ਦੇਖਣਾ ਹੋਵੇਗਾ ਕਿ ਭਾਈ ਹਰਪ੍ਰੀਤ ਸਿੰਘ ਪੰਥਕ ਭਾਵਨਾਵਾਂ ਦੀ ਕਿੰਨੀ ਕੁ ਕਦਰ ਕਰਦੇ ਹਨ
2015 ਵਿਚ ਚਬੇ ਦੀ ਧਰਤੀ ਤੇ ਹੋਇਆ ਸਰਬਤ ਖਾਲਸਾ ਦਾ ਬਹੁਤ ਵਡਾ ਇਕਠ ਇਤਿਹਾਸ ਦੇ ਉਹਨਾਂ ਪੰਨਿਆਂ ਵਿਚ ਆਪਣੀ ਥਾ ਬਣਾ ਗਿਆ ਜਿਥੇ ਅਠਾਰਵੀਂ ਸਦੀ ਦੇ ਸਿੰਘਾਂ ਵਲੋਂ ਦੁਸ਼ਮਣ ਨਾਲ ਨਜਿਠਣ ਲਈ ਸਰਬਤ ਖਾਲਸਾ ਬੁਲਾ ਕੇ ਫੈਸਲੇ ਲਏ ਜਾਂਦੇ ਸਨ।2015 ਦੇ ਸਰਬਤ ਖਾਲਸਾ ਨੂੰ ਰਦ ਕਰਨਾ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਵਡੀ ਇਤਿਹਾਸਿਕ ਗਲਤੀ ਹੈ,ਜਿਸ ਦਾ ਖਮਿਆਜਾ ਉਹਨੂੰ ਤੇ ਉਹਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ ਤੇ ਭਵਿਖ ਵਿਚ ਭੁਗਤਣਾ ਪੈਂਦਾ ਰਹੇਗਾ। ਜੇਕਰ ਪ੍ਰਕਾਸ਼ ਸਿੰਘ ਬਾਦਲ 2015 ਦੇ ਸਰਬਤ ਖਾਲਸੇ ਨੂੰ ਮਨਜੂਰ ਕਰ ਲੈਦੇ ਤਾਂ ਹੋ ਸਕਦਾ ਹੈ ਕਿ ਉਹਨਾਂ ਦੇ ਪਰਿਵਾਰ ਦੀ ਐਨੀ ਦੁਰਗਤੀ ਨਾ ਹੁੰਦੀ ਜਿੰਨੀ ਹੁਣ ਹੋ ਰਹੀ ਹੈ।ਇਹਦੇ ਵਿਚ ਕੋਈ ਸ਼ਕ ਨਹੀ ਕਿ ਸ੍ਰ ਬਾਦਲ ਬੜੇ ਲੰਮੇ ਸਮੇ ਤੋ ਸਿਖੀ ਦੀਆਂ ਜੜਾਂ ਨੂੰ ਤੇਲ ਦਿੰਦਾ ਆ ਰਿਹਾ ਹੈ ਅਤੇ ਇਹਦੇ ਵਿਚ ਵੀ ਕਿਸੇ ਨੂੰ ਕੋਈ ਭੁਲੇਖਾ ਨਹੀ ਕਿ ਬਾਦਲ ਪਰਿਵਾਰ ਨੇ ਸਤਾ ਦੇ ਲਾਲਚ ਵਿਚ ਆਰ ਐਸ ਐਸ ਕੋਲ ਆਪਣੀ ਵਫਾਦਾਰੀ ਦੀ ਸਹੁੰ ਖਾਧੀ ਤੇ ਸਿਖੀ ਸਿਧਾਤਾਂ ਦਾ ਘਾਣ ਕਰਨ ਦਾ ਪ੍ਰਣ ਲਿਆ।ਆਰ ਐਸ ਐਸ ਦਾ ਥਾਪੜਾ ਹੀ ਹੈ ਜੋ ਬਾਦਲ ਪਰਿਵਾਰ ਦੀ ਸਤਾ ਨੂੰ ਬਰਕਰਾਰ ਰਖਦਾ ਹੈ ਤੇ ਉਸੇ ਸਤਾ ਅਤੇ ਦਿਲੀ ਨਾਗਪੁਰ ਦੇ ਥਾਪੜੇ ਦੇ ਨਸ਼ੇ ਕਰਕੇ ਬਾਦਲ ਪਿਉ ਪੁਤਰ ਨੇ 2015 ਦੇ ਬਹੁਤ ਵਡੇ ਲੋਕ ਫਤਵੇ ਨੂੰ ਹੀ ਨਹੀ ਨਕਾਰਿਆ ਬਲਕਿ ਉਹਨਾਂ ਨੇ ਇਕ ਵਾਰ ਫਿਰ ਪੁਰਾਤਨ ਸਿਖ ਪਰੰਪਰਾ ਨੂੰ ਤੋੜਨ ਦਾ ਵਡਾ ਗੁਨਾਹ ਕੀਤਾ ਹੈ।