Skip to content
Independent perspectives. Global stories.
BREAKING

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।

Share this story

ਭਾਈ ਕਾਨ੍ਹ ਸਿੰਘ ਨਾਭਾ ਭਾਈ ਗੁਰਦਾਸ ਜੀ ਬਾਰੇ ਲਿੱਖਦੇ ਹਨ ਕਿ ਠਭਾਈ ਗੁਰਦਾਸ ਜੀ ਦੀ ਬਾਣੀ ਅਤੀ ਮਨੋਹਰ ਔਰ ਸਿੱਖ ਧਰਮ ਦੇ ਨਿਯਮਾਂ ਦਾ ਭੰਡਾਰ ਹੈ। ਭਾਈ ਵੀਰ ਸਿੰਘ ਜੀ ਲਿੱਖਦੇ ਹਨ ਕਿ ਠ ਭਾਈ ਗੁਰਦਾਸ ਜੀ ਦੇ ਸਦਾ ਰਹਿਣ ਵਾਲੇ ਦੋ ਸੇਵਾ ਦੇ ਕੰਮ ਸਨ। ਇੱਕ ਇਹ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਬੈਠ ਕੇ ਗੁਰਬਾਣੀ ਦੇ ਇੱਕਤਰ ਤੇ ਸੰਕਲਤ ਕਰਨ ਵਿੱਚ ਸੇਵਾ ਕਰਨੀ ਤੇ ਸਾਰੀ ਬਾਣੀ ਆਪਣੇ ਹੱਥੀਂ ਲਿੱਖਣੀ। ਦੂਸਰਾ ਕੰਮ ਉਹਨਾਂ ਦੀ ਆਪਣੀ ਬਾਣੀ ਹੈ, ਜੋ ਗੁਰਸਿੱਖੀ ਦੇ ਅਸੂਲਾਂ ਅਤੇ ਗੁਰਬਾਣੀ ਦੇ ਭਾਵਾਂ ਨੂੰ ਸਮਝਣ ਲਈ ਸੱਚਮੁੱਚ ਕੁੰਜੀ ਦਾ ਕੰਮ ਦੇਂਦੀ ਹੈ। ਭਾਈ ਗੁਰਦਾਸ ਜੀ ਦਾ ਜਨਮ ਡਾ: ਰਤਨ ਸਿੰਘ ਜੱਗੀ, ਪ੍ਰੋ. ਸਾਹਿਬ ਸਿੰਘ ਤੇ ਡਾ: ਗੰਡਾ ਸਿੰਘ ਅਨੁਸਾਰ ਗੋਇੰਦਵਾਲ ਵਿੱਚ 1608 ਬਿ: (ਸੰਨ 1551 ਈ) ਵਿੱਚ ਪਿਤਾ ਈਸਰ ਦਾਸ ਦੇ ਗ੍ਰਹਿ ਵਿਖੇ ਹੋਇਆ। ਈਸਰਦਾਸ ਜੀ ਗੁਰੂ ਅਮਰਦਾਸ ਜੀ ਦੇ ਛੋਟੇ ਭਰਾਤਾ ਸਨ। ਗੁਰੂ ਅਮਰਦਾਸ ਜੀ ਬਾਸਰਕੇ ਗਿੱਲਾਂ ਅੰਮ੍ਰਿਤਸਰ ਵਿੱਚ ਰਹਿੰਦੇ ਸਨ। ਭਾਈ ਗੁਰਦਾਸ ਜੀ ਦੇ ਜਨਮ ਤੋਂ ਬਾਅਦ ਪਿਤਾ ਈਸਰਦਾਸ ਜੀ ਵੀਂ ਗੁਰੂ ਅਮਰਦਾਸ ਜੀ ਕੋਲ ‘ਬਾਸਰਕੀ’ ਆ ਕੇ ਰਹਿਣ ਲੱਗ ਪਏ। ਭਾਈ ਗੁਰਦਾਸ ਜੀ ਦਾ ਬਚਪਨ, ਪੜ੍ਹਾਈ ਤੇ ਪਰਵਰਿਸ਼ ਗੁਰੂ ਅਮਰਦਾਸ ਜੀ ਦੀ ਰਹਿਨੁਮਈ ਹੇਠ ਹੋਈ। ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਤੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਚਾਰ ਗੁਰੂ ਸਹਿਬਾਨ ਜੀ ਦੀ ਸੰਗਤ ਦਾ ਆਨੰਦ ਮਾਣਦੇ ਰਹੇ।
