ਹਰ ਮਾਂ ਬਾਪ ਦਾ ਇਹ ਸੁਪਨਾ ਹੁੰਦਾ ਹੈ ਕਿ ਉਸਦੇ ਬਚੇ ਚੰਗੀ ਪੜ੍ਹਾਈ ਲਿਖਾਈ ਕਰ ਕੇ ਕਿਸੇ ਚੰਗੇ ਮੁਕਾਮ ਤੇ ਪਹੁੰਚਣ ਅਤੇ ਇਕ ਸਚੀ ਸੁਚੀ ਵਿਚਾਰਧਾਰਾ ਦੇ ਧਾਰਨੀ ਬਣਨ। ਪਰ ਅਜ ਦੇ ਸਮਾਜ ਵਿਚ ਇਹ ਕਿਵੇਂ ਸੰਭਵ ਹੋ ਸਕਦਾ ਹੈ ਜਿਥੇ ਦਸ ਦਸ ਵਰ੍ਹਿਆਂ ਦੇ ਬਚਿਆਂ ਨੂੰ ਸ਼ਰਾਬ, ਸਿਗਰੇਟ ਦੇ ਹਰ ਬ੍ਰਾਂਡ ਅਤੇ ਕੀਮਤ ਦਾ ਹੀ ਨਹੀਂ ਸਗੋਂ ਉਨ੍ਹਾਂ ਤੇ ਚਲਦੀਆਂ ਬੈਸਟ ਆਫਰਾਂ ਦਾ ਵੀ ਪਤਾ ਹੈ।ਮੈਂਨੂੰ ਬੜਾ ਦੁਖ ਲਗਾ ਜਦੋਂ ਥੋੜੇ ਦਿਨ ਪਹਿਲਾਂ ਇੰਟਰਨੈਟ ਤੇ ਇਕ ਵੀਡੀਓ ਵੇਖੀ ਜਿਸ ਵਿਚ ਦਸ ਬਾਰਾਂ ਵਰਿਆਂ ਦੇ ਕਈ ਬਚੇ ਸਕੂਲ ਦੀ ਇਮਾਰਤ ਦੇ ਪਿਛੇ ਲੁੱਕ ਕੇ ਸਿਗਰਟਾਂ ਤੇ ਸਿਗਰਟਾਂ ਪੀ ਰਹੇ ਸਨ, ਇਹ ਵੀਡੀਓ ਕਿਸੇ ਦੁਆਰਾ ਲੁਕ ਕੇ ਬਣਾਈ ਗਈ ਸੀ। ਇਹ ਬਚੇ ਵਰਦੀ ਤੋਂ ਕਿਸੇ ਪਬਲਿਕ ਸਕੂਲ ਦੇ ਹੀ ਲਗ ਰਹੇ ਸਨ। ਦੇਖ ਕੇ ਲਗਦਾ ਸੀ ਕਿ ਕਈ ਬਚੇ ਦਸਵੀਂ ਜਮਾਤ ਦੇ ਹੋਣੇ ਪਰ ਕਈ ਬਿਲਕੁਲ ਛੋਟੇ ਸਨ। ਵੀਡੀਓ ਵਿਚ ਇਕ ਬਿਲਕੁਲ ਨਿਕੀ ਉਮਰ ਦੇ ਬਚੇ ਨੂੰ ਸਿਗਰਟ ਪੀਂਦੇ ਸਮੇਂ ਬੜੀ ਭਿਆਨਕ ਜਿਹੀ ਖੰਘ ਛਿੜਦੀ ਹੈ ਪਰ ਇਕ ਵਡਾ ਬਚਾ ਉਸਨੂੰ ਆਰਾਮ ਨਾਲ ਪੀਣ ਲਈ ਕਹਿੰਦਾ ਹੈ ਜਿਵੇਂ ਕਿਸੇ ਚੰਗੇ ਸਮਾਜ ਭਲਾਈ ਦੇ ਕੰਮ ਲਈ ਪ੍ਰੇਰ ਰਿਹਾ ਹੋਵੇ। ਉਸ ਨਿਕੇ ਬਚੇ ਦੀ ਖੰਘ ਨੂੰ ਦੇਖ ਕੇ ਲਗ ਰਿਹਾ ਸੀ ਕਿ ਇਸ ਬਚੇ ਦਾ ਅੰਦਰੂਨੀ ਭਾਗ ਕੁਝ ਮਹੀਨਿਆਂ ਵਿਚ ਹੀ ਨਸ਼ਟ ਹੋ ਜਾਵੇਗਾ। ਤੇ ਉਸਨੂੰ ਸਿਗਰਟ ਪੀਣ ਲਈ ਜੋ ਵਡੀ ਉਮਰ ਵਾਲਾ ਪ੍ਰੇਰ ਰਿਹਾ ਸੀ,ਉਸ ਸਮੇਂ ਨਿਕਾ ਬਚਾ ਉਸਨੂੰ ਅਪਣਾ ਬਹੁਤ ਹਮਦਰਦ ਸਮਝ ਰਿਹਾ ਹੋਵੇਗਾ। ਉਸ ਸਮੇਂ ਮੈਂ ਸੋਚ ਰਿਹਾ ਸੀ ਕਿ ਨਿਕੇ ਨਿਕੇ ਮਸੂਮ ਬਚੇ ਉਹਨਾਂ ਖ਼ਾਲੀ ਪੰਨਿਆਂ ਦੀ ਤਰ੍ਹਾਂ ਹੁੰਦੇ ਹਨ, ਤੁਸੀਂ ਜੋ ਵੀ ਉਹਨਾਂ ਤੇ ਲਿਖੋਗੇ, ਉਹ ਕਬੂਲ ਕਰ ਲੈਣਗੇ। ਉਹ ਬਚਾ ਜਿਸਦੇ ਮਾਂ ਬਾਪ ਲਖਾਂ ਸੁਪਨੇ ਸਜਾ ਕੇ ਉਸਨੂੰ ਘਰੋਂ ਪੜ੍ਹਨ ਲਈ ਤੋਰਦੇ ਹਨ ਉਹਨਾਂ ਨੇ ਸ਼ਾਇਦ ਇਹ ਨਹੀਂ ਸੋਚਿਆ ਹੋਵੇਗਾ ਕਿ ਉਹਨਾਂ ਦਾ ਮਸੂਮ ਬਚਾ ਚੁਪਚਾਪ ਅਪਣੀ ਜ਼ਿੰਦਗੀ ਨੂੰ ਨਸ਼ਟ ਕਰਨ ਵਿਚ ਵਿਅਸਤ ਹੈ।ਪਤਾ ਨਹੀਂ ਕਿੰਨੇ ਕੁ ਬਚੇ ਘਰਦਿਆਂ ਤੋਂ ਬੇਖਬਰ ਇਸ ਦਲਦਲ ਦਾ ਸਿਕਾਰ ਹੋ ਰਹੇ ਹਨ।
? ਇਕ ਦਿਨ ਜਦੋਂ ਮੈਂ ਬੈਠ ਕੇ ਸੋਚਿਆ ਕਿ ਅਜਿਹੇ ਵਾਪਰ ਰਹੇ ਵਰਤਾਰੇ ਦਾ ਕਾਰਨ ਕੀ ਹੈ ਤੇ ਇਸਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ।
? ਇਸਦਾ ਕਿਤੇ ਨਾ ਕਿਤੇ ਵਡਾ ਕਾਰਨ ਇਹ ਵੀ ਹੈ ਕਿ ਅਸੀਂ ਆਪ ਪਰਪਖ ਨਾ ਹੋਣ ਕਰਕੇ ਬਚਿਆਂ ਨੂੰ ਨੈਤਿਕਤਾ ਦੀ ਸਿਖਿਆ ਦੇਣ ਵਿਚ ਅਸਫਲ ਰਹੇ ਅਤੇ ਸਾਡਾ ਜਿਆਦਾ ਜੋਰ ਉਹਨਾਂ ਨੂੰ ਧਾਰਮਿਕ ਗਤੀਵਿਧੀਆਂ ਵਲ ਮੋੜਨ ਦਾ ਰਿਹਾ ਜਿਸਦੇ ਨਾਕਾਮ ਨਤੀਜੇ ਅਜ ਸਾਡੇ ਸਾਹਮਣੇ ਹਨ ।