ਗਲ ਇਥੇ ਹੀ ਖਤਮ ਨਹੀ ਹੋਈ,ਬਾਦਲ ਸਰਕਾਰ ਨੇ ਆਪਣੀ ਕੌਂਮ ਨਾਲ ਸਿਧੀ ਟਕਰ ਲੈਣੀ ਸ਼ੁਰੂ ਕਰ ਦਿਤੀ ਤੇ ਸਰਬਤ ਖਾਲਸਾ ਬਲਾਉਣ ਵਾਲੀਆਂ ਧਿਰਾਂ ਅਤੇ ਥਾਪੇ ਗਏ ਜਥੇਦਾਰਾਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਕਰਕੇ ਜੇਲਾਂ ਵਿਚ ਤੁੰਨ ਦਿਤਾ।ਪੰਥਕ ਮਖੌਟੇ ਵਾਲੀ ਸਰਕਾਰ ਦੇ ਸਿਖ ਚਿਹਰੇ ਮੁਹਰੇ ਵਾਲੇ ਮੁਖ ਮੰਤਰੀ ਅਤੇ ਉਪ ਮੁਖ ਮੰਤਰੀ ਵਲੋਂ ਜੋ ਸਲੂਕ ਆਪਣੀ ਕੌਮ ਦੇ ਸਰਬ ਪਰਮਾਣਤ ਜਥੇਦਾਰਾਂ ਅਤੇ ਪੰਥਕ ਧਿਰਾਂ ਨਾਲ ਕੀਤਾ ਗਿਆ,ਉਹ ਦੁਸ਼ਮਣ ਦੇ ਜਬਰ ਤੋ ਜਿਆਦਾ ਕਹਿਰ ਭਰਿਆ ਅਤੇ ਅਸਹਿ ਸੀ।ਭਾਰਤ ਸਰਕਾਰ ਜਿਹੜੀ ਦੇਸ਼ ਦੀ ਅਜਾਦੀ ਵੇਲੇ ਤੋ ਹੀ ਸਿਖ ਕੌਮ ਦੀ ਦੁਸ਼ਮਣ ਬਣਕੇ ਵਿਚਰ ਰਹੀ ਹੈ ਤੇ ਜਿਸਨੇ ਸਿਖਾਂ ਨਾਲ ਵਿਸਵਾਸ਼ਘਾਤ ਕਰਕੇ ਉਹਨਾਂ ਨੂੰ ਅਜਾਦ ਭਾਰਤ ਵਿਚ ਮੁੜ ਤੋ ਗੁਲਾਮ ਬਣਾ ਲਿਆ ਹੋਇਆ ਹੈ,ਉਹਨਾਂ ਵਲੋਂ ਸਿਖਾਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਕਰਨ ਦੀ ਸਮਝ ਤਾਂ ਪੈਂਦੀ ਹੈ ਤੇ ਸਿਖ ਉਹਨਾਂ ਦੇ ਜੁਲਮਾਂ ਨੂੰ ਇਸ ਕਰਕੇ ਅਸਹਿ ਨਹੀ ਮੰਨਦੇ,ਕਿਉਕਿ ਉਹ ਤਾਂ ਸਿਖ ਦੁਸ਼ਮਣ ਜਮਾਤ ਹੈ,ਫਿਰ ਦੁਸ਼ਮਣ ਤੋ ਚੰਗੇ ਸਲੂਕ ਦੀ ਆਸ ਕਰਨੀ ਸਮਝਦਾਰੀ ਨਹੀ ਅਤੇ ਨਾ ਹੀ ਸਿਖ ਕੌਂਮ ਇਹ ਆਸ ਕੇਂਦਰ ਤੋ ਕਰਦੀ ਹੈ,ਪਰ ਇਕ ਸਿਖ ਸਾਸਕ ਜਿਹੜਾ ਸਾਰੀ ਜਿੰਦਗੀ ਪੰਥ ਦੇ ਨਾਮ ਤੇ ਰਾਜਨੀਤੀ ਕਰਦਾ ਰਿਹਾ ਹੋਵੇ,ਉਹਦੇ ਤੋ ਅਜਿਹੇ ਜਖਮ ਮਿਲਣੇ ਅਣਖ ਗੈਰਤ ਵਾਲੀਆਂ ਕੌਂਮਾਂ ਲਈ ਅਸਹਿ ਹੀ ਹੁੰਦੇ ਹਨ।