ਧੰਨ ਗੁਰੂ ਨਾਨਕ ਦੇਵ ਜੀ ਦਾ ਇਸ ਵਾਰ ਪ੍ਰਕਾਸ਼ ਪੁਰਬ 23 ਨਵੰਬਰ ਦਿਨ ਸ਼ੁੱਕਰਵਾਰ ਨੂੰ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਕੁੱਝ ਦਿਨ ਪਹਿਲਾਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਰੋਜ਼ਾਨਾਂ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।ਗੁਰੂ ਨਾਨਕ ਦੇਵ ਜੀ ਦੀ ਸਿਫਤ ਵਿੱਚ ਭਾਈ ਗੁਰਦਾਸ ਜੀ ਦੀ ਬਾਣੀ ਪੜੀ ਤੇ ਸਤਿਕਾਰੀ ਜਾਂਦੀ ਹੈ। ਇਸੇ ਲਈ ਗੁਰੂ ਘਰਾਂ ਵਿੱਚ ਸਿਰਫ ਦੋ ਕਵੀਆਂ ਦੀਆਂ ਲਿੱਖਤਾਂ ਦਾ ਕੀਰਤਨ ਕੀਤਾ ਜਾ ਸਕਦਾ ਹੈ।ਇੱਕ ਤਾਂ ਭਾਈ ਗੁਰਦਾਸ ਜੀ ਤੇ ਦੂਜੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਬੜੇ ਹੀ ਪਿਆਰੇ ਕਵੀ ਭਾਈ ਨੰਦ ਲਾਲ ਜੀ ਹਨ। ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਬਿੱਤ, ਸਵੈਯੇ, ਦੋਹਰੇ, ਸੋਰਠੇ ਤੇ ਛੰਦ ਪ੍ਰਕਾਸ਼ਿਤ ਹੋਏ ਮਿਲਦੇ ਹਨ। ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦੀ ਸਿਫਤ ਸਲਾਹ ਕਰਦੇ ਪਹਿਲੀ ਵਾਰ ਦੀ ਸਤਾਇਵੀਂ ਪਉੜੀ ਵਿੱਚ ਲਿੱਖਦੇ ਹਨ ਕਿ:
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ।
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨਾ ਧੀਰਿ ਧਰੋਆ
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣਿ ਸੋਆ।
ਸਿਧਆਸਣਿ ਸਭਿ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ।
ਘਰਿ ਘਰਿ ਅੰਦਰਿ ਧਰਮਸਾਲ ਹੋਵੇ ਕੀਰਤਨੁ ਸਦਾ ਵਿਸੋਆ।
ਬਾਬੇ ਤਾਰੇ ਚਾਰਿ ਚਕਿ ਨਉਖੰਡਿ ਪ੍ਰਿਥਮੀ ਸਚਾ ਢੋਆ।
ਗੁਰਮੁਖਿ ਕਲਿ ਵਿੱਚ ਪਰਗਟੁ ਹੋਆ।
ਭਾਈ ਗੁਰਦਾਸ ਜੀ ਆਖਦੇ ਹਨ ਕਿ ਸਤਿਗੁਰ ਨਾਨਕ ਪ੍ਰਗਟ ਹੋਏ ਗੁਬਾਰ ਦੂਰ ਹੋ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ।ਜਿਵੇਂ ਸੂਰਜ ਦੇ ਚੜਿਆਂ ਤਾਰੇ ਛਪਦੇ ਤੇ ਹਨੇਰਾ ਨੱਸਦਾ ਹੈ। ਸ਼ੇਰ ਦੇ ਗਰਜ਼ਿਆ ਹਰਨਾਂ ਦੀ ਡਾਰ ਨੱਸ ਜਾਂਦੀ ਹੈ ਤੇ ਧੀਰਜ ਨਹੀ ਧਰਦੀ( ਇਉਂ ਪਾਪਾਂ ਨੂੰ ਭਾਜੜ ਪੈ ਗਈ) । ਜਿੱਥੇ ਬਾਬਾ ਪੈਰ ਰੱਖਦਾ ਸੀ, ਉਥੇ ਪੂਜਾ ਦੇ ਆਸਣ ਦੀ ਗੱਦੀ ਹੋ ਜਾਂਦੀ ਸੀ। ਘਰ ਘਰ ਵਿੱਚ ਧਰਮਸਾਲਾ ਹੋਈਆਂ ਅਰ ਕੀਰਤਨ ਹੋਣ ਲੱਗਾ। ਬਾਬੇ ਨੇ ਚਾਰੇ ਦਿਸ਼ਾ ਤਾਰ ਦਿੱਤੀਆਂ, ਨੌਖੰਡਾਂ ਪ੍ਰਿਥਵੀ ਵਿਖੇ ਸੱਚ ਦਾ ਮੇਲ ਹੋ ਗਿਆ। ਕਲਿਜੁਗ ਵਿਖੇ ਸਰੋਮਣੀ ਗੁਰੂ ਪ੍ਰਗਟ ਹੋ ਗਿਆ।
ਗੁਰੂ ਜੀ ਨੇ ਸਿਧਾ ਨਾਲ ਗੱਲਬਾਤ ਕੀਤੀ ਤੇ ਸਿਧਾ ਵਿੱਚ ਸ਼ਾਤੀ ਵਰਤਾ ਦਿੱਤੀ।ਸਿਵਰਾਤ ਦੇ ਮੇਲੇ ਵਿੱਚ ਸਿਧਾ ਨੇ ਗੁਰੂ ਜੀ ਨੂੰ ਨਮਸਕਾਰਾਂ ਕੀਤੀਆਂ ਤੇ ਸਿਧ ਕਹਿਣ ਲੱਗੇ ਕਿ: ‘ ਧੰਨ ਹੋ ਨਾਨਕ ਜੀ, ਆਪ ਦੀ ਕਮਾਈ ਵਡੀ ਹੈ’। ਵੱਡਾ ਪੁਰਖ ਕਲਜੁਗਿ ਵਿੱਚ ਜ਼ਾਹਰ ਹੋਇਆ ਹੈ।ਸਾਰੇ ਸਤਿਨਾਮ ਦੀ ਜੋਤਿ ਜਗਾ ਦਿੱਤੀ ਹੈ।ਉਥੋਂ ਗੁਰੂ ਜੀ ਮੁਲਤਾਨ ਚਲੇ ਗਏ ਤੇ ਮੁਲਤਾਨ ਦੇ ਪੀਰ ਨੇ ਗੁਰੂ ਜੀ ਨੂੰ ਦੁੱਧ ਦਾ ਕਟੋਰਾ ਭੇਟ ਕੀਤਾ ਤੇ ਗੁਰੂ ਜੀ ਨੇ ਆਪਣੀ ਬਗਲ ਵਿੱਚੋਂ ਚੰਬੇਲੀ ਦਾ ਫੁੱਲ ਕੱਢ ਕੇ ਕਟੋਰੇ ਵਿੱਚ ਰੱਖ ਦਿੱਤਾ ਤੇ ਉਹ ਦੁੱਧ ਦੇ ਉਪਰ ਤੈਰਨ ਲੱਗ ਪਿਆ।
ਭਾਈ ਗੁਰਦਾਸ ਜੀ ਨੂੰ ਗੁਰੂ ਨਾਨਕ ਦੇਵ ਜੀ ਬਹੁਤ ਹੀ ਮਹਾਨ ਦਿਖਾਈ ਦੇਂਦੇ ਹਨ। ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦੀ ਸਿਫਤ ਸਲਾਹ ਕਰਦੇ ਹੋਏ ਸ਼ਬਦਾਂ ਦੀ ਘਾਟ ਮਹਿਸੂਸ ਕਰਦੇ ਹਨ, ਕਹਿੰਦੇ ਹਨ ਕਿ ਗੁਰੂ ਨਾਨਕ ਜੀ ਬਹੁਤ ਹੀ ਵੱਡੇ, ਬਹੁਤ ਜੀ ਜ਼ਿਆਦਾ ਵੱਡੇ ਹਨ ਮੈਂ ਉਹਨਾਂ ਦੀ ਸਿਫਤ ਸਲਾਹ ਕਰਨ ਦੇ ਸਮਰੱਥ ਨਹੀ ਹਾਂ।ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਬਾਬਤ ਲਿੱਖਦੇ ਹਨ ਕਿ ਠ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨ ਤੋਂ ਸੱਚੀ ਸਿੱਖੀ ਪ੍ਰਾਪਤ ਹੁੰਦੀ ਹੈ ਤੇ ਇਹ ਬਾਣੀ ਗੁਰਬਾਣੀ ਦਾ ਟੀਕਾ ਰੂਪ ਹੈ।ੂ

WRITTEN BY