ਗੈਰਤਮੰਦ ਇਨਸਾਨ ਮਰ ਕੇ ਵੀ ਜਿਊਂਦੇ ਹਨ। ਉਹਨਾਂ ਦੀ ਸੋਚ ਅਤੇ ਵਿਚਾਰਾਂ ’ਤੇ ਤੁਰਨ ਵਾਲੇ ਲੱਖਾਂ ਪਰਵਾਨੇ ਉਹਨਾਂ ਨੂੰ ਸਦਾ ਲਈ ਅਮਰ ਰੱਖਦੇ ਹਨ। ਬਿਨਾਂ ਅਣਖ ਅਤੇ ਗੈਰਤ ਦੇ ਜਿਊਣਾਂ ਇਨਸਾਨ ਨੂੰ ਬੁਜ਼ਦਿਲ ਅਤੇ ਡਰੂ ਬਣਾ ਦਿੰਦਾ ਹੈ। ਡਰਿਆ ਅਤੇ ਭਬਕਿਆ ਮਨ ਚਲਦੀਆਂ ਫਿਰਦੀਆਂ ਲੱਤਾਂ ’ਤੇ ਮਹਿਜ਼ ਇੱਕ ਬੋਝ ਹੀ ਹੁੰਦਾ ਹੈ। ਕਈ ਕਿਲੋ ਭਾਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਚੁਕਦਿਆਂ ਆਖਿਰ ਲੱਤਾਂ ਵੀ ਇੱਕ ਦਿਨ ਜਵਾਬ ਦੇ ਜਾਂਦੀਆਂ ਹਨ ਅਤੇ ਬੇਬਸ ਇਨਸਾਨ ਜਿੰਦਗੀ ਦੀ ਰਫਤਾਰ ਅੱਗੇ ਨਿਢਾਲ ਹੋਇਆ ਗੋਡੇ ਟੇਕ ਦਿੰਦਾ ਹੈ। ਉਹ ਆਪਣੇ ਪਿੱਛੇ ਨਾ ਤਾਂ ਨਿੱਗਰ ਸੋਚ ਅਤੇ ਨਾ ਹੀ ਕੋਈ ਅਜਿਹੇ ਵਿਚਾਰ ਛੱਡ ਕੇ ਜਾਂਦਾ ਹੈ ਜੋ ਹੋਰਾਂ ਲਈ ਪ੍ਰੇਰਣਾਸਰੋਤ ਹੋ ਸਕਣ। ਦੁਨੀਆਂ ਦੀ ਭੀੜ ’ਚ ਗੁਆਚ ਚੁੱਕੇ ਇਨਸਾਨ ਦੀ ਸਿਰਫ ਕੰਧ ’ਤੇ ਟੰਗੀ ਫੋਟੋ ਹੀ ਆਖਰੀ ਨਿਸ਼ਾਨੀ ਹੁੰਦੀ ਹੈ। ਪਰ ਅਣਖੀ ਅਤੇ ਜੁਝਾਰੂ ਵਿਚਾਰਾਂ ਵਾਲੇ ਇਨਸਾਨ ਆਪਣੀਆਂ ਲੱਤਾਂ ਲਈ ਬੌਝ ਨਹੀਂ ਬਲਕਿ ਇੱਕ ਸਨਮਾਨ ਹੁੰਦੇ ਹਨ ਕਿਉਂਕਿ ਇਹ ਲੱਤਾਂ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਵਿਚਾਰ ਹੀ ਹਨ ਜੋ ਕਿਸੇ ਵੀ ਇਨਸਾਨ ਨੂੰ ਸਦਾ ਲਈ ਅਮਰ ਕਰ ਦਿੰਦੇ ਹਨ ਅਤੇ ਉਹ ਵੀ ਵਿਚਾਰਾਂ ਦੀ ਹੀ ਖੇਡ ਹੁੰਦੀ ਹੈ ਜੋ ਕਿਸੇ ਵਿਅਕਤੀ ਨੂੰ ਖੁਦਕਸ਼ੀ ਦੇ ਰਸਤੇ ’ਤੇ ਪਾ ਦਿੰਦੀ ਹੈ। ਇਹ ਸੱਚਾਈ ਹੈ ਕਿ ਉਹ ਕੌਮਾਂ ਸਦਾ ਚੜਦੀ ਕਲਾ ’ਚ ਰਹਿੰਦੀਆਂ ਹਨ ਜਿੰਨਾਂ ਦੇ ਇਤਿਹਾਸ ਜੁਝਾਰੂਆਂ ਦੀਆਂ ਗਾਥਾਵਾਂ ਨਾਲ ਲੈਸ ਹੋਣ ਅਤੇ ਇਹ ਜੁਝਾਰੂ ਵਿਚਾਰ ਉੇਸ ਕੌਮ ਦੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਸਦਾ ਮਾਰਗਦਰਸ਼ਕ ਬਣਦੇ ਹਨ। ਅਜੋਕੇ ਸਮੇਂ ਵਿੱਚ ਵਕਤ ਨਾਲ ਬਦਲਿਆ ਇਨਸਾਨ, ਇੱਕ ਇਨਸਾਨ ਦੇ ਤੌਰ ’ਤੇ ਆਪਣੀ ਭਰੋਸੇਯੋਗਤਾ ਗਵਾਉਂਦਾ ਨਜ਼ਰ ਆ ਰਿਹਾ ਹੈ। ਅੱਜ ਉਸ ਲਈ ਮੌਕਾਪ੍ਰਸਤੀ, ਗਦਾਰੀ ਅਤੇ ਚਲਾਕੀ ਆਪਣੀ ਹੋਂਦ ਨੂੰ ਬਚਾਉਣ ਲਈ ਅਹਿਮ ਹਨ।
ਪਰ ਜਦੋਂ ਇਹ ਚੰਗੀ ਬੁੱਧੀ ਅਤੇ ਸੋਚ ਦਾ ਮਾਲਕ ਇਨਸਾਨ ਝੋਲੀ ਚੁੱਕ ਬਣ ਜਾਏ ਤਾਂ ਸਮਝੋ ਕਹਾਣੀ ਖਤਮ। ਚੁਗਲੀ, ਚੋਰੀ ਅਤੇ ਚਲਾਕੀ ਦੀ ਆਦਤ ਨੇ ਸਦਾ ਕੌਮਾਂ ਦਾ ਨੁਕਸਾਨ ਕੀਤਾ ਹੈ। ਅੱਜ ਦਾ ਸਮਾਜਿਕ ਵਾਤਾਵਰਣ ਇਹਨਾ ਤਿੰਨਾਂ ਵਕਾਰਾਂ ਦਾ ਪੂਰਨ ਸ਼ਿਕਾਰ ਹੈ। ਦਫਤਰੀ ਕੰਮਕਾਰ ਦੀ ਜਗਾ ਹੁੰਦੀ ਚੁਸਤੀ, ਚਲਾਕੀ ਅਤੇ ਚੁਗਲੀ ਇਨਸਾਨੀਅਤ ’ਤੇ ਇੱਕ ਵੱਡਾ ਕਲੰਕ ਹੈ। ਆਪਣੇ ਆਪ ਨੂੰ ਉਚਾ ਦਿਖਾਉਣ ਲਈ ਨਾਲ ਦੇ ਸਾਥੀਆਂ ਨਾਲ ਕੀਤੀ ਗਦਾਰੀ ਮਰ ਚੁੱਕੀ ਜ਼ਮੀਰ ਦੀ ਨਿਸ਼ਾਨੀ ਹੈ। ਸੰਸਥਾ ਜਾਂ ਦਫਤਰ ਦੇ ਮੁੱਖੀ ਦੀਆਂ ਅੱਖਾਂ ’ਚ ਆਪਣੇ ਆਪ ਨੂੰ ਉਚਾ ਚੁੱਕਣ ਲਈ ਦੂਜਿਆਂ ਨੂੰ ਨੀਵਾਂ ਦਿਖਾਉਣਾਂ ਇੱਕ ਬੁਜ਼ਦਿਲ ਅਤੇ ਕਾਇਰ ਇਨਸਾਨ ਦੀ ਨਿਸ਼ਾਨੀ ਹੈ।
ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸ਼ਾਇਦ ਐਨੀ ਛੇਤੀ ਖੋਰਾ ਨਾ ਲਗਦਾ ਜੇਕਰ ਉਸ ਦਰਬਾਰ ਵਿੱਚ ਚੁਗਲਖੋਰ ਜਾਂ ਸਵਾਰਥੀ ਦਰਬਾਰੀ ਨਾ ਹੁੰਦੇ। ਵੱਡੇ ਵੱਡੇ ਰਾਜਿਆਂ ਨੂੰ ਖਤਮ ਕਰਨ ਵਾਲੇ ਇਹ ਚੁਗਲਖੋਰ ਅੱਜ ਵੀ ਸਮਾਜ ਵਿੱਚ ਆਪਣੀ ਹੋਂਦ ਦਰਸਾਉਂਦੇ ਹਨ। ਇੱਕੋ ਜਗ੍ਹਾ ਖਾ ਕੇ ਧੋਖਾ ਦੇਣ ਦਾ ਰਿਵਾਜ ਸਿਖਰ ’ਤੇ ਹੈ। ਆਪਣੀ ਚਮਕ ਜਾਂ ਸਰਦਾਰੀ ਕਾਇਮ ਰੱਖਣ ਲਈ ਕਿਸੇ ਵੀ ਵਕਤ ਮੌਕਾਪ੍ਰਸਤੀ ਦਾ ਦਾਅ ਖੇਡਿਆ ਜਾ ਸਕਦਾ ਹੈ। ਬਿਲਕੁੱਲ ਨਿਰਦੋਸ਼ ਨੂੰ ਦੋਸ਼ੀ ਸਿੱਧ ਕਰਕੇ ਕਾਨੂੰਨ ਦੇ ਫਾਹੇ ਟੰਗਣ ਦਾ ਸਿਲਸਿਲਾ ਅਜੇ ਖਤਮ ਨਹੀਂ ਹੋਇਆ। ਚਾਰ ਪੰਜ ਜਣਿਆਂ ਦਾ ਇੱਕਠਾ ਹੋ ਕੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਵਾਲਾ ਵਤੀਰਾ ਅੱਜ ਵੀ ਸਮਾਜ ਵਿੱਚ ਮੌਜੂਦ ਹੈ। ਸਿਰਫ ਕਿਰਦਾਰ ਹੀ ਬਦਲੇ ਹਨ ਕਹਾਣੀ ਨਹੀਂ। ਹੱਸਦੇ ਵੱਸਦੇ ਘਰਾਂ ਅਤੇ ਸਮਾਜ ਨੂੰ ਵੰਡਣ ਲਈ ਜਿੰਮੇਵਾਰ ਇਨਸਾਨ ਅੱਜ ਵੀ ਘਰਾਂ ਅਤੇ ਸਮਾਜ ਵਿੱਚ ਮੌਜੂਦ ਹਨ।
ਸਿੱਖਿਆ ਸੰਸਥਾਵਾਂ, ਜਿੱਥੇ ਵਿਦਿਆਰਥੀ ਬਚਪਨ ਅਤੇ ਜਵਾਨੀ ਦੇ ਸਮੇਂ ਤਾਮੀਲ ਹਾਸਿਲ ਕਰਕੇ ਉਚੇ ਮੁਕਾਮਾਂ ’ਤੇ ਪਹੁੰਚਦੇ ਹਨ ਅੱਜ ਧੜੇਬੰਦੀਆਂ, ਇੱਕ ਦੂਜੇ ਖਿਲਾਫ ਝੂਠੀਆਂ ਸ਼ਿਕਾਇਤਾਂ ਅਤੇ ਤੋਹਮਤਾਂ ਦੇ ਅਖਾੜੇ ਬਣ ਚੁੱਕੇ ਹਨ। ਕਿਸੇ ਦੇ ਸਾਫ ਦਾਮਨ ਨੂੰ ਦਾਗਦਾਰ ਕਰਨ ਲਈ ਕੋਈ ਬਹੁਤੀ ਦੇਰ ਨਹੀਂ ਲਗਦੀ। ਝੂਠੇ ਇਲਜਾਮਾਂ ਦੀ ਦੌੜ ਵਿੱਚ ਸੱਚ ਦੇ ਗਲ਼ ਪਿਆ ਫਾਹਾ ਦਿਨ ਪ੍ਰਤੀ ਦਿਨ ਘੁੱਟਦਾ ਜਾ ਰਿਹਾ ਹੈ ਜੋ ਇੱਕ ਦਿਨ ਇਸਦੀ ਮੌਤ ਦਾ ਕਾਰਨ ਬਣੇਗਾ। ਧਰਤੀ ੳੇਤੇ ਅਸਾਥੀ ਸਮੇਂ ਲਈ ਰਹਿਣ ਆਇਆ ਮਨੁੰਖ ਜਦੋਂ ਅਜਿਹੀਆਂ ਕੋਝੀਆਂ ਹਰਕਤਾਂ ਕਰਕੇ ਆਪਣੇ ਕਿਰਦਾਰ ਅਤੇ ਜੀਵਨ ਨੂੰ ਉਚਾ ਚੁੱਕਣ ਦਾ ਯਤਨ ਕਰਦਾ ਹੈ ਤਾਂ ਉਹ ਇਨਸਾਨ ਨਹੀ ਹੈਵਾਨ ਦਾ ਰੂਪ ਧਾਰਨ ਕਰ ਲੈਂਦਾ ਹੈ। ਜਿਆਦਾ ਚਲਾਕੀ ਦੀ ਆਦਤ ਨੇ ਕੌਮਾਂ ਲਈ ਹਮੇਸ਼ਾਂ ਖਤਰੇ ਖੜੇ ਕੀਤੇ ਹਨ। ਜ਼ਮੀਰ ਮਰ ਚੁੱਕੀ ਵਾਲੇ ਗਦਾਰ ਲੋਕ ਮਜਹਬਾਂ ਅਤੇ ਕੌਮਾਂ ਨੂੰ ਪਿੱਠ ਦਿਖਾ ਕੇ ਆਪਣੇ ਕੰਮ ਸਿੱਧੇ ਕਰ ਰਹੇ ਹਨ। ਉਹਨਾਂ ਦੀ ਫਨਾਹ ਹੋ ਚੁੱਕੀ ਜ਼ਮੀਰ ਅਤੇ ਅਤਮਾ ਨੇ ਉਹਨਾਂ ਨੂੰ ਜਿਉਂਦਿਆਂ ਨੂੰ ਹੀ ਮਾਰ ਦਿੱਤਾ ਹੈ।
ਮੈਨੂੰ ਯਾਦ ਹੈ ਕਿ ਕਿਵੇਂ ਮੇਰਾ ਇੱਕ ਸਾਥੀ ਅਧਿਆਪਕ ਪ੍ਰਿਸੀਪਲ ਕੋਲ਼ ਉਹਨਾਂ ਸਾਥੀਆਂ ਦੀ ਵੀ ਚੇਗਲੀ ਕਰ ਦਿੰਦਾ ਸੀ ਜਿਹਨਾਂ ਨਾਲ ਉਹ ਅਕਸਰ ਉਠਦਾ ਬੈਠਦਾ ਸੀ। ਹਾਸਾ ਮਜ਼ਾਕ ਕਰਦਾ ਹੋਇਆ ਇਹ ਸਖਸ਼ ਕਦੋਂ ਕਿਸੇ ਦੀ ਪਿੱਠ ’ਚ ਛੁਰਾ ਮਾਰ ਜਾਵੇ ਕੋਈ ਪਤਾ ਨਹੀਂ ਸੀ ਲਗਦਾ। ਜ਼ੁਬਾਨ ਦਾ ਮਿੱਠਾ ਪਰ ਦਿਲ ਦਾ ਕਾਲ਼ਾ ਇਹ ਸਖਸ਼ ਇੱਕ ਅਧਿਆਪਕ ਦੇ ਤੌਰ ’ਤੇ ਅਪਣੀ ਬਣਦੀ ਜਿੰਮੇਵਾਰੀ ਸਮਝਣ ਤੋਂ ਅਸਮਰੱਥ ਰਿਹਾ। ਐਨੀ ਬੇਵਿਸ਼ਵਾਸ਼ੀ ਅਤੇ ਖੁਦਗਰਜ਼ੀ ’ਤੇ ਟਿਕਿਆ ਰਿਸ਼ਤਾ ਜਾਂ ਕੋਈ ਕੰਮ ਕਿਵੇ ਨੇਪਰੇ ਚੜ ਸਕਦਾ ਹੈ, ਇਸ ਦਾ ਅੰਦਾਜਾ ਸਹਿਜੇ ਹੀ ਲਗ ਜਾਂਦਾ ਹੈ। ਮਦਦ ਅਤੇ ਸਾਥ ਦੇਣ ਵਾਲਾ ਹੀ ਜਦੋਂ ਗਦਾਰ ਬਣ ਜਾਵੇ ਬਸ ਫਿਰ ਰੱਭ ਹੀ ਰਾਖਾ।
