ਦੋਸਤੋ ਜਿਥੇ ਇਕ ਪਾਸੇ ਲੋਕ ਪੁਤਰਾਂ ਦੀ ਲਾਲਸਾ ’ਚ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕਤਲ ਕਰ ਦਿੰਦੇ ਹਨ ਕਿ ਇਹ ਤਾਂ ਲੜਕੀ ਪੈਦਾ ਹੋ ਗਈ ਤੇ ਸਾਰੇ ਪਰਿਵਾਰ ਨੂੰ ਫ਼ਿਕਰ ਸਤਾਉਣ ਲਗ ਜਾਂਦਾ ਹੈ, ਫ਼ਿਕਰ ਸਤਾਵੇ ਵੀ ਕਿਉ ਨਾ ਕਿਉਂਕਿ ਅਜ ਦੇ ਮਾਹੌਲ ਨੂੰ ਵੇਖਦਿਆਂ ਹਰ ਮਾਂ-ਬਾਪ ਦਾ ਦਿਲ ਡਰਦਾ ਰਹਿੰਦਾ ਹੈ, ਪਰ ਜੇਕਰ ਦੂਜੇ ਪਾਸੇ ਝਾਤੀ ਮਾਰੀਏ ਤਾਂ ਅਜ ਦੀਆਂ ਧੀਆਂ ਵੀ ਪੁਤਰਾਂ ਨਾਲੋਂ ਘਟ ਨਹੀਂ। ਜਦੋਂ ਵੀ ਕਿਤੇ ਕਿਸੇ ਭੈਣ ਨੂੰ ਉਚ ਪਦਵੀ ’ਤੇ ਬੈਠਿਆਂ ਦੇਖ਼ ਲੈਂਦਾ ਹਾਂ ਤਾਂ ਮਨ ਨੂੰ ਇਕ ਅਜੀਬ ਜਿਹਾ ਸਕੂਨ ਤੇ ਖ਼ੁਸ਼ੀ ਮਿਲਦੀ ਹੈ। ਐਸਾ ਹੀ ਕੁਝ ਪਿਛਲੇ ਦਿਨੀਂ ਦੇਖਣ ਨੂੰ ਮਿਲਿਆ ਜਦੋਂ ਸਾਦਿਕ ਥਾਣਾ ਵਿਖੇ ਆਪਣੇ ਸਬ-ਇੰਸਪੈਕਟਰ ਦੇ ਅਹੁਦੇ ’ਤੇ ਤਾਇਨਾਤ ਭੈਣ ‘ਜਗਨਦੀਪ ਕੌਰ’ ਨੂੰ ਦੇਖਿਆ। ਸ਼ਹਿਰ ਫ਼ਿਰੋਜ਼ਪੁਰ ਦੀ ਜੰਮਪਲ ਸਬ-ਇੰਸਪੈਕਟਰ ਜਗਨਦੀਪ ਕੌਰ ਨੇ 5 ਨਵੰਬਰ 1991 ਨੂੰ ਪਿਤਾ ਸ. ਹਰਭਜਨ ਸਿੰਘ ਅਤੇ ਮਾਤਾ ਦਵਿੰਦਰ ਕੌਰ ਦੀ ਕੁਖ ’ਚੋਂ ਜਿਉਂ ਹੀ ਪਹਿਲੀ ਕਿਲਕਾਰੀ ਮਾਰੀ ਤਾਂ ਸਾਰੇ ਹੀ ਪਰਿਵਾਰ ਦਾ ਚਾਅ ਚੁਕਿਆ ਨਹੀਂ ਸੀ ਜਾ ਰਿਹਾ। ਬਹੁਤ ਹੀ ਛੋਟੀ ਉਮਰੇ ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਰਾਹ ਪਈ ਇਸ ਦਲੇਰ ਭੈਣ ਨੇ ਦਸਿਆ ਕਿ ਮੇਰੀ ਬਚਪਨ ਤੋਂ ਹੀ ਦਿਲ ਦੀ ਤਮੰਨਾ ਸੀ ਕਿ ਮੈਂ ਵਡੀ ਹੋ ਕਿ ਅਫ਼ਸਰ ਬਣਾ ਅਤੇ ਆਪਣੇ ਮਾਂ-ਬਾਪ ਵਲੋਂ ਸਜਾਏ ਸੁਪਨਿਆਂ ਨੂੰ ਪੂਰਾ ਕਰਾਂ। ਉਨ੍ਹਾਂ ਵਿਸ਼ੇਸ਼ ਮੁਲਾਕਾਤ ਦੌਰਾਨ ਗਲਬਾਤ ਕਰਦਿਆਂ ਕਿਹਾ ਕਿ ਅਜ-ਕਲ੍ਹ ਵਧ ਰਹੀਆਂ ਚੋਰੀ, ਡਕੈਤੀ, ਅਗਵਾਕਾਂਡ ਅਤੇ ਹੋਰ ਸਮਾਜ ਵਿਰੋਧੀ ਘਟਨਾਵਾਂ ਨੂੰ ਨਥ ਪਾਉਣ ਲਈ ਪੰਜਾਬ ਪੁਲਿਸ ਨੇ ਸ਼ਿਕੰਜਾ ਹੋਰ ਵੀ ਕਸ ਦਿਤਾ ਹੈ ਅਤੇ ਹੁਣ ਸਮਾਜ ਵਿਰੋਧੀ ਅਨਸਰਾਂ ਨੂੰ ਕਰੜੇ ਹਥੀ ਲਿਆ ਜਾਵੇਗਾ। ਉਨ੍ਹਾਂ ਅਗੇ ਕਿਹਾ ਕਿ ਜੋ ਲੋਕ ਪੰਜਾਬ ਨੂੰ ਬਰਬਾਦ ਕਰਨ ’ਤੇ ਤੁਲੇ ਹੋਏ ਹਨ, ਇਨ੍ਹਾਂ ਲੋਕਾਂ ਦੇ ਡਰ ਨਾਲ ਆਮ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਲੋਕਾਂ ਨੂੰ ਡਰ-ਡਰ ਕੇ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਪਰ ਪੰਜਾਬ ਪੁਲਿਸ ਇਹੋ-ਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਰੜੇ ਹਥੀ ਲੈਂਦੇ ਹੋਏ ਇਨ੍ਹਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕਦੀ ਵੀ ਗੁਰੇਜ਼ ਨਹੀਂ ਕਰੇਗੀ ਅਤੇ ਪੰਜਾਬ ਪੁਲਿਸ ਹਮੇਸ਼ਾਂ ਹੀ ਲੋਕਾਂ ਦੇ ਹਿਤਾਂ ਲਈ ਰਾਖੀ ਕਰਦੀ ਹੈ ਅਤੇ ਹਮੇਸ਼ਾ ਹੀ ਲੋਕਾਂ ਦੇ ਨਾਲ ਹੈ, ਪਰ ਅਜਿਹੇ ਗਲਤ ਅਨਸਰ ਪੁਲਿਸ ਨੂੰ ਬਦਨਾਮ ਕਰਕੇ ਪੰਜਾਬ ਪੁਲਿਸ ਦੇ ਅਕਸ ਵਿਗਾੜਨ ਦੀ ਵੀ ਕੋਸ਼ਿਸ਼ ਕਰਦੇ ਹਨ ਜਦਕਿ ਪੰਜਾਬ ਪੁਲਿਸ ਹਮੇਸ਼ਾ ਹੀ ਆਮ ਜਨਤਾ ਦਾ ਸਾਥ ਮੰਗਦੀ ਹੈ ਅਤੇ ਵਿਸ਼ਵਾਸ ਦੁਆਉਂਦੀ ਹੈ ਕਿ ਜੇਕਰ ਆਮ ਜਨਤਾ ਪੁਲਿਸ ਦਾ ਬਿਨ੍ਹਾਂ ਕਿਸੇ ਡਰ ਤੋਂ ਸਾਥ ਦੇਵੇ ਤਾਂ ਅਜਿਹੇ ਗਲਤ ਅਨਸਰਾਂ ਨੂੰ ਬਹੁਤ ਜਲਦ ਨਥ ਪਾਈ ਜਾ ਸਕਦੀ ਹੈ। ਸਬ-ਇੰਸਪੈਕਟਰ ਜਗਨਦੀਪ ਕੌਰ ਨੇ ਅਗੇ ਕਿਹਾ ਕਿ ਸਕੂਲਾਂ, ਕਾਲਜਾਂ ਦੀ ਛੁਟੀ ਦੇ ਟਾਈਮ ’ਤੇ ਸਕੂਲਾਂ ਜਾਂ ਕਾਲਜਾਂ ਅਗੇ ਮੋਟਰਸਾਈਕਲਾਂ ’ਤੇ ਮਟਰ ਗਸ਼ਤੀ ਕਰਦੇ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਕਦੀ ਵੀ ਬਖ਼ਸ਼ਿਆ ਨਹੀਂ ਜਾਵੇਗਾ ਕਿਉਂਕਿ ਪੰਜਾਬ ਪੁਲਿਸ ਵਲੋਂ ਸਮੇਂ-ਸਮੇਂ ’ਤੇ ਗਸ਼ਤ ਕਰਕੇ ਅਜਿਹੇ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ। ਜਿਥੇ ਇੰਨੀਂ ਛੋਟੀ ਉਮਰੇ ਜਗਨਦੀਪ ਕੌਰ ਨੇ ਉਚਾ ਮੁਕਾਮ ਹਾਸਿਲ ਕੀਤਾ ਹੈ ਉਥੇ ਹੀ ਉਨ੍ਹਾਂ ਆਪਣੇ ਮਾਂ-ਬਾਪ ਦਾ ਮਾਣ ਨਾਲ ਸਿਰ ਉਚਾ ਕੀਤਾ ਹੈ। ਇਸ ਭੈਣ ਵਲੋਂ ਪ੍ਰਾਪਤ ਕੀਤੇ ਮੁਕਾਮ ਨੂੰ ਦੇਖ਼ਦਿਆਂ ਹਰੇਕ ਮਾਂ-ਬਾਪ ਨੂੰ ਧੀਆਂ ਪ੍ਰਤੀ ਆਪਣੀ ਸੋਚ ਨੂੰ ਸਾਕਾਰਤਮਿਕ ਕਰਨ ਦੀ ਜ਼ਰੂਰਤ ਹੈ ਤਾਂ ਜੋ ਧੀਆਂ ਵੀ ਇਸ ਸਮਾਜ ਵਿਚ ਖੁਲ੍ਹ ਕੇ ਆਪਣੀ ਜ਼ਿੰਦਗੀ ਜੀ ਸਕਣ ਅਤੇ ਧੀਆਂ ਮਾਪਿਆਂ ਦੇ ਸਿਰ ’ਤੇ ਬੋਝ ਨਹੀਂ ਸਗੋਂ ਸਿਰ ਦਾ ਤਾਜ ਬਣਕੇ ਰਹਿਣ।
ਨਿੱਕੀ ਉਮਰੇ ਵੱਡੀਆਂ ਪੁਲਾਘਾਂ ਪੁੱਟਣ ਵਾਲੀ : ਸਬ ਇੰਸਪੈਕਟਰ ਜਗਨਦੀਪ ਕੌਰ



