ਸ੍ਰੀ ਫ਼ਤਹਿਗੜ੍ਹ ਸਾਹਿਬ- “ਗੁਰਦੁਆਰਾ ਰਕਾਬਗੰਜ ਸਾਹਿਬ ਦਿਲੀ ਵਿਖੇ ਕੌਮੀ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ 34ਵੀਂ ਸ਼ਹੀਦੀ ਬਰਸੀਂ ਸਮੇਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਵਾਉਦੇ ਹੋਏ ਸਮੂਹਿਕ ਅਰਦਾਸ ਕੀਤੀ ਗਈ ਅਤੇ ਸ਼ਹੀਦਾਂ ਨੂੰ ਸਰਧਾ ਦੇ ਫੁਲ ਭੇਟ ਕੀਤੇ ਗਏ, ਉਪਰੰਤ ਸਦਰ-ਏ-ਹਿੰਦ ਸ੍ਰੀ ਰਾਮ ਨਾਥ ਕੋਵਿੰਦ ਦੇ ਨਾਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਦਿਤੇ ਗਏ ਯਾਦ-ਪਤਰ ਵਿਚ ਉਪਰੋਕਤ ਮਹਾਨ ਸ਼ਹੀਦਾਂ ਦੀ ਯਾਦਗਰ ਬਣਾਉਣ ਲਈ ਸਿਖ ਕੌਮ ਨੂੰ ਸਫ਼ਦਰਜੰਗ ਸ਼ਹਾਦਤ ਵਾਲੇ ਸਥਾਂਨ ਤੇ ਇਕ ਏਕੜ ਜਮੀਨ ਸਿਖ ਕੌਮ ਨੂੰ ਜਿਥੇ ਦੇਣ ਦੀ ਗਲ ਕੀਤੀ ਗਈ, ਉਥੇ ਇਸ ਮੌਕੇ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਤਕਰੀਰ ਕਰਦੇ ਹੋਏ ਕਿਹਾ ਗਿਆ ਕਿ ਆਜ਼ਾਦੀ ਤੋਂ ਪਹਿਲੇ ਹਿੰਦੂਤਵ ਹੁਕਮਰਾਨਾਂ ਨੇ ਸਿਖ ਕੌਮ ਨਾਲ ਉਨ੍ਹਾਂ ਦੀ ਅਣਖ਼, ਗੈਰਤ ਨੂੰ ਕਾਇਮ ਰਖਣ ਅਤੇ ਸੰਤੁਸਟੀ ਕਰਨ ਹਿਤ ਕਈ ਬਚਨ ਕੀਤੇ ਸਨ । ਉਨ੍ਹਾਂ ਨੂੰ ਪੂਰਨ ਨਾ ਕਰਕੇ ਹੁਕਮਰਾਨਾਂ ਨੇ ਸਿਖ ਕੌਮ ਨਾਲ ਵਡਾ ਧੋਖਾ ਤੇ ਫਰੇਬ ਕੀਤਾ । ਉਸ ਸਮੇਂ ਤੋਂ ਹੀ ਸਿਖ ਕੌਮ ਨੂੰ ਆਪਣੀਆ ਵਿਧਾਨਿਕ, ਕਾਨੂੰਨੀ, ਸਮਾਜਿਕ, ਭੂਗੋਲਿਕ ਅਤੇ ਧਾਰਮਿਕ ਜਾਇਜ ਮੰਗਾਂ ਨੂੰ ਪੂਰਨ ਕਰਨ ਹਿਤ ਨਿਰੰਤਰ ਧਰਨੇ, ਰੋਸ ਮਾਰਚ ਅਤੇ ਮੋਰਚੇ ਲਗਾਉਣ ਦੇ ਅਮਲ ਕਰਨੇ ਪੈ ਰਹੇ ਹਨ । ਜੋ ਕਿ ਸਟੇਟਲੈਸ ਸਿਖ ਕੌਮ ਨਾਲ ਹੋਰ ਵੀ ਵਡਾ ਧ੍ਰੋਹ ਕਮਾਉਣ ਦੀ ਕਾਰਵਾਈ ਹੈ ।