Skip to content
Independent perspectives. Global stories.
BREAKING

ਭਾਰਤ ’ਚ ਪਾਣੀ ਤੇ ਸਫਾਈ ਦੀ ਤਰਸਯੋਗ ਹਾਲਤ

Share this story

‘ਸੈਂਟਰਲ ਫ਼ਾਰ ਸਾਇੰਸ ਐਂਡ ਇਨਵਾਇਰਮੈਂਟ’ ਨੇ ਭਾਰਤ ‘ਚ ਵਾਤਾਵਰਣ ਦੀ ਸਥਿਤੀ ‘ਤੇ ਆਪਣੀ ਨਵੰਬਰ 07 ‘ਚ 71 ਸ਼ਹਿਰਾਂ ਦੇ ਸਰਵੇਖਣ ‘ਤੇ ਆਧਾਰਿਤ ਰਿਪੋਰਟ ‘ਚ ਸ਼ਹਿਰੀ ਭਾਰਤ ‘ਚ ਪਾਣੀ ਅਤੇ ਸ਼ੁਧਤਾ ਦੀ ਤਰਸਯੋਗ ਹਾਲਤ ‘ਤੇ ਧਿਆਨ ਕੇਂਦ੍ਰਿਤ ਕੀਤਾ । ਇਹ ਖੋਜ ਦਿਲ ਦਹਿਲਾ ਦੇਣ ਵਾਲੀ ਹੈ।ਸ਼ਹਿਰੀ ਭਾਰਤ ਦੀ ਆਬਾਦੀ ਇਸ ਸਮੇਂ 34 ਕਰੋੜ ਹੈ, ਜੋ 2030 ‘ਚ 60 ਕਰੋੜ, ਯਾਨੀ ਆਬਾਦੀ ਦਾ 40 ਫੀਸਦੀ ਹੋ ਜਾਵੇਗੀ ਅਤੇ 68 ਸ਼ਹਿਰ ਅਜਿਹੇ ਹੋਣਗੇ, ਜਿਨ੍ਹਾਂ ਦੀ ਆਬਾਦੀ 10 ਲਖ ਤੋਂ ਉਪਰ ਹੋਵੇਗੀ। ਬੇਸ਼ਕ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਭਾਰਤ ਦੇ ਸ਼ਹਿਰੀ ਖੇਤਰ ‘ਚ 90 ਫੀਸਦੀ ਲੋਕਾਂ ਨੂੰ ਸੁਰਖਿਅਤ ਪੀਣ ਵਾਲਾ ਪਾਣੀ ਅਤੇ 60 ਫੀਸਦੀ ਲੋਕਾਂ ਨੂੰ ਸੈਨੀਟੇਸ਼ਨ ਸਹੂਲਤਾਂ ਮੁਹਈਆ ਹਨ, ਫਿਰ ਵੀ ਪਾਣੀ ਦੀ ਗੁਣਵਤਾ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਅਨਟ੍ਰੀਟਿਡ ਗੰਦਾ ਪਾਣੀ ਅਤੇ ਖੁਲ੍ਹਾ ਮਲ-ਮੂਤਰ ਅਨੇਕਾਂ ਬੀਮਾਰੀਆਂ ਨੂੰ ਜਨਮ ਦੇ ਰਿਹਾ ਹੈ। ਮਾਤਰਾ ਦੇ ਹਿਸਾਬ ਨਾਲ ਖੇਤੀ ਖੇਤਰ ਅਜੇ ਵੀ ਕੁਲ ਮੁਹਈਆ ਪਾਣੀ ਦੀ 70 ਫੀਸਦੀ ਵਰਤੋਂ ਕਰਦਾ ਹੈ, ਜਦਕਿ ਉਦਯੋਗ, ਨਗਰ ਪਾਲਿਕਾਵਾਂ ਅਤੇ ਵਾਤਾਵਰਣ ਦੀਆਂ ਗੁੰਜਾਇਸ਼ਾਂ ਵਧ ਪਾਣੀ ਦੀ ਮੰਗ ਕਰ ਰਹੀਆਂ ਹਨ। ਸ਼ਹਿਰਾਂ ‘ਚ ਜਲ ਸਪਲਾਈ ਕਰਨ ਲਈ ਬਹੁਤ ਦੂਰ-ਦੁਰਾਡੇ ਸੋਮਿਆਂ ਤੋਂ ਪਾਣੀ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ, ਜਦਕਿ ਪਾਣੀ ਦੀ ਸਪਲਾਈ ਦੇ ਪਾਈਪ ਅਕਸਰ ਲੀਕ ਹੁੰਦੇ ਹਨ ਅਤੇ ਗੈਰ-ਸੋਧਿਆ ਹੋਇਆ ਸ਼ੁਧ ਪਾਣੀ ਬੇਰੋਕ-ਟੋਕ ਸ਼ਹਿਰੀ ਖੇਤਰਾਂ ‘ਚ ਵਹਿੰਦਾ ਹੈ ਅਤੇ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰਦਾ ਹੈ। ਅੰਡਰਗਰਾਊਂਡ ਪਾਣੀ ਦੀ ਪੰਪਿੰਗ ਸੰਬੰਧੀ ਕੋਈ ਸਪਸ਼ਟ ਨਿਯਮ ਨਹੀਂ ਹਨ ਅਤੇ ਨਾ ਹੀ ਟਾਇਲਟਾਂ ਦੀ ਲੋੜੀਂਦੀ ਵਿਵਸਥਾ ਹੈ, ਜਿਸ ਕਾਰਨ ਪ੍ਰਦੂਸ਼ਣ ਫੈਲ ਰਿਹਾ ਹੈ। ਪਾਣੀ ਦੀ ਘਟ ਮਾਤਰਾ ਮੁਹਈਆ ਹੋਣ ਕਾਰਨ ਨਦੀਆਂ ਗੰਦੇ ਨਾਲਿਆਂ ‘ਚ ਤਬਦੀਲ ਹੋ ਰਹੀਆਂ ਹਨ। ਸ਼ਹਿਰਾਂ ਅਤੇ ਪ੍ਰਾਇਮਰੀ ਖੇਤਰਾਂ ‘ਚ ਵਧਦਾ ਫ਼ਰਕ ਪਾਣੀ ਦੇ ਸੋਮਿਆਂ ਦੀ ਅਲਾਟਮੈਂਟ ਅਤੇ ਇਨ੍ਹਾਂ ਦੀ ਮੰਗ ਮੈਨੇਜਮੈਂਟ ਦੇ ਮਾਮਲੇ ‘ਚ ਵੀ ਦੇਖਣ ‘ਚ ਆਉਂਦੀ ਹੈ। ਵਖ-ਵਖ ਸੂਬਿਆਂ ‘ਚ ਪਾਣੀ ਦੀ ਅਲਾਟਮੈਂਟ, ਜਲ ਸਪਲਾਈ ਦਰਾਂ ਅਤੇ ਟ੍ਰੀਟਮੈਂਟ ਮਾਪਦੰਡ ਵਖਰੇ-ਵਖਰੇ ਹਨ। ਲੰਮੇ ਸਮੇਂ ਤੋਂ ਪਾਣੀ ਨੂੰ ਅਜਿਹੀ ਮੁਫ਼ਤ ਦੀ ਵਸਤੂ ਸਮਝਿਆ ਜਾਂਦਾ ਹੈ, ਜਿਸ ‘ਤੇ ਸਾਰਿਆਂ ਦਾ ਹਕ ਹੈ, ਜਦਕਿ ਇਸ ਨੂੰ ਆਰਥਿਕ ਭਲਾਈ ਦੇ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ। ਸਰਕਾਰਾਂ ਅਕਸਰ ਨਗਰ ਪਾਲਿਕਾਵਾਂ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੈਨੇਜਮੈਂਟ ਨੂੰ ਆਊਟਸੋਰਸ ਕਰਦੀਆਂ ਹਨ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਚ ਵਰਗ ਦੇ ਲੋਕ ਬੇਹਤਰ ਸਹੂਲਤਾਂ ਬਟੋਰ ਕੇ ਲੈ ਜਾਂਦੇ ਹਨ। 2 ਹਜ਼ਾਰ ਕਰੋੜ ਰੁਪਏ ਤੋਂ ਵਧ ਦੇ ਬੋਤਲਬੰਦ ਪੀਣ ਵਾਲੇ ਪਾਣੀ ਦੇ ਕਾਰੋਬਾਰ ਦਾ ਵੀ ਉਚ ਵਰਗ ਦੇ ਲੋਕਾਂ ਨੂੰ ਹੀ ਲਾਭ ਹੁੰਦਾ ਹੈ। ਝੁਗੀ-ਝੌਂਪੜੀਆਂ ‘ਚ ਰਹਿਣ ਵਾਲੇ ਲੋਕਾਂ ਨੂੰ ਨਾ ਤਾਂ ਲੋੜੀਂਦੀ ਮਾਤਰਾ ‘ਚ ਅਤੇ ਚੰਗੀ ਗੁਣਵਤਾ ਦਾ ਪੀਣ ਵਾਲਾ ਪਾਣੀ ਮੁਹਈਆ ਹੁੰਦਾ ਹੈ ਅਤੇ ਨਾ ਹੀ ਸੈਨੀਟੇਸ਼ਨ ਸਹੂਲਤਾਂ ਤੇ ਪ੍ਰਦੂਸ਼ਣ ਮੁਕਤ ਵਾਤਾਵਰਣ। ਸੀਵਰੇਜ ਟ੍ਰੀਟਮੈਂਟ ਦਾ ਕੰਮ ਜਲ ਸਪਲਾਈ ਸੇਵਾਵਾਂ ਦਾ ਹਿਸਾ ਨਹੀਂ। ਸਰਕਾਰ ਨੇ 2008 ‘ਚ ਇਹ ਫ਼ੈਸਲਾ ਕੀਤਾ ਸੀ ਕਿ 2015 ਤਕ ਉਹ ਖੁਲ੍ਹੇ ਆਸਮਾਨ ਹੇਠ ਟਾਇਲਟ ਜਾਣ ਵਾਲੀ ਸ਼ਹਿਰੀ ਖੇਤਰਾਂ ਦੀ 6ਵਾਂ ਹਿਸਾ ਆਬਾਦੀ ਨੂੰ ਅਤੇ ਸਮੁਚੇ ਭਾਰਤ ‘ਚ 60 ਫੀਸਦੀ ਲੋਕਾਂ ਨੂੰ ਇਨ੍ਹਾਂ ਸ਼ਰਮਨਾਕ ਜੀਵਨ ਦੀਆਂ ਸਥਿਤੀਆਂ ਤੋਂ ਛੁਟਕਾਰਾ ਦਿਵਾਏਗੀ ਪਰ ਇਸ ਦੇ ਬਾਵਜੂਦ 26 ਤੋਂ 50 ਫੀਸਦੀ ਸ਼ਹਿਰੀ ਲੋਕਾਂ ਨੂੰ ਕਦੇ ਵੀ ਲੋੜੀਂਦੀਆਂ ਸੈਨੀਟੇਸ਼ਨ ਸਹੂਲਤਾਂ ਮੁਹਈਆ ਨਹੀਂ ਹਨ, ਜਦਕਿ ਸੀਵਰੇਜ ਸਹੂਲਤਾਂ ਸਿਰਫ਼ 30 ਫੀਸਦੀ ਲੋਕਾਂ ਨੂੰ ਮੁਹਈਆ ਹਨ। ਵਰਤੋਂ ‘ਚ ਲਿਆਂਦੇ ਗਏ ਪਾਣੀ ‘ਚੋਂ 37 ਫੀਸਦੀ ਦਾ ਕੋਈ ਟ੍ਰੀਟਮੈਂਟ ਨਹੀਂ ਹੁੰਦਾ। ਬਹੁਤ ਸਾਰੇ ਖੇਤਰਾਂ ‘ਚ ਟਾਇਲਟਾਂ ਦੀ ਗੰਦਗੀ ਸਿਧੇ ਨਦੀਆਂ-ਨਾਲਿਆਂ ‘ਚ ਭਜੀ ਜਾਂਦੀ ਹੈ। ਸਿਰਫ਼ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਨਾਲ ਹੀ ਨਦੀਆਂ ਅਤੇ ਕੁਦਰਤੀ ਜਲ-ਧਾਰਾਵਾਂ ਦਾ ਪਾਣੀ ਸ਼ੁਧ ਨਹੀਂ ਹੋ ਜਾਵੇਗਾ। ਮਲ-ਮੂਤਰ ਦੇ ਨਿਪਟਾਰੇ ਲਈ ਭਾਰੀ ਮਾਤਰਾ ‘ਚ ਪਾਣੀ ਦੀ ਲੋੜ ਹੈ। ਜਿਥੇ ਘਟ ਵਰਤੋਂ ਹੋਣ ਵਾਲੀਆਂ ਟਾਇਲਟਾਂ ਦੀ ਲੋੜ ਹੈ, ਉਥੇ ਹੀ ਇਨ੍ਹਾਂ ਦਾ ਡਿਜ਼ਾਈਨ ਵਾਤਾਵਰਣ ਦੇ ਜ਼ਿਆਦਾ ਅਨੁਕੂਲ ਵੀ ਹੋਣਾ ਚਾਹੀਦਾ ਹੈ। ਮਲ-ਮੂਤਰ ਢੋਣ ਦੀ ਰਵਾਇਤ ਬੰਦ ਹੋਣੀ ਚਾਹੀਦੀ ਹੈ, ਜਦਕਿ ਇਸ ਦੇ ਨਾਲ ਹੀ ਮਲ-ਮੂਤਰ ਦੀ ਡਿਸਪੋਜ਼ਲ ਦੀ ਅਜਿਹੀ ਵਿਵਸਥਾ ਕਰਨ ਦੀ ਲੋੜ ਹੈ, ਜੋ ਸਸਤੀ ਅਤੇ ਨਿਆਂਸੰਗਤ ਹੋਵੇ।

WRITTEN BY