Skip to content
Independent perspectives. Global stories.
BREAKING

ਸਿੱਖਿਆ ਖੇਤਰ ’ਚ ਉਚੇਚੇ ਯਤਨਾਂ ਦੀ ਜ਼ਰੂਰਤ

Share this story

ਬੇਸ਼ੱਕ ਭਾਰਤ ਸਰਕਾਰ ਨੇ ਸਿੱਖਿਆ ਨੂੰ ਇੱਕ ਅਧਿਕਾਰ ਵੱਜੋਂ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਇਸ ਦੇ ਬਾਵਜੂਦ ਦੇਸ਼ ਦੇ ਵੱਡੀ ਗਿਣਤੀ ਵਿੱਚ ਬੱਚੇ ਸਿੱਖਿਆ ਦੀ ਪ੍ਰਾਪਤੀ ਤੋਂ ਵਾਂਝੇ ਹਨ। ਪੰਜਾਬ ਵਿੱਚ ਵੀ ਹਾਲੇ ਸਿੱਖਿਆ ਸਾਰੇ ਬੱਚਿਆਂ ਤੱਕ ਨਹੀਂ ਪਹੁੰਚ ਸਕੀ। ਸਰਕਾਰ ਵੱਲੋਂ ਕੀਤੇ ਗਏ ਉਪਾਅ ਵੀ ਹਾਲੇ ਲੋੜੀਂਦਾ ਅਸਰ ਨਹੀਂ ਵਿਖਾ ਸਕੇ। ਸਿੱਖਿਆ ਦੇ ਪਸਾਰ ਲਈ ਵੱਡੇ ਯਤਨਾਂ ਦੀ ਜ਼ਰੂਰਤ ਹੈ, ਪ੍ਰੰਤੂ ਸਰਕਾਰ ਇਸ ਮੁੱਦੇ ਵੱਲ ਲੋੜੀਂਦਾ ਧਿਆਨ ਨਹੀਂ ਦੇ ਰਹੀ। ਨਵੇਂ ਸਮੇਂ ਵਿੱਚ ਸਿੱਖਿਆ ਮਨੁੱਖ ਅਤੇ ਸਮਾਜ ਦੇ ਵਿਕਾਸ ਦੀ ਬੁਨਿਆਦੀ ਲੋੜ ਹੈ। ਸਿੱਖਿਆ ਦੇ ਪਸਾਰ ਤੋਂ ਬਿਨਾਂ ਕਿਸੇ ਤਰ੍ਹਾਂ ਦਾ ਵੀ ਵਿਕਾਸ ਸੰਭਵ ਨਹੀਂ ਹੈ। ਸਰਕਾਰ ਕੋਲ ਸਿੱਖਿਆ ਦੇ ਪਸਾਰ ਲਈ ਫੰਡਾਂ ਦੀ ਕਮੀ ਹੈ। ਇਸ ਕਾਰਨ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਨਿੱਜੀ ਖੇਤਰ ਦੀ ਹਿੱਸੇਦਾਰੀ ਵਧਾਉਣ ਲਈ ਜਿਹੜੇ ਯਤਨ ਕੀਤੇ ਸਨ, ਉਨ੍ਹਾਂ ਦਾ ਵੀ ਹੇਠਲੇ ਪੱਧਰ ਦੇ ਲੋਕਾਂ ਨੂੰ ਲਾਭ ਨਹੀਂ ਹੋਇਆ, ਉਲਟਾ ਇਸ ਨਾਲ ਸਿੱਖਿਆ ਦਾ ਵਪਾਰੀਕਰਨ ਹੋ ਰਿਹਾ ਹੈ ਅਤੇ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਸਿੱਖਿਆ ਦੇ ਪ੍ਰਬੰਧ ਅਤੇ ਪਸਾਰ ਦੀ ਜ਼ਿੰਮੇਵਾਰੀ ਸਰਕਾਰ ਨੂੰ ਹੀ ਲੈਣੀ ਚਾਹੀਦੀ ਹੈ। ਕੇਂਦਰ ਸਰਕਾਰ ਲਗਾਤਾਰ ਅਜਿਹੇ ਕਾਨੂੰਨ ਬਣਾ ਰਹੀ ਹੈ, ਜਿਸ ਨਾਲ ਸਿੱਖਿਆ ਦਾ ਬੇਲੋੜਾ ਵਪਾਰੀਕਰਨ ਹੋ ਰਿਹਾ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਰੱਖਿਆ ਜਾਵੇ। ਸਿੱਖਿਆ ਦੇ ਖੇਤਰ ਵਿੱਚ ਭਰਿਸ਼ਟਾਚਾਰ ਨੂੰ ਰੋਕਣ ਲਈ ਵੀ ਉਚੇਚੇ ਯਤਨ ਹੋਣੇ ਚਾਹੀਦੇ ਹਨ। ਜਦੋਂ ਦੂਜੇ ਸੈਕਟਰਾਂ ਵਿੱਚ ਭਰਿਸ਼ਟਾਚਾਰ ਫੈਲ ਰਿਹਾ ਹੈ ਤਾਂ ਵਿੱਦਿਅਕ ਖੇਤਰ ਨੂੰ ਇਸ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੈ। ਸਰਕਾਰ ਨੂੰ ਸਿੱਖਿਆ ਪ੍ਰਣਾਲੀ ਦੇ ਸੁਧਾਰ ਲਈ ਲੋਕ ਪੱਖੀ ਕਦਮ ਚੁੱਕਣੇ ਚਾਹੀਦੇ ਹਨ। ਸਰਕਾਰ ਵੱਲੋਂ ਬਣਾਏ ਗਏ ਸਿੱਖਿਆ ਅਧਿਕਾਰ ਐਕਟ ਵਿੱਚ ਵੀ ਕਈ ਵੱਡੀਆਂ ਕਮੀਆਂ ਹਨ। ਇਨ੍ਹਾਂ ਕਮੀਆਂ ਨੂੰ ਦੂਰ ਕੀਤੇ ਬਿਨਾਂ ਸਿੱਖਿਆ ਦਾ ਅਧਿਕਾਰ ਬਿਨਾਂ ਕਿਸੇ ਰੋਕ ਟੋਕ ਦੇ ਲਾਗੂ ਨਹੀਂ ਹੋ ਸਕਦਾ। ਨਿੱਜੀ ਸਿੱਖਿਆ ਸੰਸਥਾਵਾਂ ਇਸ ਕਾਨੂੰਨ ਦਾ ਮਜਾਕ ਉਡਾ ਰਹੀਆਂ ਹਨ। ਅੰਕੜਿਆਂ ਮੁਤਾਬਕ ਲੱਖਾਂ ਬੱਚੇ ਸਕੂਲਾਂ ਵਿੱਚ ਨਹੀਂ ਜਾ ਰਹੇ। ਪੰਜਾਬ ਵਿੱਚ ਵੀ ਲੱਖਾਂ ਬੱਚੇ ਸਕੂਲੀ ਸਿੱਖਿਆ ਤੋਂ ਵਾਂਝੇ ਹਨ। ਅਜਿਹਾ ਇਸ ਲਈ ਵਾਪਰ ਰਿਹਾ ਹੈ ਕਿਉਂਕਿ ਸਿੱਖਿਆ ਅਧਿਕਾਰ ਕਾਨੂੰਨ ਨੂੰ ਮੁਸ਼ਤੈਦੀ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਸੰਵਿਧਾਨ ਦੇ ਆਰਟੀਕਲ 45 ਅਨੁਸਾਰ ਭਾਰਤ ਵਿੱਚ ਸੰਨ 1960 ਤੱਕ ਸਾਖਰਤਾ ਦਾ ਟੀਚਾ ਪੂਰਾ ਕਰਨਾ ਸੀ, ਪ੍ਰੰਤੂ 71 ਸਾਲ ਗੁਜਰ ਜਾਣ ਪਿੱਛੋਂ ਵੀ ਇਹ ਟੀਚਾ ਹਾਲੇ ਅਧੂਰਾ ਹੈ। ਸਰਕਾਰ ਦੀਆਂ੍ਯ ਮੌਜੂਦਾ ਨੀਤੀਆਂ ਅਤੇ ਪਹੁੰਚ ਤੋਂ ਜਾਪਦਾ ਹੈ ਕਿ ਅਗਲੇ 100 ਸਾਲਾਂ ਵਿੱਚ ਵੀ ਸਥਿਤੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਵੇਗਾ। ਸਿੱਖਿਆ ਦੀ ਕਮੀ ਕਾਰਨ ਹੀ ਭਾਰਤ ਵੱਖ-ਵੱਖ ਖੇਤਰਾਂ ਵਿੱਚ ਪੱਛੜਿਆ ਹੋਇਆ ਹੈ। ਪਛੜੇਵੇਂ ਦੇ ਇਲਾਜ ਲਈ ਸਿੱਖਿਆ ਬੁਨਿਆਦੀ ਲੋੜ ਹੈ। ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ ਉਚੇਚੇ ਤੌਰ ’ਤੇ ਯਤਨ ਕਰਨੇ ਚਾਹੀਦੇ ਹਨ। ਸਿੱਖਿਆ ਖੇਤਰ ਲਈ ਵਧੇਰੇ ਫੰਡ ਵੀ ਸਮੇਂ ਦੀ ਲੋੜ ਹਨ।
-ਬਲਜੀਤ ਸਿੰਘ ਬਰਾੜ

WRITTEN BY