Skip to content
Independent perspectives. Global stories.
BREAKING

ਦੇਸ਼-ਵਿਦੇਸ਼ਾਂ ’ਚ ਦੀਵਾਲੀ ਦੇ ਤਿਉਹਾਰ ਦਾ ਮਹੱਤਵ

Share this story

ਸੰਸਕ੍ਰਿਤ ਦੇ ਦੋ ਸ਼ਬਦ ‘ਦੀਪ’ ਤੇ ‘ਆਂਵਲੀ’ ਤੋਂ ਬਣਿਆ ਹੈ, ‘ਦੀਪਾਵਲੀ’ ਜਾਂ ‘ਦੀਵਾਲੀ’। ਰੌਸ਼ਨੀਆਂ ਦਾ ਤਿਉਹਾਰ ਹੈ ਦੀਵਾਲੀ।ਦੀਵਾਲੀ ਤੋਂ ਕਈ-ਕਈ ਦਿਨ ਪਹਿਲਾਂ ਹੀ ਗਲੀਆਂ, ਬਜ਼ਾਰਾਂ, ਘਰਾਂ ਤੇ ਦੁਕਾਨਾਂ ਆਦਿ ਨੂੰ ਸਫਾਈ, ਰੰਗ-ਰੋਗਨ ਤੇ ਕਲੀਆਂ ਕਰਾ ਕੇ ਸਜਾਇਆ ਸਵਾਰਿਆ ਜਾਂਦਾ ਹੈ। ਦੀਵਾਲੀ ਦਾ ਤਿਉਹਾਰ ਇੱਕਲੇ ਭਾਰਤ ਵਿੱਚ ਹੀ ਨਹੀ ਸਗੋਂ ਦੇਸ਼-ਵਿਦੇਸ਼ ਵਿੱਚ ਵੀ ਬੜੀ ਹੀ ਧੂਮ-ਧਾਮ ਤੇ ਚਾਵਾਂ ਮਲਹਾਰਾਂ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਦਾ ਤਿਉਹਾਰ ਨੇਪਾਲ, ਭਾਰਤ, ਸ਼੍ਰੀ ਲੰਕਾ, ਮਿਆਂਮਾਰ, ਮਾਰੀਸ਼ਸ਼, ਗੁਆਨਾ, ਬ੍ਰਿਟੇਨ, ਨਿਊਜ਼ੀਲੈਂਡ, ਅਫਰੀਕਾ, ਅਮਰੀਕਾ, ਕੈਨੇਡਾ, ਤ੍ਰਿਨਦਾਦ, ਟੋਬੈਂਸੋ, ਸੁਰੀਨਾਮ, ਮਲੇਸ਼ੀਆਂ, ਸਿੰਘਾਪੁਰ, ਫਿਜ਼ੀ, ਗੁਆਂਢੀ ਮੁਲਕ ਪਾਕਿਸਤਾਨ ਤੇ ਆਸਟਰੇਲੀਆਂ ਵਿੱਚ ਵੀ ਬੜੇ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅਨੇਕਾਂ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ।ਜਿਵੇਂ ਉੜੀਆ ਵਿੱਚ ਦੀਪਾਵਲੀ, ਬੰਗਾਲੀ ਵਿੱਚ ਦੀਪਾਬਾੱਲੀ, ਅਸਾਮੀ ਕੰਨੜ ਮਲਿਆਲਮ ਤੇ ਤੇਲਗੂ ਵਿੱਚ ਦੀਪਾਵਲੀ, ਗੁਜਰਾਤੀ, ਹਿੰਦੀ, ਮਰਾਠੀ ਤੇ ਪੰਜਾਬੀ ਵਿੱਚ ਦੀਵਾਲੀ, ਸਿੰਧੀ ਵਿੱਚ ਦਿਆਰੀ, ਤੇ ਨੇਪਾਲੀ ਵਿੱਚ ਤਿਹਾਰ ਜਾਂ ਸਵਾਂਤੀ ਆਦਿ ਪ੍ਰਮੁੱਖ ਨਾਂਅ ਹਨ। ਦੀਵਾਲੀ ਬੁਰਾਈ ਤੇ ਅੱਛਾਈ, ਅੰਧਕਾਰ ਤੇ ਪ੍ਰਕਾਸ਼, ਅਗਿਆਨ ਤੇ ਗਿਆਨ ਤੇ ਨਿਰਾਸ਼ਾ ਤੇ ਆਸ਼ਾ ਦੀ ਜਿੱਤ ਨੂੰ ਦਰਸਾਉਂਦਾ ਤਿਉਹਾਰ ਹੈ।
