Skip to content
Independent perspectives. Global stories.
BREAKING

ਨਵੀਂ ਚੁਣੀ ਕਮੇਟੀ ਕੌਮ ਨੂੰ ਸਹੀ ਦਿਸ਼ਾ ਵੱਲ ਤੋਰਨ ਲਈ ਉਪਰਾਲੇ ਕਰੇ: ਸ. ਸਿਮਰਨਜੀਤ ਸਿੰਘ

Share this story

ਬਠਿੰਡਾ- ਭਾਈ ਗੋਬਿੰਦ ਸਿੰਘ ਲੌਗੋਵਾਲ ਦੀ ਪ੍ਰਧਾਨਗੀ ਹੇਠ ਨਵੀਂ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸਦੇ ਮੈਬਰਾਂ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚਲਣ ਅਤੇ ਸਰਬਤ ਦੇ ਭਲੇ ਦੀ ਵਿਵਸਥਾਂ ਨੂੰ ਲਾਗੂ ਕਰਨ ਦੀ ਅਪੀਲ ਕਰਦਿਆ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿਖ ਕੌਮ ਵਿਚ ਮੀਰੀ-ਪੀਰੀ ਦਾ ਸਿਧਾਂਤ ਵਿਲਖਣ ਅਤੇ ਨਿਆਰੀ ਸੋਚ ਅਧੀਨ ਲੋੜਵੰਦਾਂ, ਗਰੀਬਾਂ ਅਤੇ ਮਲਜੂਮਾਂ ਦੀ ਮਦਦ ਨੂੰ ਪਹਿਲ ਦੇ ਕੇ ਸਿਖ ਕੌਮ ਦੇ ਬੁਨਿਆਦੀ ਮਸਲਿਆ ਅਤੇ ਕੌਮੀ ਮੁਫ਼ਾਦਾ ਲਈ ਕੰਮ ਕਰਕੇ ਇਹ ਨਵੀਂ ਚੁਣੀ ਕਮੇਟੀ ਕੌਮ ਨੂੰ ਸਹੀ ਦਿਸ਼ਾ ਵਲ ਤੋਰਨ ਲਈ ਉਪਰਾਲੇ ਕਰੇ । ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਚ ਇਹ ਸਪਸਟ ਵਾਅਦਾ ਕੀਤਾ ਗਿਆ ਹੈ ਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਸ੍ਰੀ ਸੁਖਬੀਰ ਬਾਦਲ, ਸ੍ਰੀ ਸੁਮੇਧ ਸੈਣੀ ਅਤੇ ਹੋਰਨਾਂ ਪੁਲਿਸ ਅਫ਼ਸਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾ ਗੋਲੀ ਕਾਂਡ ਵਿਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਨੂੰ ਸਹੀਦ ਕਰਨ ਪਿਛੇ ਮੁਖ ਦੋਸ਼ੀ ਮੰਨਿਆ ਗਿਆ ਹੈ । ਇਸ ਰਿਪੋਰਟ ਨੂੰ ਮੁੜ ਵਿਚਾਰਕੇ ਇਸ ਨੂੰ ਲਾਗੂ ਕਰਵਾਉਣ ਲਈ ਐਸ.ਜੀ.ਪੀ.ਸੀ. ਦਾ ਵਿਸੇਸ ਇਜਲਾਸ ਬੁਲਾਕੇ ਇਹ ਮਤਾ ਪਾਸ ਕੀਤਾ ਜਾਵੇ ਕਿ ਸਰਕਾਰ ਇਸ ਰਿਪੋਰਟ ਨੂੰ ਤੁਰੰਤ ਲਾਗੂ ਕਰੇ । ਪਹਿਲੀ ਕਮੇਟੀ ਵਲੋਂ ਇਸ ਰਿਪੋਰਟ ਨੂੰ ਰਦ ਕਰਕੇ ਜੋ ਭੁਲ ਕੀਤੀ ਹੈ, ਇਸ ਗਲਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ ।
ਸ. ਮਾਨ ਨੇ ਅਗੇ ਕਿਹਾ ਕਿ ਬਾਦਲ ਦਲ ਅਤੇ ਬੀਜੇਪੀ ਦੇ ਦਬਾਅ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਅਤੇ ਦੂਸਰੇ ਤਖ਼ਤਾਂ ਦੇ ਜਥੇਦਾਰਾਂ ਕੋਲੋ ਡੇਰਾ ਸਿਰਸਾ ਦੇ ਰਾਮ ਰਹੀਮ ਨੂੰ ਮੁਆਫ਼ੀ ਦਿਵਾ ਦਿਤੀ ਗਈ ਸੀ । ਇਸ ਮੁਆਫੀ ਨੂੰ ਜਾਇਜ ਠਹਿਰਾਉਣ ਲਈ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋਂ ਇਸਤਿਹਾਰਬਾਜੀ ਲਈ 92 ਲਖ ਰੁਪਏ ਖਰਚ ਕੀਤੇ ਗਏ ਸਨ। ਗੁਰੂ ਦੀ ਗੋਲਕ ਦੀ ਹੋਈ ਇਸ ਦੁਰਵਰਤੋਂ ਕਰਨ ਵਾਲੇ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਸ੍ਰੀ ਸੁਖਬੀਰ ਬਾਦਲ ਅਤੇ ਉਸ ਵੇਲੇ ਦੇ ਤਖ਼ਤਾਂ ਦੇ ਜਥੇਦਾਰਾਂ ਤੋਂ ਇਹ ਪੈਸਾ ਵਾਪਸ ਕਰਵਾਕੇ ਗੁਰੂ ਦੇ ਖਜਾਨੇ ਵਿਚ ਮੁੜ ਜਮ੍ਹਾਂ ਕਰਵਾਇਆ ਜਾਵੇ ।ਉਨ੍ਹਾਂ ਅਗੇ ਕਿਹਾ ਕਿ ਨਵੀਂ ਚੁਣੀ ਕਮੇਟੀ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲਵਾਉਣ ਦੇ ਉਚੇਚੇ ਕਦਮ ਚੁਕੇ ਕਿ ਜੇਕਰ ਚੀਨ ਵਿਚਲੇ ਹਿੰਦੂ ਧਾਰਮਿਕ ਅਸਥਾਂਨ ਮਾਨ ਸਰੋਵਰ ਦੇ ਦਰਸ਼ਨਾਂ ਲਈ ਹਿੰਦੂ ਕੌਮ ਵਾਸਤੇ ਰਸਤਾ ਮਿਲ ਸਕਦਾ ਹੈ, ਤਾਂ ਫਿਰ ਕਰਤਾਰਪੁਰ ਸਾਹਿਬ ਜਿਹੜਾ ਬਾਰਡਰ ਤੋਂ ਲਗਭਗ 2 ਮੀਲ ਦੀ ਦੂਰੀ ਤੇ ਹੈ, ਉਸ ਰਸਤੇ ਨੂੰ ਕਿਉਂ ਨਹੀਂ ਖੋਲਿਆ ਜਾ ਸਕਦਾ ? ਜਦੋਂਕਿ ਹਰ ਸਿਖ ਆਪਣੇ ਦੋਨੋ ਵੇਲੇ ਦੀ ਅਰਦਾਸ ਵਿਚ ਆਪਣੇ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਦੀ ਮੰਗ ਕਰਦਾ ਹੈ । ਇਸ ਮੰਗ ਨੂੰ ਲੈਕੇ ਐਸ.ਜੀ.ਪੀ.ਸੀ, ਸੈਂਟਰ ਅਤੇ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰੇ।ਸ. ਮਾਨ ਨੇ ਅਗੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਂਟਰ ਅਤੇ ਪੰਜਾਬ ਸਰਕਾਰ ਤੇ ਇਸ ਗਲ ਦਾ ਵੀ ਜੋਰ ਪਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਲਦੀ ਕਰਵਾਈ ਜਾਵੇ ਹੋ ਜਮਹੂਰੀਅਤ ਦਾ ਅਸੂਲ ਹੈ । ਕਿਉਂਕਿ ਇਸਦੀ ਮਿਆਦ 2 ਸਾਲ ਪਹਿਲਾ ਖ਼ਤਮ ਹੋ ਚੁਕੀ ਹੈ । ਹੁਣ ਇਸ ਨੂੰ ਲੇਮ-ਡਕ ਪਾਰਲੀਮੈਂਟ ਆਖਿਆ ਜਾ ਸਕਦਾ ਹੈ । ਸਿਖ ਪਾਰਲੀਮੈਂਟ ਏਸੀਆ ਵਿਚ ਸਭ ਤੋਂ ਪਹਿਲਾ ਹੋਂਦ ਵਿਚ ਆਈ ਸੀ । ਇਸ ਵਿਚ ਜਮਹੂਰੀਅਤ ਦੀ ਪਹਿਲੀ ਵਾਰੀ ਏਸੀਆ ਦੇ ਲੋਕ ਆਪਣੀ ਆਵਾਜ਼ ਉਠਾ ਸਕਦੇ ਸੀ । ਉਨ੍ਹਾਂ ਅਗੇ ਕਿਹਾ ਕਿ ਬਾਦਲ ਦਲ ਨੇ ਆਪਣੇ ਪਿਛਲੇ 10 ਸਾਲਾ ਦੇ ਰਾਜ ਕਾਲ ਦੌਰਾਨ ਸਿਖ ਮਸਲਿਆ ਨੂੰ ਅਣਡਿਠ ਕਰਕੇ ਡੇਰਾਵਾਦ ਅਤੇ ਗੁਰੂਡੰਮ ਨੂੰ ਪ੍ਰਫੁਲਿਤ ਕਰਨ ਲਈ ਪਹਿਲ ਦਿਤੀ । ਇਸ ਸਮੇਂ ਦੌਰਾਨ ਡੇਰਾ ਮੁਖੀ ਰਾਮ ਰਹੀਮ ਵਲੋਂ ਜਦੋਂ ਗੁਰੂ ਸਾਹਿਬਾਨ ਦਾ ਸਵਾਗ ਰਚਾਇਆ ਗਿਆ ਇਸ ਦੇ ਵਿਰੋਧ ਵਿਚ ਜਦੋਂ ਸਮੁਚੀ ਸਿਖ ਕੌਮ ਸੜਕਾਂ ਤੇ ਉਤਰ ਆਈ ਤਾਂ ਪੰਜਾਬ ਪੁਲਿਸ ਨੇ ਕਮਲਜੀਤ ਸਿੰਘ ਸੁਨਾਮ, ਬਲਕਾਰ ਸਿੰਘ ਮੁੰਬਈ ਅਤੇ ਹਰਮਿੰਦਰ ਸਿੰਘ ਡਬਵਾਲੀ ਨੂੰ ਸ਼ਹੀਦ ਕਰ ਦਿਤਾ । ਇਸੇ ਤਰ੍ਹਾਂ ਨੂਰ-ਮਹਿਲ ਦੇ ਪਾਖੰਡੀ ਆਸੂਤੋਸ ਦਾ ਵਿਰੋਧ ਕਰ ਰਹੇ ਦਰਸ਼ਨ ਸਿੰਘ ਲੋਹਾਰਾ ਨੂੰ ਵੀ ਸ਼ਹੀਦ ਕਰ ਦਿਤਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦਾ ਵਿਰੋਧ ਕਰ ਰਹੇ ਭਾਈ ਜਸਪਾਲ ਸਿੰਘ ਚੌੜ ਸਿਧਵਾਂ ਨੂੰ ਵੀ ਪੰਜਾਬ ਪੁਲਿਸ ਨੇ ਸਰੇਆਮ ਸ਼ਹੀਦ ਕਰ ਦਿਤਾ ਸੀ । ਇਨ੍ਹਾਂ ਸਾਰੀਆ ਵਾਰਦਾਤਾ ਦੀ ਅਜੇ ਤਕ ਕੋਈ ਜਾਂਚ ਨਹੀਂ ਹੋਈ । ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਇਸ ਨਵੀਂ ਚੁਣੀ ਕਮੇਟੀ ਨੂੰ ਅਗੇ ਆਉਣਾ ਚਾਹੀਦਾ ਹੈ ।ਸ. ਮਾਨ ਨੇ ਅਗੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਾਦਲ ਦਲ ਅਤੇ ਐਸ.ਜੀ.ਪੀ.ਸੀ. ਅਤੇ ਸਾਬਕਾ ਜਥੇਦਾਰਾਂ ਵਲੋਂ ਹੋਈਆ ਗਲਤੀਆ ਨੂੰ ਮੁਆਫ਼ ਕਰਵਾਉਣ ਲਈ ਸੰਗਤੀ ਰੂਪ ਵਿਚ 25 ਨਵੰਬਰ ਨੂੰ ਪਹਿਲੀ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਬਰਗਾੜੀ ਵਿਖੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਹੋ ਰਹੇ ਸਮਾਗਮਾਂ ਵਿਚ ਸਾਮਿਲ ਹੋਣਾ ਚਾਹੀਦਾ ਹੈ ਅਤੇ ਆਪਣੇ ਕੀਤੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਪਸਚਾਤਾਪ ਕਰਨਾ ਚਾਹੀਦਾ ਹੈ । ਕਿਉਂਕਿ ਸਿਖ ਕੌਮ ਦੇ ਜ਼ਜਬਾਤ ਵੀ ਇਹੀ ਮੰਗ ਕਰਦੇ ਹਨ।
– ਪੰਜਾਬ ਟਾਇਮਜ਼ ਬਿਊਰੋ

WRITTEN BY