Skip to content
Independent perspectives. Global stories.
BREAKING

ਦੀਨ ਦੁਨੀਆਂ ਦੇ ਦੁੱਖਾਂ ਦੇ ਨਿਵਾਰਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

Share this story

ਸਿੱਖ ਧਰਮ ਵਿਚ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸਭ ਤੋਂ ਛੋਟੀ ਉਮਰ ਵਿਚ ਗੁਰਗੱਦੀ ’ਤੇ ਬੈਠਣ ਦਾ ਮਾਣ ਪ੍ਰਾਪਤ ਹੋਇਆ। ਆਪ ਦਾ ਜਨਮ ਗੁਰੂ ਹਰਿਰਾਏ ਜੀ ਦੇ ਘਰ 7 ਜੁਲਾਈ 1656 ਈ: ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਆਪ ਨੂੰ ‘ਬਾਲ ਗੁਰੂ’ ਅਤੇ ‘ਬਾਲਾ ਪ੍ਰੀਤਮ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਪ ਪੰਜ ਸਾਲ ਦੀ ਉਮਰ ਵਿਚ ਗੁਰਗੱਦੀ ’ਤੇ ਬੈਠੇ ਅਤੇ 8 ਸਾਲ ਦੀ ਉਮਰ ਵਿਚ ਜੋਤੀ-ਜੋਤ ਸਮਾ ਗਏ।
1661-1664 ਈ ਦਾ ਸਮਾਂ ਸਿੱਖ ਇਤਿਹਾਸ ਲਈ ਕਾਫੀ ਵਿਲੱਖਣ ਰਿਹਾ। ਇੱਕ ਤਾਂ ਬਹੁਤੇ ਲੋਕਾਂ ਦੇ ਮਨਾਂ ਵਿਚ ਇਹ ਗੱਲ ਘਰ ਕਰ ਚੁੱਕੀ ਸੀ ਕਿ ਆਪ ਇੰਨੀ ਛੋਟੀ ਉਮਰ ਵਿਚ ਸਿੱਖ ਧਰਮ ਅਤੇ ਜੱਥੇਬੰਦੀ ਦੀ ਅਗਵਾਈ ਨਹੀਂ ਕਰ ਸਕੋਗੇ, ਦੂਜੇ ਪਾਸੇ ਆਪ ਦੇ ਵੱਡੇ ਭਰਾ ਰਾਮ ਰਾਇ ਨੇ ਗੁਰਗੱਦੀ ਹਾਸਲ ਕਰਨ ਲਈ ਬਹੁਤ ਯਤਨ ਕੀਤੇ। ਇਸ ਪਿੱਛੇ ਸਵਾਰਥੀ ਅਤੇ ਹੰਕਾਰੀ ਮਸੰਦਾਂ ਦਾ ਕਾਫੀ ਹੱਥ ਸੀ, ਜਿਨ੍ਹਾਂ ਦਾ ਮੁੱਖ ਨਿਸ਼ਾਨਾ ਗੁਰੂ ਘਰ ਨੂੰ ਲੁੱਟਣਾ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਮਨ ਵਿਚ ਵੀ ਇਹੀ ਗੱਲ ਸੀ ਕਿ ਜੇਕਰ ਰਾਮ ਰਾਇ ਨੂੰ ਗੁਰਗੱਦੀ ਮਿਲਦੀ ਹੈ ਤਾਂ ਉਸਨੂੰ ਇਸਲਾਮ ਧਰਮ ਦੇ ਪ੍ਰਚਾਰ ਲਈ ਵਧੀਆ ਮੌਕਾ ਮਿਲ ਸਕਦਾ ਹੈ। ਗੁਰੂ ਘਰ ਦੇ ਦੋਖੀਆਂ ਨੇ ਔਰੰਂਗਜ਼ੇਬ ਨੂੰ ਹਰਿ ਰਾਇ ਜੀ ਦੇ ਵਿਰੁੱਧ ਭੜਕਾਇਆਂ ਕਿ ਉਹਨਾਂ ਦੀ ਕੌਮ ਨੇ ਉਹਨਾਂ ਦੇ ਵਡੇਰਿਆਂ ਲਈ ਇੱਕ ਗ੍ਰੰਥ ਤਿਆਰ ਕੀਤਾ ਹੈ ਜਿਸ ਵਿਚ ਉਹਨਾਂ ਨੇ ਇਸਲਾਮ ਧਰਮ ਵਿਰੁੱਧ ਲਿਖਿਆ ਤੇ ਔਰੰਗਜੇਬ ਨੇ ਇਸ ਸਬੰਧ ਵਿਚ ਗੁਰੂ ਹਰਿਰਾਇ ਨੂੰ ਦਿੱਲੀ ਬਲਾਇਆ ਪਰ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਭੇਜ ਦਿੱਤਾ ਅਤੇ ਕਿਹਾ ਕਿ ਬਾਦਸ਼ਾਹ ਦੇ ਸਾਰੇ ਸਵਾਲਾਂ ਦੇ ਜਵਾਬ ਨਿਧੜਕ ਹੋ ਕੇ ਦੇਣਾ ਪਰ ਰਾਮ ਰਾਇ ਨੇ ਬਾਣੀ ਦੀ ਪਵਿੱਤਰ ਤੁਕ ਨੂੰ ਔਰੰਗਜ਼ੇਬ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਜਦੋਂ ਸ੍ਰੀ ਗੁਰੂ ਹਰਿਰਾਇ ਜੀ ਨੂੰ ਰਾਮ ਰਾਇ ਦੇ ਇਸ ਅਪਰਾਧ ਦਾ ਪਤਾ ਲੱਗਾ ਤਾਂ ਉਹਨਾਂ ਵਚਨ ਕੀਤਾ ਕਿ ਰਾਮ ਰਾਇ ਨੇ ਬਾਣੀ ਦਾ ਸਤਿਕਾਰ ਨਹੀਂ ਕੀਤਾ, ਇਸ ਲਈ ਉਹ ਉਸਨੂੰ ਆਪਣੇ ਮੱਥੇ ਨਹੀਂ ਲਗਾਉਣਗੇ। ਇਹੀ ਸੰਦੇਸ਼ ਉਹਨਾਂ ਸੰਗਤਾਂ ਨੂੰ ਵੀ ਦਿੱਤਾ। ਇਸ ਲਈ ਗੁਰੂ ਹਰਿ ਰਾਇ ਨੇ ਆਪਣੇ ਛੋਟੇ ਪੁੱਤਰ ਹਰਿ ਕ੍ਰਿਸ਼ਨ ਨੂੰ ਯੋਗ ਤੇ ਸਮਰੱਥ ਸਮਝ ਕੇ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਅੱਠਵੇਂ ਵਾਰਿਸ ਦਾ ਐਲਾਨ ਕਰਦਿਆਂ 6 ਅਕਤੂਬਰ 1661 ਈ: ਨੂੰ ਕੀਰਤਪੁਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਦੀ ਮੌਜੂਦਗੀ ਵਿਚ ਗੁਰਗੱਦੀ ਬਖਸ਼ੀ।
ਬਚਪਨ ਤੋਂ ਹੀ ਆਪ ਦੀ ਸਿੱਖਆ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਆਪ ਦੀ ਯਾਦ ਸ਼ਕਤੀ ਬਹੁਤ ਤੇਜ਼ ਸੀ, ਜਿਸ ਕਰਕੇ ਆਪ ਨੇ 4 ਸਾਲ ਦੀ ਉਮਰ ਵਿਚ ਹੀ ਨਿੱਤਨੇਮ ਦੀ ਬਾਣੀ ਕੰਠ ਕਰ ਲਈ ਅਤੇ ਗੁਰਬਾਣੀ ਦੇ ਕੁੱਝ ਕੁ ਸ਼ਬਦ ਵੀ ਯਾਦ ਕਰ ਲਏ। ਜਦੋਂ ਆਪ ਕੀਰਤਪੁਰ ਦੇ ਦਵਾਖਾਨੇ ਜਾ ਕੇ ਰੋਗੀਆਂ ਦੀ ਸੇਵਾ ਕਰਦੇ ਤਾਂ ਆਪ ਦੇ ਮਿੱਠੇ ਬੋਲ ਸੁਣ ਕੇ ਹੀ ਰੋਗੀ ਤੰਦਰੁਸਤ ਹੋ ਜਾਂਦੇ। ਕੁਝ ਇਤਿਹਾਸਕਾਰ ਇਹ ਦੱਸਦੇ ਹਨ ਕਿ ਇੱਕ ਵਾਰ ਆਪ ਪਾਲਕੀ ਵਿਚ ਬੈਠੇ ਕਿਤੇ ਜਾ ਰਹੇ ਸਨ ਤਾਂ ਇੱਕ ਕੋਹੜੀ ਰਾਸਤੇ ਵਿਚ ਮਿਲਿਆ ਅਤੇ ਬੜੀ ਨਿਮਰਤਾ ਨਾਲ ਆਖਿਆ ਕਿ ਮਹਾਰਾਜ ਮੈਂ ਇਸ ਬਿਮਾਰੀ ਤੋਂ ਬਹੁਤ ਦੁਖੀ ਹਾਂ ਮੇਰਾ ਰੋਗ ਕੱਟ ਦੇਵੋ ਆਪ ਨੇ ਉਸ ਵੱਲ ਬਖਸ਼ਿਸ਼ ਭਰੀ ਨਜ਼ਰ ਨਾਲ ਤੱਕਿਆ ਅਤੇ ਆਪਣਾ ਰੁਮਾਲ ਕੱਢਕੇ ਉਸਨੂੰ ਦਿੱਤਾ ਤੇ ਕਿਹਾ ਕਿ ਵਾਹਿਗੁਰੂ ਭਲੀ ਕਰਨਗੇ। ਰੁਮਾਲ ਦੇ ਸਪਰਸ਼ ਨਾਲ ਹੀ ਕੋਹੜੀ ਦਾ ਰੋਗ ਦੂਰ ਹੋ ਗਿਆ ਇਸੇ ਲਈ ਹੀ ਆਪ ਦੀ ਉਸਤੁਤ ਵਿਚ ਲਿਖਿਆ ਗਿਆ ਹੈ:-
ਸ੍ਰੀ ਹਰਿਕ੍ਰਿਸ਼ਨ ਧਿਆਈਐ
ਜਿਸੁ ਡਿਠੇ ਸਭੁ ਦੁਖਿ ਜਾਇ॥
ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਸਿੱਖ ਭਾਈ ਨੰਦ ਲਾਲ ਜੀ ਨੇ ਆਪਣੀ ਫਾਰਸੀ ਰਚਨਾ ਵਿਚ ਆਪ ਦੀ ਉਸਤਤ ਵਿਚ ਲਿਖਿਆ ਹੈ ਕਿ ਠਆਪ ਬਜ਼ੁਰਗੀ ਅਤੇ ਰਹਿਮਤਾਂ ਦੇ ਭੰਡਾਰ ਸਨੂ। ਜਦੋਂ ਆਪ ਗੁਰਗੱਦੀ ਉਤੇ ਬਿਰਾਜਮਾਨ ਹੋਏ ਤਾਂ ਰਾਮ ਰਾਇ ਨੇ ਇਸਦਾ ਵਿਰੋਧ ਕੀਤਾ ਅਤੇ ਔਰੰਗਜ਼ੇਬ ਦੀ ਸਹਾਇਤਾ ਲੈਣੀ ਚਾਹੀ। ਉਸਨੇ ਆਪਣੇ ਅਹਿਲਾਕਾਰ ਕੀਰਤਪੁਰ ਸਾਹਿਬ ਭੇਜੇ ਤਾਂ ਜੋ ਉਹ ਗੁਰੂ ਜੀ ਨੂੰ ਆਪਣੇ ਨਾਲ ਦਿੱਲੀ ਲੈ ਕੇ ਆਉਣ ।ਉਸਨੇ ਰਾਮ ਰਾਏ ਨੂੰ ਜਾਗੀਰ ਦੇ ਕੇ ਆਪਣਾ ਹਮਾਇਤੀ ਬਣਾ ਲਿਆ। ਅਸਲ ਵਿਚ ਰਾਮ ਰਾਏ ਨੂੰ ਸਾਰੀ ਉਮਰ ਇਸ ਗੱਲ ਦਾ ਅਫਸੋਸ ਰਿਹਾ ਕਿ ਗੁਰੂ ਪਿਤਾ ਨੇ ਉਸਨੂੰ ਗੁਰਗੱਦੀ ਨਹੀਂ ਸੌਂਪੀ। ਦਿੱਲੀ ਵਿਚ ਜੈ ਸਿੰਘ ਨੇ ਗੁਰੂ ਜੀ ਦੀ ਮਹਿਮਾਨ ਨਿਵਾਜੀ ਲਈ ਘਰ ਰੱਖਣ ਦਾ ਇਕਰਾਰ ਔਰੰਗਜ਼ੇਬ ਤੋਂ ਲੈ ਲਿਆ। ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਉਸਦੇ ਬੰਗਲੇ ਵਿਚ ਠਹਿਰੇ ਜਿਥੇ ਹੁਣ ਬੰਗਲਾ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ।ਗੁਰੂ ਜੀ ਦੇ ਦਿੱਲੀ ਪਹੁੰਚਣ ਦੀ ਖ਼ਬਰ ਔਰੰਗਜ਼ੇਬ ਨੂੰ ਮਿਲ ਗਈ ਅਤੇ ਉਹ ਇੰਤਜ਼ਾਰ ਕਰਨ ਲੱਗਾ।ਕੁਝ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਕਿ ਜਦੋਂ ਹੁਰੂ ਹਰਿਰਾਏ ਜੀ ਨੇ ਗੁਰੂ ਜੀ ਨੂੰ ਇਹ ਬਚਨ ਦਿੱਤਾ ਸੀ ਕਿ ਔਰੰਗਜੇਬ ਦੇ ਮੱਥੇ ਨਹੀਂ ਲੱਗਣਾ ਤਾਂ ਫਿਰ ਗੁਰੂ ਜੀ ਦਿੱਲੀ ਕਿਉਂ ਆਏ, ਭਾਵੇਂ ਇਹ ਗੱਲ ਗੁਰੂ ਜੀ ਦੀ ਵਡਿਆਈ ਦੀ ਪ੍ਰਤੀਕ ਨਹੀਂ, ਪਰ ਗੁਰੂ ਜਾ ਵਡੱਪਣ ਇਸ ਗੱਲ ਵਿਚ ਹੈ ਕਿ ਔਰੰਗਜ਼ੇਬ ਵੱਲੋਂ ਵਾਰ-ਵਾਰ ਬੇਨਤੀ ਕਰਨ ਤੇ ਆਪਨੇ ਨਿਡਰ ਹੋ ਕੇ ਉਸਦੇ ਸ਼ੰਕੇ ਦੂਰ ਕੀਤੇ। ਗੁਰੂ ਜੀ ਦਾ ਔਰੰਗਜ਼ੇਬ ਨੂੰ ਨਾ ਮਿਲਣਾ ਰਾਜਾ ਜੈ ਸਿੰਘ ਲਈ ਵੀ ਵੱਡਾ ਖਤਰਾ ਖੜ੍ਹਾ ਕਰ ਸਕਦਾ ਸੀ ਇਸ ਲਈ ਗੁਰੂ ਜੀ ਇਹ ਕਦੀ ਵੀ ਨਹੀਂ ਚਾਹੁੰਦੇ ਹੋਣਗੇ ਕਿ ਉਹਨਾਂ ਦੇ ਮੇਜ਼ਬਾਨ ਨੂੰ ਕਿਸੇ ਪ੍ਰੇਸ਼ਾਨੀ ਵਿਚ ਪਾਇਆ ਜਾਵੇ।
ਦਿੱਲੀ ਵਿਚ ਉਹਨੀਂ ਦਿਨੀਂ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਰੋਗੀ ਆਪ ਦੇ ਕੋਲ ਪਹੁੰਚਦੇ ਅਤੇ ਜਿਥੇ ਗੁਰੂ ਜੀ ਆਪਣੇ ਚਰਨ ਧੋਂਦੇ ਸਨ ਉਸ ਚੁਬੱਕੇ ਵਿਚੋਂ ਜਲ ਲੈ ਕੇ ਸਰੀਰ ’ਤੇ ਲਗਾਉਂਦੇ ਤਾਂ ਉਹਨਾਂ ਦੇ ਰੋਗ ਕੱਟੇ ਜਾਂਦੇ। ਕੁਝ ਦਿਨਾਂ ਵਿਚ ਹੀ ਚੇਚਕ ਦੀ ਬਿਮਾਰੀ ਨੇ ਬੜਾ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਕਈ ਲੋਕ ਮਰ ਗਏ ।