ਨੇਪਾਲ- ਨੇਪਾਲ ਵਿੱਚ ਦੀਵਾਲੀ ਨੂੰ ‘ਤਿਹਾਰ’ ਜਾਂ ‘ਸਵਾਂਤੀ’ ਕਿਹਾ ਜਾਂਦਾ ਹੈ। ਇਹ ਦੀਵਾਲੀ ਤੋਂ ਪੰਜ ਦਿਨ ਅਗਾਂਹ ਤੱਕ ਮਨਾਇਆ ਜਾਂਦਾ ਹੈ ਤੇ ਇੱਕ ਵੱਖਰੀ ਤਰ੍ਹਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।ਪਹਿਲੇ ਦਿਨ ‘ਕਾਗ ਤਿਹਾਰ’ ਤੇ ਕਾਵਾਂ ਨੂੰ ਭੋਜਨ ਖਵਾਇਆ ਜਾਂਦਾ ਹੈ।ਦੂਸਰੇ ਦਿਨ ‘ਕੂਕਰ ਤਿਹਾਰ’ ਤੇ ਕੁੱਤੇ ਨੂੰ ਇਨਸਾਨ ਦਾ ਵਫਾਦਾਰ ਸਾਥੀ ਸਮਝ ਕੇ ਖਾਣ ਪੀਣ ਲਈ ਖਾਣਾ ਦਿੱਤਾ ਜਾਂਦਾ ਹੈ।‘ਗਾਯ ਤਿਹਾਰ’ ਤੇ ‘ਗੋਰੂ ਤਿਹਾਰ’ ਤੇ ਗਾਂ ਤੇ ਬੈਲ ਨੂੰ ਨਹਿਲਾ ਕੇ ਖੂਬ ਚੰਗੀ ਤਰ੍ਹਾਂ ਸਜਾਇਆ ਤੇ ਖੂਬ ਖਵਾਇਆ ਜਾਂਦਾ ਹੈ।ਤੀਜੇ ਦਿਨ ਲੱਛਮੀ ਪੂਜਾ ਕੀਤੀ ਜਾਂਦੀ ਹੈ।ਨੇਪਾਲ ਵਿੱਚ ਦੀਵਾਲੀ ਤੋਂ ਅੱਗੇ ਤੀਜਾ ਦਿਨ ਸਾਲ ਦਾ ਆਖਰੀ ਦਿਨ ਹੁੰਦਾ ਹੈ। ਵਪਾਰੀ ਇਸ ਦਿਨ ਪੁਰਾਣੇ ਖਾਤੇ ਖਤਮ ਕਰ ਦਿੰਦੇ ਹਨ ਤੇ ਨਵੇਂ ਸ਼ੁਰੂ ਕਰ ਲੈਂਦੇ ਹਨ। ਇਸ ਦਿਨ ਤੇਲ ਦੇ ਦੀਵੇ ਘਰਾਂ ਦੇ ਦਰਵਾਜੇ ਤੇ ਖਿੜਕੀਆਂ ਕੋਲ ਜਗਾਏ ਜਾਦੇ ਹਨ। ਚੌਥੇ ਦਿਨ ਨੂੰ ਨਵੇਂ ਸਾਲ ਦੀ ਆਮਦ ਵਜ਼ੋਂ ਮਨਾਇਆ ਜਾਂਦਾ ਹੈ। ਪੰਜਵਾਂ ਤੇ ਆਖਰੀ ਦਿਨ ਭਾਈ ਟਿੱਕਾ ਕਰਕੇ ਮਨਾਇਆ ਜਾਂਦਾ ਹੈ।ਇਸ ਦਿਨ ਭੈਣ ਭਾਈ ਆਪਸ ਵਿੱਚ ਮਿਲ ਕੇ ਇੱਕ ਦੂਜੇ ਨੂੰ ਮਾਲਾ ਪਹਿਨਾਉਂਦੇ ਹਨ ਤੇ ਚੰਗੇ ਕੰਮਾਂ ਲਈ ਪ੍ਰਥਨਾ ਕੀਤੀ ਜਾਂਦੀ ਹੈ ਤੇ ਮੱਥਾ ਤੇ ਟਿੱਕਾ ਲਗਾਇਆ ਜਾਂਦਾ ਹੈ। ਭਰਾ ਆਪਣੀਆਂ ਭੈਣਾ ਨੂੰ ਤੋਹਫੇ ਦਿੰਦੇ ਹਨ ਤੇ ਭੈਣਾਂ ਆਪਣੇ ਭਰਾਵਾਂ ਨੂੰ ਲਜ਼ੀਜ਼ ਖਾਣੇ ਖਵਾਉਂਦੀਆਂ ਹਨ।
