Skip to content
Independent perspectives. Global stories.
BREAKING

ਜੁੱਗ-ਜੁੱਗ ਜਿਉਣ ਵੱਡੀਆਂ ਭਰਜਾਈਆਂ

Share this story

ਸਮਾਜਿਕ ਰਿਸ਼ਤਿਆਂ ਦੇ ਤਾਣੇ-ਬਾਣੇ ਵਿਚ ਖੂਨ ਦੇ ਰਿਸ਼ਤਿਆਂ ਤੋਂ ਇਲਾਵਾ ਹੋਰ ਰਿਸ਼ਤਿਆਂ ਵਿਚ ਨਣਾਨ ਭਰਜਾਈ ਦਾ ਰਿਸ਼ਤਾ ਖਾਸ ਅਹਿਮੀਅਤ ਰੱਖਦਾ ਹੈ। ਚਾਹੇ ਕਿ ਸਾਡੇ ਲੋਕ ਗੀਤਾਂ ਵਿਚ ਇਸ ਰਿਸ਼ਤੇ ਦੀ ਆਪਸੀ ਕੁੜੱਤਣ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹਨ ਜਿਵੇਂ ਕਹਿੰਦੇ ਨੇ, ਠਨੀ ਨਣਾਨੇ ਬੇਈਮਾਨੇ ਅੱਖਾਂ ਫੇਰ ਗਈ ਰਕਾਨੇ, ਐਸੀ ਵੀਰ ਨੂੰ ਕਸੂਤੀ ਲੂਤੀ ਲਾਈ ਨਣਦੇ, ਅੱਜ ਤੂੰ ਮੈਨੂੰ ਮਾਰ ਪਵਾਈ ਨਣਦੇੂ ਪਰ ਅਸਲ ਵਿਚ ਅਜਿਹਾ ਨਹੀਂ ਹੈ। ਦੋਨਾਂ ਦੇ ਮੋਹ ਦੀਆਂ ਤੰਦਾਂ ਇਕ ਹੀ ਇਨਸਾਨ ਨਾਲ ਜੁੜੀਆ ਹੁੰਦੀਆਂ ਹਨ ਤੇ ਉਹ ਹੈ ਭੈਣ ਦਾ ਵੀਰ ਤੇ ਭਰਜਾਈ ਦਾ ਪਤੀ। ਜੇਕਰ ਵੀਰ ਨੇ ਭੈਣ ਨਾਲ ਬਚਪਨ ਬਿਤਾਇਆ ਹੈ ਤੇ ਨਿੱਕੀ-ਨਿੱਕੀ ਚੀਜ਼ ਨੂੰ ਵੰਡਦੇ ਉਹ ਵੱਡੇ ਹੋਏ ਹਨ ਤਾਂ ਭਰਜਾਈ ਵੀ ਆਪਣਾ ਪੇਕਾ ਪਰਿਵਾਰ ਛੱਡ ਕੇ ਇਸ ਘਰ ਦਾ ਅਤੇ ਵੀਰ ਦੀ ਜ਼ਿੰਦਗੀ ਦਾ ਹਿੱਸਾ ਬਣਨ ਲਈ ਆਈ ਹੈ। ਪਿਆਰ ਤਾਂ ਵੰਡਿਆ ਹੀ ਜਾਣਾ ਹੈ। ਜਦੋਂ ਇਸ ਗੱਲ ਨੂੰ ਦੋਨੋਂ ਖੁੱਲ੍ਹੇ ਦਿਲ ਨਾਲ ਸਮਝ ਅਤੇ ਸਵੀਕਾਰ ਕਰ ਲੈਂਦੀਆਂ ਹਨ ਤਾਂ ਨਣਾਨ ਭਰਜਾਈ ਦਾ ਇਕ ਸੁਨੱਖਾ ਰਿਸ਼ਤਾ ਹੋਂਦ ਵਿਚ ਆਉਂਦਾ ਹੈ। ਉਨ੍ਹਾਂ ਦਾ ਆਪਸੀ ਪਿਆਰ ਘਰ ਦੀ ਮਜ਼ਬੂਤ ਬੁਨਿਆਦ ਬਣ ਜਾਂਦਾ ਹੈ। ਆਮ ਤੌਰ ਤੇ ਬਹੁਤੇ ਘਰਾਂ ਵਿਚ ਆਪਸੀ ਮਨ-ਮੁਟਾਵ ਦਾ ਕਾਰਨ ਹੀ ਇਹ ਹੈ ਕਿ ਦੋਨੋਂ ਹੀ ਰਿਸ਼ਤਿਆਂ ਦਾ ਨਿੱਘ ਮਾਣਨ ਦੀ ਬਜਾਇ ਹੱਕ ਜਿਤਾਉਣ ਦੀ ਦੌੜ ਵਿਚ ਲੱਗ ਜਾਂਦੀਆਂ ਹਨ। ਫੇਰ ਕੋਈ ਭਰਜਾਈ ਨੂੰ ਭੈੜੀ ਦੱਸਦਾ ਹੈ ਤੇ ਕੋਈ ਨਣਾਨ ਨੂੰ। ਉਨ੍ਹਾਂ ਦੀ ਆਪਸੀ ਖਿੱਚੋਤਾਣ ਵਿਚ ਭੈਣ-ਭਰਾ ਦਾ ਰਿਸ਼ਤਾ ਵੀ ਰਸਮੀ ਹੋ ਕੇ ਰਹਿ ਜਾਂਦਾ ਹੈ। ਜੇਕਰ ਨਣਾਨ-ਭਰਜਾਈ ਵਿਚ ਆਪਸੀ ਪਿਆਰ ਹੈ, ਸਾਂਝ ਹੈ ਤੇ ਆਪਣਾਪਣ ਹੈ ਤਾਂ ਇਸ ਤੋਂ ਪਿਆਰਾ ਰਿਸ਼ਤਾ ਹੋਰ ਕੋਈ ਹੋ ਹੀ ਨਹੀਂ ਸਕਦਾ। ਕਿਉਂਕਿ ਵੀਰ ਦੇ ਵਿਆਹ ਦਾ ਸਭ ਤੋਂ ਵੱਧ ਚਾਅ ਭੈਣ ਨੂੰ ਹੀ ਹੁੰਦਾ ਹੈ। ਵੀਰ ਦੇ ਸਿਰ ਸਜਿਆ ਸਿਹਰਾ ਦੇਖ ਕੇ ਭੈਣ ਵਾਰੀ-ਵਾਰੀ ਜਾਂਦੀ ਹੈ ਤੇ ਗਾਉਂਦੀ ਹੈ:
ਸਿਹਰੇ ਵਾਲਿਆ ਵੀਰਾ ਵੇ ਤੇਰਾ ਸੋਨੇ ਦਾ ਚੀਰਾ,
ਤੇਰੇ ਸਿਹਰੇ ਦੀ ਵਡਿਆਈ ਵੇ ਤੈਨੂੰ ਖ਼ਲਕਤ ਵੇਖਣ ਆਈ।
ਜਦੋਂ ਵੀਰ ਦੀ ਜੰਝ ਚੜ੍ਹਦੀ ਹੈ ਤਾਂ ਉਹ ਵੀਰੇ ਸਿਰ ਫ਼ੁਲਕਾਰੀ ਤਾਣ ਕੇ ਚਲਦੀ ਹੈ ਤੇ ਉਹ ਖ਼ੁਸ਼ੀ ਵਿਚ ਖੀਵੀ ਹੋਈ ਗਾਉਂਦੀ ਹੈ:
ਠਜਿੰਨ੍ਹੀ ਰਾਹੀਂ ਮੇਰਾ ਵੀਰ ਜੰਨ ਚੜ੍ਹਿਆ, ਉਨ੍ਹਾਂ ਰਾਹਾਂ ਦਾ ਰੇਤਾ ਖੰਡ ਬਣਿਆੂ
ਠਮੇਰੇ ਵੀਰ ਦਾ ਵਿਆਹ, ਮੈਨੂੰ ਗੋਡੇ ਗੋਡੇ ਚਾਅੂ
ਵੀਰ ਦੇ ਸ਼ਗਨ ਮਨਾਉਂਦੀ ਸੋਹਣੀ ਭਾਬੋ ਦੇ ਆਉਣ ਦੇ ਚਾਅ ਵਿਚ ਭੱਜੀ ਫਿਰਦੀ ਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ। ਤੇ ਵੀਰ ਜਦੋਂ ਡੋਲੀ ਲੈ ਕੇ ਘਰ ਆਉਂਦਾ ਹੈ ਤਾਂ ਬੋਲੀ ਪਾਉਂਦੀ ਹੈ:
ਠਚੰਨ ਵਰਗੀ ਭਰਜਾਈ ਮੇਰਾ ਵੀਰ ਵਿਆਹ ਕੇ ਲਿਆਇਆ
ਹੱਥੀਂ ਉਹਦੇ ਛਾਪਾਂ-ਛੱਲੇ ਵਿਆਹੁਲਾ ਰੂਪ ਸਜਾਇਆ
ਖੁੱਲ ਕੇ ਨੱਚ ਭਾਬੋ, ਹੜ੍ਹ ਜੋਬਨ ਦਾ ਆਇਆੂ
ਭਾਬੀ ਦੇ ਆਉਣ ਨਾਲ ਘਰ ਭਰ ਜਾਂਦਾ ਹੈ। ਘਰ ਵਿਚ ਰੌਣਕ ਹੋ ਜਾਂਦੀ ਹੈ। ਭਾਬੀ ਨਾਲ ਸਹੇਲੀਆਂ ਵਾਲ਼ੀ ਸਾਂਝ ਬਣ ਜਾਂਦੀ ਹੈ ਤੇ ਅਤੇ ਹਮਉਮਰ ਹੋਣ ਕਾਰਨ ਆਪਸ ਵਿਚ ਬਣਦੀ ਵੀ ਬਹੁਤ ਹੈ। ਭਾਬੀ ਦੇ ਘਰ ਆਉਣ ਦੇ ਚਾਅ ਦਾ ਪਤਾ ਇਸ ਗੀਤ ਤੋਂ ਵੀ ਲੱਗਦਾ ਹੈ:
ਨਵੀਂ ਬਹੂ ਮੁਕਲਾਵੇ ਆਈ, ਸੱਸ ਧਰਤੀ ਪੈਰ ਨਾ ਲਾਵੇ,
ਲੈ ਨੀ ਨੂੰਹੇਂ ਰੋਟੀ ਖਾ ਲੈ, ਨੂੰਹ ਰੋਟੀ ਨਾ ਖਾਵੇ,
ਮੂੰਹ ਵਿਚ ਭਾਬੀ ਦੇ, ਨਣਦ ਬੁਰਕੀਆਂ ਪਾਵੇ।
ਨਣਾਨ ਆਪਣੇ ਦਿਲ ਦੇ ਰਾਜ਼ ਬਿਨਾਂ ਝਿਜਕ ਉਸ ਨਾਲ ਸਾਂਝੇ ਕਰ ਸਕਦੀ ਹੈ, ਕਿਉਂਕਿ ਵੱਡੀ ਭਰਜਾਈ ਚੰਗੀ ਸਲਾਹਕਾਰ ਵੀ ਹੁੰਦੀ ਹੈ। ਕਦੇ-ਕਦੇ ਮਿੱਠੀ-ਮਿੱਠੀ ਝਿੜਕ ਵੀ ਦੇ ਦਿੰਦੀ ਹੈ। ਉਸਦਾ ਘਰ ਵਿਚ ਵਿਚਰਨ ਦਾ ਸਲੀਕਾ ਤੇ ਤਰੀਕਾ ਇਕ ਉਦਾਹਰਨ ਬਣ ਕੇ ਸਿਖਾਉਂਦਾ ਹੈ। ਭਰਜਾਈ ਨੂੰ ਨਣਾਨ ਮੋਰਨੀ ਅਤੇ ਨਣਾਨ ਨੂੰ ਭਰਜਾਈ ਚੰਨ ਵਰਗੀ ਤਾਂ ਹੀ ਲੱਗ ਸਕਦੀ ਹੈ ਜੇਕਰ ਉਨ੍ਹਾਂ ਦੇ ਮਨਾਂ ਵਿਚ ਇਕ ਦੂਸਰੇ ਪ੍ਰਤੀ ਸੱਚਾ ਮਾਣ ਸਤਿਕਾਰ ਹੈ। ਭਾਬੀਆਂ ਨਾਲ ਹੀ ਪੇਕਾ ਘਰ, ਘਰ ਹੁੰਦਾ ਹੈ।
ਅਜਿਹੇ ਹੀ ਇਕ ਪਿਆਰੇ ਰਿਸ਼ਤੇ ਦੀ ਸ਼ੁਰੂਆਤ ਮੇਰੇ ਲਈ ਉਦੋਂ ਹੋਈ ਜਦੋਂ ਮੇਰੇ ਵੱਡੇ ਵੀਰ ਜੀ ਦਾ ਵਿਆਹ ਹੋਇਆ।