ਪ੍ਰਕਾਸ਼ ਸਿੰਘ ਬਾਦਲ ਨੇ ਜਿੰਨਾ ਕੌਂਮ ਦਾ ਰਾਜਨੀਤਕ,ਧਾਰਮਿਕ ਅਤੇ ਸਿਧਾਂਤਕ ਨੁਕਸਾਨ ਕੀਤਾ ਹੈ,ਉਹਦੇ ਲਈ ਇਸ ਪਰਿਵਾਰ ਦੀ ਸਜ਼ਾ ਕਈ ਪੁਸਤਾਂ ਤਕ ਚਲਣ ਵਾਲੀ ਹੈ ਤੇ ਚਲਦੀ ਰਹੇਗੀ। ਜਦੋ ਵੀ ਸਿਖੀ ਸਿਧਾਤਾਂ ਨੂੰ ਲਗੀ ਢਾਹ ਦੀ ਗਲ ਚਲੇਗੀ ਤਾਂ ਬਾਦਲ ਪਰਿਵਾਰ ਦਾ ਨਾਮ ਬੋਲੇਗਾ,ਜਦੋ ਵੀ ਸਿਖ ਇਤਿਹਾਸ ਨਾਲ ਹੋਏ ਖਿਲਵਾੜ ਦੀ ਗਲ ਚਲੇਗੀ ਤਾਂ ਬਾਦਲ ਪਰਿਵਾਰ ਦਾ ਨਾਮ ਸਭ ਤੋ ਪਹਿਲਾਂ ਬੋਲੇਗਾ,ਜਦੋ ਵੀ ਸਾਡੇ ਸ਼ਾਨਾਮਤੇ ਇਤਿਹਾਸਿਕ ਦਿਹਾੜਿਆਂ,ਸ਼ਹੀਦੀ ਦਿਹਾੜਿਆਂ ਅਤੇ ਗੁਰੂ ਸਹਿਬਾਨਾਂ ਦੇ ਜਨਮ ਦਿਹਾੜਿਆਂ ਦੇ ਆਪਸ ਵਿਚ ਰਲਗਡ ਹੋਣ ਦੀ ਗਲ ਚਲੇਗੀ ਤਾਂ ਬਾਦਲ ਪਰਿਵਾਰ ਵਲ ਨਫਰਤ ਭਰੀਆਂ ਨਜਰਾਂ ਅਤੇ ਉਂਗਲਾਂ ਉਠਣਗੀਆਂ।ਸਾਇਦ ਇਸ ਪਰਿਵਾਰ ਨੂੰ ਲੰਮੇ ਸਤਾ ਸੁਖ ਅਤੇ ਇਨਾਮੀ ਜਾਇਦਾਦ ਦੇ ਨਸ਼ੇ ਨੇ ਅਪਣੀਆਂ ਆਉਣ ਵਾਲੀਆਂ ਨਸਲਾਂ ਦੇ ਮਾਣ ਸਨਮਾਨ ਦੀ ਯਾਦ ਹੀ ਨਹੀ ਆਉਣ ਦਿਤੀ।ਸ੍ਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਐਨਾ ਵਡਾ ਘਾਗ ਸਿਆਸਤਦਾਨ ਦੇ ਤੌਰ ਤੇ ਜਾਣਿਆ ਜਾਂਦਾ ਹੋਵੇ ਜਿਹੜਾ ਆਪਣੇ ਨਿਕਟਵਰਤੀ ਸਿਆਸੀ ਵਿਰੋਧੀਆਂ ਦਾ ਸਿਆਸੀ ਕਾਤਲ ਹੋਣ ਦੇ ਬਾਵਜੂਦ ਵੀ ਭੋਲਾ ਭਾਲਾ ਤੇ ਸਰੀਫ ਸਿਆਸਤਦਾਨ ਹੋਣ ਦੀ ਤਖਤੀ ਲਾਕੇ ਜਿੰਦਗੀ ਭਰ ਪੰਥਕ ਰਾਜਨੀਤੀ ਤੇ ਛਾਇਆ ਰਿਹਾ ਹੋਵੇ,ਉਹ ਆਪਣੇ ਜਿੰਦਗੀ ਦੇ ਅੰਤਲੇ ਸਮੇ ਵਿਚ ਆਕੇ ਮਾਰ ਇਸ ਲਈ ਖਾ ਗਿਆ,ਕਿਉਂਕਿ ਉਹਨੇ ਆਪਣੀ ਕੌਂਮ ਨੂੰ ਖਤਮ ਕਰਨ ਵਾਲੀਆਂ ਕਿੰਨੀਆਂ ਹੀ ਸਾਜਿਸ਼ਾਂ ਵਿਚ ਭਾਗੀਦਾਰ ਰਹਿਣ,ਸਿਖੀ ਸਧਾਤਾਂ ਨੂੰ ਢਾਹ ਲਾਉਣ ਅਤੇ ਇਤਿਹਾਸ ਦਾ ਮਲੀਆਮੇਟ ਕਰਨ ਦੇ ਬਜ਼ਰ ਗੁਨਾਹਾਂ ਤੋਂ ਬਾਅਦ ਜਿਹੜਾ ਆਪਣੇ ਕਫਣ ਵਿਚ ਕਿਲ ਗਡਣ ਦੀ ਗਲਤੀ ਕਰ ਬੈਠਾ,ਉਹ ਇਹ ਹੈ ਕਿ ਉਹਨੇ ਆਪਣੇ ਦੁਨਿਆਵੀ ਆਕਾਵਾਂ ਨੂੰ ਖੁਸ਼ ਕਰਨ ਲਈ ਆਪਣੇ ਗੁਰੂ ਨਾਲ ਹੀ ਬੈਰ ਬੰਨ ਲਿਆ।