ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਅਤੇ ਅਗਾਂਹਵਧੂ ਵਿਚਾਰਾਂ ਦੀ ਕਵਿਤਾ ਲਿਖਣ ਦਾ ਮਾਣ ਗੁਰਚਰਨ ਰਾਮਪੁਰੀ ਨੂੰ ਜਾਂਦਾ ਹੈ, ਜਿਸ ਦੀਆਂ 1953 ਵਿਚ ਭਰ ਜਵਾਨੀ ਵਿਚ ਮਹਿਜ 24 ਸਾਲ ਦੀ ਉਮਰ ਵਿਚ ਲਿਖੀਆਂ ਕਵਿਤਾਵਾਂ ਰੂਸੀ ਭਾਸ਼ਾ ਵਿਚ ਅਨੁਵਾਦ ਹੋ ਕੇ ਪ੍ਰਕਾਸ਼ਤ ਹੋ ਗਈਆਂ ਸਨ। ਗੁਰਚਰਨ ਰਾਮਪੁਰੀ ਦਾ ਜਨਮ ਮਾਲਵੇ ਦੇ ਲੁਧਿਆਣਾ ਜਿਲ੍ਹੇ ਦੇ ਪ੍ਰਸਿੱਧ ਪਿੰਡ ਰਾਮਪੁਰ ਵਿਚ 23 ਜਨਵਰੀ 1929 ਨੂੰ ਹੋਇਆ। ਰਾਮਪੁਰ ਪਿੰਡ ਸਾਹਿਤਕਾਰਾਂ ਦੇ ਪਿੰਡ ਦੇ ਤੌਰ ’ਤੇ ਜਾਣਿਆਂ ਜਾਂਦਾ ਹੈ। ਗੁਰਚਰਨ ਰਾਮਪੁਰੀ ਵੀ ਇਸ ਸਾਹਿਤ ਸਭਾ ਦੀ ਦੇਣ ਸੀ। ਉਨ੍ਹਾਂ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਬੀ ਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਆਪਨੇ 15 ਸਾਲ ਦੀ ਉਮਰ ਵਿਚ ਹੀ 1944 ਵਿਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਆਪਦੀ ਕਵਿਤਾਵਾਂ ਦੀ ਪਲੇਠੀ ਪੁਸਤਕ ‘ਕਣਕ ਦੀ ਖ਼ੁਸ਼ਬੋ’ 1953 ਵਿਚ ਪ੍ਰਕਾਸ਼ਤ ਹੋ ਗਈ ਸੀ। ਆਪ ਦੀ ਇਸ ਪੁਸਤਕ ਦੇ ਨਾਮ ਅਤੇ ਕਵਿਤਾਵਾਂ ਤੋਂ ਸਾਫ ਵਿਖਾਈ ਦਿੰਦਾ ਸੀ ਕਿ ਆਪ ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਵਾਬਾਸਤਾ ਸਨ। ਆਪ ਰੋਜ਼ੀ ਰੋਟੀ ਅਤੇ ਸੁਹਾਵਣੇ ਸਪਨਿਆਂ ਦੀ ਪੂਰਤੀ ਲਈ 1964 ਵਿਚ ਕੈਨੇਡਾ ਜਾ ਕੇ ਵਸ ਗਏ ਪ੍ਰੰਤੂ ਆਪਣੀ ਵਿਰਾਸਤ ਪੰਜਾਬੀ ਸਭਿਆਚਾਰ ਨਾਲ ਗੜੂੰਦ ਰਹੇ, ਪੰਜਾਬ ਵਿਚ ਰਹਿੰਦਿਆਂ ਕੈਨੇਡਾ ਜਾਣ ਤੋਂ ਪਹਿਲਾਂ ਆਪ ਦੀਆਂ ਤਿੰਨ ਪੁਸਤਕਾਂ ਕਣਕ ਦੀ ਖ਼ੁਸ਼ਬੋ 1953, ਕੌਲ ਕਰਾਰ 1960 ਅਤੇ ਕਿਰਨਾ ਦਾ ਕਾਫਲਾ 1963 ਪ੍ਰਕਾਸ਼ਤ ਹੋ ਚੁੱਕੀਆਂ ਸਨ। ਉਸ ਦੀਆਂ ਕਵਿਤਾਵਾਂ ਵਿਚ ਵੰਨ ਸੁਵੰਨਤਾ ਸੀ। ਕੈਨੇਡਾ ਜਾ ਕੇ ਆਪ ਪੰਜਾਬੀ ਲੇਖਕ ਮੰਚ ਵੈਨਕੂਵਰ ਦਾ ਮੈਂਬਰ ਬਣ ਗਿਆ ਅਤੇ ਸਾਹਿਤਕ ਸਰਗਰਮੀਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਹ ਲੇਖਕ ਮੰਚ ਦਾ ਸ਼ਿੰਗਾਰ ਸੀ। ਉਸਨੇ ਆਪਣੀਆਂ ਕਵਿਤਾਵਾਂ ਅਤੇ ਲੇਖਾਂ ਵਿਚ ਸਮਾਜਿਕ, ਆਰਥਿਕ, ਸਿਆਸੀ ਅਤੇ ਸਭਿਆਚਾਰਕ ਵਿਸ਼ਿਆਂ ਨੂੰ ਆਧਾਰ ਬਣਾਇਆ। ਜਿਸ ਕਰਕੇ ਜਲਦੀ ਹੀ ਉਹ ਕੈਨੇਡਾ ਦੀ ਧਰਤੀ ਤੇ ਕੰਮ ਕਰ ਰਹੀ ਪ੍ਰਗਤੀਸ਼ੀਲ ਵਿਚਾਰਧਾਰਾ ਦੇ ਲੋਕਾਂ ਨਾਲ ਜੁੜ ਗਿਆ। ਕੈਨੇਡਾ ਜਾ ਕੇ ਪਹਿਲਾਂ ਕੁਝ ਸਮਾਂ ਮਿਉਂਸਪਲ ਕਲਰਕ ਅਤੇ ਇਲੈਕਟਰੀਕਲ ਡਰਾਫਟਸਮੈਨ ਦੀ ਨੌਕਰੀ ਕੀਤੀ। ਆਪ ਅਖ਼ਬਾਰਾਂ ਲਈ ਲੇਖ ਵੀ ਲਿਖਦੇ ਰਹੇ। ਗੁਰਚਰਨ ਰਾਮਪੁਰੀ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਹੋਣ ਕਰਕੇ ਧਾਰਮਿਕ ਜਨੂੰਨੀ, ਦਹਿਸ਼ਤਪਸੰਦਾਂ, ਮਜ੍ਹਬੀ ਅਦਾਰਿਆਂ, ਅੰਧ ਵਿਸ਼ਵਾਸਾਂ, ਕਰਾਮਾਤਾਂ, ਖਿਆਲੀ ਵਰਤਾਰਿਆਂ ਅਤੇ ਦਾਗ਼ੀ ਸਿਆਸਤਦਾਨਾ ਦੇ ਸਖ਼ਤ ਵਿਰੁੱਧ ਸਨ, ਜਿਸ ਕਰਕੇ ਉਨ੍ਹਾਂ ਨੂੰ ਉਹ ਆਪਣੀਆਂ ਲਿਖਤਾਂ ਵਿਚ ਆੜੇ ਹੱਥੀਂ ਲੈਂਦੇ ਰਹੇ। ਉਨ੍ਹਾਂ ਦੀ ਜਾਣਕਾਰੀ ਵਿਸ਼ਾਲ ਸੀ ਕਿਉਂਕਿ ਉਹ ਪੁਸਤਕਾਂ ਪੜ੍ਹਦੇ ਰਹਿੰਦੇ ਸਨ, ਖਾਸ ਤੌਰ ਤੇ ਉਨ੍ਹਾਂ ਰੂਸੀ ਸਾਹਿਤ ਦਾ ਸੰਜੀਦਗੀ ਨਾਲ ਅਧਿਐਨ ਕੀਤਾ। ਦੋਸਤੀ ਅਤੇ ਜਾਣ ਪਹਿਚਾਣ ਵਿਚਲੇ ਫਰਕ ਨੂੰ ਉਹ ਭਲੀ ਭਾਂਤ ਜਾਣਦੇ ਸਨ। ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਉਹ ਅਖ਼ਬਾਰਾਂ ਵਿਚ ਲੇਖ ਲਿਖਦੇ ਰਹਿੰਦੇ ਸਨ, ਖਾਸ ਤੌਰ ਤੇ ਧਾਰਮਿਕ ਕੱਟੜਵਾਦ ਬਾਰੇ। ਉਨ੍ਹਾਂ ਦੀ ਵਿਚਾਰਧਾਰਾ ਕਰਕੇ ਇਕ ਵਾਰ 1985-86 ਵਿਚ ਜਦੋਂ ਉਹ ਕੈਨੇਡਾ ਵਿਚ ਬੱਸ ਵਿਚੋਂ ਉਤਰ ਰਹੇ ਸਨ ਤਾਂ ਦਹਿਸ਼ਤਪਸੰਦ ਖਾਲਿਸਤਾਨੀ ਹਮਦਰਦਾਂ ਨੇ ਉਨ੍ਹਾਂ ਤੇ ਹਮਲਾ ਕਰਕੇ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਦਿਨ੍ਹਾਂ ਵਿਚ ਉਜਲ ਦੁਸਾਂਝ ਉਪਰ ਵੀ ਹਮਲਾ ਹੋਇਆ ਸੀ, ਜਿਸ ਨਾਲ ਉਹ ਗੰਭੀਰ ਜਖ਼ਮੀ ਹੋ ਗਿਆ ਸੀ। ਅਜਿਹੀਆਂ ਕਾਰਵਾਈਆਂ ਤੋਂ ਗੁਰਚਰਨ ਰਾਮਪੁਰੀ ਡਰਿਆ ਨਹੀਂ ਸਗੋਂ ਹੋਰ ਧੜੱਲੇ ਨਾਲ ਆਪਣੀ ਕਲਮ ਚਲਾਉਂਦਾ ਰਿਹਾ। ਜਦੋਂ ਕਿ ਬਾਕੀ ਅਖੌਤੀ ਅਗਾਂਹਵਧੂ ਲੇਖਕ ਡਰ ਗਏ ਸਨ। ਉਹ ਪਰੰਪਰਾਵਾਦੀ ਨਹੀਂ ਸੀ ਸਗੋਂ ਪਰੰਪਰਾਵਾਂ ਤੋੜ ਕੇ ਨਵੀਂਆਂ ਪਗਡੰਡੀਆਂ ਬਣਾਕੇ ਉਨ੍ਹਾਂ ਤੇ ਚਲਣ ਦਾ ਆਦੀ ਸੀ। ਵਹਿਮਾਂ ਭਰਮਾਂ ਤੋਂ ਦੂਰ ਹਾਜ਼ਰ ਜਵਾਬ ਇਨਸਾਨ ਸੀ। ਗੁਰਚਰਨ ਰਾਮਪੁਰੀ 8 ਅਕਤੂਬਰ 2018 ਨੂੰ ਕੈਨੇਡਾ ਵਿਚ ਸਵਰਗਵਾਸ ਹੋ ਗਿਆ ਪ੍ਰੰਤੂ ਉਸਨੇ ਆਪਣੇ 89 ਸਾਲ ਦੇ ਜੀਵਨ ਵਿਚ 74 ਸਾਲ ਪੰਜਾਬੀ ਬੋਲੀ ਨੂੰ ਸਮਰਪਤ ਕੀਤੇ। ਆਖਰੀ ਸਮੇਂ ਤੱਕ ਉਹ ਬਿਮਾਰੀ ਦੀ ਹਾਲਤ ਵਿਚ ਵੀ ਸਾਹਿਤ ਸਭਾ ਦੀਆਂ ਮੀਟਿੰਗਾਂ ਵਿਚ ਆਉਂਦੇ ਅਤੇ ਕਵਿਤਾਵਾਂ ਲਿਖਦੇ ਪੜ੍ਹਦੇ ਰਹੇ। ਲਗਪਗ ਪਿਛਲੇ ਇਕ ਸਾਲ ਤੋਂ ਉਨ੍ਹਾਂ ਦੀ ਸਿਹਤ ਬਹੁਤੀ ਠੀਕ ਨਹੀਂ ਸੀ ਪ੍ਰੰਤੂ ਉਨ੍ਹਾਂ ਕਦੀਂ ਵੀ ਹਾਰ ਨਹੀਂ ਮੰਨੀ।
