੀ ਵਰਗ ਦੀ ਕਰੜੇ ਸ਼ਬਦਾਂ ਰਾਹੀ ਆਲੋਚਨਾ ਕੀਤੀ-
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥
ਗੁਰੂ ਜੀ ਇੱਕ ਮਹਾਨ ਮਾਨਵਤਾਵਾਦੀ ਸਨ।ਉਹ ਆਪਣੇ ਆਪ ਵਿੱਚ ਇੱਕ ਆਦਰਸ਼ ਮਨੁੱਖ ਸਨ ਅਤੇ ਬਾਕੀਆਂ ਨੂੰ ਵੀ ਚੰਗਾ ਮਨੁੱਖ ਬਣਨ ਦੀ ਪ੍ਰੇਰਨਾ ਦਿੰਦੇ ਸਨ। ਸੰਸਾਰ ਵਿੱਚ ਰਹਿੰਦੇ ਹੋਏ ਵੀ ਗੁਰੂ ਜੀ ਸੰਸਾਰਕਤਾ ਤੋਂ ਅਭਿੱਜ ਸਨ ਅਤੇ ਸੰਸਾਰਕ ਵਸੀਲਿਆਂ ਵਿੱਚ ਫਸਣ ਦੀ ਥਾਂ ਪਰਮਾਤਮਾ ਦੇ ਪ੍ਰੇਮ ਜਾਲ ਵਿੱਚ ਸਥਾਈ ਤੌਰ ‘ਤੇ ਫਸੇ ਹੋਏ ਸਨ।ਉਹ ਆਪਣੇ ਆਪ ਨੂੰ ਸਦਾ ਤੁਛ ਸਮਝਦੇ ਸਨ ਅਤੇ ਸਾਰਾ ਜੀਵਨ ਇੱਕ ਸੱਚੇ ਧਰਮ ਦੇ ਪ੍ਰਚਾਰ ਲਈ ਸਮਰਪਤ ਕੀਤਾ,ਜਿਸ ਲਈ ਉਹਨਾਂ ਨੇ ਆਪਣੀ ਪ੍ਰਤਿਭਾ ਨੂੰ ਲੋਕ ਕਲਿਆਣ ਲਈ ਵਿਵਹਾਰ ਵਿੱਚ ਲਿਆਂਦਾ।ਸੰਤ ਸਾਧਕਾਂ ਵਿੱਚ ਉਹਨਾਂ ਦੀ ਬਾਣੀ ਨਾ ਕੇਵਲ ਭਾਵਾਂ ਦੀ ਦ੍ਰਿਸ਼ਟੀ ਤੋਂ ਹੀ ਆਪਣਾ ਮਹੱਤਵਪੂਰਨ ਸਥਾਨ ਰੱਖਦੀ ਹੈ,ਸਗੋਂ ਉਹਨਾਂ ਦਾ ਕਾਵਿ ਪੱਖ ਵਿਸ਼ੇਸ਼ ਗੁਣ ਸੰਪੰਨ ਹੈ।ਉਹਨਾਂ ਨੇ ਆਪਣੀ ਬਾਣੀ ਵਿੱਚ ਗੁਰੂ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਕਿਹਾ ਠਬਿਨੁ ਗੁਰ ਪ੍ਰੀਤਿ ਨ ਉਪਜੈ ਹਉਮੈ ਮੈਲੁ ਨ ਜਾਇੂ । ਇਸ ਤੋਂ ਇਲਾਵਾ ਬਾਣੀ ਰਾਹੀਂ ਗੁਰੂ ਜੀ ਨੇ ਨਵੇਂ ਕਾਵਿ ਰੂਪਾਂ ਜਿਵੇਂ ਵਾਰ, ਬਾਰਾਂਮਾਹ, ਛੰਤ, ਪੱਟੀ, ਅਲਾਹੁਣੀਆਂ, ਗੋਸ਼ਟਿ,ਚਿੱਠੀ ਦਾ ਪੰਜਾਬੀ ਕਾਵਿ ਖੇਤਰ ਵਿੱਚ ਪ੍ਰਵੇਸ਼ ਕਰਵਾਇਆ।
ਗੁਰੂੁ ਜੀ ਦੇ ਵਿਅਕਤੀਤਵ ਨੂੰ ਸਮਝਣ ਦਾ ਦੂਜਾ ਵੱਡਾ ਆਧਾਰ ਉਦਾਸੀਆਂ ਹਨ। ਉਹਨਾਂ ਨੇ ਮਾਨਵਤਾ ਨੂੰ ਕਰਮਕਾਂਡਾਂ ‘ਚੋਂ ਕੱਢਣ ਲਈ ਅਤੇ ਇੱਕੋ ਇੱਕ ਪਰਮਾਤਮਾ ਨਾਲ ਜੋੜਨ ਲਈ ਯਾਤਰਾਵਾਂ ਕੀਤੀਆਂ,ਜਿਨ੍ਹਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ।ਗੁਰੂ ਜੀ ਦੀਆਂ ਉਦਾਸੀਆਂ ਸੰਬੰਧੀ ਭਾਈ ਗੁਰਦਾਸ ਜੀ ਲਿਖਦੇ ਹਨ:-
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣ ਧਰਤਿ ਲੁਕਾਈ॥
ਗੁਰੂੁ ਜੀ ਜਿੱਥੇ ਵੀ ਗਏ ਉਹਨਾਂ ਨੇ ਅਖੌਤੀ ਰਸਮਾਂ-ਰਿਵਾਜ਼ਾਂ ਦਾ ਖੰਡਣ ਕੀਤਾ,ਲੋਕਾਂ ਨੂੰ ਜਾਗਰੂਕ ਕੀਤਾ ਅਤੇ ਔਰਤ ਦੀ ਸਮਾਜਿਕ ਦਸ਼ਾ ਸੁਧਰਾਨ ਹਿੱਤ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।ਉਹਨਾਂ ਨੇ ਹਿੰਦੂ,ਬੋਧੀ,ਜੈਨੀ,ਪਾਰਸੀ ਅਤੇ ਮੁਸਲਿਮ ਧਰਮ ਦੇ ਲੋਕਾਂ ਨਾਲ ਵਿਚਾਰਾਂ ਕੀਤੀਆਂ ਅਤੇ ਮੰਦਰਾਂ,ਮਸਜਿਦਾਂ ਵਿੱਚ ਜਾ ਕੇ ਵੀ ਇਲਾਹੀ ਉਪਦੇਸ਼ ਦਿੱਤਾ। ਆਪ ਦੀ ਪਹਿਲੀ ਉਦਾਸੀ ਕਾਫੀ ਲੰਮੀ ਸੀ। ਇਸ ਯਾਤਰਾ ਦੌਰਾਨ ਆਪ ਜੀ ਨੇ ਮਥੁਰਾ, ਬਿੰਦਰਾਵਨ, ਦਵਾਰਕਾ, ਸਿੱਕਮ,ਉੜੀਸਾ, ਉਜੈਨ,ਅਜਮੇਰ, ਹਰਿਦੁਆਰ, ਸੋਮਨਾਥ, ਬੰਬਈ, ਔਰੰਗਾਬਾਦ ਆਦਿ ਸਥਾਨਾਂ ਦੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਗੁਰੂੁ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇੱਕ ਸੁਨਿਸ਼ਚਤ ਤੇ ਵਿਧੀਵਤ ਜੀਵਨ-ਦਰਸ਼ਨ ਦਾ ਰੂਪ ਦਿੱਤਾ।
ਦੂਜੀ ਉਦਾਸੀ ਦੋ-ਤਿੰਨ ਕੁ ਸਾਲਾਂ ਦੀ ਸੀ। ਇਸ ਉਦਾਸੀ ਦੌਰਾਨ ਗੁਰੂੁ ਜੀ ਨੇ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਕੀਤੀ।ਤੀਜੀ ਉਦਾਸੀ ਦੌਰਾਨ ਕਰਤਾਰਪੁਰ ਤੋਂ ਪੱਛਮ (ਮੱਧ ਪੂਰਬ) ਦੇ ਦੇਸ਼ਾਂ ਦੀ ਯਾਤਰਾ ਕੀਤੀ ।ਆਪ ਕਰਤਾਰਪੁਰ ਤੋਂ ਤੁਰੇ ਤਾਂ ਪਾਕਪਟਨ,ਮੁਲਤਾਨ ਬਹਾਵਲਪੁਰ ਆਦਿ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਕਾਜ਼ੀਆਂ ਦੇ ਕਾਫਲੇ ਵਿੱਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿੱਚ ਪੁੱਜੇ ਅਤੇ ਫਿਰ ਮੱਕੇ ਗਏ।ਮੱਕੇ ਦੇ ਕਾਜ਼ੀਆਂ ਨਾਲ ਵਿਚਾਰ-ਵਟਾਂਦਰਾ ਕੀਤਾ।ਰੁਕਨਦੀਨ ਨਾਲ ਵੀ ਗੋਸ਼ਟ ਕੀਤੀ ਅਤੇ ਉਸਨੂੰ ਖੜਾਵਾਂ ਵੱਜੋਂ ਆਪਣੀ ਨਿਸ਼ਾਨੀ ਦਿੱਤੀ। ਫਿਰ ਮਦੀਨੇ, ਬਸਰੇ,ਕਰਬਲਾ ਹੁੰਦੇ ਬਗਦਾਦ ਪਹੁੰਚੇ।ਭਾਈ ਗੁਰਦਾਸ ਜੀ ਲਿਖਦੇ ਹਨ:-
ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ।
ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।
ਫਿਰ ਬਗਦਾਦ ਤੋਂ ਵਾਪਸ ਇਸਫਰਾਨ,ਤਹਿਰਾਨ ਤੇ ਸਮਰਕੰਦ ਹੁੰਦੇ ਹੋਏ ਕਾਬਲ ਤੇ ਜਲਾਲਬਾਦ ਦੇ ਰਸਤੇ ਰਾਵਲਪਿੰਡੀ ਲਾਗੇ ਹਸ਼ਮ ਅਬਦਾਲ ਪੁੱਜੇ ਅਤੇ ਫਿਰ ਐਮਨਾਬਾਦ ਤੋਂ ਕਰਤਾਰਪੁਰ ਗਏ।ਇਸ ਉਦਾਸੀ ਦੌਰਾਨ ਗੁਰੂ ਜੀ ਨੇ ਮੁਸਲਿਮ ਵਿਸ਼ਵਾਸ,ਰਹੁਰੀਤਾਂ ਤੇ ਧਰਮ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਉਦਾਸੀਆਂ ਤੋਂ ਬਾਅਦ ਗੁਰੂੁ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਅੱਠ-ਦਸ ਵਰ੍ਹੇ ਕਰਤਾਰਪੁਰ ਵਿਖੇ ਬਤੀਤ ਕੀਤੇ।ਇੱਥੇ ਹੀ ਆਪ ਜੀ ਦੇ ਦਰਸ਼ਨਾਂ ਲਈ ਭਾਈ ਲਹਿਣਾ ਜੀ ਆਏ।ਦੀਦਾਰ ਐਸੇ ਹੋਏ ਦੋਵੇਂ ਇੱਕ ਜੋਤ ਹੋ ਗਏ ਅਤੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਜੀ ਦਾ ਨਾਮ ਦੇ ਕੇ ਦੂਜੀ ਗੱਦੀ ਦਾ ਵਾਰਸ ਬਣਾ ਕੇ 7 ਸਤੰਬਰ 1539 ਈ: ਨੂੰ ਜੋਤੀ ਜੋਤਿ ਸਮਾ ਗਏ।
ਸੋ, ਇਸ ਮੁਬਾਰਕ ਦਿਹਾੜੇ ਮੌਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂੁ ਜੀ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦੇ ਹੋਏ ਪਹਿਲਾਂ ਆਪਣੇ ਆਪ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਕਰੀਏ,ਕੁਦਰਤੀ ਖਜ਼ਾਨਿਆਂ ਨੂੰ ਸਾਂਭੀਏ ਅਤੇ ਨਵੀਂ ਪੀੜ੍ਹੀ ਨੂੰ ਗੁਰਮਤਿ ਮਾਰਗ ‘ਤੇ ਪਰਿਪੱਕ ਰੂਪ ਵਿੱਚ ਤੋਰਨ ਲਈ ਦ੍ਰਿੜ ਸੰਕਲਪ ਰਾਹੀਂ ਇੱਕ ਕ੍ਰਾਂਤੀਕਾਰੀ ਸਮਾਜ ਦੀ ਸਿਰਜਣਾ ਕਰੀਏ।
ਇਲਾਹੀ ਨੂਰ ਸ੍ਰੀ ਗੁਰੂ ਨਾਨਕ ਦੇਵ ਜੀ



