ਮਾਹਿਲਪੁਰ – ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਅਤੇ ਸੁਰ ਸੰਗਮ ਵਿਦਿਅਕ ਟਰੱਸਟ ਮਾਹਿਲਪੁਰ ਵਲੋਂ ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਹੁਸ਼ਿਆਰਪੁਰ ਦੀ ਸਰਪ੍ਰੱਸਤੀ ਹੇਠ ਕਰੂੰਬਲਾਂ ਭਵਨ ਮਾਹਿਲਪੁਰ ਵਿਚ ਡੀ ਵਾਈ ਸੀ ਸੈਮਸਨ ਮਸੀਹ ਅਤੇ ਪ੍ਰਿੰ ਮਨਜੀਤ ਕੌਰ ਦੀ ਦੇਖ ਰੇਖ ਹੇਠਾਂ ਬਾਲ ਦਿਵਸ ਮੌਕੇ ਸਾਹਿਤ ਸਿਰਜਣਾ ਮੁਕਾਬਲੇ ਕਰਵਾਏ ਗਏੇ।ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਰਜ ਪਿਛਲੇ 23 ਸਾਲ ਤੋਂ ਨਿਰੰਤਰ ਕੀਤਾ ਜਾ ਰਿਹਾ ਹੈ ਤਾਂ ਕਿ ਬੱਚਿਆਂ ਦੀ ਛੁਪੀ ਹੋਈ ਪ੍ਰਤਿਬਾ ਨੂੰ ਉਜਾਗਰ ਕੀਤਾ ਜਾ ਸਕੇ।ਸਮਾਰੋਹ ਦੀ ਪ੍ਰਧਾਨਗੀ,ਬੀਬੀ ਗੁਰਮੀਤ ਕੌਰ ਬੈਂਸ ਸਾਬਕਾ ਪ੍ਰਧਾਨ ਨਗਰ ਕੌਂਸਿਲ, ਹਰਭਜਨ ਸਿੰਘ ਕਾਹਲੋਂ, ਜਸਵੀਰ ਸਿੰਘ ਜੱਸੀ, ਪ੍ਰਿੰ. ਸਰਵਣ ਰਾਮ ਭਾਟੀਆ ਅਤੇ ਬੱਗਾ ਸਿੰਘ ਆਰਟਿਸਟ ਨੇ ਕੀਤੀ। ਉਹਨਾਂ ਬੱਚਿਆਂ ਨੂੰ ਰੌਚਕ ਅਤੇ ਨਰੋਈਆਂ ਪੁਸਤਕਾਂ ਪੜ੍ਹਨ ਦੀ ਸਲਾਹ ਦਿੱਤੀ।ਬੱਚਿਆਂ ਵਿਚ ਪੁਸਤਕਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਪ੍ਰਕਾਸ਼ਨ ਵਲੋਂ ਹਰਵੀਰ ਮਾਨ,ਹਰਮਨਪ੍ਰੀਤ ਕੌਰ ,ਰਵਨੀਤ ਕੌਰ ਅਤੇ ਰਜਨੀ ਦੇਵੀ ਨੇ ਪੁਸਤਕਾਂ ਦੀ ਨੁਮਾਇਸ਼ ਦਾ ਪ੍ਰਬੰਧ ਕੀਤਾ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਲਾਇਬ੍ਰੇਰੀ ਕੈਮਲੂਪਸ ਕੈਨੇਡਾ ਦੇ ਸੰਚਾਲਕ ਚੈਂਚਲ ਸਿੰਘ ਬੈਂਸ ਨੇ ਕਿਹਾ ਕਿ ਹਰ ਸਕੂਲ ਅਤੇ ਕਾਲਜ ਵਿਚ ਓਪਨ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਜਾਣਾ ਸਮੇਂ ਦੀ ਲੋੜ ਹੈ। ਇਸ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪੁਸਤਕਾਂ ਦਾ ਸੈਟ ਤੋਹਫੇ ਵਜ਼ੋਂ ਦਿੱਤੇ ਗਏ। ਸ਼ਾਨਦਾਰ ਕਾਰਜਾਂ ਲਈ ਅਧਿਆਪਕ ਬਲਬੀਰ ਸਿੰਘ, ਸੁਰਿੰਦਰ ਕੌਰ ਅਤੇ ਰਣਜੀਤ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤ ਗਿਆ। ਬਾਲ ਚਿੱਤਰਕਾਰ ਸੁਖਮਨ ਸਿੰਘ ਅਤੇ ਬਾਲ ਕਵੀ ਜਸਵੀਰ ਜੋਸ਼ੀ ਦੀ ਕਲਾ ਦੀ ਭਰਪੂਰ ਸ਼ਲਾਘਾ ਕੀਤੀ ਗਈ।ਬੱਚਿਆਂ ਦੇ ਮਨ ਪ੍ਰਚਾਵੇ ਲਈ ਲੋਕ ਕਵੀ ਖੁਸ਼ਹਾਲਪੁਰੀ ਨੇ ਆਪਣੀਆਂ ਮਜ਼ਾਹੀਆ ਕਵਿਤਾਵਾਂ ਤੇ ਗੀਤਾਂ ਨਾਲ ਖੂਬ ਰੰਗ ਬੰਨਿਆ। ਇਸ ਮੌਕੇ ਕੁਲਦੀਪ ਕੌਰ ਬੈਂਸ, ਨਿਧੀ ਅਮਨ ਸਹੋਤਾ,ਹਰਜੋਤ ਰਾਓ ਸਮੇਤ ਬੱਚੇ ,ਮਾਪੇ, ਅਧਿਆਪਕ ਅਤੇ ਕਲਾ ਪ੍ਰੇਮੀ ਹਾਜ਼ਰ ਹੋਏ।
– ਪੰਜਾਬ ਟਾਇਮਜ਼ ਬਿਊਰੋ
‘ਨਿੱਕੀਆਂ ਕਰੂੰਬਲਾਂ’ ਵਲੋਂ ਸਾਹਿਤ ਸਿਰਜਣਾ ਮੁਕਾਬਲੇ ਤੇ ਪੁਸਤਕ ਪ੍ਰਦਰਸ਼ਨੀ