ਆਖ਼ਿਰ ਉਹੀ ਹੋਇਆ ਜਿਸਦਾ ਗੁਰੂ ਘਰ ਦੇ ਮੁਖੀ ਸਿੱਖਾਂ ਨੂੰ ਡਰ ਸੀ। 25 ਮਾਰਚ ਨੂੰ ਆਪ ਨੂੰ ਬੁਖਾਰ ਚੜ੍ਹਿਆ ਅਤੇ ਦੋ ਦਿਨਾਂ ਵਿਚ ਹੀ ਇਸ ਬੁਖਾਰ ਨੇ ਚੇਚਕ ਦਾ ਭਿਆਨਕ ਰੂਪ ਧਾਰ ਲਿਆ। ਤਿੰਨ ਦਿਨ ਬਿਮਾਰੀ ਦੀ ਹਾਲਤ ਵਿਚ ਵੀ ਆਪ ਪਾਲਕੀ ਵਿਚ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ ।
ਸੰਗਤਾਂ ਨੇ ਬਾਲਾ ਪ੍ਰੀਤਮ ਜੀ ਦੇ ਆਖਰੀ ਦਰਸ਼ਨ ਕੀਤੇ। 24 ਮਾਰਚ ਨੂੰ ਆਪਦੀ ਤਬੀਅਤ ਵਧੇਰੇ ਖੁਰਾਬ ਹੋ ਗਈ। ਇਸੇ ਦਿਨ ਸ਼ਾਮ ਨੂੰ ਇਕ ਵਿਸ਼ੇਸ਼ ਦੀਵਾਨ ਸਜਾਇਆ ਗਿਆ। ਪੰਜ ਮੁਖੀ ਸਿੱਖਾਂ ਨੂੰ ਗੁਰਗੱਦੀ ਦੀ ਸਮੱਗਰੀ ਲਿਆਉਣ ਲਈ ਕਿਹਾ ਗਿਆ ਅਤੇ ਫਿਰ ਗੁਰੂ ਜੀ ਨੇ ਤਿੰਨ ਵਾਰੀ ਆਪਣਾ ਹੱਥ ਉਪਰ ਚੁੱਕ ਕੇ ਬਾਬਾ ਬਕਾਲੇ, ਬਾਬਾ ਬਕਾਲੇ, ਬਾਬਾ ਬਕਾਲੇ ਉਚਾਰਿਆ, ਜਿਸਦਾ ਭਾਵ ਇਹ ਸੀ ਕਿ ਹੁਣ ਗੱਦੀ ਦੇ ਵਾਰਸ ਤੇਗ ਬਾਹਦਰ ਹੋਣਗੇ ਜੋ ਕਿ ਉਸ ਵੇਲੇ ਬਕਾਲੇ ਵਿਖੇ ਨਿਵਾਸ ਕਰ ਰਹੇ ਸਨ। 30 ਮਾਰਚ 1664 ਈ: ਨੂੰ ਰੋਗ ਕੱਟਣ ਵਾਲੇ ਬਾਲਾ ਪ੍ਰੀਤਮ ਪਰਮਜੋਤ ਵਿਚ ਲੀਨ ਹੋ ਗਏ । ਆਪ ਦਾ ਸਸਕਾਰ ਦਿੱਲੀ ‘ਬਾਲਾ ਸਾਹਿਬ ਗੁਰਦੁਆਰਾ’ ਵਿਖੇ ਕੀਤਾ ਗਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਿੱਲੀ ਆਉਣ ਦੀ ਸਿੱਖ ਜਗਤ ਨੂੰ ਇਹੀ ਵੱਡੀ ਦੇਣ ਹੈ ਕਿ ਇਸ ਸਮੇਂ ਸਭ ਤੋਂ ਜ਼ਿਆਦਾ ਸਿੱਖ ਵਸੋਂ ਵਾਲਾ ਸ਼ਹਿਰ ਦਿੱਲੀ ਹੈ, ਅਰਥਾਤ ਪੰਜਾਬ ਤੋਂ ਬਾਹਰ ਇਹ ਸਿੱਖੀ ਦਾ ਕੇਂਦਰੀ ਸਥਾਨ ਹੈ।

WRITTEN BY