Skip to content
Independent perspectives. Global stories.
BREAKING

…ਨਾ ਚਾਟੀ ਵਿਚ ਮਧਾਣੀ ਏ!

Share this story

ਪੰਜਾਬੀ ਸੱਭਿਆਚਾਰ ਦੀ ਰਹਿਣੀ ਬਹਿਣੀ ਵਿਚ ਕਈ ਚੀਜਾਂ ਅਹਿਮ ਸਥਾਨ ਰੱਖਦੀਆਂ ਸਨ। ਜਿਵੇਂ ਕਿ ਭੱਠੀਆਂ ਤੇ ਦਾਣੇ ਭੰਨਾਉਣੇ, ਰੱਸੇ ਵੱਟਣੇ, ਜੰਝਾਂ ਬੰਨਣੀਆਂ, ਬਲਦਾਂ ਨਾਲ ਹਲ ਵਾਹਉਣੇ, ਤੁਰ ਕੇ ਖੇਤ ਭੱਤਾ ਲੈ ਕੇ ਜਾਣਾ ਆਦਿ ਕੰਮ ਤੇ ਰਿਵਾਜ ਖਾਸ ਅਹਿਮਅਤ ਰੱਖਦੇ ਸਨ। ਜੋ ਹੌਲੀ ਹੌਲੀ ਪੰਜਾਬੀ ਸੱਭਿਆਚਾਰ ਵਿਚੋਂ ਲੁਪਤ ਹੋ ਗਏ ਹਨ। ਇਨ੍ਹਾਂ ਵਿਚੋਂ ਇੱਕ ਅਹਿਮ ਕੰਮ ਸੀ ਤੜਕੇ ਪਹੁ ਫੁੱਟਣ ਤੋਂ ਪਹਿਲਾਂ ਘਰ ਦੀਆਂ ਸੁਆਣੀਆਂ ਵਲੋਂ ਚਾਟੀ ਵਿਚ ਮਧਾਣੀ ਪਾ ਕੇ ਦੁੱਧ ਰਿੜਕਣਾ। ਪੁਰਾਣੇ ਸਮਿਆਂ ਵਿਚ ਹਰ ਘਰ ਵਿਚ ਲਵੇਰੀਆਂ ਮੱਝਾਂ ਅਤੇ ਗਾਵਾਂ ਹੁੰਦੀਆਂ ਸਨ। ਕਈ ਲੋਕ ਬੂਰੀਆਂ ਮੱਝਾਂ ਵੀ ਰੱਖਦੇ। ਉਨ੍ਹਾਂ ਸਮਿਆਂ ਵਿਚ ਲੋਕ ਖੁੱਲ੍ਹਾ ਘਰ ਦਾ ਘਿਉ ਲੱਸੀ ਖਾਂਦੇ ਪੀਦੇ ਸਨ। ਜਿਸ ਕਰਕੇ ਉਨ੍ਹਾਂ ਦੇ ਸਰੀਰ ਚੰਗੇ ਜੁੱਸੇ ਵਾਲੇ ਹੁੰਦੇ ਸਨ। ਜੇਕਰ ਗੱਲ ਕਰੀਏ ਚਾਟੀ ਦੀ ਤਾਂ ਚਾਟੀ ਇੱਕ ਮਿੱਟੀ ਤੋਂ ਬਣਿਆ ਗੋਲ ਨੁਮਾ ਭਾਂਡਾ ਹੁੰਦਾ ਹੈ। ਮਾਲਵੇ ਵਿਚ ਚਾਟੀ ਨੂੰ ਦੁੱਧ ਵਾਲੇ ਰਿੜਕਣੇ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਕਈ ਸੁਆਣੀਆਂ ਇਸ ਨੂੰ ਦੁੱਧ ਰਿੜਕਣ ਵਾਲਾ ਤੌੜਾ ਵੀ ਕਹਿ ਦਿੰਦੀਆਂ ਹਨ। ਦੁੱਧ ਰਿੜਕਣ ਵਾਲਾ ਤੌੜਾ ਆਮ ਤੌੜਿਆਂ ਨਾਲੋਂ ਵੱਡੇ ਆਕਾਰ ਵਿਚ ਹੁੰਦਾ ਹੈ ਤੇ ਮੂੰਹ ਖੁੱਲ੍ਹਾ ਹੁੰਦਾ ਹੈ ਤਾਂ ਜੋ ਮਧਾਣੀ ਚੰਗੀ ਤਰ੍ਹਾਂ ਘੁੰਮ ਸਕੇ। ਮਿੱਟੀ ਵਿਚ ਅਨੇਕਾਂ ਗੁਣਾਕਾਰੀ ਤੱਤ ਹੁੰਦੇ ਹਨ ਤਾਂ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਸ ਲਈ ਪਹਿਲਾਂ ਸਮਿਆਂ ਵਿਚ ਮਿੱਟੀ ਦੀ ਚਾਟੀ ਹੀ ਵਰਤੀ ਜਾਂਦੀ ਸੀ। ਘਰ ਦੀਆਂ ਸੁਆਣੀਆਂ ਵਲੋਂ ਤੜਕੇ ਮੱਝਾਂ ਚੋਅ ਕੇ ਦੁੱਧ ਨੂੰ ਕਾੜਨੀ ਵਿਚ ਪਾ ਕੇ ਹਾਰੇ ਵਿਚ ਉੱਬਲਣਾ ਰੱਖ ਦਿੱਤਾ ਜਾਂਦਾ। ਦਿਨ ਢਲਣ ਵੇਲੇ ਨੂੰ ਦੁੱਧ ਉੱਬਲ ਹੋ ਲਾਲ ਸੁਰਖ ਹੋ ਜਾਂਦਾ। ਆਥਣੇ ਦੁੱਧ ਨੂੰ ਜਾਗ ਲਾ ਕੇ ਚਾਟੀ ਵਿਚ ਜਮ੍ਹਾਂ ਦਿੱਤਾ ਜਾਂਦਾ। ਅਗਲੇ ਦਿਨ ਚਾਟੀ ਨੂੰ ਲੱਕੜ ਦੀ ਬਣੀ ਗਿੜਗਨ (ਨੇਹੀ) ਤੇ ਰੱਖ ਕੇ ਵਿਚ ਮਧਾਣੀ ਪਾ ਲਈ ਜਾਂਦੀ। ਦਿਨ ਚੜ੍ਹਨ ਤੋਂ ਪਹਿਲਾਂ ਹੱਥਾਂ ਨਾਲ ਮਧਾਣੀ ਦੀ ਡੋਰੀ ਨੂੰ ਗੇੜ ਗੇੜ ਕੇ ਦੁੱਧ ਦੀ ਲੱਸੀ ਬਣਾ ਲਈ ਜਾਂਦੀ। ਦੁੱਧ ਰਿੜਕਣ ਤੋਂ ਪਹਿਲਾਂ ਕਈ ਘਰਾਂ ਦੀ ਸੁਆਣੀਆਂ ਦਹੀ ਦਾ ਛੰਨਾਂ ਭਰ ਕੇ ਕੱਢ ਲੈਂਦੀਆਂ ਤੇ ਫੇਰ ਚਾਟੀ ਵਿਚ ਮਧਾਣੀ ਪਾਉਂਦੀਆਂ। ਮਧਾਣੀ ਨੂੰ ਘਮਾਉਣ ਨਾਲ ਕਸਰਤ ਵੀ ਹੁੰਦੀ ਸੀ। ਚਾਟੀ ਮਧਾਣੀ ਤੇ ਘਰ ਦੀਆਂ ਸੁਆਣੀਆਂ ਵਲੋਂ ਬੋਲ ਵੀ ਗੁਣਗੁਣਾਏ ਜਾਂਦੇ:
ਚਿੜੀਆਂ ਚੂਕਦੀਆਂ ਤੇ ਉੱਠ ਤੁਰੇ ਪਾਂਧੀ