ਭਾਬੀ ਨੂੰ ਪਹਿਲੀ ਵਾਰ ਦੇਖਣ ਵੀ ਮੈਂ ਹੀ ਆਪਣੇ ਵੀਰ ਜੀ ਅਤੇ ਚਾਚਾ-ਚਾਚੀ ਜੀ ਨਾਲ ਗਈ ਸੀ ਤੇ ਗਈ ਵੀ ਇਸ ਸ਼ਰਤ ਤੇ ਸੀ ਕਿ ਲੜਕੀ ਨੂੰ ਹਾਂ ਕਹੇ ਬਿਨਾਂ ਨਹੀਂ ਆਉਣਾ। ਪਰਮਾਤਮਾ ਦੀ ਕ੍ਰਿਪਾ ਨਾਲ ਰਿਸ਼ਤਾ ਹੋ ਗਿਆ। ਤੇ ਸਚਮੱਚ ਚੰਨ ਵਰਗੀ ਸਾਫ ਤੇ ਸ਼ੀਤਲ ਸੀਰਤ ਵਾਲੀ ਭਾਬੀ ਸਾਡੇ ਘਰ ਆ ਗਈ। ਮੇਰੇ ਲਈ ਤਾਂ ਉਹ ਵੱਡੀ ਭੈਣ, ਸਹੇਲ਼ੀ ਤੇ ਮੇਰੀ ਮਾਂ ਵਾਂਗ ਹੀ ਹੈ। ਮੇਰੇ ਦਿਲ ਦੇ ਭਾਵਾਂ ਨੂੰ ਸਮਝਦੀ ਹੈ ਤੇ ਮੈਨੂੰ ਪਿਆਰ ਵੀ ਬਹੁਤ ਕਰਦੀ ਹੈ। ਉਸ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਉਹ ਹਰ ਕੰਮ ਵਿਚ ਨਿਪੁੰਨ ਹੈ – ਪੜ੍ਹਾਈ ਤੋਂ ਲੈ ਕੇ ਰਸੋਈ, ਕਢਾਈ-ਕਰੋਸ਼ੀਆਂ ਅਤੇ ਮਹਿਮਾਨ-ਨਿਵਾਜ਼ੀ ਵਿਚ। ਇਹ ਵੀ ਸਿਫ਼ਤ ਹੈ ਕਿ ਜਿੰਨੇ-ਮਰਜ਼ੀ ਮਹਿਮਾਨ ਆ ਜਾਣ ਕਦੇ ਮੱਥੇ ਵੱਟ ਨਹੀਂ ਪਾਇਆ। ਸੇਵਾ-ਭਾਵਨਾ ਵੀ ਬਹੁਤ ਹੈ। ਉਹ ਸਾਡੇ ਘਰ ਦੀ ਸ਼ਾਨ ਹੈ। ਉਸ ਤੋਂ ਬਿਨਾਂ ਘਰ ਖਾਲੀ ਤੇ ਸੁੰਨਾ ਲਗਦਾ ਹੈ। ਉਸਨੇ ਹਮੇਸ਼ਾ ਸਾਂਝੇ ਪਰਿਵਾਰ ਵਿਚ ਰਹਿਣਾ ਤੇ ਇਕੱਠੇ ਬੈਠ ਕੇ ਗੱਲਬਾਤ ਕਰਨ ਨੂੰ ਹੀ ਤਰਜ਼ੀਹ ਦਿੱਤੀ ਹੈ। ਉਸਦੇ ਮਨ ਵਿਚ ਕਿਸੇ ਕਿਸਮ ਦੀ ਮੇਰ-ਤੇਰ ਨਹੀਂ ਹੈ। ਤਾਂਹੀ ਤਾਂ ਮੈਂ ਕਹਿੰਦੀ ਹਾਂ:
ਸਵਰਨ ਨਾਮ ਤੇ ਸਵਰਨ ਗੁਣ, ਸੁਨਹਿਰੀ ਰਿਸ਼ਮਾਂ ਬਿਖ਼ੇਰਦੀ ਤੇ
ਸਵਰਨ ਸਾਂਝਾਂ ਪਾਉਂਦੀ,
ਸਵਰਨ ਕੰਮਾਂ ਵਿਚ ਰੁੱਝੀ,
ਸਵਰਨ ਮੋਹ ਭਿੱਜੀ,
ਸਚਮੁੱਚ ਖ਼ਰਾ ਸੋਨਾ,
ਮੇਰੀ ਸਵਰਨ ਭਾਬੀ!