ਇਹ ਵੀ ਠੀਕ ਹੈ ਕਿ ਮਾਂ ਬਾਪ ਸਾਰਾ ਦਿਨ ਬਚੇ ਦੇ ਮਗਰ ਨਹੀਂ ਫਿਰ ਸਕਦੇ, ਪਰ ਅਜੇ ਵੀ ਇਕ ਅਜਿਹਾ ਹਥਿਆਰ ਹੈ ਜੋ ਸਾਡੀ ਇਸ ਬਿਮਾਰੀ ਦਾ ਜੜੋਂ ਇਲਾਜ ਕਰਨ ਵਿਚ ਸਮਰਥ ਹੈ। ਉਹ ਹੈ ਵਿਸ਼ਵ ਪ੍ਰਸਿਧ ਮਹਾਨ ਵਿਦਵਾਨ ਗੌਤਮ ਬੁਧ ਦਾ ਜੀਵਨ ਅਤੇ ਸਿਖਿਆਵਾਂ। ਅਸੀਂ ਕੁਝ ਨਹੀਂ ਕਰਨਾ, ਬਸ ਗੌਤਮ ਬੁਧ ਦਾ ਸਾਹਿਤ ਅਪਣੇ ਘਰਾਂ ਵਿਚ ਲਿਆ ਕੇ ਰਖਣਾ ਹੈ, ਪੜ੍ਹ ਬਚੇ ਖੁਦ ਲੈਣਗੇ।ਆਪ ਸਭ ਮਾਪਿਆਂ ਨੂੰ ਹਥ ਜੋੜ ਕੇ ਬੇਨਤੀ ਹੈ ਕਿ ਧਰਮਾਂ ਤੋਂ ਉਪਰ ਉਠ ਕੇ ਅਪਣੇ ਬਚਿਆਂ ਦੀ ਸੁਚਜੀ ਜ਼ਿੰਦਗੀ ਲਈ ਇਕ ਵਾਰ ਇਹ ਨੁਕਤਾ ਜਰੂਰ ਵਰਤ ਕੇ ਦੇਖੋ, ਸਾਡੇ ਬਚਿਆਂ ਦੀ ਜ਼ਿੰਦਗੀ ਬਦਲ ਜਾਵੇਗੀ।ਇਥੇ ਮੇਰਾ ਮਤਲਬ ਕੋਈ ਬੁਧ ਧਰਮ ਅਪਨਾਉਣ ਬਾਰੇ ਨਹੀਂ ਹੈ ਸਗੋਂ ਗੌਤਮ ਬੁਧ ਦੀਆਂ ਸਿਖਿਆਵਾਂ ਵਿਚ ਪਏ ਉਸ ਸਚੇ ਗਿਆਨ ਤੋਂ ਹੈ ਜੋ ਸਮੁਚੇ ਸੰਸਾਰ ਲਈ ਲਾਭਕਾਰੀ ਹੈ। ਗੌਤਮ ਬੁਧ ਦੀ ਮਹਾਨ ਵਿਚਾਰਧਾਰਾ ਐਨੀ ਦ੍ਰਿੜ ਊਰਜਾ ਨਾਲ ਭਰਪੂਰ ਹੈ ਜਿਥੇ ਅਸੰਭਵ ਸ਼ਬਦ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਘਰ ਦੇ ਨਾਬਾਲਿਗ ਬਚਿਆਂ ਨੂੰ ਗੌਤਮ ਬੁਧ ਸਾਹਿਤ ਪੜ੍ਹਨ ਲਈ ਪ੍ਰੇਰਿਆ ਜਾਵੇਗਾ ਉਹਨਾਂ ਘਰਾਂ ਵਿਚੋਂ ਅਜਿਹੇ ਬਾਲਗ ਪੈਦਾ ਹੋਣਗੇ ਜੋ ਖੁਦ ਕਦੇ ਨਸ਼ਿਆਂ ਵਲ ਵੇਖਣਾ ਤਾਂ ਦੂਰ ਦੀ ਗਲ, ਸਗੋਂ ਦੂਜਿਆਂ ਨੂੰ ਵੀ ਅਜਿਹੀਆਂ ਕੁਰੀਤੀਆਂ ਤੋਂ ਬਚਾਉਣ ਵਿਚ ਸਫਲ ਹੋਣਗੇ।