ਮਲੇਸ਼ੀਆਂ- ਮਲੇਸ਼ੀਆਂ ਵਿੱਚ ਇਹ ਤਿਉਹਾਰ ਭਾਰਤੀ ਪਰੰਮਪਰਾ ਅਨੁਸਾਰ ਹੀ ਮਨਾਇਆ ਜਾਂਦਾ ਹੈ।‘ੳਪਨ ਹਾਊਸਿਸ’ ਮਲੇਸ਼ੀਆਈ ਆਯੋਜਿਤ ਕਰਦੇ ਹਨ। ਇਸ ਦਿਨ ਵੱਖ-ਵੱਖ ਜਾਤੀਆਂ ਤੇ ਧਰਮਾਂ ਦੇ ਲੋਕਾਂ ਦਾ ਸਵਾਗਤ ਕੀਤਾ ਜਾਂਦਾ ਹੈ। ਮਲੇਸ਼ੀਆ ਦੀ ਦੀਵਾਲੀ ਦਾ ਤਿਉਹਾਰ ਧਾਰਮਿਕ ਸਦਭਾਵਨਾ, ਮਲੇਸ਼ੀਆ ਦੇ ਧਾਰਮਿਕ ਤੇ ਜਾਤੀ ਸਮੂਹਾਂ ਵਿੱਚ ਮਹੱਤਵਪੂਰਨ ਸਬੰਧਾਂ ਲਈ ਇੱਕ ਵਧੀਆ ਅਵਸਰ ਬਣ ਗਿਆ ਹੈ।ਇਸ ਦਿਨ ਮਲੇਸ਼ੀਆਂ ਵਿੱਚ ਛੁੱਟੀ ਹੁੰਦੀ ਹੈ।
ਸਿੰਘਾਪੁਰ- ਸਿੰਘਾਪੁਰ ਵਿੱਚ ਦੀਵਾਲੀ ਦਾ ਤਿਉਹਾਰ ਭਾਰਤੀਆਂ ਵੱਲੋਂ ਬੜੀ ਸੱਜ-ਧੱਜ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸਿੰਘਾਪੁਰ ਵਿੱਚ ਸਰਕਾਰੀ ਛੁੱਟੀ ਹੁੰਦੀ ਹੈ। ਭਾਰਤੀ ਲੋਕਾਂ ਵੱਲੋਂ ਬਜ਼ਾਰਾਂ ਵਿੱਚ ਪ੍ਰਦਰਸ਼ਨੀਆਂ, ਪਰੇਡਾਂ, ਸੰਗੀਤ ਤੇ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਦੌਰਾਨ ‘ਲਿਟਲ ਇੰਡੀਆ’ ਦੇ ਇਲਾਕੇ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ। ਸਿੰਘਾਪੁਰ ਦੀ ਸਰਕਾਰ ਦੇ ਨਾਲ-ਨਾਲ ਉਥੋਂ ਦੇ ‘ਬੰਦੋਬਸਤੀ ਬੋਰਡ’ ਇਸ ਉਤਸਵ ਦੇ ਦੌਰਾਨ ਕਈ ਪ੍ਰੋਗਰਾਮਾਂ ਦਾ ਅਯੋਜਨ ਕਰਦੇ ਹਨ।
ਸ਼੍ਰੀ ਲੰਕਾ- ਸ਼੍ਰੀ ਲੰਕਾ ਵਿੱਚ ਇਹ ਤਿਉਹਾਰ ਤਾਮਿਲ ਲੋਕਾਂ ਵੱਲੋਂ ਬੜੀ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਅਵਸਰ ਤੇ ਲੋਕ ਸਵੇਰ ਸਮੇਂ ਤੇਲ ਨਾਲ ਇਸ਼ਨਾਨ ਕਰਦੇ ਹਨ ਤੇ ਨਵੇਂ ਕੱਪੜੇ ਪਾਉਂਦੇ ਹਨ। ਇੱਕ ਦੂਜੇ ਨੂੰ ਉਪਹਾਰ ਦਿੰਦੇ ਹਨ। ਮੰਦਿਰਾਂ ਵਿੱਚ ਪੂਜਾ ਕਰਦੇ ਹਨ। ਸ਼ਾਮ ਨੂੰ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਘਰ ਵਿੱਚੋਂ ਸਭ ਬੁਰਾਈਆਂ ਦਾ ਅੰਤ ਕਰਨ ਲਈ ਤੇਲ ਦੇ ਦੀਵੇ ਜਗ੍ਹਾ ਕੇ ਲੱਛਮੀ ਨੂੰ ਘਰ ਆਉਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਸ਼੍ਰੀ ਲੰਕਾ ਵਿੱਚ ਖੇਲ, ਆਤਿਸ਼ਬਾਜ਼ੀ, ਗਾਉਣ, ਨ੍ਰਿਤ ਤੇ ਭੋਜਨ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ।ਸ਼੍ਰੀ ਲੰਕਾ ਵਿੱਚ ਵੀ ਇਸ ਦਿਨ ਤੇ ਛੁੱਟੀ ਹੁੰਦੀ ਹੈ।
ਆਸਟਰੇਲੀਆ- ਆਸਟਰੇਲੀਆ ਦੇ ਮੈਲਬੋਰਨ ਸ਼ਹਿਰ ਵਿੱਚ ਭਾਰਤੀ ਲੋਕਾਂ ਵੱਲੋਂ ਬੜੀ ਸ਼ਾਨੋ-ਸ਼ੌਕਤ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਜਾਦਾ ਹੈ। ਸੰਨ 2006 ਵਿੱਚ ਮੈਲਬੋਰਨ ਵਿੱਚ ਇਸ ਤਿਉਹਾਰ ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਇਹ ਦੀਵਾਲੀ ਦਾ ਤਿਉਹਾਰ ਮੈਲਬੋਰਨ ਦੇ ਕੈਲੰਡਰ ਦੀ ਇੱਕ ਤਰੀਕ ਬਣ ਗਿਆ ਹੈ। ਉਥੇ ਇਹ ਤਿਉਹਾਰ ਇੱਕ ਸਪਤਾਹ ਤੱਕ ਮਨਾਇਆ ਜਾਂਦਾ ਹੈ। ਇਸ ਦਿਨ ਮੈਲਬੋਰਨ ਵਿੱਚ ਵਿਕਟੋਰੀਆ ਸੰਸਦ, ਮੈਲਬੋਰਨ ਸੰਗਰਹਲਾਯ, ਫੈਡਰੇਸ਼ਨ ਸਕਵਾਇਰ, ਮੈਲਬੋਰਨ ਹਵਾਈ ਅੱਡੇ, ਦੂਤਾਵਾਸ ਤੇ ਇਤਹਾਸਿਕ ਇਮਾਰਤਾਂ ਨੂੰ ਇੱਕ ਸਪਤਾਹ ਤੱਕ ਸਜਾਇਆ ਜਾਂਦਾ ਹੈ। ਦੀਵਾਲੀ ਦਾ ਤਿਉਹਾਰ ਨਿਯਮਤ ਰੂਪ ਨਾਲ ਰਾਸ਼ਟਰੀ ਸੰਗਠਨ ਏ.ਐਫ.ਐਲ, ਕ੍ਰਿਕੇਟ ਆਸਟਰੇਲੀਆ, ਵਾਈਟ ਰਿਬਨ, ਮੈਲਬੋਰਨ ਹਵਾਈ ਅੱਡੇ, ਸੰਗਠਨ ਤੇ ਕਲਾਕਾਰਾਂ ਨੂੰ ਆਕਰਸ਼ਿਤ ਕਰਦੀ ਹੈ। ਦੀਵਾਲੀ ਦੇ ਤਿਉਹਾਰ ਨੂੰ ਆਸਟਰੇਲੀਆ ਵਿੱਚ ਸਭ ਤੋਂ ਵੱਡੇ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਅਮਰੀਕਾ- ਅਮਰੀਕਾ ਵਿੱਚ ਇਹ ਤਿਉਹਾਰ ਸੰਨ 2003 ਵਿੱਚ ਵਾਈਟ ਹਾਊਸ ਵਿੱਚ ਪਹਿਲੀ ਵਾਰ ਮਨਾਇਆ ਗਿਆ ਸੀ, ਪਰ ਇਸ ਤਿਉਹਾਰ ਨੂੰ 2007 ਵਿੱਚ ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਜ਼ਾਰਜ ਬੁਸ਼ ਵੱਲੋਂ ਅਧਿਕਾਰਕ ਦਰਜਾ ਦਿੱਤਾ ਗਿਆ ਸੀ।