ਗੁਰਚਰਨ ਰਾਮਪੁਰੀ ਨੇ ਪੰਜਾਬੀ ਕਵਿਤਾ ਦੀਆਂ 10 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਅਤੇ ਇਕ ਆਪਣੀ ਸਵੈ ਜੀਵਨ ਅਤੇ ਨਾਵਲ ਲਿਖਿਆ। ਇਸ ਤੋਂ ਇਲਾਵਾ ਸਾਂਝਾ ਆਸਮਾਨ ਉਰਦੂ ਅਤੇ ਇਕ ਹਿੰਦੀ ਵਿਚ ਪੁਸਤਕਾਂ ਲਿਖੀਆਂ। ਆਪਦੀਆਂ ਕਵਿਤਾਵਾਂ ਦੀਆਂ ਪੁਸਤਕਾਂ ਦਾ ਰੂਸੀ, ਹਿੰਦੀ, ਗੁਜਰਾਤੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਅਨੁਵਾਦ ਹੋਇਆ ਹੈ। ਪ੍ਰੋ ਅਮਰਜੀਤ ਸਿੰਘ ਓਹਾਈਓ ਯੂਨੀਵਰਸਿਟੀ ਨੇ ਆਪਦੀਆਂ ਰਚਨਾਵਾਂ ਨੂੰ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਤਿੰਨ ਵਿਦਿਆਰਥੀਆਂ ਨੇ ਗੁਰਚਰਨ ਰਾਮਪੁਰੀ ਦੀਆਂ ਕਵਿਤਾਵਾਂ ਤੇ ਐਮ ਫਿਲ ਕੀਤੀਆਂ ਜਿਨ੍ਹਾਂ ਵਿਚ, ਸਰਬਜੀਤ ਕੌਰ ਨੇ 1988 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਚੋਂ ‘ਗੁਰਚਰਨ ਰਾਮਪੁਰੀ ਦੀ ਕਵਿਤਾ ਵਿਚ ਸਮਾਜਕ ਚੇਤਨਤਾ’, ਗੁਰਜੀਤ ਕੌਰ ਨੇ 1992-93 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ‘ਗੁਰਚਰਨ ਰਾਮਪੁਰੀ ਦੀ ਕਵਿਤਾ ਵਿਚ ਪ੍ਰਗਤੀਵਾਦੀ ਚੇਤਨਾ’ ਅਤੇ 2008-09 ਵਿਚ ਬੇਅੰਤ ਕੌਰ ਨੇ ਕੁਰਕਸ਼ੇਤਰਾ ਯੂਨੀਵਰਸਿਟੀ ਹਰਿਆਣਾ ਵਿਚੋਂ ‘ਗੁਰਚਰਨ ਰਾਮਪੁਰੀ ਦੀ ਕਵਿਤਾ ਦਾ ਵਿਸ਼ਾਗਤ ਪਰਿਪੇਖ’ ਵਿਸ਼ੇ ਤੇ ਐਮ ਫਿਲ ਕੀਤੀਆਂ। ਇੱਕ ਲੜਕੀ ਮਨਦੀਪ ਕੌਰ ਗਰੇਵਾਲ ਨੇ 2010 ਵਿਚ ਗੁਰਚਰਨ ਰਾਮਪੁਰੀ ਅਤੇ ਦਰਸ਼ਨ ਗਿੱਲ ਦੇ ਵਿਸ਼ਿਆਂ ਦੇ ਪ੍ਰਸੰਗ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਕੈਨੇਡੀਅਨ ਪੰਜਾਬੀ ਕਵਿਤਾ ਦੇ ਸਮਾਜਿਕ ਸਭਿਆਚਾਰਕ ਸਰੋਕਾਰ ਤੇ ਪੀ ਐਚ ਡੀ ਕੀਤੀ। ਪ੍ਰੋਫੈਸਰ ਚੰਦਰ ਮੋਹਨ ਨੇ 2011 ਵਿਚ ‘ਸਮੇਂ ਦਾ ਹਾਣੀ ਗੁਰਚਰਨ ਰਾਮਪੁਰੀ’ ਇੱਕ ਲੇਖ ਲਿਖਿਆ। ਆਪ ਨੂੰ ਭਾਰਤ ਅਮਰੀਕਾ ਕੈਨੇਡਾ ਅਤੇ ਰੂਸ ਦੀਆਂ ਬਹੁਤ ਸਾਰੀਆਂ ਸਰਕਾਰੀ ਅਤੇ ਗ਼ੈਰ ਸਰਕਾਰੀ ਸਾਹਿਤਕ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ। ਜਿਨ੍ਹਾਂ ਵਿਚ ਪੰਜਾਬੀ ਲਿਖਾਰੀ ਸਭਾ ਰਾਮਪੁਰ, ਲੋਕ ਲਿਖਾਰੀ ਸਭਾ ਅੰਮ੍ਰਿਤਸਰ, ਪੰਜਾਬੀ ਸਾਹਿਤ ਅਕਾਡਮੀ ਚੰਡੀਗੜ੍ਹ, ਪੰਜਾਬ ਭਾਸ਼ਾ ਵਿਭਾਗ ਪਟਿਆਲਾ, ਨੰਦ ਲਾਲ ਨੂਰਪੁਰੀ ਅਵਾਰਡ, ਸਾਈਂ ਬੁਲ੍ਹੇ ਸ਼ਾਹ ਅਵਾਰਡ ਡੈਨਮਾਰਕ, ਰਿਮ ਝਿਮ ਬਰਾਡਕਾਸਟਿੰਗ ਵੈਨਕੂਵਰ, ਬੀ ਸੀ ਕਲਚਰਲ ਫਾਊਂਡੇਸ਼ਨ ਵੈਨਕੂਵਰ, ਪੰਜਾਬੀ ਲੇਖਕ ਮੰਚ ਵੈਨਕੂਵਰ, ਕੈਨੇਡੀਅਨ ਪੰਜਾਬੀ ਕਲਾ ਮੰਚ, ਪੰਜਾਬੀ ਲਿਖਾਰੀ ਸਭਾ ਕੈਲਗਰੀ, ਮਨਜੀਤ ਮੈਮੋਰੀਅਲ ਇੰਟਰਨੈਸ਼ਨਲ ਲਿਟਰੇਰੀ ਸੰਸਥਾ ਵੈਨਕੂਵਰ, ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ, ਬੈਸਟ ਰਾਈਟਰ ਅਵਾਰਡ ਪਰਵਾਸੀ ਨਿਊਜ਼ਪੇਪਰ, ਕੇ ਐਸ ਧਾਲੀਵਾਲ ਅਵਾਰਡ ਲੁਧਿਆਣਾ, ਗਰੈਂਡ ਯੂਥ ਐਸੋਸੀਏਸ਼ਨ ਸਰੀ, ਪੰਜਾਬੀ ਰਾਈਟਰਜ਼ ਐਸੋਸੀਏਸ਼ਨ ਪੰਜਾਬ ਅਤੇ ਪੰਜਾਬੀ ਰਾਈਟਰਜ਼ ਫੋਰਮ ਵੈਨਕੂਵਰ ਸੈਂਟਰਲ ਨੇ 2007-09 ਵਿਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਕੇ ਸਨਮਾਨਿਆ।
ਅਮਨ ਲਹਿਰ ਦਾ ਪੁਜਾਰੀ, ਪ੍ਰਗਤੀਸ਼ੀਲ ਕਵੀ ਅਤੇ ਲੇਖਕ ਗੁਰਚਰਨ ਰਾਮਪੁਰੀ



