ਦੇਸ਼ ਦੇ ਲੋਕ ਦਿਨੋਂ ਦਿਨ ਭਿਆਨਕ ਬਿਮਾਰੀਆਂ ਨਾਲ ਘਿਰ ਰਹੇ ਹਨ। ਗੰਧਲਾ ਵਾਤਾਵਰਣ, ਸ਼ੋਰ ਪ੍ਰਦੂਸ਼ਣ ਆਦਿ ਦੇ ਨਾਲ ਨਾਲ ਕਈ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਕਿ ਜੋ ਬਿਮਾਰੀਆਂ ਪੈਦਾ ਕਰਨ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ।ਕੈਂਸਰ, ਕਾਲਾ ਪੀਲੀਆ, ਚਮੜੀ ਰੋਗ, ਸਾਹ ਦੀਆਂ ਬਿਮਾਰੀਆਂ ਆਦਿ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿੱਥੇ ਇਸ ਲਈ ਮਨੁੱਖ ਜ਼ਿੰਮੇਵਾਰ ਹੈ, ਉੱਥੇ ਹੀ ਦੇਸ਼ ਮਾੜੀ ਸਿਹਤ ਪ੍ਰਣਾਲੀ ਵੀ ਇਸ ਦਾ ਕਾਰਨ ਬਣ ਰਹੀ ਹੈ। ਦੇਸ਼ ਅੰਦਰ ਖ਼ਾਸ ਕਰ ਜੇ ਇਕੱਲੇ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਇੱਕ ਹੋਰ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਉਹ ਹੈ ਛੋਟੀ ਉਮਰ ਦੇ ਬੱਚਿਆਂ ਦਾ ਮਾਨਸਿਕ ਰੋਗੀ ਹੋਣਾ। ਤਾਜ਼ਾ ਅੰਕੜੇ ਦੱਸਦੇ ਹਨ ਕਿ ਸੂਬੇ ਅੰਦਰ ਬਹੁਤ ਤੇਜ਼ੀ ਨਾਲ ਛੇ ਛੇ ਸਾਲ ਦੀ ਉਮਰ ਦੇ ਬੱਚੇ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪਰ ਸਿਹਤ ਵਿਭਾਗ ਇਸ ਲਈ ਫ਼ਿਕਰਮੰਦ ਦਿਖਾਈ ਨਹੀਂ ਦਿੰਦਾ।
ਛੋਟੀ ਉਮਰ ਦੇ ਬੱਚਿਆਂ ਦਾ ਘੋਰ-ਨਿਰਾਸਾ ਅਤੇ ਤਣਾਅ ਦੇ ਸ਼ਿਕਾਰ ਹੋਣ ਤੇ ਮਾਹਿਰ ਮਨੋਵਿਗਿਆਨੀ ਵੀ ਇੰਨੇ ਫ਼ਿਕਰਮੰਦ ਵਿਖਾਈ ਨਹੀਂ ਦੇ ਰਹੇ। ਜਿੰਨਾਂ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ। ਮਾਨਸਿਕ ਰੋਗ ਬੱਚਿਆਂ ਵਿਚ ਆਮ ਵਾਂਗ ਹੋ ਗਿਆ ਹੈ। ਬੱਚਿਆਂ ਦੇ ਮਾਪੇ ਵੀ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਜਦੋਂ ਇਹ ਬਿਮਾਰੀ ਇਲਾਜ ਸੀਮਾ ਤੋਂ ਬਾਹਰ ਹੋ ਜਾਂਦੀ ਹੈ ਤਾਂ ਮਾਪੇ ਧਿਆਨ ਦਿੰਦੇ ਹਨ। ਪਰ ਅਫ਼ਸੋਸ ਉਸ ਵੇਲੇ ਇਲਾਜ ਅਸੰਭਵ ਹੋ ਜਾਂਦਾ ਹੈ। ਆਖ਼ਰਕਾਰ ਬੱਚਾ ਮੰਦਬੁੱਧੀ ਜਾਂ ਨਕਾਰਾ ਹੋ ਜਾਂਦਾ ਹੈ। ਮਾਹਿਰ ਡਾਕਟਰਾਂ ਤੇ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਹੁਣ ਮਾਨਸਿਕ ਤਣਾਅ ਭਾਵ ਨਿਰਾਸ਼ ਹੋਣ ਤੇ ਮਾਨਸਿਕ ਸਿਹਤ ਦੇ ਵਿਗਾੜ ਪੈਦਾ ਹੋਣ ਦੀ ਉਮਰ ਘਟਦੀ ਜਾ ਰਹੀ ਹੈ। ਪੀ ਜੀ ਆਈ ਐਮ ਆਰ ਵਿਚ ਸਾਲ 2017 ਦੌਰਾਨ ਮਾਨਸਿਕ ਪਰੇਸ਼ਾਨੀ ਦੇ 1,150 ਰੋਗੀਆਂ ਦੀ ਉਮਰ 10 ਤੋਂ 18 ਸਾਲਾਂ ਦੇ ਵਿਚਕਾਰ ਸੀ। ਜਿਨ੍ਹਾਂ ਵਿਚੋਂ 25 ਪ੍ਰਤੀਸ਼ਤ ਦੀ ਉਮਰ 10 ਸਾਲਾਂ ਤੋਂ ਘੱਟ, 55 ਫ਼ੀਸਦੀ ਦੀ ਉਮਰ 10 ਤੋਂ 14 ਸਾਲਾਂ ਦੇ ਵਿਚਕਾਰ ਤੇ 20 ਫ਼ੀਸਦੀ ਰੋਗੀਆਂ ਦੀ ਉਮਰ 15 ਤੋਂ 18 ਸਾਲ ਦੇ ਵਿਚਕਾਰ ਹੈ। ਸਾਲ 2014 ’ਚ ਸਿਰਫ਼ 712 ਅਜਿਹੇ ਮਾਮਲੇ ਦਰਜ ਹੋਏ ਸਨ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਮਨੋਰੋਗ ਚਿਕਿਤਸਾ ਵਿਭਾਗ ਵਿਚ ਇਲਾਜ ਲਈ ਆਉਣ ਵਾਲੇ ਬੱਚਿਆਂ ਦੀ ਗਿਣਤੀ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਦੁੱਗਣੀ ਹੋ ਗਈ ਹੈ। ਸਾਲ 2015 ’ਚ ਇਹ ਗਿਣਤੀ 112 ਸੀ ਪਰ ਹੁਣ ਇਹ ਗਿਣਤੀ 272 ਹੈ। ਸੈਕਟਰ 32 ਦੇ ਸਰਕਾਰੀ ਹਸਪਤਾਲ ਦੇ ਬਾਲ ਤੇ ਗੱਭਰੂ ਅਵਸਥਾ ਕਲੀਨਿਕ ਦੇ ਇੰਚਾਰਜ ਨੇ ਦੱਸਿਆ ਕਿ ਬਹੁਤ ਸਾਰੇ ਬੱਚੇ ਤਾਂ ਹਸਪਤਾਲਾਂ ’ਚ ਇਲਾਜ ਲਈ ਆਉਂਦੇ ਹੀ ਨਹੀਂ। ਉਹ ਚੁੱਪਚਾਪ ਇਹ ਤਣਾਅ ਤੇ ਨਿਰਾਸ਼ਾ ਭਾਵ ਤਣਾਅ ਝੱਲਦੇ ਰਹਿੰਦੇ ਹਨ।
ਮਨੋਰੋਗ ਵਿਗਿਆਨੀਆਂ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲਾਂ ਵਿਚ ਤਾਂ ਸਿਰਫ਼ ਉਹੀ ਰੋਗੀ ਆਉਂਦੇ ਹਨ। ਜਿਨ੍ਹਾਂ ਦਾ ਹੋਰ ਕਿਤੇ ਇਲਾਜ ਨਹੀਂ ਹੋ ਰਿਹਾ ਹੁੰਦਾ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ। ਬੱਚਿਆਂ ਦੇ ਬਦਲ ਰਹੇ ਸੁਭਾਅ ਬਾਰੇ ਜਾਣਕਾਰੀ ਰੱਖਦੇ ਰਹਿਣਾ ਚਾਹੀਦਾ ਹੈ। ਕਿਉਂ ਕਿ ਜਦੋਂ ਬੱਚਾ ਨਿਰਾਸ਼ ਹੁੰਦਾ ਹੈ ਤਾਂ ਉਹ ਚਿੜਚਿੜਾ ਹੋ ਜਾਂਦਾ ਹੈ। ਥੋੜ੍ਹੀ ਥੋੜ੍ਹੀ ਗੱਲ ’ਤੇ ਵੀ ਬਹੁਤ ਗ਼ੁੱਸਾ ਕਰਦਾ ਹੈ। ਉਸ ਦੇ ਸਰੀਰ ਵਿਚ ਇੱਧਰ ਉੱਧਰ ਦਰਦ ਹੁੰਦੇ ਹਨ। ਉਸ ਨੂੰ ਭੁੱਖ ਘੱਟ ਲੱਗਣ ਲੱਗਦੀ ਹੈ ਤੇ ਨੀਂਦ ਘੱਟ ਆਉਣ ਲੱਗਦੀ ਹੈ। ਜਦੋਂ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਤਾਂ ਬਿਮਾਰੀ ਨੂੰ ਪਹਿਲੇ ਪੜਾਅ ਤੇ ਹੀ ਕੰਟਰੋਲ ਕੀਤਾ ਜਾ ਸਕੇ। ਇਸ ਬਿਮਾਰੀ ਪ੍ਰਤੀ ਸਰਕਾਰ ਦੇ ਸਿਹਤ ਵਿਭਾਗ ਨੂੰ ਵੀ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਸੈਮੀਨਾਰ ਲਗਾ ਕੇ ਲੋਕਾਂ ਅਤੇ ਮਾਪਿਆਂ ਨੂੰ ਜਾਗਰੂਕ ਕਰੇ।
ਛੋਟੀ ਉਮਰ ਦੇ ਬੱਚੇ ਹੋ ਰਹੇ ਨੇ ਮਾਨਸਿਕ ਰੋਗੀ