ਵੱਡੀ ਭਾਬੀ ਦੇ ਆਉਣ ਨਾਲ ਇਕ ਹੋਰ ਰਿਸ਼ਤਾ ਜੁੜ ਗਿਆ। ਮੇਰੇ ਛੋਟੇ ਵੀਰ ਨਾਲ ਉਨ੍ਹਾਂ ਦੀ ਛੋਟੀ ਭੈਣ ਦਾ ਰਿਸ਼ਤਾ ਹੋ ਗਿਆ। ਸਾਂਝ ਹੋਰ ਪਕੇਰੀ ਹੋ ਗਈ। ਛੋਟੀ ਭਾਬੀ ਗਗਨ ਨੇ ਵੀ ਰੱਜ ਕੇ ਪਿਆਰ ਦਿੱਤਾ। ਮੇਰੀ ਕਿਸੇ ਗੱਲ ਨੂੰ ਕਦੇ ਵੀ ਥੱਲੇ ਨਹੀਂ ਡਿੱਗਣ ਦਿੱਤਾ। ਹਮੇਸ਼ਾ ਮੇਰਾ ਪੱਖ ਲਿਆ। ਮੇਰੇ ਵਿਆਹ ਤੋਂ ਪਹਿਲਾਂ ਦੋਨੋਂ ਭਾਬੀਆਂ ਤੇ ਮੈਂ ਸਾਰਾ ਦਿਨ ਹੱਸਦੇ-ਖੇਡਦੇ ਤੇ ਹਰ ਰੋਜ਼ ਨਵਾਂ ਖਾਣਾ, ਨਵਾਂ ਵਿਅੰਜਨ ਬਣਾਉਣਾ ਸਿੱਖਦੇ। ਮੈਨੂੰ ਸਜਣਾ-ਸੰਵਰਨਾ ਵੀ ਉਨ੍ਹਾਂ ਨੇ ਹੀ ਸਿਖਾਇਆ। ਭਾਬੀਆਂ ਜਦੋਂ ਕਹਿੰਦੀਆਂ ਨੇ ‘ਸਾਡੀ ਨਣਦ ਮੋਰਨੀ ਵਰਗੀ, ਸਾਨੂੰ ਡਾਢੀ ਪਿਆਰੀ ਲਗਦੀ’ ਤਾਂ ਮਨ ਖ਼ੁਸ਼ੀ ਨਾਲ ਸਰਸ਼ਾਰ ਹੋ ਜਾਂਦਾ ਹੈ ਤੇ ਸਿਰ ਮਾਣ ਨਾਲ ਉ¤ਚਾ। ਜਦੋਂ ਮੈਂ ਆਪਣੇ ਪਰਿਵਾਰ ਨਾਲ ਭਰਾ ਲਖਮਿੰਦਰ ਅਤੇ ਗਗਨ ਭਾਬੀ ਕੋਲ ਨਿਊਜ਼ੀਲੈਂਡ ਗਈ ਤਾਂ ਉਨ੍ਹਾਂ ਨੇ ਬਹੁਤ ਜੀਅ ਨਾਲ ਸੇਵਾ ਕੀਤੀ – ਤਾਂ ਹੀ ਤਾਂ ਵਾਰ-ਵਾਰ ਦਿਲ ਉ¤ਡ ਕੇ ਉ¤ਥੇ ਜਾਣ ਨੂੰ ਕਰਦਾ ਹੈ। ਅਸਲ ਵਿਚ ਭਾਬੀਆਂ ਨਾਲ ਮੇਰੀ ਸਾਂਝ ਕਿਸੇ ਪੈਸੇ ਜਾਂ ਤੋਹਫ਼ਿਆਂ ਵੰਡ ਦੀ ਨਹੀਂ ਹੈ ਸਗੋਂ ਰੱਜ-ਰੱਜ ਪਿਆਰ ਦੀ ਵੰਡ ਦੀ ਹੈ। ਕਿਸੇ ਨੇ ਜੋ ਇਹ ਬੋਲ ਲਿਖੇ ਹਨ ਕਿ ਜੱਗ ਜਿਉਣ ਵੱਡੀਆਂ ਭਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ – ਬਿਲਕੁਲ ਦਰੁਸਤ ਹਨ ਕਿਉਂਕਿ ਮੇਰੀਆਂ ਭਾਬੀਆਂ ਮੇਰੇ ਨਾਲ ਹਮੇਸ਼ਾ ਆਪਣੇ ਬੱਚਿਆਂ ਵਾਂਗ ਹੀ ਲਾਡ ਲਡਾਉਂਦੀਆਂ ਹਨ। ਮੈਨੂੰ ਦੁਲਾਰਦੀਆਂ ਹਨ ਤੇ ਮੇਰੇ ਆਉਣ ਨੂੰ ਉਡੀਕਦੀਆਂ ਹਨ। ਇਹ ਬੋਲੀ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਰੂਪਮਾਨ ਕਰਦੀ ਹੈ:
ਇਧਰ ਕਣਕਾਂ ਉਧਰ ਕਣਕਾਂ,
ਵਿਚ ਕਣਕਾਂ ਦੇ ਘਾਹ,
ਨੀ ਸੌਹਰੇ ਦੀਏ ਜਾਈਏ,
ਕਦੇ ਬਣ ਕੇ ਪ੍ਰਾਹੁਣੀ ਆ।
ਮੇਰੇ ਚਾਚਾ ਜੀ ਦੀਆਂ ਨੂੰਹਾਂ ਅਨਮੋਲ ਭਾਬੀ, ਪੂਜਾ ਭਾਬੀ ਤੇ ਅਮਨ ਭਾਬੀ ਤੋਂ ਵੀ ਪੂਰਾ ਪਿਆਰ ਮਿਲਦਾ ਹੈ। ਜਦੋਂ ਵੀ ਮਿਲੀਏ ਹਸੂੰ-ਹਸੂੰ ਕਰਦੇ ਚਿਹਰਿਆਂ ਨਾਲ ਸਵਾਗਤ ਕਰਦੀਆਂ ਹਨ। ਵੀਰ ਜਦੋਂ ਰੱਖੜੀ ਦੀ ਉਡੀਕ ਕਰਦੇ ਹਨ ਤੇ ਭਾਬੀਆਂ ਘਰ ਆਉਣ ਦਾ ਮੋਹ-ਭਿੱਜਿਆ ਸੱਦਾ ਦਿੰਦੀਆਂ ਹਨ ਤਾਂ ਸੱਚਮੁਚ ਲਗਦਾ ਹੈ ਕਿ ਅਸਲੀ ਰਿਸ਼ਤੇ ਪਿਆਰ, ਅਪਣੱਤ ਤੇ ਅਹਿਸਾਸਾਂ ਦੀ ਡੋਰ ਨਾਲ ਬੰਨ੍ਹੇ ਹੋਏ ਹੁੰਦੇ ਹਨ। ਭੂਆ ਦੀਆਂ ਨੂੰਹਾਂ ਤੇ ਮਾਸੀ ਦੀਆਂ ਨੂੰਹਾਂ, ਸਾਰੀਆਂ ਹੀ ਵੱਡੀਆਂ ਭਾਬੀਆਂ ਹਨ ਜੋ ਮੋਹ ਦੀਆਂ ਤੰਦਾਂ ਨਾਲ ਜੁੜੀਆਂ ਹੋਈਆਂ ਹਨ। ਮੈਂ ਅਕਸਰ ਇਹ ਬੋਲੀ ਗੁਣਗੁਣਾਉਂਦੀ ਤਹਾਂ:
ਵੀਰ ਮੇਰੇ ਸਿਰ ਚੀਰਾ ਸੋਹੇ, ਭਾਬੋ ਸਿਰ ਫ਼ੁਲਕਾਰੀ,
ਜੁਗ-ਜੁਗ ਜੀਅ ਭਾਬੋ,
ਲੱਗੇਂ ਵੀਰ ਤੋਂ ਪਿਆਰੀ।
ਸਚਮੁੱਚ ਭਾਬੀਆਂ ਵੀਰਿਆਂ ਵਾਂਗ ਹੀ ਪਿਆਰੀਆਂ ਹਨ। ਗਲ਼ਾਂ ਵਿਚ ਸਂੋਹਦੇ ਮੋਤੀਆਂ ਦੇ ਹਾਰ ਹੁੰਦੀਆਂ ਹਨ।