ਫਿਰ ਸੰਨ 2009 ਵਿੱਚ ਰਾਸ਼ਟਰਪਤੀ ਬਰਾਕ ਉਬਾਮਾ ਨੇ ਵਾਈਟ ਹਾਊਸ ਵਿੱਚ ਵਿਆਕਤੀਗਤ ਰੂਪ ਵਿੱਚ ਦੀਵਾਲੀ ਵਿੱਚ ਭਾਗ ਲੈਣ ਵਾਲੇ ਪਹਿਲੇ ਰਾਸ਼ਟਰਪਤੀ ਬਣੇ। ਸੰਨ 2009 ਵਿੱਚ ਕਾਊਬਾਏ ਸਟੇਡੀਅਮ ਵਿੱਚ ਦੀਵਾਲੀ ਮੇਲੇ ਤੇ ਇੱਕ ਲੱਖ ਲੋਕਾਂ ਦੀ ਆਮਦ ਦਾ ਦਾਵਾ ਕੀਤਾ ਸੀ। ਸੰਨ 2009 ਵਿੱਚ ‘ਸੈਨ ਐਨਟੋਨੀਉ’ ਆਤਿਸ਼ਬਾਜ਼ੀ ਪ੍ਰਦਰਸ਼ਨ ਸਹਿਤ ਇੱਕ ਅਧਿਕਾਰਿਕ ਦੀਵਾਲੀ ਉਤਸਵ ਪ੍ਰਾਯੋਜਿਤ ਕਰਨ ਵਾਲਾ ਪਹਿਲਾ ਅਮਰੀਕਾ ਸ਼ਹਿਰ ਬਣ ਗਿਆ। ਸੰਨ 2011 ਵਿੱਚ ਨਿਊਯਾਰਕ ਸ਼ਹਿਰ ‘ਪਿਰੇ’ ਵਿੱਚ ਜੋ ਟਾਟਾ ਸਮੂਹ ਦੇ ਤਾਜ ਹੋਟਲ ਦੁਆਰਾ ਸੰਚਾਲਿਤ ਹੈ, ਨੇ ਆਪਣੀ ਪਹਿਲੀ ਦੀਵਾਲੀ ਉਤਸਵ ਦਾ ਆਯੋਜਨ ਕੀਤਾ।
ਬ੍ਰਿਟੇਨ- ਬ੍ਰਿਟੇਨ ਵਿੱਚ ਵੀ ਭਾਰਤੀ ਲੋਕ ਬੜੇ ਉਤਸ਼ਾਹ ਨਾਲ ਦੀਵਾਲੀ ਮਨਾਉਂਦੇ ਹਨ। ਇਸ ਦਿਨ ਲੋਕ ਆਪਣੇ ਘਰਾਂ ਵਿੱਚ ਦੀਵੇ, ਮੋਮਬੱਤੀਆਂ ਜਗਾਉਂਦੇ ਹਨ। ਇੱਕ ਦੂਜੇ ਨੂੰ ਤੋਹਫੇ ਦੇ ਰੂਪ ਵਿੱਚ ਮਠਿਆਈਆਂ ਦਿੰਦੇ ਹਨ। ਧਾਰਮਿਕ ਸਮਾਰੋਹਾਂ ਵਿੱਚ ਇੱਕਠੇ ਹੋ ਕੇ ਭਾਗ ਲੈਂਦੇ ਹਨ। ਪਿਛਲੇ ਸਾਲਾਂ ਦੌਰਾਨ ਪ੍ਰਿੰਸ ਚਾਰਲਸ ਨੇ ਵੀ ਦੀਵਾਲੀ ਸਮਾਰੋਹ ਵਿੱਚ ਹਿੱਸਾ ਲਿਆ ਸੀ। ਸੰਨ 2009 ਤੋਂ ਬਾਅਦ ਦੀਵਾਲੀ ਹਰ ਸਾਲ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਤੇ ਮਨਾਈ ਜਾਂਦੀ ਹੈ।
ਨਿਊਜ਼ੀਲੈਂਡ- ਨਿਊਜ਼ੀਲੈਂਡ ਵਿੱਚ ਵੀ ਦੀਵਾਲੀ ਸਮੇਂ ਖੂਬ ਰੌਣਕਾਂ ਹੁੰਦੀਆ ਹਨ।ਸੰਨ 2003 ਵਿੱਚ ਨਿਊਜ਼ੀਲੈਂਡ ਦੀ ਸੰਸਦ ਵਿੱਚ ਦੀਵਾਲੀ ਆਯੋਜਿਤ ਕੀਤੀ ਗਈ ਸੀ। ਇਸ ਦਿਨ ਪੂਜਾ ਅਰਚਨਾ ਕੀਤੀ ਜਾਂਦੀ ਹੈ। ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ਤੇ ਇੱਕ ਦੂਜੇ ਨੂੰ ਤੋਹਫੇ ਦਿੱਤੇ ਜਾਂਦੇ ਹਨ।