ਸ. ਮਾਨ ਨੇ ਆਪਣੇ ਖਿਆਲਾਤਾਂ ਦੀ ਲੜੀ ਨੂੰ ਅਗੇ ਤੋਰਦੇ ਹੋਏ ਕਿਹਾ ਕਿ ਬਰਗਾੜੀ ਵਿਖੇ 1 ਜੂਨ ਤੋਂ ਨਿਰੰਤਰ ਪੂਰਨ ਸਫ਼ਲਤਾ ਪੂਰਵਕ ਕੌਮੀ ਮੰਗਾਂ ਪੂਰਨ ਕਰਵਾਉਣ ਹਿਤ 5 ਮਹੀਨਿਆ ਤੋਂ ਮੋਰਚਾ ਚਲ ਰਿਹਾ ਹੈ, ਜੋ ਕਿ ਬਿਲਕੁਲ ਅਨੁਸਾਸਿਤ ਅਤੇ ਅਮਨਮਈ ਢੰਗਾਂ ਰਾਹੀ ਚਲਾਇਆ ਜਾ ਰਿਹਾ ਹੈ । ਇਸ ਦੌਰਾਨ ਕੋਈ ਵੀ ਸਿਖ ਕੌਮ ਵਲੋਂ ਗੈਰ-ਕਾਨੂੰਨੀ ਨਾ ਤਾਂ ਅਮਲ ਹੋਇਆ ਹੈ, ਨਾ ਹੀ ਜਨਤਾ ਜਾਂ ਪ੍ਰਸ਼ਾਸ਼ਨ ਨੂੰ ਕੋਈ ਮੁਸ਼ਕਿਲ ਵਿਚ ਪਾਇਆ ਗਿਆ ਹੈ, ਬਲਕਿ ਇਹ ਮੋਰਚਾ ਆਪਣੇ ਸਿਧਾਤਾਂ ਤੇ ਪਹਿਰਾ ਦਿੰਦੇ ਹੋਏ ਸਹੀ ਦਿਸ਼ਾ ਵਲ ਚਲ ਰਿਹਾ ਹੈ । ਸਿਖ ਕੌਮ ਵਿਚ ਇਸ ਲਈ ਵਡਾ ਰੋਸ ਹੈ ਕਿ ਕੇਦਰ ਅਤੇ ਪੰਜਾਬ ਦੀਆਂ ਸਰਕਾਰਾਂ ਸਿਖ ਕੌਮ ਦੀਆਂ ਉਨ੍ਹਾਂ ਤਿੰਨ ਜਾਇਜ ਮੰਗਾਂ ਜਿਸ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆ ਨੂੰ ਸਜ਼ਾਵਾਂ ਦਿਵਾਉਣ, ਸ਼ਹੀਦ ਭਾਈ ਗੁਰਜੀਤ ਸਿੰਘ, ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਅਤੇ ਜੇਲ੍ਹਾਂ ਵਿਚ 25-25 ਸਾਲਾ ਤੋਂ ਬੰਦੀ ਬਣਾਏ ਗਏ ਅਤੇ ਸਜ਼ਾਵਾਂ ਪੂਰੀਆ ਕਰ ਚੁਕੇ ਸਿਖਾਂ ਨੂੰ ਰਿਹਾਅ ਕਰਨ ਲਈ ਮੋਰਚਾ ਲਗਾਇਆ ਗਿਆ ਹੈ । ਪਰ ਅਫ਼ਸੋਸ ਤੇ ਦੁਖ ਹੈ ਕਿ ਹੁਕਮਰਾਨਾਂ ਵਲੋਂ ਸਿਖ ਕੌਮ ਦੀਆਂ ਵਿਧਾਨਿਕ ਅਤੇ ਅਮਨਮਈ ਢੰਗ ਰਾਹੀ ਕੀਤੀਆ ਜਾ ਰਹੀਆ ਮੰਗਾਂ ਦੀ ਪੂਰਤੀ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ । ਜਿਸ ਤੋਂ ਹੁਕਮਰਾਨਾਂ ਦੀ ਮੰਦਭਾਵਨਾ ਸਾਫ਼ ਜਾਹਰ ਹੋ ਰਹੀ ਹੈ । ਇਹ ਹੋਰ ਵੀ ਅਫ਼ਸੋਸ ਵਾਲਾ ਵਰਤਾਰਾ ਹੋ ਰਿਹਾ ਹੈ ਕਿ ਬੀਜੇਪੀ-ਆਰ.ਐਸ.ਐਸ. ਨਾਲ ਪਤੀ ਪਤਨੀ ਦਾ ਰਿਸਤਾ ਰਖਣ ਵਾਲੇ ਸ. ਬਾਦਲ ਸਿਖ ਕੌਮ ਅਤੇ ਪੰਜਾਬ ਸੂਬੇ ਨਾਲ ਹੋ ਰਹੀਆ ਬੇਇਨਸਾਫ਼ੀਆਂ ਨੂੰ ਦੂਰ ਕਰਵਾਉਣ ਵਿਚ ਆਪਣੀਆ ਜਿੰਮੇਵਾਰੀਆ ਕਰਨ ਤੋਂ ਭਜ ਚੁਕੇ ਹਨ । ਇਹ ਆਪਣੇ-ਆਪ ਨੂੰ ਟਕਸਾਲੀ ਆਗੂ ਅਖਵਾਕੇ ਸਿਖ ਕੌਮ ਨੂੰ ਗੁੰਮਰਾਹ ਕਰ ਰਹੇ ਹਨ । ਜਦੋਂਕਿ ਟਕਸਾਲੀ ਆਗੂ ਤਾਂ ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਜੈਤੋਂ ਮੋਰਚੇ ਵਿਚ ‘ਮੈਂ ਮਰਾਂ ਪੰਥ ਜੀਵੇ‘ ਦੀ ਸੋਚ ਨੂੰ ਲੈਕੇ ਕੁਰਬਾਨੀਆ ਕਰਕੇ ਆਪਣੇ ਫਰਜ ਪੂਰੇ ਕਰਦੇ ਰਹੇ ਹਨ । ਤਦੇ ਹੀ ਉਨ੍ਹਾਂ ਆਗੂਆਂ ਨੂੰ ਕੌਮ ਵਲੋਂ ਟਕਸਾਲੀ ਵਜੋ ਪ੍ਰਵਾਨਿਤ ਕੀਤਾ ਗਿਆ ਸੀ । ਜਦੋਂਕਿ ਮੌਜੂਦਾ ਬਾਦਲ ਲੀਡਰਸ਼ਿਪ ਜਿਨ੍ਹਾਂ ਨੇ ਆਪਣੇ ਰਾਜਭਾਗ ਦੇ ਲੰਮੇਂ ਸਮੇਂ ਦੌਰਾਨ ਪੰਜਾਬ ਸੂਬੇ ਅਤੇ ਸਿਖ ਕੌਮ ਦੀ ਕੋਈ ਇਕ ਵੀ ਮੰਗ ਨੂੰ ਪੂਰਨ ਨਹੀਂ ਕਰਵਾਇਆ ਅਤੇ ਨਾ ਹੀ ਬੇਇਨਸਾਫ਼ੀਆਂ ਨੂੰ ਖ਼ਤਮ ਕਰਵਾਇਆ । ਬਲਕਿ ਇਨ੍ਹਾਂ ਨੇ ਆਪੋ-ਆਪਣੇ ਪਰਿਵਾਰਾਂ, ਕਾਰੋਬਾਰਾਂ ਅਤੇ ਮਾਲੀ ਸਾਧਨਾਂ ਨੂੰ ਮਜ਼ਬੂਤ ਕਰਨ ਲਈ ਆਪਣੇ ਇਨ੍ਹਾਂ ਅਹੁਦਿਆ ਦੀ ਦੁਰਵਰਤੋਂ ਕੀਤੀ । ਇਨ੍ਹਾਂ ਦੀ ਸੋਚ ਪੰਥ ਮਰੇ, ਮੈ ਜੀਵਾ ਵਾਲੀ ਹੈ । ਅਜਿਹੀ ਲੀਡਰਸ਼ਿਪ ਨੂੰ ਕੋਈ ਹਕ ਪ੍ਰਾਪਤ ਨਹੀਂ ਕਿ ਉਹ ਆਪਣੇ-ਆਪ ਨੂੰ ਟਕਸਾਲੀ ਅਖਵਾਉਣ ਅਤੇ ਇਥੋਂ ਦੀਆਂ ਅਖਬਾਰਾਂ ਤੇ ਮੀਡੀਆ ਅਜਿਹੀ ਧੋਖੇਬਾਜ ਲੀਡਰਸਿਪ ਨੂੰ ਟਕਸਾਲੀ ਲਿਖਣ । ਇਥੋਂ ਤਕ ਸਿਖ ਕਤਲੇਆਮ 1984 ਦੇ ਇਕ ਵੀ ਦੋਸ਼ੀ ਨੂੰ ਸਜ਼ਾ ਦਿਵਾਉਣ, ਬਲਿਊ ਸਟਾਰ ਦਾ ਫ਼ੌਜੀ ਹਮਲਾ ਜੋ ਇਨ੍ਹਾਂ ਦੀ ਪ੍ਰਵਾਨਗੀ ਨਾਲ ਹੋਇਆ, ਉਸ ਹਮਲੇ ਵਿਚ 25 ਹਜ਼ਾਰ ਨਿਰਦੋਸ਼ ਸਿਖਾਂ ਦੇ ਕਤਲੇਆਮ ਹੋਣ, ਉਸ ਸਮੇਂ ਹਿੰਦ ਫ਼ੌਜ ਵਲੋਂ ਤੋਸਾਖਾਨਾ ਅਤੇ ਸਿਖ ਰੈਫਰੈਸ ਲਾਇਬ੍ਰੇਰੀ ਵਿਚੋਂ ਬੇਸ਼ਕੀਮਤੀ ਦੁਰਲਭ ਵਸਤਾਂ ਜੋ ਫ਼ੌਜ ਲੁਟ ਕੇ ਲੈ ਗਈ ਸੀ, ਨੂੰ ਵਾਪਸ ਦਿਵਾਉਣ ਲਈ ਅਜ ਤਕ ਕੋਈ ਵੀ ਸੰਜ਼ੀਦਗੀ ਭਰਿਆ ਅਮਲ ਨਹੀਂ ਕੀਤਾ ਗਿਆ । ਦੂਸਰਾ ਇਥੋਂ ਦੇ ਹੁਕਮਰਾਨ ਸਿਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕਛ ਨੂੰ ਸਾਜ਼ਿਸ ਅਧੀਨ ਮੈਦਾਨ-ਏ-ਜੰਗ ਬਣਾਕੇ ਸਿਖ ਕੌਮ ਦਾ ਮਲੀਆਮੇਟ ਕਰਨ ਤੇ ਅਮਲ ਕਰ ਰਹੇ ਹਨ, ਜਦੋਂਕਿ ਸਿਖ ਕੌਮ ਦਾ ਕਿਸੇ ਵੀ ਨਾਲ ਕਿਸੇ ਤਰ੍ਹਾਂ ਦਾ ਵੈਰ-ਵਿਰੋਧ ਨਹੀਂ । ਇਸ ਲਈ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਖ ਵਸੋਂ ਵਾਲੇ ਉਪਰੋਕਤ ਇਲਾਕੇ ਨੂੰ ਬਤੌਰ ਬਫ਼ਰ ਸਟੇਟ ਐਲਾਨ ਕਰਕੇ ਇਸ ਏਸੀਆ ਖਿਤੇ ਦੀਆਂ ਤਿੰਨ ਦੁਸ਼ਮਣ ਤਾਕਤਾਂ ਹਿੰਦੂ-ਇੰਡੀਆ, ਇਸਲਾਮਿਕ- ਪਾਕਿਸਤਾਨ, ਕਾਉਮਨਿਸਟ- ਚੀਨ ਵਿਚ ਇਕ ਪੁਲ ਦੇ ਤੌਰ ਤੇ ਕੰਮ ਕਰਨਾ ਅਤੇ ਅਮਨ ਚੈਨ ਕਾਇਮ ਕਰਨਾ ਚਾਹੁੰਦਾ ਹੈ । ਸਦਰ-ਏ-ਹਿੰਦ ਸਾਡੀ ਇਸ ਮਨੁਖਤਾ ਪਖੀ ਭਾਵਨਾ ਨੂੰ ਸਮਝਦੇ ਹੋਏ ਇਸ ਦਿਸ਼ਾ ਵਲ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਮਲ ਕਰਨ । ਪੰਜਾਬ ਵਿਚ ਜਿੰਮੀਦਾਰ-ਖੇਤ ਮਜ਼ਦੂਰ ਨਿਰੰਤਰ ਖੁਦਕਸੀਆ ਕਰ ਰਹੇ ਹਨ । ਜਦੋਂਕਿ ਗੁਆਂਢੀ ਸੂਬੇ ਹਿਮਾਚਲ, ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ, ਰਾਜਸਥਾਂਨ, ਯੂਪੀ ਆਦਿ ਵਿਚ ਕਿਸੇ ਵੀ ਕਿਸਾਨ ਜਾਂ ਖੇਤ ਮਜ਼ਦੂਰ ਦੀ ਖੁਦਕਸੀ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ । ਫਿਰ ਹੁਕਮਰਾਨ ਪੰਜਾਬ ਵਿਚ ਅਜਿਹੀਆ ਨੀਤੀਆ ਕਿਉਂ ਅਪਣਾ ਰਹੇ ਹਨ ਜਿਸ ਨਾਲ ਕਿਸਾਨ ਤੇ ਖੇਤ-ਮਜ਼ਦੂਰ ਨੂੰ ਮਜ਼ਬੂਰਨ ਖੁਦਕਸ਼ੀਆਂ ਕਰਨੀਆਂ ਪੈਣ? ਇਸ ਸੰਬੰਧੀ ਵੀ ਸਦਰ-ਏ-ਹਿੰਦ ਅਮਲੀ ਰੂਪ ਵਿਚ ਕਾਰਵਾਈ ਕਰਨ।ਹਿੰਦੂਤਵ ਹੁਕਮਰਾਨਾਂ ਵਲੋਂ ਇਥੇ ਵਸਣ ਵਾਲੀਆ ਘਟ ਗਿਣਤੀ ਕੌਮਾਂ ਉਤੇ ਜੋ ਜ਼ਬਰੀ ਹਿੰਦੂ-ਹਿੰਦੀ ਪ੍ਰੋਗਰਾਮ ਠੋਸੇ ਜਾ ਰਹੇ ਹਨ, ਅਜਿਹੇ ਅਮਲ ਬੰਦ ਕਰਵਾਏ ਜਾਣ ਅਤੇ ਜੋ ਤਾਜ ਮਹਿਲ, ਕੁਤਬਮਿਨਾਰ ਆਦਿ ਇਤਿਹਾਸਿਕ ਯਾਦਗਰਾਂ ਨੂੰ ਢਾਹਕੇ ਨਫ਼ਰਤ ਫੈਲਾਉਣ ਵਾਲੇ ਕੰਮ ਕੀਤੇ ਜਾ ਰਹੇ ਹਨ ਅਤੇ ਅਮਨ-ਚੈਨ ਨੂੰ ਸਟ ਮਾਰੀ ਜਾ ਰਹੀ ਹੈ, ਉਹ ਬੰਦ ਕਰਵਾਏ ਜਾਣ ਅਤੇ ਸਿਖ ਕੌਮ ਦੇ ਮਾਣ-ਸਨਮਾਨ ਨੂੰ ਵਿਧਾਨ ਦੀ ਧਾਰਾ 14 ਜੋ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸ ਰਾਹੀ ਕਾਇਮ ਰਖਿਆ ਜਾਵੇ । ਅਜ ਦੇ ਇਸ ਸ਼ਹੀਦੀ ਸਮਾਗਮ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ, ਸਵਰਨ ਸਿੰਘ ਪੰਜਗਰਾਈ, ਹਰਭਜਨ ਸਿੰਘ ਕਸ਼ਮੀਰੀ, ਕੁਲਦੀਪ ਸਿੰਘ ਭਾਗੋਵਾਲ, ਬਹਾਦਰ ਸਿੰਘ ਭਸੌੜ, ਸਰਬਜੀਤ ਸਿੰਘ ਭੁਟਾਨੀ, ਸੰਸਾਰ ਸਿੰਘ ਦਿਲੀ, ਗੁਰਜੰਟ ਸਿੰਘ ਕਟੂ, ਰਣਜੀਤ ਸਿੰਘ ਸੰਘੇੜਾ, ਰਣਜੀਤ ਸਿੰਘ ਸੰਤੋਖਗੜ੍ਹ, ਬਲਕਾਰ ਸਿੰਘ ਭੁਲਰ, ਗੁਰਚਰਨ ਸਿੰਘ ਭੁਲਰ, ਗੁਰਨੈਬ ਸਿੰਘ, ਮਨਜੀਤ ਸਿੰਘ ਰੇਰੂ, ਅਮਰੀਕ ਸਿੰਘ ਨੰਗਲ, ਬਲਵੀਰ ਸਿੰਘ ਬਛੋਆਣਾ, ਦੀਦਾਰ ਸਿੰਘ ਰਾਣੋ, ਗੁਰਚਰਨ ਸਿੰਘ ਜਖੇਪਲ, ਲਖਵੀਰ ਸਿੰਘ ਸੌਟੀ, ਫੌਜਾ ਸਿੰਘ ਧਨੋਰੀ, ਰੇਸਮ ਸਿੰਘ ਕਾਹਲੋ ਨਰੇਗਾ ਫਰੰਟ ਪੰਜਾਬ, ਸਜਣ ਸਿੰਘ ਪਟੀ, ਰਾਜਪਾਲ ਸਿੰਘ ਭਿੰਡਰ, ਦਰਸ਼ਨ ਸਿੰਘ ਦਲੇਰ, ਅਮਰੀਕ ਸਿੰਘ ਕਿਲਾ ਹਕੀਮਾ, ਸਰਬਜੀਤ ਸਿੰਘ ਮੋਰਿੰਡਾ, ਦਵਿੰਦਰ ਸਿੰਘ ਬੈਲਜੀਅਮ, ਬਲਦੇਵ ਸਿੰਘ ਵੜਿੰਗ, ਜੋਗਿੰਦਰ ਸਿੰਘ ਬੋਹਾ, ਭੁਪਿੰਦਰ ਸਿੰਘ ਅਮਲੋਹ, ਲਖਵੀਰ ਸਿੰਘ ਕੋਟਲਾ, ਮਨਜੀਤ ਸਿੰਘ ਮਾਨ, ਗੁਰਮੀਤ ਸਿੰਘ ਮਾਨ, ਸੁਖਜੀਤ ਸਿੰਘ ਡਰੋਲੀ ਆਦਿ ਆਗੂਆ ਨੇ ਸ਼ਮੂਲੀਅਤ ਕੀਤੀ ।
– ਪੰਜਾਬ ਟਾਇਮਜ਼ ਬਿਊਰੋ
ਸਦਰ-ਏ-ਹਿੰਦ ਸ਼ਹੀਦਾਂ ਦੀ ਯਾਦਗਰ ਲਈ ਸਫਦਰਜੰਗ ਵਿਖੇ ਇਕ ਏਕੜ ਜਗ੍ਹਾਂ ਦਿਵਾਉਣ ਦਾ ਪ੍ਰਬੰਧ ਕਰਨ : ਸ. ਮਾਨ