ਉਮੀਦ ਕਰਦੀ ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਨਿ ਕਿ ਸਾਡੇ ਬੱਚਿਆਂ ਵਿਚ ਵੀ ਅਜਿਹੇ ਹੀ ਸੰਸਕਾਰ ਆਉਣਗੇ ਕਿ ਉਹ ਵੀ ਰਿਸ਼ਤਿਆਂ ਦਾ ਨਿੱਘ ਮਾਣਨ। ਕੁੜੀਆਂ ਚੰਗੀਆਂ ਨਣਾਨਾਂ ਬਣਨ ਤੇ ਨੂੰਹਾਂ ਚੰਗੀਆਂ ਭਰਜਾਈਆਂ। ਤੇ ਮਿਲ ਕੇ ਬੋਲੀਆਂ-ਗਿੱਧੇ ਪਾਉਂਦੀਆਂ ਰਹਿਣ। ਘਰਾਂ ਵਿਚ ਹਾਸੇ ਖਿੜਦੇ ਰਹਿਣ। ਇਕ ਦੂਜੇ ਦੇ ਚਾਅ ਵਿਚ ਮੱਤੀਆਂ ਹੋਈਆਂ ਗਾਉਣ:
ਭਾਬੀ ਤੇ ਨਣਾਨ ਦੋਵੇਂ ਨੱਚੀਆਂ,
ਨੱਚੀਆਂ ਪੱਬਾਂ ਦਾ ਜ਼ੋਰ ਲਾ ਕੇ,
ਸਤਰੰਗੀ ਪੀਂਘ ਪਾਉਣ ਅੰਬਰੀਂ,
ਰੰਗਲੇ ਦੁਪੱਟੇ ਲਹਿਰਾ ਕੇ।
ਆਪਣੀਆਂ ਸਾਰੀਆਂ ਭਾਬੀਆਂ ਲਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਦੁਆ ਮੰਗਦੀ ਹਾਂ ਕਿ:
ਮਿਲਦੇ ਰਹਿਣ ਸਦਾ ਹੀ ਸੁੱਖ
ਪਾਸਾ ਵੱਟ ਕੇ ਲੰਘਣ ਦੁੱਖ।
ਤੇ ਨਾਲ ਹੀ ਸਰਬੱਤ ਦਾ ਭਲਾ ਮੰਗਦੀ ਹੋਈ
ਕਾਮਨਾ ਕਰਦੀ ਹਾਂ ਕਿ
ਜਿਉਂਦੇ-ਵਸਦੇ ਰਹਿਣ ਵੀਰੇ, ਜੁਗ ਜੁਗ ਜਿਉਣ ਭਰਜਾਈਆਂ
ਹਸਦੇ ਵਸਦੇ ਰਹਿਣ ਸਦਾ, ਚਾਈਂ-ਚਾਈਂ ਲਾਡ ਲਡਾਉਂਦੇ
ਵੀਰ ਭਾਬੀਆਂ ਜਾਏ, ਭਤੀਜੇ-ਭਤੀਜੀਆਂ
ਸੁਖੀ ਵਸਣ ਮਹਿਲ ਨਗਰ-ਚੁਬਾਰੇ,
ਜਿਥੇ ਵਸਦੇ ਵੀਰ ਭਾਬੀ ਪਿਆਰੇ
ਆਉਂਦੇ ਰਹਿਣ ਮੋਹ ਵਿਚ ਭਿੱਜੇ, ਤੀਆਂ ਦੇ ਸੰਧਾਰੇ
ਵਧਾਉਂਦੇ ਰਹਿਣ ਭੈਣਾਂ ਦਾ ਮਾਣ, ਰੱਖੜੀ ਦੇ ਤਿਉਹਾਰ
ਵਗਦੇ ਰਹਿਣ ਪਿਆਰ ਦੇ ਸਮੁੰਦਰ, ਵਧੇ ਮਾਪੇ ਘਰਾਂ ਦੀ ਸ਼ਾਨ।

WRITTEN BY