ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਦੀਵਾਲੀ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਲਈ ਕਈ ਸਖਤ ਸ਼ਰਤਾਂ ਲਗਾ ਦਿੱਤੀਆਂ ਹਨ। ਅਦਾਲਤ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ-ਐਨ.ਸੀ.ਆਰ. ਖੇਤਰ ’ਚ ਸਿਰਫ ‘ਗ੍ਰੀਨ ਪਟਾਕੇ’ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਆਮ ਪਟਾਕੇ ਸ਼ਾਮ ਨੂੰ ਸਿਰਫ 2 ਘੰਟੇ ਲਈ ਹੀ ਚਲਾਏ ਜਾ ਸਕਣਗੇ। ਸੋਧੇ ਹੋਏ ਹੁਕਮਾਂ ਮੁਤਾਬਿਕ ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਸਵੇਰੇ ਅਤੇ ਸ਼ਾਮ 1-1 ਘੰਟੇ ਲਈ ਪਟਾਕੇ ਚਲਾਏ ਜਾ ਸਕਣਗੇ। ਜਸਟਿਸ ਏ.ਕੇ. ਸੀਕਰੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਵੱਲੋਂ ਸੁਣਾਇਆ ਗਿਆ ਇਹ ਫੈਸਲਾ ਕਾਫੀ ਵੱਡੀ ਅਹਿਮੀਅਤ ਰੱਖਦਾ ਹੈ। ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਇਸ ਸਬੰਧੀ ਪਹਿਲਾਂ ਵੀ ਸਮੇਂ-ਸਮੇਂ ਆਦੇਸ਼ ਜਾਰੀ ਕਰਦੀਆਂ ਰਹੀਆਂ ਹਨ। ਮੌਜੂਦਾ ਸਮੇਂ ਪ੍ਰਦੂਸ਼ਣ ਇਕ ਵੱਡਾ ਮਸਲਾ ਬਣਿਆ ਹੋਇਆ ਹੈ। ਪਟਾਕਿਆਂ ਅਤੇ ਆਤਿਸ਼ਬਾਜੀਆਂ ਕਾਰਨ ਹਵਾ ਜ਼ਹਿਰੀਲੀ ਹੋ ਜਾਂਦੀ ਹੈ। ਇਹ ਜ਼ਹਿਰੀਲੀ ਹਵਾ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਲੋਕ ਫਿਰ ਵੀ ਮਾਰੂ ਪਟਾਕੇ ਅਤੇ ਆਤਿਸ਼ਬਾਜ਼ੀਆਂ ਚਲਾਉਂਦੇ ਹਨ। ਪਟਾਕੇ ਅਤੇ ਆਤਿਸ਼ਬਾਜ਼ੀਆਂ ਚਲਾਉਣ ਦੀ ਕੋਈ ਸਮਾਂ ਸੀਮਾ ਨਹੀਂ ਹੈ। ਇਹ ਹਰ ਤਿਉਹਾਰ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ ਅਤੇ ਕਈ ਦਿਨਾਂ ਤੱਕ ਬਾਅਦ ਵਿੱਚ ਵੀ ਪਟਾਕੇ ਚਲਾਏ ਜਾਂਦੇ ਹਨ। ਦੀਵਾਲੀ ਅਤੇ ਹੋਰ ਮੌਕਿਆਂ ’ਤੇ ਪੂਰੀ-ਪੂਰੀ ਰਾਤ ਪਟਾਕੇ ਚਲਦੇ ਰਹਿੰਦੇ ਹਨ। ਇਸ ਨਾਲ ਲੋਕਾਂ ਖਾਸ ਕਰਕੇ ਬੱਚਿਆਂ ਅਤੇ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਇਹ ਦੁੱਖ ਦੀ ਗੱਲ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਹਾਲੇ ਤੱਕ ਇਸ ਉਪਰ ਕੋਈ ਰੋਕ ਨਹੀਂ ਲਗਾ ਸਕਿਆ। ਮਾਰੂ ਗੈਸਾਂ ਅਤੇ ਸ਼ੋਰ ਵਾਲੇ ਪਟਾਕਿਆਂ ਦੇ ਨਿਰਮਾਣ ਅਤੇ ਵਿਕਰੀ ਉਪਰ ਵੀ ਕੋਈ ਪਾਬੰਦੀ ਨਹੀਂ ਲੱਗ ਸਕੀ। ਪਟਾਕੇ ਅਤੇ ਆਤਿਸ਼ਬਾਜ਼ੀਆਂ ਦੂਸਰੇ ਦੇਸ਼ਾਂ ਖਾਸ ਕਰਕੇ ਚੀਨ ਤੋਂ ਵੀ ਦਰਾਮਦ ਕੀਤੀਆਂ ਜਾ ਰਹੀਆਂ ਹਨ। ਹਰ ਸਾਲ ਅਜਿਹੇ ਮੌਕਿਆਂ ’ਤੇ ਅਰਬਾਂ ਰੁਪਏ ਦੇ ਪਟਾਕੇ ਅਤੇ ਆਤਿਸ਼ਬਾਜ਼ੀਆਂ ਸਾੜੀਆਂ ਜਾਂਦੀਆਂ ਹਨ। ਇਸ ਨਾਲ ਪੈਸੇ ਦੀ ਬਰਬਾਦੀ ਤਾਂ ਇਕ ਪਾਸੇ ਦੂਸਰੇ ਪਾਸੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ। ਬੇਸ਼ਕ ਸੁਪਰੀਮ ਕੋਰਟ ਨੇ ਇਸ ਸਬੰਧ ਵਿੱਚ ਬੇਹਦ ਸਹੀ ਫੈਸਲਾ ਦਿੱਤਾ ਹੈ। ਇਸ ਨਾਲ ਕਿਸੇ ਹੱਦ ਤੱਕ ਵਾਤਾਵਰਣ ਅਤੇ ਪ੍ਰਦੂਸ਼ਣ ਨੂੰ ਠੱਲ੍ਹ ਪਵੇਗੀ। ਪ੍ਰੰਤੂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਹੂ-ਬ-ਹੂ ਲਾਗੂ ਕਰਨ ਦੀ ਸੰਭਾਵਨਾ ਘੱਟ ਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਦੀ ਇਸ ਸਬੰਧੀ ਕੋਈ ਇਛਾ ਸ਼ਕਤੀ ਦੇਖਣ ਨੂੰ ਨਹੀਂ ਮਿਲ ਰਹੀ। ਪਿਛਲੇ ਕਈ ਸਾਲਾਂ ਤੋਂ ਅਦਾਲਤੀ ਰੋਕ ਦੇ ਬਾਵਜੂਦ ਬੇਰੋਕ-ਟੋਕ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਜ਼ਿਆਦਾਤਰ ਨਾਗਰਿਕ ਅਦਾਲਤੀ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ। ਸਮਾਂ ਸੀਮਾ ਸਬੰਧੀ ਵੀ ਕਿਸੇ ਨੂੰ ਕੋਈ ਫਿਕਰ ਨਹੀਂ। ਅਜਿਹੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਦਾਲਤ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰੇ ਤਾਂ ਜੋ ਇਸ ਬੁਰਾਈ ਨੂੰ ਸਖਤੀ ਨਾਲ ਰੋਕਿਆ ਜਾ ਸਕੇ। ਪਟਾਕਿਆਂ ਅਤੇ ਆਤਿਸ਼ਬਾਜ਼ੀ ਦੀ ਵਿਕਰੀ ਨੂੰ ਵੀ ਲਗਾਤਾਰ ਮੋਨੀਟਰ ਕਰਨ ਦੀ ਜ਼ਰੂਰਤ ਹੈ। ਅਦਾਲਤ ਨੂੰ ਚਾਹੀਦਾ ਹੈ ਕਿ ਇਸ ਸਬੰਧੀ ਇਕ ਨਿਗਰਾਨੀ ਗਰੁੱਪ ਕਾਇਮ ਕੀਤਾ ਜਾਵੇ ਤਾਂ ਜੋ ਅਦਾਲਤ ਦੇ ਹੁਕਮਾਂ ਦੀ ਕਿੱਧਰੇ ਵੀ ਅਵੱਗਿਆ ਨਾ ਹੋਵੇ।
– ਬਲਜੀਤ ਸਿੰਘ ਬਰਾੜ