ਜਾਗਤ ਜੋਤ ਸਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਵੀ ਆਪਣੀ ਸਿਆਸੀ ਚਾਲ ਵਿਚ ਸ਼ਾਮਲ ਕਰ ਬੈਠਾ। ਉਹ ਸਮਰਥ ਗੁਰੂ ਜਿਹੜਾ ਪੂਰੀ ਦੁਨੀਆਂ ਦਾ ਰਾਹ ਦਿਸੇਰਾ ਹੈ,ਤੇ ਜਿਸ ਦੇ ਦਰ ਤੋ ਖਾਲੀ ਝੋਲੀਆਂ ਭਰਕੇ ਜਾਂਦੀਆਂ ਹਨ ਤੇ ਮਲੰਗ ਸ਼ਾਹ ਬਣ ਜਾਂਦੇ ਹਨ,ਉਸ ਗੁਰੂ ਦੀ ਬੇਅਦਬੀ ਚੋ ਭਵਿਖ ਲਈ ਰਾਜ ਸਤਾ ਲਭਣੀ ਭਲਾ ਕਿਵੇਂ ਵਾਜਵ ਹੋ ਸਕਦੀ ਹੈ।ਮੇਰੀ ਇਹ ਗਲ ਨੂੰ ਨਾਸਤਕ ਲੋਕ ਮੰਨਣ ਜਾਂ ਨਾ ਮੰਨਣ,ਪਰ ਮੇਰਾ ਇਹ ਦ੍ਰਿੜ ਵਿਸ਼ਵਾਸ਼ ਹੈ ਕਿ ਬਾਦਲ ਪਰਿਵਾਰ ਅਤੇ ਉਹਨਾਂ ਦੇ ਨਜਦੀਕੀਆਂ ਦੀ ਜੋ ਦੁਰਗਤੀ ਹੋ ਰਹੀ ਹੈ,ਇਹ ਸਭ ਗੁਰੂ ਦੇ ਭਾਣੇ ਅਨੁਸਾਰ ਹੀ ਹੋ ਰਿਹਾ ਹੈ।ਸਰਬਤ ਖਾਲਸਾ ਵਲੋਂ ਥਾਪੇ ਗਏ ਜਥੇਦਾਰਾਂ ਨੂੰ ਨਜਰਅੰਦਾਜ ਕਰਕੇ ਤਖਤਾਂ ਤੇ ਕਾਬਜ ਜਥੇਦਾਰਾਂ ਨੇ ਪੰਥ ਨਾਲੋਂ ਬਾਦਲ ਪਰਿਵਾਰ ਨੂੰ ਵਡਾ ਸਮਝਿਆ ਤੇ ਜਥੇਦਾਰੀਆਂ ਨਾਲ ਚਿੰਬੜੇ ਰਹੇ,ਲਿਹਾਜਾ ਜਥੇਦਾਰ ਅਤੇ ਬਾਦਲਕੇ ਲੋਕ ਮਨਾਂ ਚੋ ਲਹਿ ਗਏ ਤੇ ਚੋਣਾਂ ਮੌਕੇ ਰਾਜ ਸਤਾ ਤੋ ਵੀ ਲਹਿ ਗਏ।ਹੁਣ ਇਕ ਪਾਸੇ ਜੂਨ 2018 ਤੋ ਬੇਅਦਬੀਆਂ ਦੇ ਇਨਸਾਫ ਦਾ ਮੋਰਚਾ ਲਗਾ ਹੋਇਆ ਹੈ,ਜਿਸਨੂੰ ਪੰਥ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ।ਇਸ ਦੌਰਾਨ ਹੀ ਬਾਦਲ ਕਿਆਂ ਨੇ ਇਕ ਨਵਾਂ ਪਤਾ ਖੇਡਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾ ਕੇ ਨਵਾਂ ਜਥੇਦਾਰ ਨਿਯੁਕਤ ਕਰਨ ਦਾ।