ਪ੍ਰਮਾਤਮਾ ਨੇ ਇਸ ਸ਼੍ਰਿਸ਼ਟੀ ਨੂੰ ਬਣਾਉਂਦੇ ਸਮੇਂ ਸਭ ਤੋਂ ਉਤਮ ਪ੍ਰਾਣੀ ਇਨਸਾਨ ਨੂੰ ਬਣਾਇਆ ਹੈ। ਮਨੁੰਖ ਦਾ ਤੇਜ ਦਿਮਾਗ ਅਤੇ ਸੋਚ ਜੇਕਰ ਚਾਹੇ ਤਾਂ ਇਸ ਧਰਤੀ ਨੂੰ ਸਵਰਗ ਬਣਾ ਸਕਦੀ ਹੈ। ਖੁਸ਼ਾਮਦੀਦ ਅਤੇ ਚਾਪਲੂਸੀ ਬੇਸ਼ੱਕ ਰੁਤਬੇ ਤਾਂ ਬਚਾ ਲੈਂਦੀ ਹੈ ਪਰ ੱਿੲੱਕ ਇਨਸਾਨ ਦੇ ਤੌਰ ’ਤੇ ਅਣਖ ਅਤੇ ਗੈਰਤ ਭਰਪੂਰ ਜੀਵਨ ਖਤਮ ਹੋ ਜਾਂਦਾ ਹੈ। ਉਸ ਜਿੰਦਗੀ ਦੇ ਜਿਉਣ ਦਾ ਵੀ ਕੀ ਫਾਇਦਾ ਜਿੱਥੇ ਇਨਸਾਨ ਨੂੰ ਪਲ ਪਲ ਮਰ ਕੇ ਜਿਉਣਾਂ ਪਵੇ। ਅਜਿਹੇ ਮਾਹੌਲ ’ਚ ਪਲ਼ਦੇ ਬੱਚੇ ਵੀ ਕੋਈ ਜਿਆਦਾ ਦਲੇਰ ਨਹੀਂ ਹੁੰਦੇ ਅਤੇ ਇਹ ਵਾਤਾਵਰਣ ਪੁਸ਼ਤ ਦਰ ਪੁਸ਼ਤ ਸਮਾਜ ਨੂੰ ਹੋਰ ਵੀ ਗੰਧਲ਼ਾ ਕਰਦਾ ਜਾਂਦਾ ਹੈੇ। ਇਸ ਘੁਣ ਰੂਪੀ ਕੋਹੜ ਦੀਆਂ ਪਤਾ ਨਹੀਂ ਕਿੰਨੀਆਂ ਹੀ ਸਿਆਸੀ ਪਾਰਟੀਆਂ, ਸਰਕਾਰਾਂ, ਸਮਾਜ ਦੇ ਤਬਕੇ ਅਤੇ ਵਿਦਿਅਕ ਸੰਸਥਾਵਾਂ ਸ਼ਿਕਾਰ ਹੋ ਚੁੱਕੀਆਂ ਹਨ॥ ਰੋਜ਼ਾਨਾ ਆਪਣੀ ਚਲਾਕੀ ਅਤੇ ਹੁਸ਼ਿਆਰੀ ਨਾਲ ਦੂਜਿਆਂ ਦੇ ਸੂਖਮ ਜ਼ਜ਼ਬਾਤਾਂ ਦਾ ਕਤਲ ਕਰਨ ਵਾਲਾ ਵਿਅਕਤੀ ਇਸ ਸਮਾਜ ਲਈ ਖਤਰਾ ਹੈ। ਇਤਿਹਾਸ ਤੋਂ ਸਿੱਖਿਆ ਲੈ ਕੇ, ਚੰਗਾ ਭਵਿੱਖ ਦੀ ਕਾਮਨਾ ਕਰਦੇ ਹੋਏ ਅਤੇ ਕੌਮ ਨੂੰ ਬਚਾਉਣ ਲਈ ਆਉ ਸੱਚੇ ਸੁੱਚੇ ਵਿਚਾਰਾਂ ਦੇ ਧਾਰਨੀ ਬਣਕੇ ਇੱਕ ਮਿਸਾਲ ਬਣੀਏ ਜੋ ਆਉਣ ਵਾਲੀਆਂ ਪੀੜੀਆਂ ਲਈ ਸਾਡੇ ਵਲੋਂ ਇੱਕ ਅਮੁੱਲ ਤੋਹਫਾ ਹੋਵੇਗਾ।