ਪਈਆਂ ਚਾਟੀ ਵਿਚ ਮਧਾਣੀਆਂ ਨੀ।
ਇੱਕ ਉੱਠ ਕੇ ਰਿੜਕਣਾ ਪਾ ਦਿੱਤਾ
ਕਈ ਧੋਂਦੀਆਂ ਫਿਰਨ ਮਧਾਣੀਆਂ ਨੀ।
ਜਿਹੜੇ ਘਰ ਦੁੱਧ ਨਹੀਂ ਰਿੜਕਦੇ ਸਨ, ਉਹ ਆਂਢ ਗੁਆਂਢ ਤੋਂ ਲੱਸੀ ਮੰਗ ਕੇ ਲੈ ਆਉਂਦੇ। ਹਲ ਵਾਹ ਕੇ ਆਏ ਬਲਦਾਂ ਨੂੰ ਵੀ ਆਥਣ ਵੇਲੇ ਸਰ੍ਹੋ ਦਾ ਤੇਲ ਜਾਂ ਹਾਜ਼ਮਾ ਠੀਕ ਕਰਨ ਲਈ ਲੱਸੀ ‘ਚ ਲੂਣ ਪਾ ਕੇ ਪਿਆਉਂਦੇ। ਪਰ ਇਹ ਸਭ ਕੁੱਝ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ ਹਨ। ਹੁਣ ਕੋਈ ਟਾਵਾਂ ਘਰ ਹੀ ਹੋਊਗਾ ਜਿਸ ਘਰ ਵਿਚ ਚਾਟੀ ‘ਚ ਮਧਾਣੀ ਪੈਂਦੀ ਹੋਵੇਗੀ। ਬਹੁਤੇ ਘਰ ਵਿਚ ਤਾਂ ਹੁਣ ਲਵੇਰੀਆਂ ਹੀ ਨਹੀਂ ਰਹੀਆਂ ਹਨ। ਜਿਨ੍ਹਾਂ ਘਰਾਂ ਵਿਚ ਲਵੇਰੇ ਪਸ਼ੂ ਹਨ ਉਹ ਦੁੱਧ ਰਿੜਕਣ ਦੀ ਬਜਾਏ ਵੇਚਣ ਨੂੰ ਜਿਆਦਾ ਤਰਜ਼ੀਹ ਦਿੰਦੇ ਹਨ। ਮਿੱਟੀ ਦੀ ਚਾਟੀ ਦੀ ਥਾਂ ਤੇ ਸਟੀਲ ਜਾਂ ਲੋਹੇ ਦੀਆਂ ਚਾਟੀਆਂ ਆ ਗਈਆਂ ਹਨ। ਲੱਕੜ ਦੀਆਂ ਮਧਾਣੀਆਂ ਦੀ ਜਗ੍ਹਾਂ ਤੇ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਮਧਾਣੀਆਂ ਆ ਗਈਆਂ ਹਨ। ਕਈ ਚਾਟੀਆਂ ਤੇ ਮਧਾਣੀਆਂ ਲੋਕਾਂ ਨੇ ਘਰਾਂ ਦੇ ਖੂੰਝਿਆਂ ਵਿਚ ਸੁੱਟ ਰੱਖੀਆਂ ਹਨ। ਅਜੋਕੀਆਂ ਪੰਜਾਬੀ ਮੁਟਿਆਰਾਂ ਨੂੰ ਇਨ੍ਹਾਂ ਦੇ ਬਾਰੇ ਪਤਾ ਵੀ ਨਹੀਂ ਕੀ ਇਸ ਦਾ ਨਾਮ ਕੀ ਹੈ। ਅਜੋਕੀ ਪੀੜ੍ਹੀ ਤਾਂ ਬਾਜ਼ਾਰਾਂ ਵਿਚ ਬਣਨ ਵਾਲੀਆਂ ਖਾਣ ਵਸਤਾਂ ਤੇ ਨਿਰਭਰ ਹੋ ਗਈ ਹੈ।

WRITTEN BY