ਜਦੋ ਇਕ ਪਾਸੇ ਕੌਂਮ ਪੂਰਨ ਰੂਪ ਵਿਚ ਸਰਬਤ ਖਾਲਸਾ ਵਲੋਂ ਥਾਪੇ ਗਏ ਜਥੇਦਾਰਾਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੀ ਗੈਰ ਹਾਜਰੀ ਵਿਚ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਜਥੇਦਾਰ ਸਵੀਕਾਰ ਚੁਕੀ ਹੈ,ਜਿਹੜੇ ਮੋਰਚੇ ਦੀ ਅਗਵਾਈ ਵੀ ਕਰ ਰਹੇ ਹਨ,ਅਜਿਹੇ ਸਮੇ ਤੇ ਬਾਦਲਕਿਆਂ ਦੀ ਜਥੇਦਾਰੀ ਸਵੀਕਾਰ ਕਰਨਾ ਸਿਆਣਪ ਨਹੀ ਹੈ।
ਬੇਸ਼ਕ ਪਹਿਲਾਂ ਵੀ ਬਾਦਲਕਿਆਂ ਵਲੋਂ ਭਾਈ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਥਾਪਿਆ ਹੋਇਆ ਹੈ,ਪੰਥ ਨੇ ਕੋਈ ਬਹੁਤਾ ਨੋਟਿਸ ਵੀ ਨਹੀ ਸੀ ਲਿਆ ਪਰੰਤੂ ਹੁਣ ਜਦੋ ਸਮੁਚਾ ਖਾਲਸਾ ਪੰਥ ਇਕ ਵਾਰ ਫਿਰ ਇਕ ਕੇਸਰੀ ਝੰਡੇ ਹੇਠ ਇਕਠਾ ਹੋ ਰਿਹਾ ਹੈ ਤੇ ਜਥੇਦਾਰ ਭਾਈ ਹਵਾਰਾ ਨੂੰ ਹੀ ਮੰਨਦਾ ਹੈ,ਉਹਨਾਂ ਦੀ ਗੈਰ ਹਾਜ਼ਰੀ ਵਿਚ ਜਥੇਦਾਰ ਦੀਆਂ ਸੇਵਾਵਾਂ ਨਿਭਾਅ ਰਹੇ ਭਾਈ ਧਿਆਨ ਸਿੰਘ ਮੰਡ ਨੂੰ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪੂਰਨ ਸਹਿਯੋਗ ਵੀ ਦੇ ਰਿਹਾ ਹੈ ਤਾਂ ਬਾਦਲਕਿਆਂ ਵਲੋਂ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਪੇਸਕਸ਼ ਨੂੰ ਸਵੀਕਾਰ ਕਰਕੇ ਭਾਈ ਹਰਪ੍ਰੀਤ ਸਿੰਘ ਨੇ ਇਤਿਹਾਸਿਕ ਗਲਤੀ ਕੀਤੀ ਹੈ ਜਿਹੜੀ ਉਹਨਾਂ ਨੂੰ ਪੰਥ ਤੋ ਅਲਗ ਬਲਗ ਕਰ ਦੇਵੇਗੀ।ਇਹ ਸਚ ਹੈ ਕਿ ਬਹੁ ਗਿਣਤੀ ਲੋਕ ਕੋਈ ਰੁਤਬਾ ਮਿਲਦੇ ਹੀ ਸਾਰਾ ਕੁਝ ਭੁਲ ਜਾਂਦੇ ਹਨ।ਸੋ ਦੇਖਣਾ ਹੋਵੇਗਾ ਕਿ ਭਾਈ ਹਰਪ੍ਰੀਤ ਸਿੰਘ ਪੰਥਕ ਭਾਵਨਾਵਾਂ ਦੀ ਕਿੰਨੀ ਕੁ ਕਦਰ ਕਰਦੇ ਹਨ।