ਫਿਜ਼ੀ- ਫਿਜ਼ੀ ਵਿੱਚ ਇਹ ਤਿਉਹਾਰ 19ਵੀਂ ਸਦੀ ਦੇ ਦੌਰਾਨ ਤਤਕਾਲੀਨ ਕਾਲੌਨੀ ਵਿੱਚ ਬ੍ਰਿਟਿਸ਼ ਸ਼ਾਸਨ ਦੇ ਦੌਰਾਨ ਭਾਰਤੀ ਉਪਮਹਾਂਦੀਪ ਵਿੱਚ ਗਿਰਮਿਟੀਆਂ ਮਜ਼ਦੂਰਾਂ ਵੱਲੋਂ ਮਨਾਇਆ ਗਿਆ ਸੀ।ਫਿਜ਼ੀ ਵਿੱਚ ਹਿੰਦੂ, ਸਿੱਖ, ਈਸਾਈਆਂ ਤੋਂ ਇਲਾਵਾ ਮੁਸਲਮਾਨ ਵੀਰ ਵੀ ਇਹ ਤਿਉਹਾਰ ਦੋਸਤਾਂ ਤੇ ਪਰਿਵਾਰਾਂ ਸਮੇਤ ਛੁੱਟੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਸੰਕੇਤ ਦੇ ਰੂਪ ਵਿੱਚ ਦੀਵਾਲੀ ਦਾ ਜਸ਼ਨ ਮਨਾਉਂਦੇ ਹਨ। ਦੀਵਾਲੀ ਸਮਾਰੋਹ ਸਮੇਂ ਨਵੇਂ-ਨਵੇਂ ਕੱਪੜੇ, ਹੋਰ ਖ੍ਰੀਦੋ ਫਰੋਖਤ ਕਰਨ ਦੇ ਨਾਲ-ਨਾਲ ਘਰਾਂ ਦੀ ਸਾਫ-ਸਫਾਈ ਦਾ ਵੀ ਬਾਖੂਬੀ ਖਿਆਲ ਰੱਖਿਆ ਜਾਂਦਾ ਹੈ।ਘਰਾਂ ਵਿੱਚ ਤੇਲ ਦੇ ਦੀਵੇ ਤੇ ਮੋਮਬੱਤੀਆਂ ਜਗਾਈਆਂ ਜਾਂਦੀਆਂ ਹਨ। ਮਠਿਆਈਆਂ ਤੇ ਵਧੀਆਂ ਪਕਵਾਨ ਬਣਾਏ ਜਾਂਦੇ ਹਨ। ਦੀਵਾਲੀ ਤੋਂ ਦੋ ਦਿਨ ਪਹਿਲਾਂ ਤੇ ਦੋ ਦਿਨ ਬਾਦ ਤੱਕ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ।ਫਿਜ਼ੀ ਵਿੱਚ ਦੀਵਾਲੀ ਵਾਲੇ ਦਿਨ ਛੁੱਟੀ ਹੁੰਦੀ ਹੈ।
ਪੰਜਾਬ- ਸਾਰੇ ਪੰਜਾਬ ਵਿੱਚੋਂ ਅੰਮ੍ਰਿਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ। ਦੂਰ-ਦੁਰਾਡਿਉਂ ਲੋਕ ਦਰਬਾਰ ਸਾਹਿਬ ਅੰਮ੍ਰਿਤਸਰ ਦੀਵਾਲੀ ਦੇਖਣ ਪਹੁੰਚਦੇ ਹਨ। ਖੂਬ ਰੌਣਕਾਂ ਲੱਗਦੀਆਂ ਹਨ। ਸੌ ਗੱਲਾਂ ਦੀ ਇੱਕੋ ਗੱਲ ਕਿ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।’

WRITTEN BY